ਭਾਰਤ ਔਰਤਾਂ ਲਈ ਸੱਭ ਤੋਂ ਵੱਧ ਖ਼ਤਰਨਾਕ-ਥਾਮਸਨ ਰਾਈਟਰਜ਼ ਫ਼ਾਊਂਡੇਸ਼ਨ
Published : Aug 9, 2018, 10:16 am IST
Updated : Aug 9, 2018, 10:16 am IST
SHARE ARTICLE
Women
Women

ਬਾਬੇ ਨਾਨਕ ਨੇ ਕਈ ਸਲੋਕਾਂ ਵਿਚ ਔਰਤ ਦੇ ਹੱਕਾਂ ਲਈ ਜਿਥੇ ਆਵਾਜ਼ ਉਠਾਈ, ਉੱਥੇ ਹੀ ਉਨ੍ਹਾਂ ਔਰਤ ਨੂੰ ਸਾਰੇ ਸਮਾਜਕ ਰਿਸ਼ਤਿਆਂ ਦਾ ਸਰੋਤ ਮੰਨਿਆ ਤੇ ਫ਼ਰਮਾਇਆ.............

ਬਾਬੇ ਨਾਨਕ ਨੇ ਕਈ ਸਲੋਕਾਂ ਵਿਚ ਔਰਤ ਦੇ ਹੱਕਾਂ ਲਈ ਜਿਥੇ ਆਵਾਜ਼ ਉਠਾਈ, ਉੱਥੇ ਹੀ ਉਨ੍ਹਾਂ ਔਰਤ ਨੂੰ ਸਾਰੇ ਸਮਾਜਕ ਰਿਸ਼ਤਿਆਂ ਦਾ ਸਰੋਤ ਮੰਨਿਆ ਤੇ ਫ਼ਰਮਾਇਆ ਹੈ ਕਿ : 
“ਭੰਡਿ ਜੰਮੀਐ, ਭੰਡਿ ਨਿੰਮੀਐ, ਭੰਡਿ ਮੰਗਣੁ ਵੀਆਹੁ।। ਭੰਡਹੁ ਹੋਵੈ ਦੋਸਤੀ, ਭੰਡਹੁ ਚਲੈ ਰਾਹੁ।।
  ਭੰਡੁ ਮੁਆ, ਭੰਡੁ ਭਾਲੀਐ, ਭੰਡਿ ਹੋਵੈ ਬੰਧਾਨੁ।। “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।

ਇਸਲਾਮ ਧਰਮ ਦੇ ਆਖ਼ਰੀ ਨਬੀ ਹਜ਼ਰਤ ਮੁਹੰਮਦ (ਸ) ਦੇ ਕੋਲ ਇਕ ਸਹਾਬੀ (ਸਹਾਬੀ ਉਸ ਆਦਮੀ ਨੂੰ ਕਹਿੰਦੇ ਹਨ ਜਿਸ ਨੇ ਹਜ਼ਰਤ ਮੁਹੰਮਦ (ਸ) ਨੂੰ ਜਿਊਂਦੇ ਜੀਅ ਅਪਣੀਆਂ ਅੱਖਾਂ ਨਾਲ ਵੇਖਿਆ ਹੋਵੇ, ਉਨ੍ਹਾਂ ਦੁਆਰਾ ਦਿਤੀਆਂ ਹਦਾਇਤਾਂ ਉਤੇ ਅਮਲ ਕੀਤਾ ਹੋਵੇ) ਆਇਆ ਤੇ ਆਪ ਨੂੰ ਪੁੱਛਣ ਲੱਗਾ ਕਿ ਮੈਨੂੰ (ਅੱਲਾਹ ਤੇ ਰਸੂਲ ਤੋਂ ਬਾਅਦ) ਦੁਨੀਆਂ ਵਿਚ ਸੱਭ ਤੋਂ ਵੱਧ ਕਿਸ ਨੂੰ ਇੱਜ਼ਤ ਦੇਣੀ ਚਾਹੀਦੀ ਹੈ ਜਾਂ ਸੱਭ ਤੋਂ ਵੱਧ ਮੇਰੇ ਹੁਸਨੇ-ਸਲੂਕ  ਦਾ ਹੱਕਦਾਰ ਕੌਣ ਹੈ? ਤਾਂ ਆਪ ਨੇ ਕਿਹਾ ਤੇਰੀ ਮਾਂ। ਉਸ ਨੇ ਫਿਰ ਦੁਬਾਰਾ ਪੁਛਿਆ ਕਿ ਉਸ ਤੋਂ ਬਾਅਦ, ਆਪ ਨੇ ਫਿਰ ਫ਼ਰਮਾਇਆ ਤੇਰੀ ਮਾਂ।

ਉਸ ਨੇ ਤੀਜੀ ਵਾਰ ਪੁਛਿਆ, ਉਸ ਤੋਂ ਬਾਅਦ ਆਪ ਨੇ ਤੀਜੀ ਵਾਰ ਵੀ ਫ਼ਰਮਾਇਆ ਤੇਰੀ ਮਾਂ। ਜਦ ਉਸ ਨੇ ਚੌਥੀ ਵਾਰ ਪੁਛਿਆ ਕਿ ਉਸ ਤੋਂ ਬਾਅਦ ਤਾਂ ਆਪ ਨੇ ਫ਼ਰਮਾਇਆ ਤੇਰਾ ਬਾਪ। ਕਹਿਣ ਦਾ ਭਾਵ ਇਹ ਹੈ ਕਿ ਔਰਤ ਜਾਤ ਵਿਸ਼ੇਸ਼ ਰੂਪ ਵਿਚ ਜੋ ਕੁਰਬਾਨੀ ਅਪਣੇ ਬੱਚਿਆਂ ਲਈ ਮਾਂ ਦੀ ਹੁੰਦੀ ਹੈ, ਉਸ ਦਾ ਅਹਿਸਾਨ ਇਕ ਬੰਦਾ ਅਪਣੀ ਸਾਰੀ ਉਮਰ ਵੀ ਮਾਂ ਦੀ ਖ਼ਿਦਮਤ ਕਰਦਾ ਰਹੇ ਤਾਂ ਵੀ ਚੁਕਾ ਨਹੀਂ ਸਕਦਾ। ਇਸੇ ਤਰ੍ਹਾਂ ਇਕ ਹੋਰ ਮੌਕੇ ਉਤੇ ਹਜ਼ਰਤ ਮੁਹੰਮਦ (ਸ) ਨੇ ਅਪਣੇ ਸਹਾਬੀਆਂ ਨੂੰ ਫ਼ਰਮਾਇਆ ਕਿ ਜਿਸ ਘਰ ਦੋ ਜਾਂ ਤਿੰਨ ਲੜਕੀਆਂ ਨੇ ਜਨਮ ਲਿਆ ਤੇ ਉਸ ਨੇ ਉਨ੍ਹਾਂ ਲੜਕੀਆਂ ਨੂੰ ਵੇਖ ਕੇ ਮੱਥੇ ਵੱਟ ਨਾ ਪਾਇਆ ਤੇ ਲੜਕੀਆਂ ਦੀ

ਵਧੀਆ ਢੰਗ ਨਾਲ ਪ੍ਰਵਰਿਸ਼ ਕੀਤੀ, ਲੜਕੀਆਂ ਨੂੰ ਨੇਕ ਤੇ ਚੰਗੀ ਜਗ੍ਹਾ ਵਿਆਹਿਆ ਤਾਂ ਉਹ ਜਨੱਤ ਵਿਚ ਮੇਰੇ ਨਾਲ ਇਸ ਪ੍ਰਕਾਰ ਹੋਵੇਗਾ, ਜਿਵੇਂ ਇਹ ਦੋ ਉਂਗਲਾਂ (ਜੇਤੂ ਦੇ ਨਿਸ਼ਾਨ ਵਾਲੀਆਂ) ਹਨ। ਸਹਾਬੀ ਦਾ ਆਖਣਾ ਹੈ ਕਿ ਜੇਕਰ ਅਸੀ ਇਕ ਲੜਕੀ ਲਈ ਪੁਛਦੇ ਤਾਂ ਯਕੀਨਨ ਹਜ਼ਰਤ ਮੁਹੰਮਦ (ਸ) ਦਾ ਉਕਤ ਵਾਲਾ ਉੱਤਰ ਹੀ ਹੋਣਾ ਸੀ। ਹਜ਼ਰਤ ਲੁਕਮਾਨ (ਹਕੀਮ) ਨੇ ਇਕ ਵਾਰ ਅਪਣੇ ਪੁੱਤਰ ਨੂੰ ਕਿਹਾ ਕਿਤੋਂ ਸਵਰਗ ਦੀ ਮਿੱਟੀ ਲੈ ਕੇ ਆ ਤਾਂ ਉਨ੍ਹਾਂ ਦੇ ਬੇਟੇ ਨੇ ਅਪਣੀ ਮਾਂ ਦੇ ਪੈਰਾਂ ਹੇਠਲੀ ਮਿੱਟੀ ਚੁੱਕੀ ਤੇ ਜਾ ਫੜਾਈ। ਜੇਕਰ ਗੱਲ ਭਾਰਤ ਦੀ ਕਰੀਏ ਤਾਂ ਸਦੀਆਂ ਤੋਂ ਇਸ ਦੇਸ਼ ਵਿਚ ਔਰਤ ਨੂੰ ਦੇਵੀ ਸਮਝ ਇਸ ਦੀ ਪੂਜਾ ਕੀਤੀ ਜਾਂਦੀ ਹੈ

ਤੇ ਬੱਚੀਆਂ ਨੂੰ ਕੰਜਕਾਂ ਕਹਿ ਕੇ ਉਨ੍ਹਾਂ ਦਾ ਆਦਰ ਸਤਿਕਾਰ ਕੀਤਾ ਜਾਂਦਾ ਹੈ। ਉਕਤ ਸਾਰੀ ਵਿਆਖਿਆ ਕਰਨ ਦਾ ਮਕਸਦ ਇਹੋ ਹੈ ਕਿ ਜਿਸ ਔਰਤ ਨੂੰ ਸਾਡੇ ਗੁਰੂਆਂ, ਪੀਰਾਂ ਤੇ ਅਵਤਾਰਾਂ ਨੇ ਏਨੀ ਇੱਜ਼ਤ ਨਾਲ ਨਵਾਜਿਆ ਹੈ, ਅੱਜ ਉਸੇ ਔਰਤ (ਮਾਂ, ਧੀ, ਭੈਣ ਤੇ ਪਤਨੀ) ਉਤੇ  ਇਸ ਮਰਦ ਪ੍ਰਧਾਨ ਸਮਾਜ ਨੇ ਆਨੀ-ਬਹਾਨੀ ਜਿਸ ਤਰ੍ਹਾਂ ਉਸ ਉਤੇ ਤਰ੍ਹਾਂ-ਤਰ੍ਹਾਂ ਦੇ ਜਬਰ-ਜ਼ੁਲਮ ਢਾਹੇ ਜਾ ਰਹੇ ਹਨ, ਉਸ ਦੀ ਉਦਾਹਰਣ ਸ਼ਾਇਦ ਉਸ ਦੌਰ ਵਿਚ ਵੀ ਨਹੀਂ ਮਿਲਦੀ, ਜਦੋਂ ਮਨੁੱਖ ਜੰਗਲਾਂ ਵਿਚ ਰਹਿੰਦਾ ਸੀ। ਤਦੇ ਇਕ ਸ਼ਾਇਰ ਨੇ ਕਿਹਾ ਸੀ ਕਿ :

ਲੋਗ ਔਰਤ ਕੋ ਫਕਤ ਜਿਸਮ ਸਮਝ ਲੇਤੇ ਹੇਂ,
ਰੂਹ ਭੀ ਹੋਤੀ ਹੈ ਇਸ ਮੇਂ ਯੇ ਕਹਾਂ ਸੋਚਤੇ ਹੇਂ।
ਕਿਤਨੀ ਸਦੀਓਂ ਸੇ ਯੇ ਵਹਿਸ਼ਤ ਕਾ ਚਲਨ ਜਾਰੀ ਹੈ,

 

ਕਿਤਨੀ ਸਦੀਓਂ ਸੇ ਕਾਇਮ ਹੈ ਯੇ ਗੁਨਾਹੋਂ ਕਾ ਰਿਵਾਜ।
ਲੋਗ ਔਰਤ ਕੀ ਹਰ ਚੀਖ਼ ਕੋ ਨਗ਼ਮਾ (ਗੀਤ) ਸਮਝੇਂ,
ਵੋਹ ਕਬੀਲੋਂ ਕਾ ਜ਼ਮਾਨਾ ਹੋ ਕਿ ਸ਼ਹਿਰੋਂ ਕਾ ਰਿਵਾਜ।

ਭਾਵੇਂ ਅਸੀ ਅੱਜ ਤਰੱਕੀ ਦੇ ਵੱਡੇ-ਵੱਡੇ ਦਾਅਵੇ ਕਰਦੇ ਨਹੀਂ ਥਕਦੇ ਤੇ ਦੁਨੀਆਂ ਦੇ ਪਿਛਲੇ ਸੱਭ ਮਨੁੱਖਾਂ ਤੋਂ ਖ਼ੁਦ ਨੂੰ ਅਵੱਲ ਤੇ ਸਭਿਅਕ ਕਹਾਉਣ ਵਿਚ ਫ਼ਖਰ ਮਹਿਸੂਸ ਕਰਦੇ ਹਾਂ ਕਿਉਂਕਿ ਅਸੀ ਚੰਨ ਤੇ ਫ਼ਤਿਹ ਪਾਉਣ ਉਪਰੰਤ ਮੰਗਲ ਗ੍ਰਹਿ ਤੇ ਜਿੱਤ ਦੀ ਪ੍ਰਾਪਤੀ ਦੇ ਸੁਪਨੇ ਵੇਖ ਰਹੇ ਹਾਂ। ਪਰ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਏਨੀ ਤਰੱਕੀ ਕਰ ਲੈਣ ਦੇ ਬਾਵਜੂਦ, ਸਾਡੇ ਸਮਾਜ ਵਿਚ ਅੱਜ ਇਕ ਔਰਤ ਦੀ ਇੱਜ਼ਤ ਤਕ ਮਹਿਫ਼ੂਜ਼ ਨਹੀਂ ਹੈ।

ਹਾਲਾਤ ਇਸ ਕਦਰ ਗੰਭੀਰ ਹਨ ਕਿ ਮੁਟਿਆਰਾਂ ਦੀ ਗੱਲ ਛੱਡੋ ਅੱਜ ਸਮਾਜ ਵਿਚ ਵਿਚਰਦੇ ਦਰਿੰਦਿਆਂ ਹੱਥੋਂ ਅੱਠ ਮਹੀਨਿਆਂ ਤੇ ਅੱਠ ਸਾਲਾਂ ਦੀਆਂ ਬੱਚੀਆਂ ਤੋਂ ਲੈ ਕੇ 80 ਸਾਲਾਂ ਦੀ ਬੇਬੇ ਤਕ ਵੀ ਮਹਿਫੂਜ਼ ਨਹੀਂ। ਯਕੀਨਨ ਇਹ ਸਮਾਜ ਲਈ ਸ਼ਰਮ ਵਾਲੀ ਗੱਲ ਹੈ, ਨਾਲ ਹੀ ਸਾਡੀ ਸਮੁੱਚੀ ਮਨੁੱਖ ਜਾਤੀ ਲਈ ਇਕ ਗੰਭੀਰ ਚੁਣੌਤੀ ਭਰਪੂਰ ਚਿੰਤਾ ਦਾ ਵਿਸ਼ਾ ਹੈ। ਇਸ ਸੰਦਰਭ ਵਿਚ ਸਾਹਿਰ ਲੁਧਿਆਣਵੀ ਕਹਿੰਦੇ ਹਨ :

ਔਰਤ ਨੇ ਜਨਮ ਦੀਯਾ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਯਾ,
ਜਬ ਜੀਅ ਚਾਹਾ ਮਸਲਾ, ਕੁਚਲਾ, ਜਬ ਜੀਅ ਚਾਹਾ ਧੁਤਕਾਰ ਦੀਯਾ।
ਮਰਦੋਂ ਕੇ ਲੀਯੇ ਹਰ ਜ਼ੁਲਮ ਰਵਾਅ, ਔਰਤ ਕੇ ਲੀਯੇ ਰੋਨਾ ਭੀ ਖ਼ਤਾ,
ਮਰਦੋਂ ਕੇ ਕੀਯੇ ਹਰ ਐਸ਼ ਕਾ ਹੱਕ, ਔਰਤ ਕੇ ਲੀਯੇ ਜੀਨਾ ਭੀ ਖਤਾ।

ਪਿਛਲੇ ਦਿਨੀਂ ਇਕ ਆਲਮੀ ਮਾਹਰਾਂ ਦੇ ਪੈਨਲ ਵਲੋਂ ਕੀਤੇ ਸਰਵੇਖਣ ਉਪਰੰਤ ਜੋ ਤੱਥ ਉਭਰ ਕੇ ਸਾਹਮਣੇ ਆਏ, ਜੇਕਰ ਉਨ੍ਹਾਂ ਨੂੰ ਸੱਚ ਮੰਨੀਏ ਤਾਂ ਸਮੁੱਚੀ ਦੁਨੀਆਂ ਦੇ ਨਾਲ-ਨਾਲ  ਸਾਡੇ ਅਪਣੇ ਦੇਸ਼ ਵਾਸੀਆਂ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਹੈ। ਥਾਮਸਨ ਰਾਈਟਰਜ਼ ਫ਼ਾਊਂਡੇਸ਼ਨ ਦੇ ਉਕਤ ਸਰਵੇਖਣ ਅਨੁਸਾਰ ਭਾਰਤ ਦੁਨੀਆਂ ਭਰ ਦੇ ਦੇਸ਼ਾਂ  ਵਿਚੋਂ ਔਰਤਾਂ ਲਈ ਸੱਭ ਤੋਂ ਵੱਧ ਖ਼ਤਰਨਾਕ ਤੇ ਅਸੁਰਖਿਅਤ ਮੁਲਕ ਹੈ ਤੇ ਅਪਣੇ ਇਸ ਸਰਵੇ ਵਿਚ ਔਰਤਾਂ ਲਈ ਗ਼ੈਰ-ਮਹਿਫ਼ੂਜ਼ ਮੁਲਕਾਂ ਦੀ ਸ਼੍ਰੇਣੀ ਵਿਚ ਭਾਰਤ ਨੂੰ ਅੱਵਲ ਨੰਬਰ ਉਤੇ ਰਖਿਆ ਗਿਆ ਹੈ।

ਜਦ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਫ਼ਹਿਰਿਸਤ ਵਿਚ ਦਹਿਸ਼ਤ ਗਰਦੀ ਨਾਲ ਪ੍ਰਭਾਵਤ ਅਫ਼ਗ਼ਾਨਿਸਤਾਨ ਤੇ ਜੰਗ ਨਾਲ ਤਬਾਹ ਹੋਏ ਸੀਰੀਆ ਵਰਗੇ ਦੇਸ਼ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ਉਤੇ ਹਨ ਜਦੋਂ ਕਿ ਅਮਰੀਕਾ ਪੱਛਮੀ ਦੇਸ਼ਾਂ ਵਿਚ ਇਕ ਅਜਿਹਾ ਦੇਸ਼ ਹੈ, ਜੋ ਉਪਰਲੇ 10 ਦੇਸ਼ਾਂ ਵਿਚ ਸ਼ਾਮਲ ਹੈ।
ਇਹ ਸਰਵੇ ਉਕਤ ਸੰਸਥਾ ਦੁਆਰਾ 26 ਮਾਰਚ ਤੋਂ 4 ਮਈ 2018 ਵਿਚਕਾਰ ਕਰਵਾਇਆ ਗਿਆ ਹੈ। ਇਸ ਸਰਵੇ ਵਿਚ ਪੂਰੀ ਦੁਨੀਆਂ ਦੇ 548 ਅਜਿਹੇ ਮਾਹਰਾਂ ਨੂੰ ਸ਼ਾਮਲ ਕੀਤਾ ਗਿਆ, ਜੋ ਔਰਤਾਂ ਨਾਲ ਸਬੰਧਤ ਸਮੱਸਿਆਵਾਂ ਤੋਂ ਪੂਰੀ ਤਰ੍ਹਾਂ ਵਾਕਫ਼ ਸਨ।

ਇਨ੍ਹਾਂ ਵਿਚ ਵਿਦਿਅਕ ਵਿਭਾਗ ਨਾਲ ਸਬੰਧਿਤ, ਸਿਹਤ ਤੇ ਐਨ.ਜੀ.ਓਜ਼ ਵਿਚ ਕੰਮ ਕਰਦੇ ਲੋਕੀ ਵੀ ਸ਼ਾਮਲ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ 2011 ਵਿਚ ਕਰਵਾਏ ਇਕ ਇਸੇ ਤਰ੍ਹਾਂ ਦੇ ਸਰਵੇ ਵਿਚ ਭਾਰਤ ਚੌਥੇ ਸਥਾਨ ਉਤੇ ਸੀ। ਥਾਮਸਨ ਰਈਟਰਜ਼ ਫ਼ਾਊਂਡੇਸ਼ਨ ਦਾ ਉਕਤ ਸਰਵੇ ਸੰਸਾਰ ਦੇ ਕੁੱਲ 193 ਦੇਸ਼ਾਂ ਦੀਆਂ ਔਰਤਾਂ ਦੇ ਹਾਲਾਤ ਉਤੇ ਅਧਾਰਤ ਹੈ। ਇਸ ਸਰਵੇ ਵਿਚ ਭਾਰਤ ਨੂੰ ਔਰਤਾਂ ਲਈ ਸੱਭ ਤੋਂ ਵੱਧ ਗ਼ੈਰ-ਮਹਿਫ਼ੂਜ਼ ਕਰਾਰ ਦਿੰਦਿਆਂ ਪਹਿਲੇ ਸਥਾਨ ਉਤੇ ਰਖਿਆ ਗਿਆ ਹੈ। ਪਹਿਲੇ ਦਸ ਦੇਸ਼ਾਂ ਦੀ ਸੂਚੀ ਵਿਚ ਅਮਰੀਕਾ ਦਸਵੇਂ ਸਥਾਨ ਉਤੇ, ਪਾਕਿਸਤਾਨ ਛੇਵੇਂ ਸਥਾਨ ਉਤੇ, ਸੋਮਾਲੀਆ ਚੌਥੇ ਸਥਾਨ ਉਤੇ

ਅਤੇ ਸਾਉਦੀ ਅਰਬ ਪੰਜਵੇਂ ਸਥਾਨ ਉਤੇ ਹੈ। ਜੇਕਰ ਇਸ ਸਰਵੇਖਣ ਦੀ ਤੁਲਨਾ 2011 ਦੇ ਸਰਵੇਖਣ ਨਾਲ ਕਰੀਏ ਤਾਂ ਦੋਹਾਂ ਵਿਚਕਾਰ ਜ਼ਮੀਨ-ਆਸਮਾਨ ਦਾ ਫ਼ਰਕ ਵਿਖਾਈ ਦਿੰਦਾ ਹੈ ਕਿਉਂ ਕਿ 2011 ਵਾਲੇ ਸਰਵੇਖਣ ਵਿਚ ਕ੍ਰਮਵਾਰ ਅਫ਼ਗ਼ਾਨਿਸਤਾਨ ਪਹਿਲੇ, ਕਾਂਗੋ ਦੂਜੇ, ਪਾਕਿਸਤਾਨ ਤੀਜੇ, ਭਾਰਤ ਚੌਥੇ ਤੇ ਸੋਮਾਲੀਆ ਪੰਜਵੇਂ ਸਥਾਨ ਉਤੇ ਸਨ। ਸਰਵੇਖਣ ਵਿਚ ਇਕੱਲਾ ਜਿਨਸੀ ਸ਼ੋਸ਼ਣ ਜਾਂ ਛੇੜ-ਛਾੜ ਦੇ ਹੀ ਮੁੱਦੇ ਨਹੀਂ ਹਨ ਸਗੋਂ ਇਸ ਦੇ ਨਾਲ-ਨਾਲ ਔਰਤਾਂ ਦੀ ਸਿਹਤ, ਸਭਿਆਚਾਰਕ ਰਵਾਇਤਾਂ, ਭੇਦ-ਭਾਵ, ਕੁੱਟਮਾਰ ਤੇ ਮਨੁੱਖੀ ਜਿਸਮ ਦੀ ਸਮਗਲਿੰਗ ਦੇ ਮਾਮਲੇ ਵੀ ਸ਼ਾਮਲ ਕੀਤੇ ਗਏ ਹਨ

ਫ਼ਾਊਂਡੇਸ਼ਨ ਨੇ ਅਪਣੀ ਰਿਪੋਰਟ ਵਿਚ ਭਾਰਤ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ “ਦੁਨੀਆਂ ਦੀ ਦੂਜੀ ਸੱਭ ਤੋਂ ਵੱਡੀ ਅਬਾਦੀ ਵਾਲੇ ਦੇਸ਼ ਜਿਥੇ 1.3 ਬਿਲੀਅਨ ਲੋਕ ਰਹਿੰਦੇ ਹਨ, ਉਹ ਤਿੰਨ ਮਾਮਲਿਆਂ ਵਿਚ ਦੁਨੀਆਂ ਦਾ ਸੱਭ ਤੋਂ ਖ਼ਤਰਨਾਕ ਦੇਸ਼ ਹੈ ਤੇ ਇਹ ਹਨ, ਔਰਤਾਂ ਦੇ ਵਿਰੁਧ ਜਿਨਸੀ ਤਸ਼ੱਦਦ, ਸਭਿਆਚਾਰਕ ਤੇ ਰਵਾਇਤੀ ਮਾਮਲੇ ਅਤੇ ਇਨਸਾਨੀ ਸਮਗਲਿੰਗ, ਜਿਨ੍ਹਾਂ ਵਿਚ ਜਬਰਨ ਮਜ਼ਦੂਰੀ ਕਰਾਉਣਾ ਤੇ ਘਰੇਲੂ ਮੁਲਾਜ਼ਮ ਬਣਾ ਕੇ ਰਖਣਾ ਆਦਿ ਸ਼ਾਮਲ ਹਨ।'' ਇਸ ਸਬੰਧੀ ਔਰਤਾਂ ਦੇ ਕੌਮੀ ਕਮਿਸ਼ਨ (ਐਨ.ਸੀ.ਡਬਲਿਊ) ਨੇ ਉਕਤ ਸਰਵੇਖਣ ਦੀਆਂ ਲੱਭਤਾਂ ਨੂੰ ਖ਼ਾਰਜ ਕਰ ਦਿਤਾ।

ਕਮਿਸ਼ਨ ਦਾ ਕਹਿਣਾ ਹੈ ਕਿ ਜਿਨ੍ਹਾਂ ਮੁਲਕਾਂ ਨੂੰ ਭਾਰਤ ਹੇਠ ਰਖਿਆ ਗਿਆ ਹੈ, ਉਨ੍ਹਾਂ ਮੁਲਕਾਂ ਦੀਆਂ ਔਰਤਾਂ ਨੂੰ ਤਾਂ ਜਨਤਕ ਤੌਰ ਉਤੇ ਬੋਲਣ ਦੀ ਵੀ ਖੁੱਲ੍ਹ ਨਹੀਂ। ਉਨ੍ਹਾਂ ਰਿਪੋਰਟ ਨੂੰ ਰੱਦ ਕਰਦਿਆਂ ਦਾਅਵਾ ਕੀਤਾ ਕਿ ਸਰਵੇ ਲਈ ਜਿਹੜਾ ਨਮੂਨਾ ਵਰਤਿਆ ਗਿਆ, ਉਹ ਮਾਪ ਵਿਚ ਕਾਫ਼ੀ ਛੋਟਾ ਸੀ ਤੇ ਉਹ ਪੂਰੇ ਮੁਲਕ ਦੀ ਪ੍ਰਤੀਨਿਧਤਾ ਨਹੀਂ ਕਰ ਸਕਦਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਕਤ ਕਮਿਸ਼ਨ ਨੇ ਜੋ ਰਿਪੋਰਟ ਨੂੰ ਰੱਦ ਕਰਨ ਲਈ ਦਲੀਲਾਂ ਦਿਤੀਆਂ ਹਨ, ਉਹ ਸਭ ਵਾਜਬ ਹਨ। ਪ੍ਰੰਤੂ ਜਦ ਅਸੀ ਅਪਣਾ ਉਕਤ ਰਿਪੋਰਟ ਤੇ ਧਿਆਨ ਦਿੰਦੇ ਹਾਂ ਤਾਂ ਗ਼ਾਲਿਬ ਦਾ ਇਹ ਸ਼ੇਅਰ ਬੇ-ਅਖ਼ਤਿਆਰ ਜ਼ਬਾਨ ਉਤੇ ਆ ਜਾਂਦਾ ਹੈ ਕਿ :

ਬੇ-ਖੁਦੀ ਬੇ-ਸਬਬ ਨਹੀਂ ਗ਼ਾਲਿਬ,
ਕੁਛ ਤੋ ਹੈ ਜਿਸ ਕੀ ਪਰਦਾਦਾਰੀ ਹੈ।

ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ ਵੀ 2007 ਤੋਂ 2016 ਦੇ ਵਿਚਕਾਰ ਔਰਤਾਂ ਉਤੇ ਕੀਤੇ ਜਾਂਦੇ ਜੁਰਮਾਂ ਦੇ ਮਾਮਲਿਆਂ ਵਿਚ 83 ਫ਼ੀ ਸਦੀ ਦਾ ਵਾਧਾ ਹੋਇਆ ਹੈ ਤੇ ਹਰ ਘੰਟੇ ਚਾਰ ਔਰਤਾਂ ਨਾਲ ਬਲਾਤਕਾਰ ਦੇ ਮਾਮਲੇ ਪੇਸ਼ ਆਉਂਦੇ ਹਨ। ਤਾਜ਼ਾ ਘਟਨਾ ਬਿਹਾਰ ਦੇ ਮੁਜ਼ਫ਼ਰਪੁਰ ਦੀ ਹੈ ਜਿਥੇ ਕਿ ਇਕ ਗਰਲਜ਼ ਸ਼ੈਲਟਰ ਹੋਮ ਵਿਖੇ 34 ਬਚੀਆਂ ਨਾਲ ਜਬਰਜਿਨਾਹ ਦੀਆਂ ਦੁੱਖ-ਦਾਈ ਵਾਰਦਾਤਾਂ ਸਾਹਮਣੇ ਆਉਣ ਨਾਲ ਹੜਕੰਪ ਮੱਚ ਗਿਆ ਸੀ। ਉਕਤ ਘਟਨਾ ਨੇ ਦੇਸ਼ ਨੂੰ ਔਰਤਾਂ ਦੀ ਸੁਰਖਿਆ ਦੇ ਮਾਮਲੇ ਵਿਚ ਦੁਨੀਆਂ ਸਾਹਮਣੇ ਇਕ ਵਾਰ ਫਿਰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ।

ਇਹ ਘਟਨਾ ਥਾਮਸਨ ਰਾਈਟਰਜ਼ ਦੀ ਉਕਤ ਰਿਪੋਰਟ ਵਿਚ ਦਰਸਾਏ ਅੰਕੜਿਆਂ ਦੀ ਹਾਮੀ ਭਰਦਾ ਪ੍ਰਤੀਤ ਹੁੰਦਾ ਹੈ। ਜਦੋਂ ਕਿ ਇਸ ਸੰਦਰਭ ਵਿਚ ਮਾਹਰਾਂ ਦਾ ਕਹਿਣਾ ਹੈ ਕਿ ਸਾਲ 2012 ਵਿਚ ਨਿਰਭਿਆ ਬਲਾਤਕਾਰ ਮਾਮਲੇ ਤੋਂ ਬਾਅਦ ਭਾਰਤ ਵਿਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਬਹੁਤੇ ਸਾਕਾਰਤਮਕ ਕਦਮ ਨਹੀਂ ਚੁੱਕੇ ਗਏ। ਜੇਕਰ ਨਿਰਭਿਆ ਕੇਸ ਵਿਚ ਸ਼ਾਮਲ ਮੁਲਜ਼ਮਾਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਜਲਦ ਮਿਲੀ ਹੁੰਦੀ ਤਾਂ ਸ਼ਾਇਦ ਕਠੂਆ, ਉਨਾਓ ਤੇ ਮਸੰਦੋਰ ਜਿਹੀਆਂ ਘਟਨਾਵਾਂ ਨਾ ਵਾਪਰੀਆਂ ਹੁੰਦੀਆਂ ਤੇ ਨਾ ਹੀ ਦੇਸ਼ ਦੀ ਦੁਨੀਆਂ ਵਿਚ ਰੁਸਵਾਈ ਹੁੰਦੀ। 

ਹੁਣ ਦੇਸ਼ ਵਾਸੀਆਂ, ਸਰਕਾਰ ਤੇ ਸਮੁੱਚੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਔਰਤਾਂ ਵਿਰੁਧ ਜ਼ੁਲਮ ਕਰਨ ਵਾਲੇ ਦਾਨਵਾਂ ਨੂੰ ਕਿਸੇ ਕੀਮਤ ਉਤੇ ਨਾ ਬਖ਼ਸ਼ਿਆ ਜਾਵੇ ਸਗੋਂ ਕਾਨੂੰਨ ਦੇ ਦਾਇਰੇ ਵਿਚ ਲਿਆ ਕੇ ਅਜਿਹੇ ਕੇਸਾਂ ਵਿਚ ਸ਼ਾਮਲ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਫਾਸਟ ਟਰੈਕ ਅਦਾਲਤਾਂ ਰਾਹੀਂ ਸ਼ਰੇਆਮ ਸਜ਼ਾ ਦੇਣ ਦਾ ਪ੍ਰਬੰਧ ਕੀਤਾ ਜਾਵੇ ਤਾਕਿ ਕੋਈ ਅਜਿਹਾ ਘਿਨਾਉਣਾ ਜੁਰਮ ਨਾ ਕਰ ਸਕੇ। ਜੇਕਰ ਦੇਸ਼ ਵਿਚ ਅਜਿਹੇ 10 ਕੁ ਮੁਲਜ਼ਮਾਂ ਨੂੰ ਵੀ ਸਜ਼ਾਵਾਂ ਮਿਲੀਆਂ ਹੁੰਦੀਆਂ ਤਾਂ ਅੱਜ ਸ਼ਾਇਦ ਦੇਸ਼ ਦਾ ਨਾਮ ਅਜਿਹੇ ਘਿਨਾਉਣੇ ਸ਼ਰਮਸਾਰ ਕਰਨ ਵਾਲੇ ਜੁਰਮਾਂ ਦੀ ਸ਼੍ਰੇਣੀ ਵਿਚ ਦੁਨੀਆਂ ਦੇ ਪਹਿਲੇ ਨੰਬਰ ਉਤੇ ਨਾ ਆਉਂਦਾ।          ਸੰਪਰਕ : 98552-59650

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement