ਸਾਡੀ ਦਿਉ ਲੋਹੜੀ
Published : Jan 12, 2023, 5:42 pm IST
Updated : Jan 12, 2023, 5:42 pm IST
SHARE ARTICLE
photo
photo

ਪੰਜਾਬ ਤਿਉਹਾਰਾਂ ਅਤੇ ਰੰਗਲੀਆਂ ਰੁੱਤਾਂ ਦੀ ਧਰਤੀ

 

ਪੰਜਾਬ ਤਿਉਹਾਰਾਂ ਅਤੇ ਰੰਗਲੀਆਂ ਰੁੱਤਾਂ ਦੀ ਧਰਤੀ ਹੈ। ਪੰਜਾਬ ਵਿਚ ਵਿਰਸੇ ਅਤੇ ਮੌਸਮਾਂ ਨਾਲ ਜੁੜੇ ਬਹੁਤ ਸਾਰੇ ਤਿਉਹਾਰ, ਤਿੱਥਾਂ ਮਨਾਈਆਂ ਜਾਂਦੀਆਂ ਹਨ। ਲੋਹੜੀ ਵੀ ਪੰਜਾਬ ਦਾ ਮੌਸਮੀ ਤਿਉਹਾਰ ਹੈ ਜਿਸ ਨੂੰ ਅਗਲੇ ਦਿਨ ਮੱਕਰ ਸੰਕਰਾਂਤੀ ਦੇ ਤੌਰ ਤੇ ਹੋਰ ਸੂਬੇ ਵੀ ਮਨਾਉਂਦੇ ਹਨ, ਪਵਿੱਤਰ ਨਦੀਆਂ 'ਚ ਇਸ਼ਨਾਨ ਕਰ ਕੇ।

ਪੋਹ ਦੀਆਂ ਠੰਢੀਆਂ ਯੱਖ਼ ਰਾਤਾਂ, ਠੰਢੀਆਂ ਧੁੱਪਾਂ ਅਤੇ ਧੁੰਦਾਂ ਸੁਹਾਵਣੀਆਂ ਵੀ ਅਤੇ ਕਿਤੇ ਕਿਤੇ ਦੁਖਦਾਈ ਵੀ ਹੁੰਦੀਆਂ ਹਨ। ਕਣਕ ਦੀ ਫ਼ਸਲ ਲਈ ਇਹ ਠੰਢ ਅਤੇ ਧੁੰਦ ਬਹੁਤ ਚੰਗੀ ਹੁੰਦੀ ਹੈ। ਪੋਹ ਦੇ ਆਖ਼ਰੀ ਦਿਨ ਰਾਤ ਨੂੰ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਅਗਲੇ ਦਿਨ ਸੰਗਰਾਂਦ ਹੁੰਦੀ ਹੈ ਮਾਘ ਦੀ।ਲੋਹੜੀ ਵਾਲੀ ਰਾਤ ਬਹੁਤ ਘਰਾਂ ਵਿਚ ਜਿਥੇ ਪੁੱਤਰਾਂ ਦਾ ਜਨਮ ਹੋਇਆ ਹੋਵੇ (ਭਾਵੇਂ ਹੁਣ ਧੀਆਂ) ਦੀਆਂ ਵੀ ਲੋਹੜੀਆਂ ਬਾਲੀਆਂ ਜਾਂਦੀਆਂ ਹਨ। ਕੋਈ ਵਿਆਹ ਸ਼ਾਦੀ ਕਿਸੇ ਘਰ ਹੋਵੇ ਤਾਂ ਨਵੀਂ ਵਿਆਹੀ ਜੋੜੀ ਦੀ ਲੋਹੜੀ ਮਨਾਈ ਜਾਂਦੀ ਹੈ। ਮੁੱਖ ਤੌਰ ਤੇ ਸਰਦੀਆਂ ਨਾਲ ਸਬੰਧਤ ਖਾਣ-ਪੀਣ ਜਿਵੇਂ ਤਿੱਲ-ਭੁੱਗਾ, ਰਿਉੜੀਆਂ, ਮੁੰਗਫਲੀ ਆਦਿ ਖਾਧੇ ਅਤੇ ਵੰਡੇ ਜਾਂਦੇ ਹਨ।ਰਾਤ ਨੂੰ ਲੱਕੜਾਂ/ਪਾਥੀਆਂ ਜੋੜ ਕੇ ਅੱਗ ਬਾਲ ਕੇ ਸੇਕੀ ਜਾਂਦੀ ਹੈ ਤੇ ਤਿਲ ਅੱਗ ਦੀ ਭੇਂਟ ਕੀਤੇ ਜਾਂਦੇ ਹਨ। ਸੁਆਣੀਆਂ ਤਿਲ ਅੱਗ ਵਿਚ ਸੁੱਟਣ ਵੇਲੇ ਬੋਲਦੀਆਂ ਹਨ:ਈਸਰ ਆ, ਦਲਿਦਰ ਜਾ ਲੋਹੜੀ ਦੁੱਲੇ ਭੱਟੀ ਦੀ ਗਾਥਾ ਨਾਲ ਵੀ ਜੁੜੀ ਹੋਈ ਹੈ। ਦੁੱਲੇ ਭੱਟੀ ਨੇ ਡਾਕੂਆਂ ਕੋਲੋਂ ਸੁੰਦਰੀ ਨਾਂ ਦੀ

ਮੁਟਿਆਰ ਨੂੰ ਛੁਡਾਇਆ ਸੀ ਅਤੇ ਅਪਣੇ ਹੱਥੀਂ ਉਸ ਦਾ ਵਿਆਹ ਕੀਤਾ ਸੀ। ਇਹ ਮਿੱਥ ਪ੍ਰਚਲਿਤ ਹੈ। ਮੁੰਡੇ-ਕੁੜੀਆਂ ਗੀਤ ਗਾਉਂਦੇ ਹਨ:-
ਸੁੰਦਰ ਮੁੰਦਰੀਏ ਹੋ...
ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ
ਦੁੱਲੇ ਨੇ ਧੀ ਵਿਆਹੀ ਹੋ
ਸੇਰ ਸ਼ੱਕਰ ਪਾਈ ਹੋ
ਕੁੜੀ ਦਾ ਸਾਲੂ ਪਾਟਾ ਹੋ
ਸਾਲੂ ਕੌਣ ਸਮੇਟੇ ਹੋ
ਚਾਚੇ ਚੂਰੀ ਕੁੱਟੀ ਹੋ
ਜ਼ਿਮੀਂਦਾਰਾਂ ਲੁੱਟੀ ਹੋ
ਜ਼ਿਮੀਂਦਾਰਾਂ ਸਦਾਉ ਹੋ
ਗਿਣ ਗਿਣ ਪੋਲੇ ਲਾਉਂ ਹੋ

ਨਿੱਕੀਆਂ ਨਿੱਕੀਆਂ ਕੁੜੀਆਂ ਤੇ ਮੁੰਡੇ ਟੋਲੀਆਂ ਬਣਾ ਕੇ ਘਰ ਘਰ ਲੋਹੜੀ ਮੰਗਦੇ। ਜਿਸ ਘਰ ਕੋਈ ਨਵਾਂ ਬੱਚਾ ਜੰਮਿਆ ਹੋਵੇ ਤੇ ਉਸ ਦੀ ਪਹਿਲੀ ਲੋਹੜੀ ਹੋਵੇ ਤਾਂ ਨਿੱਕੀਆਂ  ਨਿੱਕੀਆਂ ਕੁੜੀਆਂ ਗਾਉਂਦੀਆਂ... :
ਗੀਗਾ ਜੰਮਿਆ ਨੀ,
ਗੁੜ ਵੰਡਿਆ ਨੀ
ਜੇ ਕਿਸੇ ਘਰ ਵਿਆਹ ਦੀ ਲੋਹੜੀ ਹੁੰਦੀ ਤਾਂ ਗਾਉਦੀਆਂ :
ਉਖਲੀ ਵਿਚ ਰੋੜੇ
ਵੀਰਾ ਚੜ੍ਹਿਆ ਘੋੜੇ
ਘੋੜੇ ਚੜ੍ਹ ਕੇ ਤੀਰ ਚਲਾਇਆ
ਤੀਰ ਵਜਿਆ ਤਿੱਤਰ ਨੂੰ
ਤਿੱਤਰ ਕਰਦਾ ਚਾਉਂ ਮਿਆਉਂ
ਚਾਉਂ ਮਿਆਉਂ ਦੇ ਲੰਮੇ ਵਾਲ
ਰੋਟੀ ਖਾਂਦਾ ਸ਼ੱਕਰ ਨਾਲ
ਸ਼ੱਕਰ ਤੇਰੀ ਥੋੜੀ
ਦਿਉ ਸਾਡੀ ਲੋਹੜੀ

ਇਨ੍ਹਾਂ ਨਿੱਕੇ ਨਿੱਕੇ ਮੁੰਡੇ-ਕੁੜੀਆਂ ਨੂੰ ਲੋਹੜੀ ਦਿਤੀ ਜਾਂਦੀ ਹੈ। ਜੇ ਕੋਈ ਘਰ ਲੋਹੜੀ ਨਹੀਂ ਦਿੰਦਾ ਸੀ ਤਾਂ ਇਹ ਨਿੱਕੇ-ਨਿਆਣਿਆਂ ਦੀ ਟੋਲੀ ਗਾਉਂਦੀ... :
ਹੁੱਕਾ ਬਈ ਹੁੱਕਾ, ਇਹ ਘਰ ਭੁੱਖਾ...
ਕੁਦਰਤ ਨੇ ਇਨ੍ਹਾਂ ਨਿੱਕੇ ਕਲਾਕਾਰਾਂ ਨੂੰ ਦੁਆਵਾਂ ਦੇਣਾ ਵੀ ਸਿਖਾ ਦਿਤਾ ਅਤੇ ਉਹ ਇਸ  ਤਰ੍ਹਾਂ ਕਹਿੰਦੇ:-
ਪਾ ਨੀ ਮਾਈ ਪਾ
ਕਾਲੇ ਕੁੱਤੇ ਨੂੰ ਵੀ ਪਾ
ਕਾਲਾ ਕੁੱਤਾ ਦਏ ਵਧਾਈਆਂ
ਤੇਰੀਆਂ ਜਿਉਣ ਮੱਝੀ, ਗਾਈਆਂ
ਮੱਝੀਆਂ ਗਾਈਆਂ ਦੇ ਗਲ ਲੱਕੜ
ਤੇਰਾ ਜੀਵੇ ਸਾਰਾ ਟੱਬਰ
ਸਾਰੇ ਟੱਬਰ ਦੀ ਕੁੜਮਾਈ
ਸਾਨੂੰ ਭਰ ਪੜੋਪਾ ਪਾਈਂ...
ਪਰ ਅੱਜ ਸਮੇਂ ਦਾ ਦੌਰ ਕਹਿ ਲਵੋ ਜਾਂ ਆਧੁਨਿਕਤਾ, ਹੁਣ ਕੋਈ ਬੱਚਾ/ਬੱਚੀ ਲੋਹੜੀ ਮੰਗਣ ਨਹੀਂ ਆਉਂਦਾ। ਬੱਚੇ ਵੀ ਰੁਝੇ ਹੋਏ ਹਨ ਤੇ ਰਿਵਾਜ ਵੀ ਨਹੀਂ ਰਿਹਾ। ਉਹ ਅਪਣੱਤ/ਪਿਆਰ  ਵੀ ਖ਼ਤਮ ਹੋ ਗਿਆ ਹੈ ਤੇ ਸਾਰਾ ਕੁੱਝ ਮੰਡੀ ਦੀ ਭੇਂਟ ਚੜ੍ਹ ਗਿਆ ਹੈ। ਸੱਭ ਕੁੱਝ ਵਪਾਰਕ ਬਣ ਗਿਆ। ਲੋਕ ਲੋਹੜੀ ਨੂੰ ਆਧੁਨਿਕ ਤਰੀਕਿਆਂ ਨਾਲ ਮਨਾਉਂਦੇ ਹਨ। ਮੁੰਡੇ ਕੁੜੀਆਂ/ਲੋਹੜੀ ਮੰਗਣੀ ਭੁੱਲ ਗਏ ਹਨ ਤੇ ਜੋ ਲੋਹੜੀ ਮੰਗਣ ਆਉਂਦੀਆਂ ਹਨ, ਉਨ੍ਹਾਂ ਨੂੰ ਉਹ ਲੈਅ ਤੇ ਤਾਲ ਨਹੀਂ ਆਉਂਦੀ ਜੋ ਪੁਰਾਣੇ ਸਮਿਆਂ 'ਚ ਹੁੰਦੀ ਸੀ।ਲੋਹੜੀ ਦਾ ਤਿਉਹਾਰ ਯਖ਼ ਠੰਢ 'ਚ ਹੁੰਦੈ ਸੋ ਖਾਣ-ਪੀਣ ਵੀ ਠੰਢ ਨੂੰ ਦੂਰ ਕਰਨ ਵਾਲਾ ਹੀ ਹੁੰਦੈ। ਘਰਾਂ ਵਿਚ ਵੀ ਤਿਲ ਖੋਏ, ਅਲਸੀ ਦੀਆਂ ਪਿੰਨੀਆਂ ਬਣਾਈਆਂ ਜਾਂਦੀਆਂ, ਭੱਠੀ ਤੇ ਮੱਕੀ ਦੇ ਫੁੱਲੇ ਭੁਨਾਏ ਜਾਂਦੇ, ਪਰ ਹੁਣ ਤਾਂ ਭੱਠੀਆਂ ਵੀ ਅਲੋਪ ਹਨ। ਆਰਜ਼ੀ ਜਿਹੀ ਅੰਗੀਠੀ ਤੇ ਵੇਚਣ ਵਾਲੇ ਮੱਕੀ ਭੁੰਨ ਭੁੰਨ ਵੇਚ ਰਹੇ ਹਨ। ਖਾਣ ਦੇ ਨਾਲ ਨਾਲ ਰੋਚਕਤਾ ਵੀ ਹੈ ਇਸ ਤਿਉਹਾਰ 'ਚ, ਜਿਸ ਵਿਚ ਵੱਡੇ-ਛੋਟੇ ਸੱਭ ਹੀ ਦਿਲਚਸਪੀ ਰਖਦੇ ਹਨ। ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ। ਲੋਹੜੀ ਤੋਂ ਬਾਅਦ ਠੰਢ ਦਾ ਪ੍ਰਕੋਪ ਵੀ ਘਟਣਾ ਸ਼ੁਰੂ ਹੁੰਦਾ ਹੈ।ਲੋਹੜੀ ਵਾਲੇ ਦਿਨ ਕਈ ਥਾਵਾਂ/ਜ਼ਿਲ੍ਹਿਆਂ 'ਚ ਪਤੰਗ ਉਡਾਈ ਜਾਂਦੀ ਹੈ। ਸਾਡੇ ਗੁਆਂਢੀ ਪੰਜਾਬ ਵਿਚ ਵੀ ਇਸ ਦਿਨ ਬੋ-ਕਾਟਾ ਬੋ-ਕਾਟਾ ਹੁੰਦਾ ਹੈ।ਲੋਹੜੀ ਵਾਲੀ ਰਾਤ ਵੱਖ ਵੱਖ ਥਾਵਾਂ ਤੇ ਵੱਖ ਵੱਖ ਤਰ੍ਹਾਂ ਦੇ ਪਕਵਾਨ ਬਣਦੇ ਹਨ। ਕੋਈ ਸਵੇਰੇ ਮਾਘੀ ਲਈ ਖਿਚੜੀ ਬਣਾਉਂਦੈ, ਕੋਈ ਸਾਗ, ਕੋਈ ਗੰਨੇ ਦੀ ਰਹੁ (ਰਸ) ਦੀ ਖੀਰ ਬਣਾ ਕੇ ਰਖਦਾ ਹੈ ਤਾਂ ਜੋ ਮਾਘੀ ਵਾਲੇ ਦਿਨ ਪੁਰਾਣੀ ਖੀਰ, ਸਾਗ, ਖਿਚੜੀ, ਇਹ ਕਹਿ ਖਾਧਾ ਜਾਂਦਾ ਹੈ...ਪੋਹ ਰਿੱਧੀ ਮਾਘ ਖਾਧੀਅੰਮ੍ਰਿਤਸਰ ਜ਼ਿਲ੍ਹੇ ਵਿਚ ਇਸ ਤਿਉਹਾਰ ਤੇ ਵਿਸ਼ੇਸ਼ (ਖਜੂਰਾਂ) ਮਿੱਠੀ ਮੱਠੀ ਦੀ ਤਰ੍ਹਾਂ ਹੁੰਦਾ ਇਹ ਪਕਵਾਨ ਬਣਾਇਆ ਜਾਂਦਾ ਹੈ। ਆਉ ਇਸ ਵਿਰਾਸਤੀ ਤਿਉਹਾਰ ਨੂੰ ਪੁਰਾਤਨ ਰੀਝਾਂ ਨਾਲ ਨੱਚ ਟੱਪ ਕੇ ਹੱਸ ਕੇ ਮਨਾਈਏ ਤੇ ਮਨਾਂ ਵਿਚ ਪਿਆਰ ਦੀਆਂ ਖਿੱਲਾਂ ਭਰੀਏ। ਸੱਭ ਲੋਕਾਈ ਦੀ ਸੁੱਖ ਮੰਗੀਏ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement