
ਲੋਕ-ਕਿੱਤੇ ਜਾਂ ਲੋਕ-ਧੰਦੇ ਸਮਾਨਥਕ ਸ਼ਬਦ ਹਨ। ਕਿੱਤਾ ਸ਼ਬਦ 'ਕਿਰਤ' ਸ਼ਬਦ ਦਾ ਹੀ ਸੰਖੇਪ ਰੂਪ ਹੈ ਅਤੇ ਲੋਕ-ਕਿੱਤਿਆਂ ਤੋਂ ਭਾਵ ਉਹ....
ਚੰਡੀਗੜ੍ਹ (ਸ.ਸ.ਸ) : ਲੋਕ-ਕਿੱਤੇ ਜਾਂ ਲੋਕ-ਧੰਦੇ ਸਮਾਨਥਕ ਸ਼ਬਦ ਹਨ। ਕਿੱਤਾ ਸ਼ਬਦ 'ਕਿਰਤ' ਸ਼ਬਦ ਦਾ ਹੀ ਸੰਖੇਪ ਰੂਪ ਹੈ ਅਤੇ ਲੋਕ-ਕਿੱਤਿਆਂ ਤੋਂ ਭਾਵ ਉਹ ਕਿਰਤ ਹੈ, ਜਿਹੜੀ ਲੋਕ ਆਪਣੇ ਹੱਥਾਂ ਨਾਲ ਕਰਦੇ ਹਨ। ਭਾਵੇਂ ਹੱਥਾਂ ਨਾਲ ਤਾਂ ਮਨੁੱਖ ਹਰ ਕਾਰਜ ਹੀ ਕਰਦਾ ਹੈ, ਜਿਵੇਂ ਲਿਖਣਾ, ਮਸ਼ੀਨਾਂ ਚਲਾਉਣੀਆਂ ਜਾਂ ਹੋਰ ਬਹੁਤ ਸਾਰੇ ਕੰਮ, ਪਰੰਤੂ ਅਜਿਹੇ ਕੰਮ ਲੋਕ-ਕਿੱਤਿਆਂ ਦੇ ਖੇਤਰ ਵਿੱਚ ਨਹੀਂ ਆਉਂਦੇ ਕਿੱਉਂਕਿ ਕਿੱਤੇ ਸ਼ਬਦ ਨੇ ਆਪਣੇ ਆਪ ਵਿੱਚ ਇੱਕ ਨਿਸਚਿਤ ਅਰਥਾਂ ਨੂੰ ਗ੍ਰਹਿਣ ਕਰ ਲਿਆ ਹੈ, ਜਿਸ ਤੋਂ ਭਾਵ ਉਪਜੀਵਕਾ ਦਾ ਉਹ ਸਾਧਨ ਹੈ ਜੀਹਦੇ ਵਿੱਚ ਮਸ਼ੀਨਾਂ ਜਾਂ ਸੰਦਾਂ ਦੀ ਵਰਤੋਂ ਨਾ ਕੀਤੀ ਗਈ ਹੋਵੇ।
ਜੇਕਰ ਕਿਧਰੇ ਸੰਦਾਂ ਦੀ ਵਰਤੋਂ ਹੋਵੇ ਵੀ ਤਾਂ ਉਹ ਬੜੀ ਸੀਮਤ ਹੋਵੇ ਅਤੇ ਅਜਿਹੇ ਸੰਦ ਵੀ ਆਮ ਤੌਰ ਤੇ ਸਥਾਨਕ ਪੱਧਰ ਉੱਤੇ ਮਨੁੱਖੀ ਹੱਥਾਂ ਨਾਲ ਹੀ ਘੱਟ ਤੋਂ ਘੱਟ ਸ਼ਕਤੀ ਲਗਾ ਕੇ ਬਣਾਏ ਗਏ ਹੋਣ। ਧੰਦੇ ਦਾ ਅਰਥ ਵੀ ਕੋਈ ਕੰਮ-ਕਾਜ ਹੀ ਹੈ ਜਿਸ ਦੁਆਰਾ ਮਨੁੱਖ ਆਪਣੇ ਅਤੇ ਆਪਣੇ ਪਰਿਵਾਰ ਦੇ ਰਹਿਣ ਸਹਿਣ ਅਤੇ ਖਾਣ-ਪੀਣ ਲਈ ਵਸਤੂਆਂ ਅਤੇ ਧਨ ਦਾ ਪ੍ਰਬੰਧ ਕਰਦਾ ਹੈ। ਇਸ ਤਰ੍ਹਾਂ ਧੰਦੇ ਤੋਂ ਭਾਵ ਉਹ ਕਿਰਤ ਹੈ ਜਿਸ ਤੋਂ ਧਨ ਦੀ ਪ੍ਰਾਪਤੀ ਹੋਵੇ। ਪਰੰਤੂ ਧਨ ਦੀ ਪ੍ਰਾਪਤੀ ਤਾਂ ਹਰ ਉਸ ਕਰਜ ਵਿੱਚੋਂ ਹੁੰਦੀ ਹੈ ਜਿਹੜਾ ਕਿਸੇ ਸ਼ਰਤ ਅਧੀਨ ਜਾਂ ਕਿਸੇ ਇਵਜ਼ ਵਿੱਚ ਕੀਤਾ ਜਾਵੇ।
ਪੰਜਾਬ ਦੇ ਲੋਕ ਕਿਤੇ
ਫਿਰ ਇਸ ਪਰਿਭਾਸ਼ਾ ਵਿੱਚ ਡਾਕਟਰ, ਵਕੀਲ, ਜੱਜ, ਅਧਿਆਪਕ, ਪਾਇਲਟ ਅਤੇ ਡਰਾਇਵਰਾਂ ਸਮੇਤ ਸਿਨੇਮਾਂ ਉਪਰੇਟਰ, ਫ਼ਿਲਮੀ ਕਲਾਕਾਰ ਆਦਿ ਵੀ ਆ ਜਾਣਗੇ। ਇਸ ਲਈ ਅਸੀਂ ਇਸ ਸ਼ਬਦ 'ਕਿੱਤੇ' ਜਾਂ 'ਧੰਦੇ' ਨਾਲ 'ਲੋਕ' ਸ਼ਬਦ ਲਗਾ ਕੇ ਇਸ ਦੇ ਖੇਤਰ ਨੂੰ ਨਿਸਚਿਤ ਕਰ ਲਿਆ ਹੈ। 'ਲੋਕ' ਤੋਂ ਭਾਵ ਲੋਕਾਂ ਦਾ ਉਹ ਇਕੱਠ ਹੈ ਜਿਨ੍ਹਾਂ ਦੀ ਭਾਸ਼ਾ, ਧਰਮ ਜਾਂ ਕਿੱਤੇ ਵਿੱਚੋਂ ਘੱਟੋ ਘੱਟ ਇੱਕ ਪਰੰਪਰਾਗਤ ਸੱਭਿਆਚਾਰਿਕ ਸਾਂਝ ਜ਼ਰੂਰ ਹੋਵੇ। ਸ਼ਿਲਪ ਅਤੇ ਕਲਾ ਨੂੰ ਮਿਲਾ ਕੇ ਜਦੋਂ ਕੋਈ ਉਪਜੀਵਕਾ ਦਾ ਸਾਧਨ ਅਪਣਾਇਆ ਜਾਂਦਾ ਹੈ ਤਾਂ ਇਹ ਇੱਕ ਕਿੱਤਾ ਬਣ ਜਾਂਦਾ ਹੈ।
ਇੰਞ 'ਲੋਕ-ਕਿੱਤੇ' ਨੂੰ ਪਰਿਭਾਸ਼ਤ ਕਰਨਾ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਲੋਕ-ਕਿੱਤੇ ਤੋਂ ਭਾਵ ਲੋਕਾਂ ਦੁਆਰਾ ਅਪਣਾਏ ਗਏ ਸ਼ਿਲਪ ਤੇ ਕਲਾ ਦੇ ਸੁਮੇਲ ਤੋਂ ਬਣੇ ਉਸ ਕਿਰਤ ਸਾਧਨ ਤੋਂ ਹੈ ਜੀਹਦੇ ਨਾਲ ਉਹ ਆਪਣੀ ਉਪਜੀਵਕਾ ਕਮਾਉਂਦੇ ਹਨ। ਲੋਕ-ਕਿੱਤਾ ਵਿਅਕਤੀਗਤ ਹੁੰਦਾ ਹੋਇਆ ਵੀ ਸਮੂਹਿਕ ਸਿਰਜਣਾ ਦਾ ਦਰਜਾ ਲੈ ਲੈਂਦਾ ਹੈ। ਕਿੱਤੇ ਜਾਂ ਧੰਦੇ ਵਿੱਚ ਇੱਕ ਖਾਸ ਉਸਤਾਦੀ ਵੀ ਹੁੰਦੀ ਹੈ ਜਿਹੜੀ ਹੱਥ ਦੀ ਕਲਾ ਨਾਲ ਸਿਰਜੀ ਜਾਂਦੀ ਹੈ। ਇੰਵ ਇਹ ਉਹ ਦਸਤਕਾਰੀ ਵੀ ਬਣ ਜਾਂਦੀ ਹੈ ਜੀਹਦੇ ਨਾਲ ਕੋਈ ਕਾਮਾ ਆਪਣੀ ਰੋਜੀ ਕਮਾਉਂਦਾ ਹੈ।
ਪੰਜਾਬ ਦੇ ਲੋਕ ਕਿਤੇ
ਇਸ ਤਰ੍ਹਾਂ ਪੰਜਾਬੀ ਸੱਭਿਆਚਾਰ ਵਿੱਚ ਉਹ ਸਾਰੇ ਲੋਕ ਜਿਹੜੇ ਆਪਣੀ ਰੋਜ਼ੀ-ਰੋਟੀ ਲਈ ਵੱਖ-ਵੱਖ ਧੰਦਿਆਂ ਵਿੱਚ ਲੱਗੇ ਹੋਏ ਹਨ ਲੋਕ-ਕਿੱਤਾਕਾਰ ਕਹਾਉਂਦੇ ਹਨ, ਜਿਵੇਂ ਲੁਹਾਰ, ਤਰਖਾਣ, ਸੁਨਿਆਰ, ਚਮਿਆਰ, ਠਠਿਆਰ, ਜੁਲਾਹੇ, ਛੀਂਬੇ, ਨਾਈ, ਬਾਜ਼ੀਗਰ, ਝੀਉਰ, ਦਰਜੀ ਆਦਿ। ਇਹਨਾਂ ਲੋਕ-ਕਿੱਤਿਆਂ ਨੂੰ ਕਰਨ ਵਾਲੇ ਨੂੰ ਅਸੀਂ ਦੋ ਵਰਗਾਂ ਵਿੱਚ ਵੰਡ ਸਕਦੇ ਹਾਂ। ਇਹਨਾ ਵਿੱਚ ਕੁਝ ਲੋਕ ਤਾਂ ਅਜਿਹੇ ਕਿੱਤੇ ਕਰਦੇ ਹਨ ਜਿਹਨਾਂ ਵਿੱਚ ਕਿਸੇ ਨਾ ਕਿਸੇ ਸਮੱਗਰੀ ਦੀ ਵਰਤੋਂ ਹੁੰਦੀ ਹੈ। ਦੂਜੇ ਉਹ ਲੋਕ ਹਨ ਜਿਹੜੇ ਕੇਵਲ ਸਰੀਰਕ ਕਿਰਿਆਵਾਂ ਨਾਲ ਜਾਂ ਛੋਟੇ-ਮੋਟੇ ਔਜ਼ਾਰਾ ਨਾਲ ਹੀ ਕੰਮ ਕਰਕੇ ਆਪਣਾ ਨਿਰਬਾਹ ਕਰਦੇ ਹਨ।
ਉਦਾਹਰਨ ਵਜੋਂ ਬਾਜ਼ੀਗਰ ਬਾਜ਼ੀਆਂ ਪਾ ਕੇ ਲੋਕਾਂ ਦਾ ਮਨੋਰੰਜਨ ਕਰਦੇ ਹਨ, ਸਾਂਹਸੀ ਜਾਂ ਮਿਰਾਸੀ ਖ਼ੁਸ਼ੀ ਦੋ ਮੌਕਿਆਂ ਤੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਜਾਂ ਮੇਲੇ-ਤਿਉਹਾਰਾਂ ਉੱਪਰ ਨਕਲ ਕਰਕੇ ਜਾਂ ਲੋਕਾਂ ਦੀ ਉਸਤਤ ਕਰਕੇ ਧਨ ਕਮਾਉਂਦੇ ਹਨ। ਨਿਸਚੇ ਹੀ ਅਜਿਹੇ ਕੰਮਾਂ ਲਈ ਕਲਾਕਾਰ ਜਾਂ ਕਾਰੀਗਰ ਵਿੱਚ ਪਰਿਪੱਕ ਸੂਝ, ਸਖ਼ਤ ਮਿਹਨਤ ਅਤੇ ਕਾਰਜ-ਕੁਸ਼ਲਤਾ ਦੀ ਬੜੀ ਭਾਰੀ ਲੋੜ ਰਿਹੰਦੀ ਹੈ। ਕੁਝ ਲੋਕ-ਧੰਦਿਆ ਨੂੰ ਲੋਕ-ਕਲਾ ਦੇ ਸਿਰਲੇਖ ਹੇਠ ਵੀ ਰੱਖਿਆ ਜਾਂਦਾ ਹੈ। ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ ਪੰਜਾਬੀ ਸੱਭਿਆਚਾਰ ਵਿੱਚ ਲੋਕ-ਕਿੱਤੇ ਸ਼ਬਦ ਦਾ ਜਿਹੜਾ ਪ੍ਰਯੋਗ ਹੋ ਰਿਹਾ ਹੈ।
ਪੰਜਾਬ ਦੇ ਲੋਕ ਕਿਤੇ
ਉਸ ਵਿੱਚ ਕਲਾ ਅਤੇ ਸ਼ਿਲਪ ਦਾ ਸੁਮੇਲ ਮਿਲਦਾ ਹੈ। ਕਿੱਤੇ ਆਮ ਤੌਰ ਤੇ ਪੀੜ੍ਹੀ ਦਰ ਪੀੜ੍ਹੀ ਚਲਦੇ ਰਹਿੰਦੇ ਹਨ ਅਤੇ ਕਿੱਤਾਕਾਰ ਆਪਣੇ ਕਿੱਤੇ ਵਿੱਚ ਏਨੀ ਮੁਹਾਰਤ ਹਾਸਲ ਕਰ ਲੈਂਦੇ ਹਨ ਕਿ ਹੋਰ ਦੂਜੇ ਵਿਅਕਤੀ ਜਿਹੜੇ ਕਿੱਤੇ ਨਾਲ ਸੰਬੰਧਿਤ ਨਹੀਂ ਹੁੰਦੇ ਉਹਨਾਂ ਜਿੰਨੀ ਪਰਪੱਕਤਾ ਅਤੇ ਪ੍ਰਵੀਣਤਾ ਹਾਸਲ ਨਹੀ ਕਰ ਸਕਦੇ । ਕਿੱਤੇ ਤੋਂ ਭਾਵ ਹੱਥ-ਧੰਦੇ ਜਾਂ ਸ਼ਿਲਪ ਤੋਂ ਵੀ ਲਿਆ ਜਾਂਦਾ ਹੈ। ਜਦੋਂ ਕੇਈ ਕਾਰੀਗਰ ਕਿਸੇ ਵਸਤੂ ਦਾ ਨਿਰਮਾਣ ਆਪਣੇ ਹੱਥਾਂ ਨਾਲ ਹੀ ਕਰਦਾ ਹੈ ਤਾਂ ਇਸ ਬਣਾਉਣ ਦੀ ਪ੍ਰਕਿਰਿਆ ਨੂੰ ਸ਼ਿਲਪ ਕਿਹਾ ਜਾਂਦਾ ਹੈ।
ਪਰੰਤੂ, ਇੱਥੇ ਕਿੱਤਾ ਸ਼ਿਲਪ ਦੀ ਸੀਮਤ ਸੀਮਾ ਤੋਂ ਅਗਾਂਹ ਲੰਘ ਕੇ ਵਿਸ਼ਾਲ ਅਰਥਾਂ ਦਾ ਧਾਰਨੀ ਹੋ ਗਿਆ ਹੇ। ਪੀੜ੍ਹੀ ਦਰ ਪੀੜ੍ਹੀ ਚੱਲਣ ਕਾਰਨ ਲੋਕ-ਕਿੱਤੇ ਦਾ ਪ੍ਰਮੁੱਖ ਲੱਛਣ ਪਰੰਪਰਾਮੁਖੀ ਹੋਣਾ ਮੰਨਿਆ ਜਾਂਦਾ ਹੈ। ਪਰੰਪਰਾ ਤੋ ਭਾਵ ਸਾਡਾ ਉਹ ਸਮੂਹਿਕ ਸੱਭਿਆਚਾਰਿਕ ਵਿਰਸਾ ਹੈ ਜੋ ਅਸੀ ਆਪਣੇ ਪੁਰਖਿਆ ਤੋ ਪ੍ਰਾਪਤ ਕਰਦੇ ਹਾਂ। ਸੋ ਇਕ ਪੀੜ੍ਹੀ ਵੱਲੋਂ ਦੂਜੀ ਪੀੜ੍ਹੀ ਨੂੰ ਦਿੱਤੀਆਂ ਗਈਆਂ ਵਸਤੂਆਂ, ਸਿੱਖਿਆ ਜਾਂ ਵਿਹਾਰਕ ਪ੍ਰਬੰਧ ਨੂੰ ਅਸੀ ਪਰੰਪਰਾ ਦੇ ਅਰਥਾਂ ਵਿੱਚ ਹੀ ਲੈਂਦੇ ਹਾਂ। ਕਿੱਤਾ ਪਿਤਾ-ਪੁਰਖੀ ਕੰਮ ਹੁੰਦਾ ਹੈ ਜਿਸ ਨੂੰ ਅਗਲੀ ਪੀੜ੍ਹੀ ਬਗੈਰ ਕਿਸੇ ਉਚੇਚੀ ਸਿਖਲਾਈ ਜਾਂ ਵਿਦਿਆ ਦੇ ਆਪਣੀ ਪਹਿਲੀ ਪੀੜ੍ਹੀ ਤੋਂ ਸਿੱਖ ਲੈਂਦੀ ਹੈ।
ਪੰਜਾਬ ਦੇ ਲੋਕ ਕਿਤੇ
ਅਤੇ ਆਉਣ ਵਾਲੀ ਅਗਲੀ ਪੀੜ੍ਹੀ ਦੇ ਹੱਥਾਂ ਵਿੱਚ ਦੇ ਜਾਂਦੀ ਹੈ। ਇੰਞ ਕਿੱਤੇ ਦੀ ਮੁਹਾਰਤ ਅੱਗੇ ਤੋਂ ਚਲਦੀ ਰਹਿੰਦੀ ਹੈ। ਕਿੱਤੇ ਵਿੱਚ ਕਈ ਵਾਰ ਉਸਤਾਦੀ-ਸ਼ਾਗਿਰਦੀ ਦੀ ਪਰੰਪਰਾ ਵੀ ਚਲਦੀ ਹੈ। ਕੁਝ ਨਵੇਂ ਸਿਖਾਂਦਰੂ ਪੁਰਾਣੇ ਅਤੇ ਚੰਗੇ ਉਸਤਾਦਾਂ ਦੀ ਸ਼ਾਗਿਰਦੀ ਧਾਰਨ ਕਰਕੇ ਉਹਨਾਂ ਪਾਸੋ ਕੋਈ ਨਾ ਕੋਈ ਕਿੱਤਾ ਸਿੱਖ ਕੇ ਉਸ ਨੂੰ ਆਪਣੀ ਉਪਜੀਵਕਾ ਦਾ ਸਾਧਨ ਬਣਾਉਂਦੇ ਹਨ। ਲੋਕ-ਕਿੱਤੇ ਜਿੱਥੇ ਲੋਕਾਂ ਦੀ ਰੋਜ਼ੀ-ਰੋਟੀ ਦਾ ਸਾਧਨ ਹਨ ਉੱਥੇ ਇਹ ਲੋਕ-ਮਨ ਦੀ ਸੁਹਜ ਭੁੱਖ ਤ੍ਰਿਪਤੀ ਵੀ ਕਰਦੇ ਹਨ।
ਡਾ: ਇਕਬਾਲ ਕੌਰ ਲਿਖਦੇ ਹਨ ਕਿ "ਪੰਜਾਬ ਵਿੱਚ ਚਮੜੇ ਦੇ ਧੰਦੇ ਦੀਆਂ ਬਣੀਆਂ ਕੱਢਵੀਆਂ ਜੁੱਤੀਆਂ, ਪੁਰਾਣੇ ਘਰਾਂ ਅਤੇ ਹਵੇਲੀਆਂ ਦੇ ਦਰਵਾਜ਼ੇ, ਜਿਨ੍ਹਾਂ ਉੱਤੇ ਨਿਕਾਸ਼ੀ ਅਤੇ ਟੱਕ ਪਾਸ਼ੀ ਦੀ ਕਲਾ ਨਾਲ ਵੇਲ ਬੂਟੇ ਅਤੇ ਪੰਛੀ ਚਿਤਰੇ ਹੋਏ ਹਨ, ਲੋਕ-ਕਲਾ ਦੀ ਪ੍ਰਬੀਨਤਾ ਦਾ ਹੀ ਪ੍ਰਭਾਵ ਦੇਂਦੇ ਹਨ, ਜਦਕਿ ਵਾਸਤਵ ਵਿੱਚ ਇਹ ਲੋਕ ਸ਼ਿਲਪਕਾਰੀ ਦੇ ਉੱਤਮ ਨਮੂਨੇ ਹਨ। ਚੰਗਾ ਖਾਂਦੇ ਪੀਂਦੇ, ਸਮਾਜ ਵਿੱਚ ਪੰਜਾਬ ਦੇ ਮੰਨੇ ਪ੍ਰਮੰਨੇ ਵਿਅਕਤੀ ਆਪਣੇ ਘਰਾਂ ਦੇ ਦਰਵਾਜ਼ਿਆਂ ਉੱਤੇ ਵਧੀਆ ਨਿਕਾਸ਼ੀ ਕਰਵਾਉਂਦੇ ਸਨ। ਘੁਮਿਆਰਾਂ ਦੇ ਵੇਲਾਂ ਬੂਟਿਆਂ ਨਾਲ ਚਿਤਰੇ ਘੜੇ ਤਰਖਾਣਾਂ ਦੇ ਬਣੇ ਰੰਗਲੇ ਚਰਖੇ ਵੀ ਲੋਕ-ਕਲਾ ਕਿਰਤਾਂ ਦਾ ਹੀ ਪ੍ਰਭਾਵ ਦਿੰਦੇ ਹਨ।
ਪੰਜਾਬ ਦੇ ਲੋਕ ਕਿਤੇ
ਲੋਕ-ਧੰਦਿਆਂ ਦੇ ਕਲਾਕਾਰਾਂ ਦੇ ਹੱਥਾਂ ਦੀ ਬਣੀ ਹਰ ਵਸਤੂ ਦੇ ਕਣ-ਕਣ ਵਿੱਚ ਉਹਨਾਂ ਦੀ ਕਲਾ ਪ੍ਰਤਿਭਾ ਅਤੇ ਸੌਂਦਰਯ ਸੂਝ ਦਾ ਪ੍ਰਗਟਾਵਾ ਵੇਖਿਆ ਜਾ ਸਕਦਾ ਹੈ। ਲੋਕ ਸ਼ਿਲਪ ਕਲਾ ਦੇ ਕਲਾਤਮਕ ਉਤਪਾਦਨ ਤੋਂ ਸਪੱਸ਼ਟ ਹੁੰਦਾ ਹੈ ਕਿ ਲੋਕ-ਧੰਦੇ ਨਿਰੋਲ ਵਿਹਾਰਕ, ਸਮਾਜਿਕ ਜਾਂ ਆਰਥਿਕ ਪ੍ਰਯੁਜਨਾਂ ਨਾਲ ਹੀ ਭਰਪੂਰ ਨਹੀਂ ਹੁੰਦੇ ਸਗੋਂ ਸੁਹਜਾਤਮਕ ਪ੍ਰਗਟਾਵਾ ਇਹਨਾਂ ਦਾ ਅਨਿੱਖੜਵਾਂ ਅੰਗ ਹੈ।" ਇਸ ਕਥਨ ਤੋਂ ਦੋ ਗਲਾਂ ਉਭਰ ਕੇ ਸਾਹਮਣੇ ਆਉਂਦੀਆਂ ਹਨ। ਇੱਕ ਤਾਂ ਇਹ ਕਿ ਲੋਕ-ਧੰਦੇ ਜਾਂ ਲੋਕ-ਕਿੱਤੇ ਭਾਵੇਂ ਆਦਿ ਕਾਲ ਤੋਂ ਹੀ ਮਨੁੱਖਾਂ ਦੁਆਰਾ ਆਪਣੀ ਉਪਜੀਵਕਾ ਲਈ ਅਪਣਾਏ ਜਾਂਦੇ ਰਹੇ ਹਨ।
ਪਰੰਤੂ ਜਾਗੀਰਦਾਰੀ ਪ੍ਰਬੰਧ ਵਿੱਚ ਇਹ ਆਪਣੀ ਉਨਤੀ ਦੀਆਂ ਸਿਖਰਾਂ ਉੱਪਰ ਸਨ ਕਿਉਂਕਿ ਅਮੀਰ ਅਤੇ ਜਾਗੀਰਦਾਰ ਆਪਣੀਆਂ ਹਵੇਲੀਆਂ ਦੀ ਸਜਾਵਟ ਲਈ ਜਾਂ ਦੂਜੇ ਕੰਮਾਂ ਲਈ, ਚਾਹੇ ਉਹ ਕੱਪੜੇ ਦਾ ਕੰਮ ਹੋਵੇ ਜਾਂ ਲੱਕੜੀ ਜਾਂ ਚਮੜੇ ਦਾ ਉਸ ਵਿੱਚ ਸੁਹਜ ਅਤੇ ਕਲਾ ਦੇ ਨਿਖਾਰ ਨੂੰ ਉਤਸ਼ਾਹਿਤ ਕਰਨ ਲਈ, ਉਹਨਾਂ ਕਲਾਕਾਰਾਂ ਨੂੰ ਯੋਗ ਮੁਆਵਜ਼ਾ ਵੀ ਦਿੰਦੇ ਸਨ। ਸ਼ਿਲਪ ਕਲਾ ਵਿੱਚ ਮੁਕਾਬਲੇ ਦੀ ਭਾਵਨਾ ਨੇ ਇਹਨਾਂ ਕਿੱਤਿਆਂ ਵਿੱਚ ਕਲਾਤਮਕ ਸੁਹਜ ਭਰਿਆ। ਪੰਜਾਬੀ ਸ਼ਬਦਾਵਲੀ ਅਤੇ ਕਾਰਜ ਵਿਹਾਰ ਵਿੱਚ ਲੋਕ-ਕਿੱਤਿਆਂ ਵਿੱਚ ਕਲਾ ਵਰਗੇ ਸੁਹਜਾਤਮਕ ਤੱਤ ਵੀ ਪ੍ਰਵੇਸ਼ ਕਰ ਗਏ।
ਪੰਜਾਬ ਦੇ ਲੋਕ ਕਿਤੇ
ਹੁਣ ਇਸ ਦਾ ਸੰਬੰਧ ਨਾ ਕੇਵਲ ਆਰਥਿਕਤਾ ਨਾਲ ਰਿਹਾ ਸਗੋਂ ਇੱਕ ਭਾਂਤ ਨਾਲ ਇਹ ਕਲਾ ਦਾ ਦਰਜਾ ਵੀ ਧਾਰਨ ਕਰ ਗਏ। ਕਿੱਤਾਕਾਰ ਭਾਵੇਂ ਆਪਣੀਆਂ ਵਸਤੂਆਂ ਦੂਜਿਆਂ ਲਈ ਬਣਾ ਕੇ ਉਸ ਦੇ ਇਵਜ਼ ਵਿੱਚ ਇਨਾਮ ਜਾਂ ਪੈਸੇ ਮਿਲਣ ਦੀ ਆਸ ਰੱਖਦਾ ਹੈ। ਅਸਲ ਵਿੱਚ, ਉਹ ਕਿੱਤਾ ਅਪਣਾਉਂਦਾ ਹੀ ਇਸੇ ਭਾਵਨਾ ਨਾਲ ਹੈ ਤਾਂ ਕਿ ਉਸ ਦੇ ਬਦਲੇ ਕੁਝ ਪ੍ਰਾਪਤ ਕੀਤਾ ਜਾ ਸਕੇ। ਪਿਛਲੇ ਸਮੇਂ ਵਿੱਚ ਇਹਨਾਂ ਕਿੱਤਾਕਾਰਾਂ ਨੂੰ ਨਕਦੀ ਦੇ ਰੂਪ ਵਿੱਚ ਨਹੀਂ ਸਗੋਂ ਜਿਣਸ ਦੇ ਰੂਪ ਵਿੱਚ ਸਮੱਗਰੀ ਦਿੱਤੀ ਜਾਂਦੀ ਸੀ। ਪਿੰਡਾਂ ਵਿੱਚ ਲੁਹਾਰ, ਤਰਖਾਣ ਜਾਂ ਹੋਰ ਕਿੱਤਾਕਾਰਾਂ ਨੂੰ ਹਾੜੀ ਅਤੇ ਸਾਉਣੀ ਨੂੰ ਅਨਾਜ ਦੇ ਰੂਪ ਵਿੱਚ ਹੀ ਇਵਜ਼ਾਨਾ ਮਿਲਦਾ ਸੀ।
ਇਹ ਇਵਜ਼ਾਨਾ ਕਈ ਵਾਰ ਤਾਂ ਅਗਾਉਂ ਟੁੱਕ ਲਿਆ ਜਾਂਦਾ ਸੀ। ਕਈ ਵਾਰ ਇਹ ਇਵਜ਼ਾਨਾ ਕਿਰਸਾਣ ਵਲੋਂ ਆਪਣੇ ਆਪ ਜੀ ਨਿਰਧਾਰਤ ਕੀਤਾ ਜਾਂਦਾ ਸੀ। ਉਹ ਆਪਣੇ ਖੇਤਾਂ, ਕੰਮ ਜਾਂ ਹਲਾਂ ਦੀ ਮਾਤਰਾ ਜਾਂ ਗਿਣਤੀ ਦੇ ਹਿਸਾਬ ਨਾਲ ਕਿੱਤਾਕਾਰ ਦੀ ਮਿਹਨਤ ਦਾ ਮੁੱਲ ਮਿਲਦਾ ਸੀ। ਕਿਰਸਾਣਾਂ ਦਾ ਮੁੱਖ ਕਿੱਤਾ ਭਾਵੇਂ ਖੇਤੀਬਾੜੀ ਹੀ ਹੈ ਪਰੰਤੂ ਉਹ ਆਪਣੀ ਲੋੜ ਲਈ ਵਿਹਲੇ ਸਮੇਂ ਅਜਿਹੇ ਕਾਰਜ ਵੀ ਕਰਦੇ ਹਨ ਜਿਨ੍ਹਾਂ ਵਿੱਚ ਕਮਾਲ ਦੀ ਕਲਾਕਾਰੀ ਸਮਾਈ ਹੁੰਦੀ ਹੈ ਜਿਵੇਂ ਸਣ ਅਤੇ ਸੂਤ ਦੀਆਂ ਰੱਸੀਆਂ-ਰੱਸੇ ਵੱਟਣਾ, ਮੰਜੇ-ਪੀੜ੍ਹੀਆਂ ਬੁਣਨਾ, ਤੰਗੜ-ਤੰਗੜੀਆਂ ਅਤੇ ਟੋਕਰੇ-ਟੋਕਰੀਆਂ ਬਣਾਉਣਾ ਆਦਿ।
ਪੰਜਾਬ ਦੇ ਲੋਕ ਕਿਤੇ
ਇਸੇ ਤਰ੍ਹਾਂ ਘਰਾਂ ਦੀਆਂ ਸੁਆਣੀਆਂ ਵਲੋਂ ਆਪਣੇ ਵਿਹਲੇ ਸਮੇਂ, ਦਰੀਆਂ-ਖੇਸ ਬਣਾਉਣੇ, ਚਾਦਰਾਂ, ਸਿਰਹਾਣੇ ਕੱਢਣੇ, ਚੰਗੇਰਾਂ, ਛਿੱਕੂ-ਪਟਾਰੀਆਂ ਆਦਿ ਬਣਾਉਣਾ ਵੀ ਇੱਕ ਹਿਸਾਬ ਨਾਲ ਲੋਕ-ਕਿੱਤਾ ਹੀ ਹੈ ਭਾਵੇਂ ਇਹ ਪੂਰੇ ਸਮੇਂ ਦਾ ਕਿੱਤਾ ਨਹੀਂ ਅਤੇ ਨਾ ਹੀ ਇਹ ਵੇਚਣ ਲਈ ਕੀਤਾ ਜਾਂਦਾ ਹੈ। ਇਹਦਾ ਸੰਬੰਧ ਆਪਣੀ ਘਰੇਲੂ ਲੋੜ ਦੀ ਪੂਰਤੀ ਅਤੇ ਖੁਸ਼ੀ ਦੇ ਮੌਕਿਆਂ ਦੇ ਦੇਣ-ਲੈਣ ਨਾਲ ਹੁੰਦਾ ਹੈ। ਕਿਸੇ ਵੀ ਸਮਾਜ ਅਤੇ ਸੱਭਿਆਚਾਰ ਦੇ ਕਿੱਤਿਆਂ ਦਾ ਸੰਬੰਧ ਉੱਥੋਂ ਦੀਆਂ ਭੂਗੋਲਿਕ ਸਥਿਤੀਆਂ ਨਾਲ ਹੁੰਦਾ ਹੈ
ਕਿਉਂਕਿ ਜਿਹੋ ਜਿਹੀ ਉਸ ਭੂਗੋਲਿਕ ਖਿੱਤੇ ਵਿੱਚ ਕੱਚੀ ਸਮਗਰੀ ਪ੍ਰਾਪਤ ਹੋਵੇਗੀ ਉਥੋਂ ਦੇ ਲੋਕ ਉਹੋ ਜਿਹੇ ਹੀ ਲੋਕ-ਕਿੱਤੇ ਅਪਣਾਉਣਗੇ। ਉਦਾਹਰਨ ਵਜੋਂ ਪੱਥਰੀਲੇ ਸਥਾਨਾਂ ਉੱਪਰ ਪੱਥਰ ਦੀਆਂ ਮੂਰਤੀਆਂ, ਅਤੇ ਪੱਥਰ ਤੋਂ ਹੋਰ ਬਹੁਤ ਸਾਰੀਆਂ ਵਸਤੂਆਂ ਬਣਾਉਣ ਦਾ ਕਿੱਤਾ ਸੰਬੰਧਿਤ ਲੋਕਾਂ ਵਲੋ ਅਪਣਾਇਆ ਜਾਵੇਗਾ। ਇਸੇ ਤਰ੍ਹਾਂ ਸਮੁੰਦਰੀ ਕੰਢਿਆਂ ਉਪਰ ਵੱਸੇ ਲੋਕ ਮੱਛੀਆਂ ਫੜਨ ਜਾਂ ਘੋਗੇ ਸਿੱਪੀਆਂ ਤੋਂ ਵੱਖ-ਵੱਖ ਵਸਤੂਆਂ ਬਣਾਉਣ ਦਾ ਧੰਦਾ ਅਪਣਾਉਣਗੇ। ਬਾਂਸ ਦੇ ਜੰਗਲਾਂ ਦੇ ਇਲਾਕੇ ਵਾਲੇ ਲੋਕ, ਬਾਂਸਾਂ ਤੋਂ ਵੰਨ-ਸੁਵੰਨੇ ਕਲਾਤਮਕ ਨਮੂਨੇ ਬਣਾਉਣ ਦਾ ਕਿੱਤਾ ਕਰਨਗੇ। ਜਿੱਥੇ ਤੱਕ ਪੰਜਾਬ ਦੇ ਲੋਕਾਂ ਜਾਂ ਪੰਜਾਬ ਦੇ ਲੋਕ-ਕਿੱਤਿਆਂ ਦਾ ਸੰਬੰਧ ਹੈ ਉਹਨਾਂ ਵਿੱਚ ਵੀ ਇੱਥੇ ਸੁਖਾਲਿਆਂ ਪ੍ਰਾਪਤ ਹੁੰਦੀ ਕੱਚੀ ਸਮੱਗਰੀ ਵਰਤੀ ਗਈ ਹੈ।