Traditional Ornaments Of Punjab: ਪੰਜਾਬੀ ਸੱਭਿਆਚਾਰ ਦੇ ਭੁੱਲੇ-ਵਿਸਰੇ ਗਹਿਣੇ
Published : Nov 10, 2023, 12:52 pm IST
Updated : Nov 10, 2023, 12:52 pm IST
SHARE ARTICLE
Traditional Ornaments Of Punjab
Traditional Ornaments Of Punjab

ਲੋਕ ਗਹਿਣੇ ਸਾਡੇ ਸੱਭਿਆਚਾਰ ਅਤੇ ਆਧੁਨਿਕ ਸਾਹਿਤਕ ਪਿੜ ’ਚੋਂ ਲਗਪਗ ਮਨਫੀ ਹੀ ਹੋ ਗਏ ਹਨ

Traditional Ornaments Of Punjab: ਗਹਿਣਾ ਮਨੁੱਖੀ ਸ਼ਿੰਗਾਰ ਦਾ ਹਮੇਸ਼ਾਂ ਤੋਂ ਕੇਂਦਰ ਬਿੰਦੂ ਰਿਹਾ ਹੈ। ਪੰਜਾਬ ਵਿਚ ਹਰ ਧਰਮ, ਜਾਤ ਅਤੇ ਹਰ ਉਮਰ ਦੀਆਂ ਔਰਤਾਂ ਅਤੇ ਮਰਦ ਅਪਣੀ ਸਮਰੱਥਾ ਅਨੁਸਾਰ ਸੋਨੇ, ਚਾਂਦੀ ਅਤੇ ਪਿੱਤਲ ਦੇ ਗਹਿਣੇ ਪਹਿਨਦੇ ਰਹੇ ਹਨ। ਪੁਰਾਤਨ ਸਮਿਆਂ ’ਚ ਔਰਤਾਂ ਸਿਰ ਤੋਂ ਪੈਰਾਂ ਤਕ ਗਹਿਣੇ ਪਹਿਨਦੀਆਂ ਸਨ। ਕਿਹਾ ਜਾਂਦਾ ਹੈ ਕਿ ਔਰਤਾਂ ਸੌ ਤੋਂ ਵੀ ਵੱਧ ਗਹਿਣੇ ਪਹਿਨ ਕੇ ਅਪਣੇ ਹੁਸਨ ਨੂੰ ਸ਼ਿੰਗਾਰਦੀਆਂ ਸਨ।

ਗਹਿਣਾ ਅਸਲ ਵਿਚ ਕਿਸੇ ਵਿਅਕਤੀ ਵਿਸ਼ੇਸ਼ ਦੀ ਆਰਥਿਕ ਖ਼ੁਸ਼ਹਾਲੀ, ਪਿਆਰ-ਮੁਹੱਬਤ ਅਤੇ ਸੁਹਜ-ਤ੍ਰਿਪਤੀ ਆਦਿ ਦੇ ਪ੍ਰਗਟਾਅ ਦਾ ਪ੍ਰਤੀਕ ਹੈ। ਜਿਹੜੇ ਵੰਨ-ਸੁਵੰਨੇ ਸੋਨੇ-ਚਾਂਦੀ ਦੇ ਗਹਿਣੇ ਪੁਰਾਤਨ ਸਮੇਂ ’ਚ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੁੰਦੇ ਸਨ, ਉਨ੍ਹਾਂ ਦੀ ਥਾਂ ਹੁਣ ਬਣਾਵਟੀ ਗਹਿਣਿਆਂ ਨੇ ਲੈ ਲਈ ਹੈ। ਇਹ ਲੋਕ ਗਹਿਣੇ ਸਾਡੇ ਸੱਭਿਆਚਾਰ ਅਤੇ ਆਧੁਨਿਕ ਸਾਹਿਤਕ ਪਿੜ ’ਚੋਂ ਲਗਪਗ ਮਨਫੀ ਹੀ ਹੋ ਗਏ ਹਨ। ਨਵੀਂ ਪੀੜ੍ਹੀ ਤਾਂ ਇਨ੍ਹਾਂ ਗਹਿਣਿਆਂ ਤੋਂ ਅਨਜਾਣ ਹੀ ਹੈ। ਪੁਰਾਣੇ ਪੰਜਾਬ ’ਚ ਇਸਤਰੀਆਂ ਵਲੋਂ ਪਹਿਨੇ ਜਾਂਦੇ ਗਹਿਣਿਆਂ ਵਿਚ ਕਈ ਤਰ੍ਹਾਂ ਦੇ ਗਹਿਣੇ ਸ਼ਾਮਲ ਸਨ:

ਨੱਕ ਵਿੰਨ੍ਹ ਕੇ ਪਹਿਨੇ ਜਾਣ ਵਾਲੇ ਗਹਿਣੇ:

ਤੀਲੀ: ਮੁਟਿਆਰਾਂ ਨੱਕ ਵਿਚ ਤੀਲੀ ਬਹੁਤ ਹੀ ਚਾਅ ਨਾਲ ਪਹਿਨਦੀਆਂ ਸਨ। ਤੀਲੀ ਅਸਲ ਵਿਚ ਇਕ ਬਾਰੀਕ ਮੇਖ-ਨੁਮਾ ਗਹਿਣਾ ਹੁੰਦਾ ਸੀ, ਜਿਸ ਉੱਪਰ ਇਕ ਛੋਟਾ ਜਿਹਾ ਨਗ ਲੱਗਾ ਹੁੰਦਾ ਸੀ।

Nose pinsNose pins

ਲੌਂਗ: ਇਹ ਇਕ ਹੋਰ ਸੁੰਦਰ ਗਹਿਣਾ ਸੀ, ਜਿਸ ਦੇ ਗੁਆਚਣ ਦੇ ਡਰ ਨੂੰ ਪੰਜਾਬੀ ਲੋਕ ਗੀਤਾਂ ਵਿਚ ਕਲਮਬੰਦ ਕੀਤਾ ਗਿਆ ਹੈ।
ਚੀਰੇ ਵਾਲਿਆ ਵੇਖਦਾ ਆਈਂ ਵੇਮੇਰਾ ਲੌਂਗ ਗੁਆਚਾ
ਲੌਂਗ ਵਿਚਾਲੇ ਇਕ ਵੱਡਾ ਨਗ ਜੜ੍ਹਿਆ ਹੁੰਦਾ ਸੀ। ਇਸ ਨੂੰ ਆਲੇ-ਦੁਆਲਿਓਂ ਹੋਰ ਛੋਟੇ ਨਗਾਂ ਨੇ ਘੇਰਿਆ ਹੁੰਦਾ ਸੀ। ਤੀਲੀ ਅਤੇ ਲੌਂਗ ਵਿੱਚੋਂ ਵਧੇਰੇ ਸੁੰਦਰ ਕੌਣ ਹੈ ਇਸ ਦਾ ਫ਼ੈਸਲਾ ਕਰਨਾ ਬਹੁਤ ਕਠਿਨ ਜਾਪਦਾ ਸੀ। ਤਾਂਹੀਓਂ ਤਾਂ ਲੋਕ ਗੀਤਾਂ ਵਿਚ ਕਿਹਾ ਗਿਆ ਹੈ:
ਤੀਲੀ ਲੌਂਗ ਦਾ ਮੁਕੱਦਮਾ ਭਾਰੀਥਾਣੇਦਾਰਾ ਸੋਚ ਕੇ ਕਰੀਂ

Nose pinsNose pins

ਮੱਛਲੀ: ਮੱਛਲੀ ਨੱਕ ਦੀਆਂ ਦੋਵਾਂ ਨ੍ਹਾਸਾਂ ਦੇ ਵਿਚਕਾਰਲੀ ਹੱਡੀ ਵਿਚ ਪਹਿਨੀ ਜਾਂਦੀ ਸੀ।

ਨੱਥ: ਇਹ ਵਿੰਨ੍ਹੇ ਨੱਕ ਦੀ ਗਲੀ ਤੋਂ ਸ਼ੁਰੂ ਹੋ ਕੇ ਇਕ ਗੁਲਾਈ ਦੀ ਤਰ੍ਹਾਂ ਖੱਬੇ ਪਾਸੇ ਵਾਲਾਂ ਨਾਲ ਜੁੜ ਜਾਂਦੀ ਸੀ।

ਉਪਰੋਕਤ ਗਹਿਣਿਆਂ ਤੋਂ ਇਲਾਵਾ ਨੱਕ ਵਿਚ ਕੋਕਾ, ਬੁਲਾਕ, ਮੇਖ, ਬੇਸਰਾ ਅਤੇ ਨੁਕਰਾ ਆਦਿ ਗਹਿਣੇ ਪਹਿਨਣ ਦਾ ਰਿਵਾਜ ਸੀ।

ਨੱਥ
 

ਕੰਨ ਵਿੰਨ੍ਹ ਕੇ ਪਹਿਨੇ ਜਾਣ ਵਾਲੇ ਗਹਿਣੇ:-

ਪਿੱਪਲ ਪੱਤੀਆਂ: ਇਹ ਔਰਤਾਂ ਵਿਚ ਬਹੁਤ ਪ੍ਰਚੱਲਿਤ ਗਹਿਣਾ ਸੀ। ਇਸ ਨੂੰ ਪਹਿਨਣ ’ਚ ਉਹ ਬੜੀ ਸ਼ਾਨ ਸਮਝਦੀਆਂ ਸਨ। ਇਸ ਗਹਿਣੇ ਨਾਲ ਪਿੱਪਲ ਦੇ ਪੱਤਿਆਂ ਵਾਂਗ ਦੋ-ਤਿੰਨ ਪੱਤੇ ਜਿਹੇ ਲੱਗੇ ਹੁੰਦੇ ਸਨ। ਇਸ ਗਹਿਣੇ ਦੀ ਸੁੰਦਰਤਾ ਬਾਰੇ ਪੰਜਾਬੀ ਲੋਕ ਗੀਤਾਂ ਵਿਚ ਕਿਹਾ ਗਿਆ ਹੈ
ਆਹ ਲੈ ਨੱਤੀਆਂਕਰਾ ਲੈ ਪਿੱਪਲ ਪੱਤੀਆਂ,
ਕਿਸੇ ਨਾਲ ਗੱਲ ਨਾ ਕਰੀਂ

ਪਿੱਪਲ ਪੱਤੀਆਂ
Earrings 

ਤੁੰਗਲ: ਤੁੰਗਲ ਗੋਲ ਚੂੜੀਆਂ ਵਾਂਗ ਪਲੇਨ ਡੰਡੀਆਂ ਨੂੰ ਕਹਿੰਦੇ ਸਨ।

ਕੋਕਰੂ: ਕੋਕਰੂ ਕੰਨ ਦੀ ਗਲੀ ਦੇ ਬਾਹਰਲੇ ਵਧਵੇਂ ਭਾਗ ਵਿਚ ਪਹਿਨੇ ਜਾਂਦੇ ਸਨ। ਗਾਇਕ ਗੁਰਦਾਸ ਮਾਨ ਨੇ ਇਸ ਗਹਿਣੇ ਦੀ ਮਹੱਤਤਾ ਬਾਰੇ ਕਿੰਨੇ ਸੁੰਦਰ ਸ਼ਬਦਾਂ ਵਿਚ ਗਾਇਆ ਹੈ:
ਘੱਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ  
ਕੰਨਾਂ ਚ ਕੋਕਰੂ ਤੇ ਵਾਲੀਆਂ ਵੀ ਗਈਆਂ
ਰੇਸ਼ਮੀ ਦੁਪੱਟੇਡੋਰੇ ਜਾਲੀਆਂ ਵੀ ਗਈਆਂ   
ਘੁੰਡ ਵੀ ਗਏ ਤੇ ਘੁੰਡ ਵਾਲੀਆਂ ਵੀ ਗਈਆਂ
ਚੱਲ ਪਏ ਵਿਦੇਸ਼ੀ ਬਾਣੇ ਓ ਕੀ ਬਣੂ ਦੁਨੀਆਂ ਦਾ

ਕੋਕਰੂ
Earrings 

ਬੂਜਲੀਆਂ: ਇਹ ਸਿਲਾਈ ਮਸ਼ੀਨ ਦੀ ਫਿਰਕੀ ਵਾਂਗ ਇਕ ਗਹਿਣਾ ਸੀ ਜੋ ਕੰਨਾਂ ’ਚ ਵੱਡੀਆਂ ਗਲੀਆਂ ਕਢਵਾ ਕੇ ਪਹਿਨੀਆਂ ਜਾਂਦੀਆਂ ਸਨ।

ਉਪਰੋਕਤ ਗਹਿਣਿਆਂ ਤੋਂ ਇਲਾਵਾ ਕੰਨਾਂ ਵਿਚ ਕਾਂਟੇ, ਢੇਡੂ, ਝੁਮਕੇ, ਡੰਡੀਆਂ, ਲੋਟਣ, ਬੂੰਦੇ, ਸੋਨ ਚਿੜੀਆਂ, ਟੌਪਸ, ਕੰਢੀ, ਝੁਮਕੇ, ਰੇਲਾਂ, ਮਾਮੇ ਮੁਰਕੀਆਂ ਅਤੇ ਬਹਾਦਰਨੀਆਂ ਆਦਿ ਗਹਿਣੇ ਪਹਿਨੇ ਜਾਂਦੇ ਸਨ।

ਬੁਜਲੀਆਂ
Punjabi Culture 

ਗਲੇ ਦੁਆਲੇ ਪਹਿਨੇ ਜਾਣ ਵਾਲੇ ਗਹਿਣੇ:

ਤੱਗਾਹਮੇਲਇਨਾਮ ਅਤੇ ਬੁਘਤੀਆਂ: ਗਲੇ ਵਿਚ ਧਾਗੇ ਨੂੰ ਮੇਲ ਕੇ ਇਸ ’ਚ ਜੇਕਰ ਪੌਂਡ ਪਾਏ ਜਾਣ ਤਾਂ ਇਹ ਤੱਗਾ ਕਹਾਉਂਦਾ ਸੀ। ਜੇਕਰ ਰੁਪਏ ਪਾਏ ਜਾਣ ਤਾਂ ਹਮੇਲ ਕਹਾਉਂਦਾ ਸੀ। ਜੇਕਰ ਸੋਨੇ ਦੇ ਪੈਸੇ ਹੋਣ ਤਾਂ ਬੁਘਤੀਆਂ ਅਤੇ ਜੇਕਰ ਤਿਕੋਣੇ ਤਵੀਤ ਹੋਣ ਤਾਂ ਇਨਾਮ ਕਹਾਉਂਦਾ ਸੀ।

ਸੌਕਣ ਮੋਹਰਾ: ਜਦੋਂ ਕਿਸੇ ਵਿਅਕਤੀ ਦੀ ਪਤਨੀ ਦੀ ਮੌਤ ਹੋ ਜਾਂਦੀ ਸੀ, ਉਸ ਤੋਂ ਬਾਅਦ ਉਸ ਦੀ ਦੂਸਰੀ ਪਤਨੀ ਨੂੰ ਇਕ ਹਾਰ ਬਣਵਾ ਕੇ ਦਿੱਤਾ ਜਾਂਦਾ ਸੀ, ਜਿਸ ਨੂੰ ਸੌਕਣ ਮੋਹਰਾ ਕਹਿੰਦੇ ਸਨ।

ਜੁਗਨੀ: ਜੁਗਨੀ ਵੀ ਗਲੇ ਦਾ ਇਕ ਮਹੱਤਵਪੂਰਨ ਗਹਿਣਾ ਸੀ। ਜੁਗਨੀ ਹਾਰ ਦੇ ਮੱਧ ਵਿਚ ਆ ਕੇ ਹੇਠਾਂ ਵੱਲ ਨੂੰ ਲਟਕਦੀ ਦਿਖਾਈ ਦਿੰਦੀ ਸੀ ਤੇ ਇਸ ਦੇ ਖੱਬੇ ਅਤੇ ਸੱਜੇ ਪਾਸੇ ਹਰੇ ਤੇ ਲਾਲ ਨਗ ਲੱਗੇ ਹੁੰਦੇ ਸਨ।

ਗਲੇ ਵਿਚ ਉਪਰੋਕਤ ਗਹਿਣਿਆਂ ਤੋਂ ਇਲਾਵਾ ਜ਼ੰਜੀਰੀ, ਚੌਂਕੀ, ਹੱਸ, ਰਾਣੀਹਾਰ, ਤਵੀਤ, ਮੱਖੀ, ਹੌਲਦਿਲੀ, ਚੁਟਾਲਾ, ਲੌਕਟ, ਪੈਂਡਲ, ਸਿੰਘ-ਤਵੀਤ, ਗੁਲੂਬੰਦ, ਤੰਦੀਰਾ, ਮਾਲਾ, ਨੌਂਰਤਨਾ ਸੈੱਟ ਆਦਿ ਗਹਿਣੇ ਮੁਟਿਆਰਾਂ ਦੇ ਹੁਸਨ ਦਾ ਸ਼ਿੰਗਾਰ ਸਨ।

ਜੁਗਨੀ
Taweet 

ਇਸਤਰੀਆਂ ਦੇ ਵਾਲਾਂ ਚ ਗੁੰਦੇ ਜਾਣ ਵਾਲੇ ਗਹਿਣੇ:

ਸੱਗੀ ਫੁੱਲ: ਔਰਤਾਂ ਅਪਣੇ ਵਾਲਾਂ ਨੂੰ ਸ਼ਿੰਗਾਰਨ ਲਈ ਸਿਰ ਉਪਰ ਸੱਗੀ 'ਤੇ ਫੁੱਲ ਸਜਾਉਂਦੀਆਂ ਸਨ। ਸਿਰ ਦੇ ਪਿਛਲੇ ਹਿੱਸੇ ਉਤੇ ਵਾਲਾਂ ਦੀਆਂ ਮੀਢੀਆਂ ਕਰਕੇ ਖੱਬੇ ਅਤੇ ਸੱਜੇ ਪਾਸੇ ਦੋ ਫੁੱਲ ਲਗਾਏ ਜਾਂਦੇ ਸਨ ਅਤੇ ਇਨ੍ਹਾਂ ਫੁੱਲਾਂ ਦੇ ਐਨ ਵਿਚਕਾਰ ਸੱਗੀ ਲਗਾਈ ਜਾਂਦੀ ਸੀ।  ਕਈ ਔਰਤਾਂ ਸਗੀ ਅਤੇ ਫੁੱਲ ਸਿਰ ਦੇ ਅਗਲੇ ਹਿੱਸੇ ’ਤੇ ਵੀ ਲਗਾਉਂਦੀਆਂ ਸਨ।

Saggi PhullSaggi Phull

ਸ਼ਿੰਗਾਰ ਪੱਟੀ: ਸ਼ਿੰਗਾਰ ਪੱਟੀ ਮੱਥੇ ਤੋਂ ਦੋਵਾਂ ਕੰਨਾਂ ਵੱਲ ਨੂੰ ਕੁੱਬੇ ਘੁਮਾਓ ਦੇ ਰੂਪ ਵਿਚ ਲਟਕਦੀ ਦਿਖਾਈ ਦਿੰਦੀ ਸੀ।

ਟਿੱਕਾ: ਟਿੱਕਾ ਮੱਥੇ ਤੋਂ ਸ਼ੁਰੂ ਹੋ ਕੇ ਵਾਲਾਂ ਦੇ ਮੱਧ ’ਚ ਜਾ ਕੇ ਜੁੜ ਜਾਂਦਾ ਸੀ।

ਕਲਿੱਪ: ਇਹ ਸਿਰ ਦੇ ਪਿਛਲੇ ਹਿੱਸੇ ’ਚ ਵਾਲਾਂ ਵਿਚਲੇ ਚੀਰ ਦੇ ਖੱਬੇ ਅਤੇ ਸੱਜੇ ਪਾਸੇ ਲਗਾਏ ਜਾਂਦੇ ਸਨ। ਇਹ ਆਪਸ ਵਿਚ ਮੇਲੇ ਹੋਏ ਧਾਗੇ ਨਾਲ ਜੁੜੇ ਹੁੰਦੇ ਸਨ।

ਝੁੰਮਰ ਸੂਈ: ਇਹ ਵਾਲਾਂ ਵਿਚ ਟੇਢਾ ਚੀਰ ਕੱਢ ਕੇ ਖੱਬੇ ਭਰਵੱਟੇ ਦੇ ਐਨ ਉੱਪਰ ਆ ਟਿਕਦੀ ਸੀ।

ਉਪਰੋਕਤ ਗਹਿਣਿਆਂ ਤੋਂ ਇਲਾਵਾ ਬਘਿਆੜੀ, ਠੂੰਠੀਆਂ, ਦਾਉਣੀ, ਛੱਬਾ, ਚੌਂਕ, ਬੰਦ ਅਤੇ ਬੋਰਲਾ ਆਦਿ ਵਾਲਾਂ ਵਿਚ ਸਜਾਏ ਜਾਣ ਵਾਲੇ ਪ੍ਰਮੁੱਖ ਗਹਿਣੇ ਸਨ।

ਵੀਣੀ ਵਿਚ ਪਹਿਨੇ ਜਾਣ ਵਾਲ ਗਹਿਣੇ:

ਪਰੀਬੰਦ: ਇਹ ਬਾਹਾਂ ਦਾ ਇਕ ਬਹੁਤ ਹੀ ਮਸ਼ਹੂਰ ਗਹਿਣਾ ਸੀ। ਇਹ ਚੂੜੇ ਦੇ ਵਿਚਾਲੇ ਪਹਿਨਿਆਂ ਜਾਂਦਾ ਸੀ, ਜਿਸ ਨੂੰ ਛੋਟੇ-ਛੇਟੇ ਘੁੰਗਰੂਆਂ ਨਾਲ ਸਜਾਇਆ ਜਾਂਦਾ ਸੀ। ਇਹ ਘੁੰਗਰੂ ਬਾਂਹ ਹਿੱਲਦਿਆਂ ਹੀ ਅਪਣੀ ਛਣ-ਛਣ ਦਾ ਸ਼ੋਰ ਸ਼ੁਰੂ ਕਰ ਦਿੰਦੇ ਸਨ।

gold banglesBangles

ਗਜਰੇ: ਇਹ ਚੂੜੀਆਂ ਦੀ ਤਰ੍ਹਾਂ ਬਾਹਾਂ ਦੇ ਗਹਿਣੇ ਸਨ। ਇਨ੍ਹਾਂ ਵਿਚ ਗਲੀਆਂ ਹੁੰਦੀਆਂ ਸਨ, ਪਰ ਆਟਾ ਗੁੰਨਣ ਸਮੇਂ ਇਨ੍ਹਾਂ ਵਿਚ ਆਟਾ ਫਸ ਜਾਣ ਦੇ ਝੰਜਟੋਂ ਕਈ ਸਵਾਣੀਆਂ ਬਗੈਰ ਗਲੀਆਂ ਦੇ ਗਜਰੇ ਪਹਿਨਦੀਆਂ ਸਨ। ਇਨ੍ਹਾਂ ਨੂੰ ਘੜੀ ਵਾਂਗ ਚਾਬੀ ਲੱਗੀ ਹੁੰਦੀ ਸੀ। ਇਹ ਗਜਰੇ ਬਾਹਾਂ ’ਚ ਪਹਿਨਣ ਤੋਂ ਬਾਅਦ ਇਨ੍ਹਾਂ ਗਜਰਿਆਂ ਨੂੰ ਲੱਗੀ ਚਾਬੀ ਨਾਲ ਚੰਗੀ ਤਰ੍ਹਾਂ ਕਸ ਦਿਤਾ ਜਾਂਦਾ ਸੀ।

ਵੀਣੀ ਦੇ ਇਨ੍ਹਾਂ ਗਹਿਣਿਆਂ ਤੋਂ ਇਲਾਵਾ ਬਾਜੂਬੰਦ, ਗੋਖੜੂ, ਪਹੁੰਚੀ, ਕੰਗਣ ਅਤੇ ਕਲੀਰੇ ਆਦਿ ਪ੍ਰਮੁੱਖ ਗਹਿਣੇ ਸਨ ਜੋ ਔਰਤਾਂ ਦੀਆਂ ਵੀਣੀਆਂ ਦੇ ਸ਼ਿੰਗਾਰ ਸਨ।

ਉਂਗਲਾਂ ਚ ਪਹਿਨੇ ਜਾਣ ਵਾਲੇ ਗਹਿਣੇ: ਉਂਗਲਾਂ ਵਿਚ ਮੁੰਦਰੀ, ਛਾਪ, ਕਲੀਚੜੀ ਅਤੇ ਆਰਸੀ ਆਦਿ ਗਹਿਣੇ ਪਹਿਨੇ ਜਾਂਦੇ ਸਨ।

PhotoPhoto

ਪੈਰਾਂ ਵਿਚ ਪਹਿਨੇ ਜਾਣ ਵਾਲੇ ਗਹਿਣੇ: ਪੈਰਾਂ ਦੀਆਂ ਪੰਜ ਉਂਗਲਾਂ ਵਿਚ ਇਕੋ ਜਿਹੀਆਂ ਪੰਜ ਛਾਪਾਂ ਪਹਿਨੀਆਂ ਜਾਂਦੀਆਂ ਸਨ ਜਿਨ੍ਹਾਂ ਨੂੰ ਪੰਜ-ਅੰਗਲਾਂ ਕਹਿੰਦੇ ਸਨ। ਇਨ੍ਹਾਂ ਤੋਂ ਇਲਾਵਾ ਪੰਜੇਬਾਂ, ਪਟੜੀਆਂ, ਲੱਛੇ, ਝਾਂਜਰਾਂ, ਬਾਂਕਾਂ ਅਤੇ ਬਿਛੂਏ ਆਦਿ ਪੈਰਾਂ ਦੀਆਂ ਉਂਗਲਾਂ ਵਿਚ ਪਹਿਨੇ ਜਾਣ ਵਾਲੇ ਗਹਿਣੇ ਸਨ।

ਮਰਦਾਂ ਦੇ ਗਹਿਣੇ

ਸ਼ੁਕੀਨ ਮੁੰਡੇ ਤੇ ਮਰਦ ਕੈਂਠਾ, ਸੋਨੇ ਦਾ ਕੜਾ, ਸੋਨੇ ਦੀ ਜ਼ੰਜੀਰੀ, ਨੱਤੀਆਂ ਅਤੇ ਕੰਨਾਂ ਵਿਚ ਵਾਲੇ ਆਦਿ ਗਹਿਣੇ ਪਹਿਨਦੇ ਸਨ। ਬੱਚੇ ਸਗਲੇ ਪੌਂਟੇ ਪਹਿਨਦੇ ਸਨ।ਉਪਰੋਕਤ ਬੇਸ਼ੁਮਾਰ ਸੋਨੇ-ਚਾਂਦੀ ਦੇ ਪੁਰਾਤਨ ਲੋਕ ਗਹਿਣਿਆਂ ਦੀ ਥਾਂ ਅੱਜ ਦੇ ਪਦਾਰਥਵਾਦੀ ਯੁੱਗ ਵਿਚ ਸਟੋਨ-ਮੈਟਲ, ਤਾਂਬਾ, ਲੋਹਾ, ਪਿੱਤਲ, ਅਤੇ ਏ.ਡੀ. (ਅਮਰੀਕਨ ਡਾਇਮੰਡ) ਆਦਿ ਨੇ ਲੈ ਲਈ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement