Article: ਕੀ ਜਥੇਦਾਰ ਨਿਰਪੱਖ ਹੋ ਕੇ ਫ਼ੈਸਲਾ ਲੈ ਸਕਣਗੇ?
Published : Aug 10, 2024, 9:29 am IST
Updated : Aug 10, 2024, 9:29 am IST
SHARE ARTICLE
Will the Jathedar be able to take a decision impartially?
Will the Jathedar be able to take a decision impartially?

Article: ਜਥੇਦਾਰ ਸਾਹਿਬ ਨੂੰ ਪੰਜ ਸਿੱਖ ਵਿਦਵਾਨਾਂ ਦੀ ਕਮੇਟੀ ਬਣਾ ਦੇਣੀ ਚਾਹੀਦੀ ਹੈ ਤਾਕਿ ਇਕ ਨਿਰਪੱਖ ਜਾਚ ਹੋ ਸਕੇ

 

Article: ਜਦੋਂ ਵੀ ਕੋਈ ਕੇਸ ਹਾਈਕੋਰਟ ਜਾਂ ਸੁਪ੍ਰੀਮ ਕੋਰਟ ਵਿਚ ਦਾਖ਼ਲ ਹੁੰਦਾ ਹੈ ਤਾਂ ਕੋਰਟ ਦੇ ਮੁਖੀ ਵਲੋਂ ਉਹ ਇਕਹਿਰੇ ਜੱਜ ਜਾਂ ਦੂਹਰੇ ਬੈਂਚ ਨੂੰ ਭੇਜ ਦਿਤਾ ਜਾਂਦਾ ਹੈ। ਜਦੋਂ ਜੱਜ ਸਾਹਿਬਾਨ ਨੂੰ ਇਹ ਪਤਾ ਲਗਦਾ ਹੈ ਕਿ ਕੇਸ ਕਰਨ ਵਾਲਾ ਜਾਂ ਜਿਸ ਵਿਰੁਧ ਕੇਸ ਕੀਤਾ ਗਿਆ ਹੈ, ਉਸ ਦਾ ਉਹ ਜਾਣੂ ਹੈ ਜਾਂ ਉਸ ਦਾ ਰਿਸ਼ਤੇਦਾਰ ਹੈ ਤਾਂ ਉਹ ਹਾਈਕੋਰਟ ਜਾਂ ਸੁਪਰੀਮ ਕੋਰਟ ਦੇ ਮੁਖੀ ਜੱਜ ਨੂੰ ਇਹ ਲਿਖ ਕੇ ਭੇਜ ਦਿੰਦਾ ਹੈ ਕਿ ਇਹ ਕੇਸ ਕਿਸੇ ਹੋਰ ਨੂੰ ਭੇਜ ਦਿਤਾ ਜਾਵੇ। ਕਈ ਵਾਰ ਜੱਜ ਸਾਹਿਬ ਇਸ ਗੱਲ ਤੋਂ ਅਣਜਾਣ ਹੁੰਦਾ ਹੈ ਕਿ ਕੇਸ ਵਿਚ ਸ਼ਾਮਲ ਆਦਮੀ ਉਸ ਦਾ ਜਾਣੂ ਹੈ ਜਾਂ ਰਿਸ਼ਤੇਦਾਰ ਦਾ ਅੱਗੇ ਰਿਸ਼ਤੇਦਾਰ ਹੈ।

ਉਸ ਹਾਲਤ ਵਿਚ ਵਿਰੋਧੀ ਧਿਰ ਵਲੋਂ ਕੋਰਟ ’ਚ ਕੇਸ ਕਰ ਦਿਤਾ ਜਾਂਦਾ ਹੈ ਕਿ ਮੈਨੂੰ ਜੱਜ ਸਾਹਿਬਾਨ ਤੋਂ ਇਨਸਾਫ਼ ਦੀ ਆਸ ਨਹੀਂ ਕਿਉਂਕਿ ਮੇਰੇ ਵਿਰੋਧੀ ਧਿਰ ਦੇ ਜੱਜ ਸਾਹਿਬ ਜਾਣੂ ਜਾਂ ਰਿਸ਼ਤੇਦਾਰ ਹਨ। ਜੇਕਰ ਇਹ ਸਾਬਤ ਹੋ ਜਾਂਦਾ ਹੈ ਕਿ ਅਪੀਲ ਕਰਤਾ ਵਲੋਂ ਲਾਇਆ ਗਿਆ ਦੋਸ਼ ਠੀਕ ਹੈ ਤਾਂ ਉਥੇ ਕਿਸੇ ਹੋਰ ਜੱਜ ਸਾਹਿਬਾਨ ਨੂੰ ਤਬਦੀਲ ਕਰ ਦਿਤਾ ਜਾਂਦੈ। ਇਹ ਗੱਲ ਸੁਣੀ ਅਣਸੁਣੀ ਨਹੀਂ ਹੈ ਸਗੋਂ ਇਹ ਮੇਰੇ ਇਕ ਦੋਸਤ ਦੇ ਕੇਸ ਵਿਚ ਹੋਇਆ ਹੈ। ਮੇਰੇ ਦੋਸਤ ਨੇ ਮਕਾਨ ਖ਼ਰੀਦਿਆ ਸੀ ਪਰ ਕਿਰਾਏਦਾਰ ਉਸ ਨੂੰ ਛੱਡ ਨਹੀਂ ਸੀ ਰਿਹਾ।

ਉਸ ਨੇ ਉਹ ਮਕਾਨ ਖ਼ਾਲੀ ਕਰਵਾਉਣ ਲਈ ਪਹਿਲਾ ਹੇਠਲੀ ਅਦਾਲਤ ਵਿਚ ਕੇਸ ਕਰ ਦਿਤਾ ਜਿਥੋਂ ਉਹ ਕੇਸ ਜਿੱਤ ਗਿਆ। ਕਿਰਾਏਦਾਰ ਨੇ ਸ਼ੈਸ਼ਨ ਕੋਰਟ ਵਿਚ ਅਪੀਲ ਕਰ ਦਿਤੀ। ਉਥੇ ਵੀ ਕਿਰਾਏਦਾਰ ਹਾਰ ਗਿਆ। ਫਿਰ ਉਸ ਨੇ ਪੰਜਾਬ ਐਂਡ ਹਰਿਅਣਾ ਹਾਈਕੋਰਟ ਵਿਚ ਅਪੀਲ ਪਾ ਦਿਤੀ। ਹਾਈਕੋਰਟ ਵਿਚ ਉਹ ਕੇਸ ਕਿਰਾਏਦਾਰ ਦੇ ਰਿਸ਼ਤੇਦਾਰ ਜੱਜ ਕੋਲ ਗਿਆ। ਉਸ ਨੇ ਮੈਨੂੰ ਦਸਿਆ ਕਿ ਮੇਰੇ ਮਕਾਨ ਦਾ ਕੇਸ ਫਲਾਣੇ ਜੱਜ ਕੋਲ ਲੱਗ ਗਿਆ ਹੈ।

ਪ੍ਰੰਤੂ ਜਦੋਂ ਮੈਂ ਦੋਸਤ ਨੂੰ ਇਹ ਦਸਿਆ ਕਿ ਉਹ ਜੱਜ ਉਸ ਦੇ ਕਿਰਾਏਦਾਰ ਦਾ ਰਿਸ਼ਤੇਦਾਰ ਹੈ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਉਸ ਨੂੰ ਸਪੱਸ਼ਟ ਹਾਰ ਦਿਸਣ ਲੱਗ ਪਈ। ਪਰ ਦਾਸ ਨੇ ਉਸ ਨੂੰ ਦਸਿਆ ਕਿ ਘਬਰਾਉਣ ਦੀ ਲੋੜ ਨਹੀਂ ਹੈ, ਆਪਾਂ ਉਸ ਜੱਜ ਤੋਂ ਕੇਸ ਤਬਦੀਲ ਕਰਨ ਲਈ ਹਾਈਕੋਰਟ ’ਚ ਕੇਸ ਕਰ ਦਿੰਦੇ ਹਾਂ। ਅਸੀਂ ਵਕੀਲ ਕਰ ਕੇ ਹਾਈਕੋਰਟ ’ਚ ਅਪੀਲ ਕਰ ਦਿਤੀ ਜਿਹੜੀ ਮਨਜ਼ੂਰ ਹੋ ਗਈ ਤੇ ਉਹ ਕੇਸ ਉਸ ਜੱਜ ਕੋਲੋਂ ਦੂਜੇ ਜੱਜ ਕੋਲ ਤਬਦੀਲ ਹੋ ਗਿਆ। ਬਾਅਦ ਵਿਚ ਮੇਰਾ ਦੋਸਤ ਹਾਈਕੋਰਟ ’ਚੋਂ ਵੀ ਕੇਸ ਜਿੱਤ ਗਿਆ ਅਤੇ ਉਹ ਹੁਣ ਉਸ ਮਕਾਨ ਵਿਚ ਰਹਿ ਰਿਹਾ ਹੈ। 

ਦਾਸ ਨੇ ਇਹ ਉਦਾਹਰਣ ਇਸ ਕਰ ਕੇ ਦਿਤੀ ਹੈ ਕਿ ਅੱਜਕਲ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਕੋਲ ਸੁਖਬੀਰ ਬਾਦਲ ਵਿਰੁਧ ਕੁੱਝ ਸਿੱਖਾਂ ਵਲੋਂ ਸ਼ਿਕਾਇਤ ਕੀਤੀ ਗਈ ਹੈ ਜਿਸ ਵਿਚ ਉਨ੍ਹਾਂ ਦਸਿਆ ਹੈ ਕਿ ਸੁਖਬੀਰ ਬਾਦਲ ਅਤੇ ਉਨ੍ਹਾਂ ਦੇ ਪਿਤਾ ਵਲੋਂ ਬਲਾਤਕਾਰੀ ਸਾਧ ਨੂੰ ਮੁਆਫ਼ੀ ਦਿਵਾਈ ਗਈ ਹੈ ਅਤੇ ਕਈ ਹੋਰ ਗ਼ਲਤ ਕੰਮ ਕੀਤੇ ਗਏ ਹਨ ਜਿਸ ਕਾਰਨ ਸਿੱਖ ਧਰਮ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਹੋ ਰਿਹਾ ਹੈ। ਇਸ ਵਾਸਤੇ ਸੁਖਬੀਰ ਬਾਦਲ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਤੀ ਜਾਵੇ ਤਾਕਿ ਭਵਿੱਖ ’ਚ ਹੋਰ ਕੋਈ ਸਿੱਖ ਇਹੋ ਜਿਹੀ ਗ਼ਲਤੀ ਨਾ ਕਰੇ।

ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਜਥੇਦਾਰਾਂ ਨੂੰ ਸੁਖਬੀਰ ਬਾਦਲ ਵਲੋਂ ਨਿਯੁਕਤ ਕੀਤਾ ਗਿਆ ਹੈ, ਕੀ ਉਨ੍ਹਾਂ ’ਚ ਇੰਨੀ ਹਿੰਮਤ ਹੈ ਕਿ ਉਹ ਸੁਖਬੀਰ ਬਾਦਲ ਵਿਰੁਧ ਕੋਈ ਕਾਰਵਾਈ ਕਰ ਸਕਣ? ਜਿਸ ਦਾ ਜਵਾਬ ਨਾਂਹ ਹੈ। ਅਸੀ ਆਮ ਵੇਖਦੇ ਹੀ ਹਾਂ ਕਿ ਜਦੋਂ ਕਿਸੇ ਨੇ ਕਿਸੇ ਤੇ ਕੋਈ ਅਹਿਸਾਨ ਕੀਤਾ ਹੁੰਦੈ ਤਾਂ ਉਹ ਆਦਮੀ ਉਸ ਸਾਹਮਣੇ ਅੱਖ ਵੀ ਉੱਚੀ ਨਹੀਂ ਕਰਦਾ। ਫਿਰ ਕਿਸ ਤਰ੍ਹਾਂ ਇਹ ਆਸ ਕੀਤੀ ਜਾ ਸਕਦੀ ਹੈ ਕਿ ਜਥੇਦਾਰ ਨਿਰਪੱਖ ਰਹਿ ਕੇ ਕੋਈ ਕਾਰਵਾਈ ਕਰਨਗੇ ਕਿਉਂਕਿ ਜਿਹੜੇ ਸਿੱਖਾਂ ਦੇ ਪੰਜ ਤਖ਼ਤ ਹਨ, ਉਨ੍ਹਾਂ ਦੇ ਜਥੇਦਾਰ ਸੁਖਬੀਰ ਬਾਦਲ ਵਲੋਂ ਹੀ ਨਿਯੁਕਤ ਕੀਤੇ ਗਏ ਹਨ।

ਅੱਜ ਵੀ ਜਿਹੜੀ ਸ਼੍ਰੋਮਣੀ ਕਮੇਟੀ ਨੇ ਜਥੇਦਾਰ ਨਿਯੁਕਤ ਕੀਤੇ ਹਨ, ਉਸ ਤੇ ਸੁਖਬੀਰ ਬਾਦਲ ਦਾ ਕਬਜ਼ਾ ਹੈ ਜਿਸ ਕਾਰਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਬਾਕੀ ਸਾਰੇ ਅਹੁਦੇਦਾਰ ਉਸ ਦੇ ਇਸ਼ਾਰਿਆਂ ’ਤੇ ਨੱਚਦੇ ਹਨ। ਪਤਾ ਲੱਗਾ ਹੈ ਕਿ ਪਿਛਲੇ ਦਿਨੀ ਜਥੇਦਾਰ ਸਾਹਿਬ ਇੰਗਲੈਂਡ ਗਏ ਹੋਏ ਸੀ। ਉਹ  ਸਿਰਫ਼ ਸੁਖਬੀਰ ਬਾਦਲ ਤੋਂ ਚਿੱਠੀ ਲੈਣ ਲਈ ਅਪਣਾ ਦੌਰਾ ਵਿਚੇ ਛੱਡ ਕੇ ਆਏ ਸੀ ਤੇ ਦੁਬਾਰਾ ਫਿਰ ਮੁੜ ਗਏ। ਆਮ ਤੌਰ ਤੇ ਜੇਕਰ ਜਥੇਦਾਰ ਸਾਹਿਬ ਅੰਮ੍ਰਿਤਸਰ ਤੋਂ ਬਾਹਰ ਹੋਣ ਤਾਂ ਉਨ੍ਹਾਂ ਦਾ ਨਿੱਜੀ ਸਹਾਇਕ ਚਿੱਠੀ ਪ੍ਰਾਪਤ ਕਰ ਲੈਂਦਾ ਹੈ। 

ਚਾਹੀਦਾ ਤਾਂ ਇਹ ਸੀ ਕਿ ਜਥੇਦਾਰ ਸਾਹਿਬ ਕਿਸੇ ਸਾਬਕਾ ਹਾਈਕੋਰਟ ਦੇ ਜੱਜ ਅਧੀਨ ਪੰਜ ਮੈਂਬਰੀ ਕਮੇਟੀ ਬਣਾ ਦਿੰਦੇ ਜਿਹੜੀ ਇਸ ਸਾਰੇ ਮਾਮਲੇ ਦੀ ਸੁਣਵਾਈ ਕਰਦੀ। ਉਸ ਕਮੇਟੀ ਸਾਹਮਣੇ ਸੁਖਬੀਰ ਬਾਦਲ ਤੇ ਉਸ ਦੇ ਵਿਰੋਧੀਆਂ ਨੂੰ ਬੁਲਾਇਆ ਜਾਂਦਾ ਅਤੇ ਇਹ ਸਾਰਾ ਕੇਸ ਲੋਕਾਂ ਸਾਹਮਣੇ ਸੁਣਿਆ ਜਾਂਦਾ। ਜੇਕਰ ਸੁਖਬੀਰ ਦੋਸ਼ੀ ਹੈ ਤਾਂ ਉਸ ਦੇ ਵਿਰੋਧੀ ਵੀ ਓਨੇ ਹੀ ਦੋਸ਼ੀ ਹਨ ਜਿਹੜੇ ਉਸ ਵੇਲੇ ਤਾਂ ਚੁੱਪ ਰਹੇ ਅਤੇ ਅਪਣੇ ਘਰ ਭਰਨ ਵਿਚ ਲੱਗੇ ਰਹੇ ਤੇ ਹੁਣ ਜਦੋਂ ਇਨ੍ਹਾਂ ਨੂੰ ਸਿੱਖ ਕੌਮ ਨੇ ਨਕਾਰ ਦਿਤਾ ਹੈ ਤਾਂ ਇਨ੍ਹਾਂ ਨੂੰ ਸੁਖਬੀਰ ਬਾਦਲ ਦੀਆਂ ਕੀਤੀਆਂ ਗ਼ਲਤੀਆਂ ਯਾਦ ਆ ਗਈਆਂ।

ਜੇਕਰ ਕਤਲ ਕਰਨ ਵਾਲਾ ਦੋਸ਼ੀ ਹੈ ਤਾਂ ਉਸ ਨੂੰ ਹੱਲਾਸ਼ੇਰੀ ਦੇਣ ਵਾਲਾ ਵੀ ਬਰਾਬਰ ਦਾ ਦੋਸ਼ੀ ਹੈ। ਹੋਣਾ ਤਾਂ ਇਹ ਚਾਹੀਦਾ ਹੈ ਕਿ ਸਾਬਕਾ ਜਥੇਦਾਰ ਗੁਰਬਚਨ ਸਿੰਘ ਅਤੇ ਬਾਕੀ ਚਾਰ ਸਾਥੀਆਂ ਨੂੰ ਵੀ ਸਿੱਖਾਂ ਦੀ ਕਚਹਿਰੀ ’ਚ ਸੱਦਿਆ ਜਾਵੇ ਅਤੇ ਉਨ੍ਹਾਂ ਨੂੰ ਪੁਛਿਆ ਜਾਵੇ ਕਿ ਬਲਾਤਕਾਰੀ ਸਾਧ ਨੂੰ ਮੁਆਫ਼ ਕਰਨ ਦੇ ਹੁਕਮ ਕਿਸ ਨੇ ਦਿਤੇ ਸੀ ਫਿਰ ਹੀ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇਗਾ।

ਸਿਰਫ਼ ਸੁਖਬੀਰ ਬਾਦਲ ਵਲੋਂ ਚਿੱਠੀ ਵਿਚ ਲਿਖ ਦੇਣਾ ਕਿ 2007 ਤੋਂ ਲੈ ਕੇ 2015 ਤਕ ਮੇਰੇ ਜਾਂ ਮੇਰੀ ਪਾਰਟੀ ਦੇ ਲੋਕਾਂ ਵਲੋਂ ਜਾਣੇ ਅਣਜਾਣੇ ਵਿਚ ਜਿਹੜੀਆਂ ਗ਼ਲਤੀਆਂ ਹੋਈਆਂ ਹਨ, ਉਨ੍ਹਾਂ ਦੀ ਮੁਆਫ਼ੀ ਦਿਤੀ ਜਾਵੇ। ਜਿਹੜੇ ਸੁਖਬੀਰ ਬਾਦਲ ਨੇ ਗੁਨਾਹ ਕੀਤੇ ਹਨ, ਉਨ੍ਹਾਂ ਦਾ ਹੱਲ ਸਿਰਫ਼ ਮੁਆਫ਼ੀ ਮੰਗਣ ਨਾਲ ਨਹੀਂ ਹੋਣਾ ਕਿਉਂਕਿ ਇਨ੍ਹਾਂ ਬੇਅਦਬੀਆਂ ਦਾ ਵਿਰੋਧ ਕਰਦਿਆਂ ਜਿਹੜੇ ਸਿੱਖ ਮਾਰੇ ਗਏ ਹਨ, ਉਨ੍ਹਾਂ ਦਾ ਹਿਸਾਬ ਕੌਣ ਦੇਵੇਗਾ? ਸਿਰਫ਼ ਅਪਣੀ ਕੁਰਸੀ ਲਈ ਸਿੱਖ ਨੌਜਵਾਨਾਂ ਦਾ ਕਤਲੇਆਮ ਕਰਾਉਣਾ ਕੀ ਜਾਇਜ਼ ਹੈ।

ਇਥੇ ਹੀ ਬਸ ਨਹੀਂ, ਅਪਣੀ ਗ਼ਲਤੀ ਨੂੰ ਠੀਕ ਦੱਸਣ ਲਈ ਸੰਗਤਾਂ ਵਲੋਂ ਚੜ੍ਹਾਏ ਹੋਏ 95 ਲੱਖ ਰੁਪਏ ਇਸ਼ਤਿਹਾਰਾਂ ਤੇ ਬਰਬਾਦ ਕਰ ਦੇਣਾ, ਕੀ ਇਹ ਠੀਕ ਸੀ? ਇਸ ਦਾ ਹੱਲ ਤਦ ਹੀ ਹੋ ਸਕਦੈ ਜੇਕਰ ਕਿਸੇ ਸਾਬਕਾ ਜੱਜ ਵਲੋਂ ਪੂਰੀ ਪੜਤਾਲ ਕਰਵਾ ਕੇ ਸਾਰੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਤੀ ਜਾਵੇ। ਸਮੁੱਚੀ ਸਿੱਖ ਕੌਮ ਨੂੰ ਬੇਨਤੀ ਹੈ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਤੋਂ ਇਹ ਮੰਗ ਕੀਤੀ ਜਾਵੇ ਕਿ ਉਹ ਪੰਜ ਨਿਰਪੱਖ ਸਿੱਖਾਂ ਦੀ ਕਮੇਟੀ ਬਣਾ ਕੇ ਇਸ ਦੀ ਪੜਤਾਲ ਕਰਵਾਉਣ ਦਾ ਐਲਾਨ ਕਰਨ। ਇਸ ਨਾਲ ਅਕਾਲ ਤਖ਼ਤ ਸਾਹਿਬ ਦੀ ਸ਼ਾਨ ਵਿਚ ਵੀ ਵਾਧਾ ਹੋਵੇਗਾ।

ਜੇਕਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਗੋਗਲੂਆਂ ਤੋਂ ਮਿੱਟੀ ਝਾੜੀ ਗਈ ਤਾਂ ਇਸ ਨਾਲ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਵੱਕਾਰ ਬਿਲਕੁਲ ਮਿੱਟੀ ’ਚ ਮਿਲ ਜਾਵੇਗਾ। ‘ਅਕਾਲ ਤਖ਼ਤ ਸਾਹਿਬ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ’ ਤਦ ਹੀ ਮਹਾਨ ਹੋਵੇਗਾ ਜੇਕਰ ਤਖ਼ਤ ਸਾਹਿਬ ’ਤੇ ਬੈਠਣ ਵਾਲਾ ਮਹਾਨ ਹੋਵੇਗਾ। ਕਿਸੇ ਸੰਸਥਾ ਨੂੰ ਮਹਾਨ ਬਣਾਉਣ ’ਚ ਉਸ ਕੁਰਸੀ ’ਤੇ ਬੈਠਣ ਵਾਲੇ ਤੇ ਨਿਰਭਰ ਕਰਦਾ ਹੈ। ਜੇਕਰ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਵੀ ਇਸ ਗੱਲ ਤੋਂ ਡਰ ਜਾਂਦਾ ਕਿ ਮਾਹਰਾਜਾ ਰਣਜੀਤ ਸਿੰਘ ਰਾਜਾ ਹੈ, ਇਸ ਲਈ ਉਸ ਨੂੰ ਸਜ਼ਾ ਨਹੀਂ ਦੇਣੀ ਤਾਂ ਅੱਜ ਕਿਸੇ ਨੇ ਉਨ੍ਹਾਂ ਦਾ ਨਾਮ ਨਹੀਂ ਸੀ ਲੈਣਾ। 

ਜੇਕਰ ਹਾਈਕੋਰਟ ਜਾਂ ਸੁਪ੍ਰੀਮ ਕੋਰਟ ਦਾ ਜੱਜ ਇਹ ਕਹਿ ਕੇ ਸੁਣਵਾਈ ਕਰਨ ਤੋਂ ਇਨਕਾਰ ਕਰ ਸਕਦੈ ਕਿ ਜੇਕਰ ਮੈਂ ਇਹ ਕੇਸ ਸੁਣਿਆ ਤਾਂ ਮੇਰੀ ਨਿਰਪੱਖਤਾ ’ਤੇ ਸਵਾਲ ਉਠ ਸਕਦਾ ਹੈ ਕਿ ਮੇਰੇ ਕਿਸੇ ਨਾਲ ਸਬੰਧ ਹਨ। ਫਿਰ ਜਥੇਦਾਰ ਜੀ ਤੁਸੀ ਸੁਖਬੀਰ ਬਾਦਲ ਦਾ ਕੇਸ ਕਿਵੇਂ ਸੁਣ ਸਕਦੇ ਹੋ, ਤੁਹਾਨੂੰ ਤਾਂ ਉਸ ਨੇ ਨਿਯੁਕਤ ਕੀਤਾ ਹੈ! 

ਇਸ ਲਈ ਨਿਮਰਤਾ ਸਹਿਤ ਬੇਨਤੀ ਹੈ ਕਿ ਤੁਸੀ ਅਪਣਾ ਵਿਸ਼ਵਾਸ ਨਾ ਗਵਾਉ ਤੇ ਇਸ ਕੇਸ ਤੋਂ ਆਪ ਹੀ ਪਾਸੇ ਹੋ ਜਾਵੋ ਅਤੇ ਇਕ ਪੰਜ ਸਿੱਖ ਵਿਦਵਾਨਾਂ ਦੀ ਕਮੇਟੀ ਬਣਾ ਦਿਉ ਜਿਹੜੀ ਇਸ ਕੇਸ ਨੂੰ ਸੁਣ ਕੇ ਇਸ ਦਾ ਫ਼ੈਸਲਾ ਕਰੇ। ਜੋ ਸੁਖਬੀਰ ਵਲੋਂ ਲਿਖਿਆ ਗਿਆ ਹੈ ਕਿ ‘‘ਜੇਕਰ ਮੇਰੇ ਜਾਂ ਪਾਰਟੀ ਦੇ ਕਿਸੇ ਮੈਂਬਰ ਵਲੋਂ ਜਾਣੇ ਅਣਜਾਣੇ ’ਚ ਕੋਈ ਗ਼ਲਤੀ ਹੋਈ ਹੈ ਤਾਂ ਉਸ ਦੀ ਮੁਆਫ਼ੀ ਦਿਤੀ ਜਾਵੇ’’ ਕੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਇਹ ਦਸਣਗੇ ਕਿ ਇਹ ਭੁੱਲ ਹੈ ਜਾਂ ਗੁਨਾਹ ਹੈ।

ਗ਼ਲਤੀ ਉਹ ਹੁੰਦੀ ਹੈ ਜੋ ਅਣਜਾਣੇ ਵਿਚ ਹੋ ਜਾਵੇ ਪ੍ਰੰਤੂ ਜਾਣਬੁਝ ਕੇ ਕੀਤਾ ਗਿਆ ਗੁਨਾਹ ਕੋਈ ਗ਼ਲਤੀ ਨਹੀਂ ਹੁੰਦਾ। ਗਿ. ਗੁਰਮੁਖ ਸਿੰਘ ਸਾਬਕਾ ਜਥੇਦਾਰ ਨੇ ਅਪਣੀ ਇਕ ਇੰਟਰਵਿਊ ’ਚ ਦਸਿਆ ਕਿ ਉਨ੍ਹਾਂ ਨੇ ਬਾਦਲ ਸਾਹਿਬ ਨੂੰ ਵਾਰ-ਵਾਰ ਕਿਹਾ ਸੀ ਕਿ ਤੁਸੀ ਇਹ ਗ਼ਲਤ ਕਰ ਰਹੇ ਹੋ ਪਰ ਸੁਖਬੀਰ ਬਾਦਲ ਇਸ ਗੱਲ ’ਤੇ ਬਜ਼ਿੱਦ ਰਿਹਾ ਕਿ ਬਲਾਤਕਾਰੀ ਸਾਧ ਨੂੰ ਮੁਆਫ਼ੀ ਦੇਣੀ ਹੀ ਦੇਣੀ ਹੈ।

ਕੀ ਇਹ ਅਚਨਚੇਤ ਹੋਈ ਗ਼ਲਤੀ ਹੈ? ਕੀ ਉਸ ਗ਼ਲਤੀ ਨੂੰ ਠੀਕ ਦੱਸਣ ਲਈ ਸੰਗਤਾਂ ਦੇ ਚੜ੍ਹਾਵੇ ’ਚੋਂ 95 ਲੱਖ ਰੁਪਏ ਦੇ ਇਸ਼ਤਿਹਾਰ ਦੇਣੇ ਅਚਨਚੇਤ ਹੋਈ ਭੁੱਲ ਹੈ? ਕੀ ਸੁਖਬੀਰ ਬਾਦਲ ਨੂੰ ਇਹ ਨਹੀਂ ਸੀ ਪਤਾ ਕਿ ਸੁਮੇਧ ਸੈਣੀ ਤੇ ਇਜ਼ਹਾਰ ਆਲਮ ਸਿੱਖ ਨੌਜਵਾਨਾਂ ਦੇ ਕਾਤਲ ਹਨ? ਫਿਰ ਵੀ ਉਨ੍ਹਾਂ ਨੂੰ ਉੱਚੇ ਅਹੁਦਿਆਂ ’ਤੇ ਲਗਾਉਣਾ, ਕੀ ਇਹ ਵੀ ਅਚਨਚੇਤ ਹੋਈ ਗ਼ਲਤੀ ਸੀ?

ਕੀ ਸੁਖਬੀਰ ਬਾਦਲ ਨੂੰ ਇਹ ਨਹੀਂ ਸੀ ਪਤਾ ਕਿ ਬਲਾਤਕਾਰੀ ਸਾਧ ਨਾਲ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਵਲੋਂ ਰੋਟੀ ਬੇਟੀ ਦੀ ਸਾਂਝ ਰੱਖਣ ਜਾਂ ਮਿਲਣ ਤੇ ਪਾਬੰਦੀ ਲਗਾਈ ਹੋਈ ਹੈ। ਅਸਲ ’ਚ ਇਹ ਕੋਈ ਜਾਣੇ ਅਣਜਾਣੇ ’ਚ ਹੋਈਆਂ ਗ਼ਲਤੀਆਂ ਨਹੀਂ ਹਨ ਸਗੋਂ ਅਪਣੀ ਪਾਰਟੀ ਲਈ ਵੋਟਾਂ ਲੈਣ ਵਾਸਤੇ ਕੀਤੇ ਗਏ ਵੱਡੇ ਗੁਨਾਹ ਹਨ ਜਿਨ੍ਹਾਂ ਨੂੰ ਗ਼ਲਤੀ ਮੰਨ ਕੇ ਮੁਆਫ਼ ਨਹੀਂ ਕੀਤਾ ਜਾ ਸਕਦਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Canada ਦਾ ਜਹਾਜ਼ ਚੜਨ ਹੀ ਲੱਗਿਆ ਸੀ Drug Dealer, Punjab Police ਨੇ ਫੜ ਲਿਆ Delhi Airport ਤੋਂ

16 Sep 2024 9:13 AM

ਜੇਲ੍ਹ 'ਚੋਂ ਬਾਹਰ ਆਉਣ ਮਗਰੋਂ CM Arvind Kejriwal ਦੀ ਧਮਾਕੇਦਾਰ Speech, ਸਟੇਜ ਤੋਂ ਲਲਕਾਰੇ ਵਿਰੋਧੀ

15 Sep 2024 12:12 PM

ਜੇਲ੍ਹ 'ਚੋਂ ਬਾਹਰ ਆਉਣ ਮਗਰੋਂ CM Arvind Kejriwal ਦੀ ਧਮਾਕੇਦਾਰ Speech, ਸਟੇਜ ਤੋਂ ਲਲਕਾਰੇ ਵਿਰੋਧੀ

15 Sep 2024 12:10 PM

ਕੌਣ ਸਿਰਜ ਰਿਹਾ ਸਿੱਖਾਂ ਖਿਲਾਫ਼ ਬਿਰਤਾਂਤ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦੇ ਕੀ ਮਾਇਨੇ ?

14 Sep 2024 10:25 AM

'GYM ਜਾਣ ਵਾਲੇ 90% ਮਰਦ ਹੁੰਦੇ..

13 Sep 2024 5:58 PM
Advertisement