
ਸਾਡੇ ਦੇਸ਼ ਵਿਚ ਇਕ ਰਵਾਇਤ ਬਣ ਚੁੱਕੀ ਹੈ ਕਿ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਦਾ ਦੋਸ਼ ਗੁਆਂਢੀ ਮੁਲਕ ਤੇ ਥੋਪ ਦਿਤਾ ਜਾਂਦਾ ਹੈ...............
ਸਾਡੇ ਦੇਸ਼ ਵਿਚ ਇਕ ਰਵਾਇਤ ਬਣ ਚੁੱਕੀ ਹੈ ਕਿ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਦਾ ਦੋਸ਼ ਗੁਆਂਢੀ ਮੁਲਕ ਤੇ ਥੋਪ ਦਿਤਾ ਜਾਂਦਾ ਹੈ। ਤਿੰਨ ਸਾਲ ਪਹਿਲਾਂ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਸੱਟ ਮਾਰੀ ਗਈ। ਜਦੋਂ ਇਸ ਬਾਰੇ ਪੱਤਰਕਾਰ ਨੇ ਡਿਪਟੀ ਮੁੱਖ ਮੰਤਰੀ ਨੂੰ ਪੁਛਿਆ ਕਿ ਇਸ ਲਈ ਕੌਣ ਜ਼ਿੰਮੇਵਾਰ ਹੈ ਤਾਂ ਉਹ ਕਹਿਣ ਲੱਗੇ ਕਿ ਇਸ ਵਿਚ ਵਿਦੇਸ਼ੀ ਹੱਥ ਹੈ। ਗੱਲ ਕਾਹਦੀ ਕਿ ਦੂਜੇ ਉਤੇ ਦੋਸ਼ ਲਗਾਉ ਅਤੇ ਆਪ ਬਰੀ ਹੋ ਜਾਉ। ਦੇਸ਼ ਵਿਚ ਜਿਹੜੀ ਪਾਣੀ ਦੀ ਬਰਬਾਦੀ ਹੋ ਰਹੀ ਹੈ, ਉਸ ਦੇ ਕਈ ਕਾਰਨ ਹਨ ਪਰ ਸਾਡੀ ਸਰਕਾਰ ਅਤੇ ਆਮ ਲੋਕ ਇਹ ਕਹਿੰਦੇ ਸੁਣੇ ਜਾਂਦੇ ਹਨ
ਕਿ ਪਾਣੀ ਦੀ ਬਰਬਾਦੀ ਲਈ ਸਿਰਫ਼ ਕਿਸਾਨ ਜ਼ਿੰਮੇਵਾਰ ਹਨ। ਜੇਕਰ ਦਿੱਲੀ ਵਿਚ ਹਰ ਸਾਲ ਸਰਦੀਆਂ ਵਿਚ ਪ੍ਰਦੂਸ਼ਣ ਦਾ ਬੋਲਬਾਲਾ ਹੋ ਜਾਂਦਾ ਹੈ, ਇਸ ਲਈ ਵੀ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਸਮਝਿਆ ਜਾਂਦਾ ਹੈ ਕਿਉਂਕਿ ਕਿਸਾਨ ਝੋਨੇ ਦੀ ਪਰਾਲੀ ਅਤੇ ਕਣਕ ਦਾ ਨਾੜ ਸਾੜਦੇ ਹਨ ਜਿਸ ਕਾਰਨ ਪ੍ਰਦੂਸ਼ਣ ਵੱਧ ਜਾਂਦਾ ਹੈ। ਅਜਕਲ ਕਿਸਾਨ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਇਸ ਦਾ ਦੋਸ਼ ਵੀ ਕਿਸਾਨਾਂ ਦੇ ਸਿਰ ਹੀ ਮੜ੍ਹਿਆ ਜਾ ਰਿਹਾ ਹੈ। ਲੇਖਕ ਨੇ ਬਹੁਤ ਸਾਰੇ ਲੋਕਾਂ ਤੋਂ ਸੁਣਿਆ ਹੈ ਕਿ ਕਿਸਾਨ ਹੱਥੀਂ ਕੰਮ ਨਹੀਂ ਕਰਦੇ। ਨਾਜਾਇਜ਼ ਖਰਚਾ ਕਰਦੇ ਹਨ ਜਿਸ ਕਾਰਨ ਕਿਸਾਨਾਂ ਉਤੇ ਕਰਜ਼ਾ ਚੜ੍ਹ ਗਿਆ।
ਇਹ ਕੋਈ ਨਹੀਂ ਕਹਿੰਦਾ ਕਿ ਕਿਸਾਨ ਨੂੰ ਉਸ ਦੀ ਫ਼ਸਲ ਤੋਂ ਪੂਰਾ ਮੁੱਲ ਨਹੀਂ ਮਿਲਿਆ ਜਿਸ ਕਾਰਨ ਕਿਸਾਨ ਕਰਜ਼ਾਈ ਹੋ ਗਿਆ। ਅਸਲ ਵਿਚ ਕਿਸਾਨ ਨੂੰ ਮਿਲਦੀ ਮੁਫ਼ਤ ਬਿਜਲੀ ਲੋਕਾਂ ਨੂੰ ਰੜਕਦੀ ਹੈ। ਗੱਲ ਕਾਹਦੀ ਕਿ ਹਰ ਮਾੜੇ ਕੰਮ ਲਈ ਕਿਸਾਨ ਨੂੰ ਜ਼ਿੰਮੇਵਾਰ ਬਣਾ ਦਿਤਾ ਜਾਂਦਾ ਹੈ। ਜਿਥੋਂ ਤਕ ਪਾਣੀ ਹੈ ਤਾਂ ਕਿਸਾਨ ਹੈ, ਜੇਕਰ ਪਾਣੀ ਨਹੀਂ ਹੋਵੇਗਾ ਤਾਂ ਕਿਸਾਨ ਫ਼ਸਲ ਤਿਆਰ ਕਿਸ ਤਰ੍ਹਾਂ ਕਰੇਗਾ? ਪਾਣੀ ਨੂੰ ਕਿਸਾਨ ਜਾਨ ਨਾਲੋਂ ਵੱਧ ਪਿਆਰ ਕਰਦਾ ਹੈ। ਪਾਣੀ ਦੇ ਬਦਲੇ ਤਾਂ ਕਿਸਾਨਾਂ ਦੇ ਕਤਲ ਹੋ ਜਾਂਦੇ ਹਨ ਜਿਸ ਪਾਣੀ ਬਦਲੇ ਕਿਸਾਨ ਅਪਣੀ ਜਾਨ ਤਕ ਦੇ ਦਿੰਦੇ ਹਨ, ਉਸ ਨੂੰ ਉਹ ਬਰਬਾਦ ਕਿਸ ਤਰ੍ਹਾਂ ਕਰ ਸਕਦਾ ਹੈ?
ਅਸਲ ਵਿਚ ਪਾਣੀ ਦੀ ਬਰਬਾਦੀ ਲਈ ਕਿਸਾਨ ਨੂੰ ਜ਼ਿੰਮੇਵਾਰ ਠਹਿਰਾਅ ਕੇ ਸਰਕਾਰ ਅਤੇ ਆਮ ਲੋਕ ਕਿਸਾਨਾਂ ਤੋਂ ਮੁਫ਼ਤ ਬਿਜਲੀ ਦੀ ਸਹੂਲਤ ਨੂੰ ਖ਼ਤਮ ਕਰਾਉਣਾ ਚਾਹੁੰਦੇ ਹਨ। ਜੇਕਰ ਕਿਸਾਨ ਝੋਨਾ ਲਗਾਉਂਦਾ ਹੈ ਤਾਂ ਕੀ ਕਿਸਾਨ ਉਸ ਲਈ ਜ਼ਿੰਮੇਵਾਰ ਹੈ? ਇਸ ਵਿਚ ਕੋਈ ਸ਼ੱਕ ਨਹੀਂ ਝੋਨੇ ਦੇ ਕਾਰਨ ਧਰਤੀ ਹੇਠੋਂ ਪਾਣੀ ਖ਼ਤਮ ਹੋ ਰਿਹਾ ਹੈ। ਪਰ ਜੇਕਰ ਕਿਸਾਨ ਝੋਨਾ ਨਾ ਲਾਉਂਦਾ ਤਾਂ ਸਾਡਾ ਦੇਸ਼ ਅੰਨ ਭੰਡਾਰ ਵਿਚ ਕਦੇ ਵੀ ਆਤਮਨਿਰਭਰ ਨਾ ਹੁੰਦਾ ਅਤੇ ਸਰਕਾਰ ਨੂੰ ਲੋਕਾਂ ਦੀ ਭੁੱਖ ਮਿਟਾਉਣ ਲਈ ਵਿਦੇਸ਼ੀ ਸਰਕਾਰਾਂ ਦੇ ਤਰਲੇ ਕਢਣੇ ਪੈਂਦੇ ਜਿਸ ਕਾਰਨ ਸਰਕਾਰ ਨੂੰ ਅਰਬਾਂ ਰੁਪਏ ਦਾ ਵਾਧੂ ਖ਼ਰਚਾ ਕਰਨਾ ਪੈਂਦਾ।
ਅਜੋਕ ਸਮੇਂ ਵਿਚ ਸਾਡੇ ਦੇਸ਼ ਵਿਚ ਦੋ ਹੀ ਫ਼ਸਲਾਂ ਹਨ, ਕਣਕ ਅਤੇ ਝੋਨਾ ਜਿਨ੍ਹਾਂ ਨੂੰ ਸਰਕਾਰ ਘੱਟੋ ਘੱਟ ਕੀਮਤ ਉਤੇ ਖ਼ਰੀਦਦੀ ਹੈ। ਕਿਸੇ ਵੀ ਹੋਰ ਫ਼ਸਲ ਦੀ ਘੱਟ ਕੀਮਤ ਮੁੱਲ ਤਹਿ ਨਹੀਂ ਕੀਤਾ ਗਿਆ। ਕਈ ਵਾਰ ਤਾਂ ਇਹ ਵੀ ਹੋਇਆ ਕਿ ਜੋ ਕਮਿਸ਼ਨ ਸਰਕਾਰ ਵਲੋਂ ਬਣਾਇਆ ਗਿਆ, ਉਸ ਦੀਆਂ ਸਿਫ਼ਾਰਸ਼ਾਂ ਮੰਨਣ ਤੋਂ ਇਨਕਾਰੀ ਹੋ ਜਾਂਦੀ ਹੈ ਜਿਸ ਕਾਰਨ ਕਿਸਾਨ ਨੂੰ ਅਪਣੀ ਫ਼ਸਲ ਸਸਤੇ ਵਿਚ ਵੇਚਣ ਲਈ ਮਜਬੂਰ ਹੋਣਾ ਪੈਂਦਾ ਹੈ। ਪ੍ਰੋ. ਟੀ. ਐਨ ਹੱਕ ਨੇ ਕਿਹਾ ਸੀ ਕਿ ਕਿਸਾਨ ਨੂੰ ਉਸ ਦੀ ਲਾਗਤ ਨਾਲੋਂ ਵੀ 100 ਰੁਪਏ ਘੱਟ ਕੀਮਤ ਦਿਤੀ ਜਾ ਰਹੀ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਕਣਕ ਅਤੇ ਝੋਨਾ ਲਗਾਉਣਾ ਕਿਸਾਨਾਂ ਦੀ ਮਜਬੂਰ ਬਣ ਗਈ ਹੈ। ਕਿਸਾਨ ਖ਼ੁਸ਼ੀ ਨਾਲ ਝੋਨਾ ਨਹੀਂ ਲਗਾਉਂਦਾ ਕਿਉਂਕਿ ਝੋਨਾ ਤਿਆਰ ਕਰਨ ਤੇ ਕਿਸਾਨ ਨੂੰ ਪਹਿਲਾਂ ਕਈ ਹਜ਼ਾਰ ਰੁਪਏ ਖ਼ਰਚ ਕਰਨੇ ਪੈਂਦੇ ਹਨ। ਕਿਸਾਨ ਤਾਂ ਹਰ ਉਹ ਫ਼ਸਲ ਬੀਜਣ ਲਈ ਤਿਆਰ ਹੈ ਜਿਸ ਨੂੰ ਸਰਕਾਰ ਖਰੀਦਣ ਦੀ ਜ਼ਿੰਮੇਵਾਰੀ ਲਵੇ। ਅਸਲ ਵਿਚ ਪਾਣੀ ਦੀ ਬਰਬਾਦੀ ਤਾਂ ਕਾਰਖ਼ਾਨੇ ਕਰ ਰਹੇ ਹਨ, ਜਿਥੇ ਰੰਗਾਈ ਅਤੇ ਚਲਾਈ ਦਾ ਕੰਮ ਹੁੰਦਾ ਹੈ। ਇਹ ਕਾਰਖ਼ਾਨੇ ਪਾਣੀ ਦੀ ਬਰਬਾਦੀ ਹੀ ਨਹੀਂ ਕਰ ਰਹੇ ਸਗੋਂ ਪਾਣੀ ਨੂੰ ਗੰਦਾ ਵੀ ਕਰ ਰਹੇ ਹਨ।
ਇਹ ਅਪਣੇ ਗੰਦੇ ਪਾਣੀ ਨੂੰ ਨਦੀਆਂ ਤੇ ਦਰਿਆਵਾਂ ਵਿਚ ਸੁੱਟ ਕੇ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰ ਰਹੇ ਹਨ। ਅਸਲ ਵਿਚ ਚਾਹੀਦਾ ਤਾਂ ਇਹ ਹੈ ਕਿ ਇਹੋ ਜਹੇ ਕਾਰਖ਼ਾਨੇ ਜਿਥੇ ਪਾਣੀ ਦੀ ਵਰਤੋਂ ਹੁੰਦੀ ਹੈ, ਉਥੇ ਪਾਣੀ ਸਾਫ਼ ਕਰਨ ਦੇ ਪ੍ਰਬੰਧ ਕੀਤੇ ਜਾਂਦੇ ਜਿਸ ਨਾਲ ਉਸੇ ਪਾਣੀ ਨੂੰ ਸਾਫ਼ ਕਰ ਕੇ ਦੁਬਾਰਾ ਵਰਤੋਂ ਵਿਚ ਲਿਆਂਦਾ ਜਾਂਦਾ। ਕਿਉਂਕਿ ਕਾਰਖ਼ਾਨੇ ਦੇ ਮਾਲਕ ਵੱਡੇ ਲੋਕ ਹਨ ਜਿਸ ਕਾਰਨ ਸਰਕਾਰ ਵਿਚ ਸ਼ਾਮਲ ਲੋਕ ਇਨ੍ਹਾਂ ਵਲੋਂ ਧਿਆਨ ਹੀ ਨਹੀਂ ਦਿੰਦੇ। ਪਿਛੇ ਜਹੇ ਜੋ ਕੁੱਝ ਗੁਰਦਾਸਪੁਰ ਵਿਚ ਵਾਪਰਿਆ, ਉਹ ਸੱਭ ਦੇ ਸਾਹਮਣੇ ਹੈ।
ਕਿਸ ਤਰ੍ਹਾਂ ਕੀੜੀ ਅਫ਼ਗ਼ਾਨਾਂ ਦੀ ਇਕ ਖੰਡ ਮਿੱਲ ਦਾ ਕੈਮੀਕਲ ਵਾਲਾ ਸੀਰਾ ਜੋ ਕਿ ਬਹੁਤ ਹੀ ਜ਼ਹਿਰੀਲਾ ਸੀ, ਇਕ ਨਾਕੇ ਦੇ ਜ਼ਰੀਏ ਦਰਿਆ ਵਿਚ ਚਲਾ ਗਿਆ ਜਿਸ ਨਾਲ ਲੱਖਾਂ ਮੱਛੀਆਂ ਮਾਰੀਆਂ ਗਈਆਂ। ਇਸ ਦਰਿਆ ਦਾ ਪਾਣੀ ਜਿਹੜੇ ਲੋਕਾਂ ਨੇ ਪੀਤਾ ਹੋਵੇਗਾ ਜਾਂ ਜਿਹੜੀਆਂ ਮੱਝਾਂ ਗਾਵਾਂ ਜਾਂ ਹੋਰ ਜਾਨਵਰਾਂ ਨੇ ਪੀਤਾ ਹੋਵੇਗਾ, ਉਨ੍ਹਾਂ ਨੂੰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਲਗੀਆਂ ਹਨ, ਉਹ ਤਾਂ ਉਹੀ ਜਾਣਨ। ਉਹ ਰਿਪੋਰਟ ਤਾਂ ਕਦੇ ਵੀ ਬਾਹਰ ਨਹੀਂ ਆਉਣੀ। ਇਸ ਤੋਂ ਇਲਾਵਾ ਅੱਜ ਸਾਡੇ ਦੇਸ਼ ਵਿਚ ਆਵਾਜਾਈ ਦੇ ਸਾਧਨਾਂ ਦਾ ਹੜ੍ਹ ਆ ਗਿਆ ਹੈ।
ਇਨ੍ਹਾਂ ਬਸਾਂ, ਟਰੱਕਾਂ, ਕਾਰਾਂ, ਮੋਟਰਸਾਈਕਲਾਂ, ਸਕੂਟਰਾਂ ਅਤੇ ਹੋਰ ਗੱਡੀਆਂ ਨੂੰ ਧੋਣ ਲਈ ਵੱਖ-ਵੱਖ ਜਗ੍ਹਾ ਤੇ ਵਰਕਸ਼ਾਪਾਂ ਖੁੱਲ੍ਹੀਆਂ ਹੋਈਆਂ ਹਨ। ਉਥੇ ਕਰੋੜਾਂ ਲੀਟਰ ਪਾਣੀ ਬਰਬਾਦ ਕੀਤਾ ਜਾ ਰਿਹਾ ਹੈ। ਕਦੇ ਸਰਕਾਰ ਨੇ ਇਹ ਨਹੀਂ ਸੋਚਿਆ ਕਿ ਇਹੋ ਜਹੀਆਂ ਵਰਕਸ਼ਾਪਾਂ ਨੂੰ ਇਕ ਜਗ੍ਹਾ ਉਤੇ ਥਾਂ ਦੇ ਕੇ ਖੁਲ੍ਹਵਾਇਆ ਜਾਵੇ। ਜਿਹੜੇ ਪਾਣੀ ਨਾਲ ਇਹ ਗੱਡੀਆਂ ਧੋਤੀਆਂ ਜਾ ਰਹੀਆਂ ਹਨ, ਉਹ ਇਥ ਥਾਂ ਤੇ ਇਕੱਠਾ ਕਰ ਕੇ ਉਥੇ ਪਾਣੀ ਸਾਫ਼ ਕਰਨ ਦਾ ਪ੍ਰਬੰਧ ਕੀਤਾ ਜਾਵੇ। ਇਸੇ ਪਾਣੀ ਨੂੰ ਦੁਬਾਰ ਵਰਤਿਆ ਜਾ ਸਕਦਾ ਹੈ ਜਿਸ ਨਾਲ ਪਾਣੀ ਦੇ ਲਗਾਤਾਰ ਹੇਠ ਜਾ ਰਹੇ ਪੱਧਰ ਨੂੰ ਬਚਾਇਆ ਜਾ ਸਕੇ।
50 ਸਾਲ ਪਹਿਲਾਂ ਜਦੋਂ ਟਿਊਬਵੈੱਲ ਨਹੀਂ ਸਨ ਹੁੰਦੇ, ਉਦੋਂ ਕਿਸਾਨ ਨਹਿਰਾਂ ਦੇ ਪਾਣੀ ਨਾਲ ਹੀ ਅਪਣੀਆਂ ਫ਼ਸਲਾਂ ਤਿਆਰ ਕਰਦੇ ਸਨ। ਕਈ ਨਗਰਾਂ ਦੇ ਤਾਂ ਇਹ ਨਹਿਰ ਦਾ ਪਾਣੀ ਪੀਣ ਦੇ ਵੀ ਕੰਮ ਆਉਂਦਾ ਸੀ ਤੇ ਕਈ ਨਗਰ ਤਾਂ ਅੱਜ ਵੀ ਨਹਿਰ ਦਾ ਪਾਣੀ ਪੀਣ ਲਈ ਵਰਤਦੇ ਹਨ। ਉਨ੍ਹਾਂ ਨਹਿਰਾਂ ਦੀ ਸਾਫ਼ ਸਫ਼ਾਈ ਲਈ ਬਹੁਤ ਘੱਟ ਸਟਾਫ਼ ਰਖਿਆ ਹੁੰਦਾ ਸੀ। ਇਸ ਅਮਲੇ ਨੂੰ ਲੋਕ ਬੇਲਦਾਰ ਕਹਿੰਦੇ ਹੁੰਦੇ ਸਨ। ਇਹ ਬੇਲਦਾਰ ਰੋਜ਼ ਕਹੀਆਂ ਤੇ ਬਾਟੇ ਲੈ ਕੇ ਨਹਿਰਾਂ ਦੇ ਚੱਕਰ ਲਾਉਂਦੇ ਰਹਿੰਦੇ ਸਨ। ਕਈ ਜਗ੍ਹਾਂ ਤੇ ਕਿਸਾਨ ਅਪਣੇ ਪਸ਼ੂਆਂ ਨੂੰ ਪਾਣੀ ਪਿਲਾਉਂਦੇ ਜਾਂ ਉਨ੍ਹਾਂ ਨੂੰ ਨੁਹਾਉਂਦੇ ਸਨ।
ਉਥੇ ਨਹਿਰ ਦੀਆਂ ਪਟੜੀਆਂ ਟੁੱਟ ਜਾਂਦੀਆਂ ਹਨ, ਜਿਨ੍ਹਾਂ ਨੂੰ ਬੇਲਦਾਰ ਰੋਜ਼ ਦੀ ਰੋਜ਼ ਠੀਕ ਕਰਦੇ ਸਨ ਜਿਸ ਕਾਰਨ ਨਹਿਰ ਦੀਆਂ ਪਟੜੀਆਂ ਟੁੱਟਣ ਤੋਂ ਬਚੀਆਂ ਰਹਿੰਦੀਆਂ ਸਨ। ਉਹ ਬੇਲਦਾਰ ਨਹਿਰਾਂ ਦੀ ਸਫ਼ਾਈ ਵੀ ਕਰਦੇ ਰਹਿੰਦੇ ਸਨ ਤਾਕਿ ਪਾਣੀ ਠੀਕ ਤਰ੍ਹਾਂ ਚਲਦਾ ਰਹੇ। ਕਈ ਨਹਿਰਾਂ ਵਿਚ ਸਾਰਾ ਸਾਲ ਪਾਣੀ ਚਲਦਾ ਰਹਿੰਦਾ ਅਤੇ ਕਈ ਛਮਾਹੀ ਹੁੰਦੀਆਂ ਸਨ। ਮਾਧੋਪੁਰ ਦੇ ਸਥਾਨ ਤੋਂ ਇਕ ਨਹਿਰ ਅਪਰਬਾਰੀ ਨਿਕਲਦੀ ਹੈ ਜਿਹੜੀ ਅੱਗੇ ਜਾ ਕੇ ਦੋ ਭਾਗਾਂ ਵਿਚ ਵੰਡੀ ਜਾਂਦੀ ਹੈ। ਇਕ ਨਹਿਰ ਤਰਨਤਾਰਨ, ਖਡੂਰ ਸਾਹਿਬ, ਰਈਆ ਪੱਟੀ ਦੇ ਇਲਾਕਿਆਂ ਨੂੰ ਪਾਣੀ ਦਿੰਦੀ ਹੈ ਤੇ ਦੂਜੀ ਅੰਮ੍ਰਿਤਸਰ, ਝਬਾਲ ਵਾਲੇ ਇਲਾਕੇ ਨੂੰ ਪਾਣੀ ਦਿੰਦੀ ਹੈ।
ਹੁਣ ਨਹਿਰ ਦਾ ਪਾਣੀ ਵੰਡਣ ਕਾਰਨ ਇਲਾਕਿਆਂ ਵਿਚ ਪੂਰਾ ਨਹੀਂ ਪੈਂਦਾ ਜਿਸ ਕਰ ਕੇ ਵੱਡੀ ਪੱਧਰ ਉਤੇ ਕਿਸਾਨਾਂ ਨੇ ਟਿਊਬਵੈੱਲ ਲਗਾ ਲਏ ਤੇ ਉਨ੍ਹਾਂ ਦਾ ਧਿਆਨ ਨਹਿਰਾਂ ਵਾਲੇ ਪਾਸਿਉਂ ਹਟ ਗਿਆ। ਇਸੇ ਤਰ੍ਹਾਂ ਬਿਜਲੀ ਦਾ ਵੀ ਵਾਰ-ਵਾਰ ਜਾਣਾ ਪਾਣੀ ਦੀ ਬਰਬਾਦੀ ਦਾ ਕਾਰਨ ਬਣਦਾ ਹੈ। ਖੇਤ ਵਿਚ ਪਾਣੀ ਲਾਉਣ ਦੌਰਾਨ ਜਦੋਂ ਬਿਜਲੀ ਚਲੀ ਜਾਵੇ ਤਾਂ ਜਿਹੜੇ ਕਿਆਰੇ ਵਿਚ ਪਾਣੀ ਲਾਇਆ ਹੁੰਦਾ ਹੈ, ਉਹ ਕਿਆਰਾ ਪੂਰੀ ਤਰ੍ਹਾਂ ਨਹੀਂ ਭਰਿਆ ਹੁੰਦਾ ਜਿਸ ਕਾਰਨ ਅੱਧਾ ਭਰਿਆ ਕਿਆਰਾ ਵੀ ਸੁੱਕ ਜਾਂਦਾ ਹੈ। ਦੁਬਾਰਾ ਬਿਜਲੀ ਆਉਣ ਕਾਰਨ ਕਿਆਰਾ ਮੁੜ ਸ਼ੁਰੂ ਤੋਂ ਭਰਨਾ ਸ਼ੁਰੂ ਹੋ ਜਾਂਦਾ ਹੈ।
ਜੇਕਰ ਬਿਜਲੀ ਵਿਭਾਗ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਵੇ ਤਾਂ ਪਾਣੀ ਦੀ ਬਰਬਾਦੀ ਬਚਾਈ ਜਾ ਸਕਦੀ ਹੈ। ਕਈ ਸਾਲਾਂ ਤੋਂ ਸੁਣਦੇ ਆ ਰਹੇ ਹਾਂ ਕਿ ਧਰਤੀ ਹੇਠਲੇ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਸਰਕਾਰ ਵਲੋਂ ਮੀਂਹ ਦੇ ਦਿਨਾਂ ਵਿਚ ਪਾਣੀ ਨੂੰ ਧਰਤੀ ਹੇਠ ਭੇਜਣ ਦੀ ਯੋਜਨਾ ਬਣਾਈ ਜਾ ਰਹੀ ਹੈ ਪਰ ਅਜੇ ਤਕ ਕਿਸੇ ਵੀ ਇਹੋ ਜਹੀ ਯੋਜਨਾ ਨੂੰ ਬੂਰ ਨਹੀਂ ਪਿਆ ਜਿਸ ਕਾਰਨ ਮੀਂਹ ਦਾ ਸਾਰਾ ਪਾਣੀ ਵਿਅਰਥ ਹੀ ਜਾ ਰਿਹਾ ਹੈ। ਜੇਕਰ ਸਰਕਾਰ ਇਹੋ ਜਹੀ ਕੋਈ ਵੀ ਯੋਜਨਾ ਲਾਗੂ ਕਰ ਦੇਵੇ ਤਾਂ ਪਾਣੀ ਦੇ ਘਟਦੇ ਜਾ ਰਹੇ ਪੱਧਰ ਨੂੰ ਰੋਕਿਆ ਜਾ ਸਕਦਾ ਹੈ।
ਜੇਕਰ ਸਰਕਾਰ ਚਾਹੁੰਦੀ ਹੈ ਕਿ ਪਾਣੀ ਦੀ ਬੱਚਤ ਕੀਤੀ ਜਾਵੇ ਤਾਂ ਉਸ ਨੂੰ ਕਿਸਾਨਾਂ ਨੂੰ ਵੰਨ ਸੁਵੰਨਤਾ ਲਿਆਉਣ ਲਈ ਮਦਦ ਕਰਨੀ ਚਾਹੀਦੀ ਹੈ। ਅਜਿਹਾ ਨਹੀਂ ਕਿ ਕਿਸਾਨ ਫ਼ਸਲ ਵਿਚ ਵੰਨ ਸੁਵੰਨਤਾ ਨਹੀਂ ਲਿਆਉਣਾ ਚਾਹੁੰਦਾ ਪਰ ਜਦੋਂ ਵੀ ਕਿਸਾਨ ਝੋਨੇ ਨੂੰ ਛੱਡ ਕੇ ਕੋਈ ਹੋਰ ਦੂਜੀ ਹੋਰ ਫ਼ਸਲ ਬੀਜਦਾ ਹੈ ਜਿਵੇਂ ਗੰਨਾ, ਮਕਈ, ਨਰਮਾ ਜਾਂ ਇਹੋ ਜਹੀਆਂ ਫ਼ਸਲਾਂ ਤਾਂ ਉਸ ਨੂੰ ਅਜਿਹੀਆਂ ਫ਼ਸਲਾਂ ਦਾ ਪੂਰਾ ਮੁੱਲ ਹੀ ਨਹੀਂ ਮਿਲਦਾ ਜਿਸ ਕਾਰਨ ਕਿਸਾਨ ਨੂੰ ਝੋਨਾ ਲਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਜੇਕਰ ਅਸੀ ਪੰਜਾਬ ਵਲ ਹੀ ਝਾਤੀ ਮਾਰੀਏ ਤਾਂ ਕਿਸਾਨਾਂ ਦੁਆਰਾ ਬੀਜੀਆਂ ਸਬਜ਼ੀਆਂ ਗਲੀਆਂ ਵਿਚ ਰੁਲ ਰਹੀਆਂ ਹਨ।
ਕਦੇ ਟਮਾਟਰ 80 ਰੁਪਏ ਕਿਲੋ ਹੁੰਦਾ ਹੈ ਤੇ ਅਗਲੇ ਦਿਨ ਉਹੀ ਟਮਾਟਰ 5 ਰੁਪਏ ਕਿਲੋ ਹੁੰਦਾ ਹੈ। ਇਸੇ ਤਰ੍ਹਾਂ ਬਾਕੀ ਸਬਜ਼ੀਆਂ ਦਾ ਹਾਲ ਹੈ। ਪਿਛਲੇ ਦਿਨੀ ਇਕ ਖ਼ਬਰ ਸੀ ਕਿ ਸਰਕਾਰ ਨੇ ਨਹਿਰਾਂ ਵਿਚ ਪਾਣੀ ਛੱਡਣ ਨੂੰ ਪ੍ਰਵਾਨਗੀ ਦੇ ਦਿਤੀ ਹੈ। ਪਰ ਸਰਕਾਰ ਨੂੰ ਨਹਿਰਾਂ ਵਿਚ ਪਾਣੀ ਛੱਡਣ ਤੋਂ ਪਹਿਲਾਂ ਨਹਿਰਾਂ ਦੀ ਸਫ਼ਾਈ ਵਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
ਨਹਿਰਾਂ ਵਿਚ ਏਨਾ ਜੰਗਲਨੁਮਾ ਕਬਾੜ ਉਗਿਆ ਹੋਇਆ ਹੈ ਕਿ ਪਾਣੀ ਲੰਘਣ ਲਈ ਥਾਂ ਹੀ ਨਹੀਂ ਜਿਸ ਕਾਰਨ ਨਹਿਰਾਂ ਦੀਆਂ ਪਟੜੀਆਂ ਟੁੱਟ ਜਾਂਦੀਆਂ ਹਨ ਤੇ ਕਿਸਾਨਾਂ ਦੀਆਂ ਫ਼ਸਲਾਂ ਡੁੱਬ ਜਾਂਦੀਆਂ ਹਨ। ਇਹ ਤਦ ਹੀ ਹੋ ਸਕਦਾ ਹੈ ਜੇਕਰ ਸਫ਼ਾਈ ਮਹਿਕਮੇ ਕੋਲ ਪੂਰਾ ਸਾਜ਼ੋ ਸਾਮਾਨ ਹੋਵੇਗਾ। ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਕਿਸਾਨ, ਆਮ ਲੋਕਾਂ ਤੇ ਸਰਕਾਰ ਨੂੰ ਮਿਲ ਜੁਲ ਕੇ ਯਤਨ ਕਰਨੇ ਚਾਹੀਦੇ ਹਨ। ਸੰਪਰਕ : 94646-96083