
ਸਾਡਾ ਪੰਜਾਬੀ ਸਭਿਆਚਾਰ ਤਰ੍ਹਾਂ-ਤਰ੍ਹਾਂ ਦੇ ਰਸਮਾਂ ਰਿਵਾਜਾਂ ਦੇ ਫੁੱਲਾਂ ਨਾਲ ਗੁੰਦਿਆ ਹੋਇਆ ਹੈ..............
ਸਾਡਾ ਪੰਜਾਬੀ ਸਭਿਆਚਾਰ ਤਰ੍ਹਾਂ-ਤਰ੍ਹਾਂ ਦੇ ਰਸਮਾਂ ਰਿਵਾਜਾਂ ਦੇ ਫੁੱਲਾਂ ਨਾਲ ਗੁੰਦਿਆ ਹੋਇਆ ਹੈ। ਚਾਹੇ ਖ਼ੁਸ਼ੀ ਹੋਵੇ, ਚਾਹੇ ਗ਼ਮੀ ਹੋਵੇ ਜਾਂ ਮਹੂਰਤ ਹੋਵੇ, ਹਰ ਕੰਮ ਕਿਸੇ ਰਸਮ ਨਾਲ ਸ਼ੁਰੂ ਹੁੰਦਾ ਹੈ। ਜੇਕਰ ਵਿਆਹ ਸਮਾਗਮਾਂ ਦੀ ਗੱਲ ਕਰੀਏ ਤਾਂ ਵੇਖਣ ਨੂੰ ਪੜ੍ਹਨ ਨੂੰ ਇਹ ਤਿੰਨ ਅੱਖਰਾਂ ਦਾ ਸੁਮੇਲ ਹੈ ਪਰ ਇਸ ਨਾਲ ਜੁੜੀਆਂ ਰਸਮਾਂ ਦਾ ਘੇਰਾ ਬਹੁਤ ਲੰਮਾ ਚੌੜਾ ਹੈ। ਵਿਆਹ ਦੀ ਚਿੱਠੀ ਤੋਂ ਲੈ ਕੇ ਵਟਣਾ, ਰੋਟੀ, ਕੜਾਹੀ, ਤੇਲ ਚੋਣਾ, ਜਾਗੋ ਤੇ ਹੋਰ ਕਿੰਨੀਆਂ ਹੀ ਰਸਮਾਂ ਡੋਲੀ ਚਾੜ੍ਹਨ ਤਕ ਕੀਤੀਆਂ ਜਾਂਦੀਆਂ ਹਨ।
ਪੁਰਾਣੇ ਸਮੇਂ ਤੋਂ ਚਲਦੀਆਂ ਆ ਰਹੀਆਂ ਰਸਮਾਂ ਸਮੇਂ ਦੇ ਬਦਲਾਅ ਆਉਣ ਕਰ ਕੇ ਬਦਲ ਜ਼ਰੂਰ ਗਈਆਂ ਹਨ ਪਰ ਚੱਲ ਉਸੇ ਤਰ੍ਹਾਂ ਹੀ ਰਹੀਆਂ ਹਨ। ਇਨ੍ਹਾਂ ਵਿਚ ਕੋਈ ਨਾ ਕੋਈ ਕਾਰਨ ਛੁਪਿਆ ਵੀ ਹੁੰਦਾ ਹੈ ਜਿਸ ਤਰ੍ਹਾਂ ਬਰਾਤ ਘਰੋਂ ਤੁਰਨ ਸਮੇਂ ਡੋਲੀ ਵਾਲੀ ਕਾਰ ਦੇ ਟਾਇਰਾਂ ਉਤੇ ਪ੍ਰਵਾਰਕ ਮੈਂਬਰਾਂ ਵਲੋਂ ਪਾਣੀ ਪਾਇਆ ਜਾਂਦਾ ਹੈ। ਸਿਆਣੇ ਕਹਿੰਦੇ ਹਨ ਕਿ ਪੁਰਾਣੇ ਸਮਿਆਂ ਵਿਚ ਜਦੋਂ ਬਰਾਤਾਂ ਰੱਥ ਜਾਂ ਗੱਡਿਆਂ ਉਪਰ ਜਾਂਦੀਆਂ ਸਨ, ਕਈ-ਕਈ ਦਿਨ ਕੁੜੀ ਵਾਲਿਆਂ ਘਰ ਰਹਿੰਦੀਆਂ ਸਨ। ਉਨ੍ਹਾਂ ਸਮਿਆਂ ਵਿਚ ਬਿਆਂਬਾਨ ਜੰਗਲ ਵਿਚੋਂ ਕੱਚਾ ਰਾਹ ਹੁੰਦਾ ਸੀ। ਉਨ੍ਹਾਂ ਰਸਤਿਆਂ ਵਿਚੋਂ ਦੀ ਲੰਘਦੇ ਸਮੇਂ ਚੋਰ ਡਾਕੂਆਂ ਦਾ ਬਹੁਤ ਡਰ ਰਹਿੰਦਾ ਸੀ।
ਇਹ ਚੋਰ ਡਾਕੂ ਬਰਾਤ ਨੂੰ ਘੇਰ ਕੇ ਲੁੱਟ ਲੈਂਦੇ ਸਨ। ਰੱਥ ਜਾਂ ਗੱਡਿਆਂ ਦੇ ਚਲਦਿਆਂ-ਚਲਦਿਆਂ ਧੁਰੇ ਦੁਆਲੇ ਘੁੰਮਦੇ ਪਹੀਏ ਖ਼ੁਸ਼ਕ ਹੋ ਕੇ ਚੀਕਣ ਦੀ ਆਵਾਜ਼ ਪੈਦਾ ਕਰਨ ਲੱਗ ਜਾਂਦੇ ਸਨ ਜੋ ਕਿ ਦੂਰ-ਦੂਰ ਤਕ ਸਣਾਈ ਦਿੰਦੀ ਸੀ ਅਤੇ ਚੋਰ ਡਾਕੂ ਆਵਾਜ਼ ਸੁਣ ਕੇ ਬਰਾਤ ਨੂੰ ਘੇਰ ਲੈਂਦੇ ਸੀ। ਇਸ ਕਾਰਨ ਜਦੋਂ ਵਿਆਹ ਵਾਲੇ ਘਰੋਂ ਲੜਕੇ ਜਾਂ ਲੜਕੀ ਦੇ ਪ੍ਰਵਾਰ ਵਲੋਂ ਡੋਲੀ ਤੋਰੀ ਜਾਂਦੀ ਤਾਂ ਰੱਥ ਜਾਂ ਗੱਡੇ ਦੇ ਪਹੀਆਂ ਉਪਰ ਪਾਣੀ ਪਾਇਆ ਜਾਂਦਾ ਸੀ ਤਾਕਿ ਲੱਕੜ ਪਾਣੀ ਨਾਲ ਫੁੱਲ ਕੇ ਆਵਾਜ਼ ਨਾ ਕਰੇ ਜਿਸ ਨਾਲ ਕਿਸੇ ਚੋਰਾਂ ਜਾਂ ਡਾਕੂਆਂ ਨੂੰ ਪਤਾ ਨਹੀਂ ਸੀ ਲਗਦਾ। ਦੂਜਾ ਇਸ ਦੇ ਅੱਗੇ ਜੋੜੇ ਹੋਏ ਬਲਦਾਂ ਦਾ ਵੀ ਜ਼ੋਰ ਘੱਟ ਲਗਦਾ ਸੀ।
ਰੱਥ ਜਾਂ ਗੱਡੇ ਦੇ ਪਹੀਏ ਨਰਮ ਰਹਿੰਦੇ ਸਨ। ਰਸਤੇ ਵਿਚ ਜਦੋਂ ਫਿਰ ਅਜਿਹਾ ਮਹਿਸੂਸ ਹੁੰਦਾ ਤਾਂ ਫਿਰ ਪਹੀਏ ਉਤੇ ਪਾਣੀ ਪਾਇਆ ਜਾਂਦਾ ਸੀ। ਇਸ ਤਰ੍ਹਾਂ ਉਦੋਂ ਵਾਟਾਂ ਨੂੰ ਸਰ ਕੀਤਾ ਜਾਂਦਾ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤਕ ਇਸ ਕਾਰਜ ਦੀ ਰਸਮ ਨੂੰ ਪ੍ਰਣਾਇਆ ਜਾਂਦਾ ਹੈ। ਡੋਲੀ ਵਾਲੀ ਕਾਰ ਵਿਦਾ ਕਰਨ ਲਗਿਆਂ ਟਾਇਰਾਂ ਉਤੇ ਪਾਣੀ ਪਾਉਣਾ ਵਿਆਹ ਦਾ ਅੰਗ ਬਣ ਗਿਆ ਹੈ। ਅੱਜ ਡੋਲੀ ਵਾਲੀ ਕਾਰ ਦੇ ਟਾਇਰਾਂ ਉਤੇ ਪਾਣੀ ਪਾਉਣ ਨੂੰ ਰਵਾਨਗੀ ਦਾ ਸ਼ੁੱਭ ਸ਼ਗਨ ਮੰਨਿਆ ਜਾਂਦਾ ਹੈ। ਇਸ ਦਾ ਭਾਵ ਡੋਲੀ ਤੋਰਨ ਸਮੇਂ ਟਾਇਰ ਸੁੱਚੇ ਕਰਨ ਨਾਲ ਵੀ ਜੋੜਿਆ ਜਾਂਦਾ ਹੈ।
ਵਿਆਹ ਕਾਰਜ ਨਿਰਵਿਘਨ ਨੇਪਰੇ ਚੜ੍ਹਨ ਅਤੇ ਨਵ-ਵਿਆਹੀ ਜੋੜੀ ਦੇ ਨਵੇਂ ਘਰ ਦੀ ਦਹਿਲੀਜ਼ ਤੇ ਪੈਰ ਧਰਨ ਲਈ ਚੰਗਾ ਸ਼ਗਨ ਮੰਨਿਆ ਜਾਂਦਾ ਹੈ। ਭਾਵੇਂ ਅਲੱਗ-ਅਲੱਗ ਇਲਾਕਿਆਂ ਵਿਚ ਹੋਰ ਵਿਚਾਰ ਵੀ ਇਸ ਰਸਮ ਨਾਲ ਮੇਲ ਖਾਂਦੇ ਹੋਣ ਪਰ ਜੋ ਜਾਣਕਾਰੀ ਸਿਆਣਿਆਂ ਤੋਂ ਪ੍ਰਾਪਤ ਹੋਈ ਹੈ ਮੈਂ ਉਸ ਅਨੁਸਾਰ ਹੀ ਲਿਖ ਦਿਤਾ ਹੈ। ਕੁੱਲ ਮਿਲਾ ਕੇ ਇਹ ਰਸਮਾਂ ਸਾਡੀ ਭਾਈਚਾਰਕ ਸਾਂਝ ਪਿਆਰ ਦਾ ਪ੍ਰਤੀਕ ਹਨ। ਸਮੇਂ ਦੇ ਬਦਲਾਅ ਕਰ ਕੇ ਭਾਵੇਂ ਇਨ੍ਹਾਂ ਰਸਮਾਂ ਵਿਚ ਤਬਦੀਲੀ ਆਉਣੀ ਸੁਭਾਵਿਕ ਹੈ ਪਰ ਪੁਰਾਤਨ ਰਸਮਾਂ-ਰਿਵਾਜਾਂ ਤੋਂ ਬਿਨਾਂ ਵਿਆਹ ਕਾਰਜ ਅਧੂਰੇ ਜਾਪਦੇ ਹਨ। ਸੰਪਰਕ : 99143-85202