
ਭਾਰਤ ਦੀ ਭੋਲੀ ਭਾਲੀ ਜੰਨਤਾ ਨੂੰ ਮਨ ਲੁਭਾਉਣੇ ਨਾਹਰੇ ਦੇ ਕੇ ਜੋ ਕਿ ਇਸ ਸਮੇਂ ਜੁਮਲੇ ਬਣ ਚੁਕੇ ਹਨ, ਕੇਂਦਰ ਦੀ ਨਰੇਂਦਰ ਮੋਦੀ ਦੀ ਅਗਵਾਈ ਵਿਚ ਮਈ 2014 ਵਿਚ ਭਾਜਪਾ ...
ਭਾਰਤ ਦੀ ਭੋਲੀ ਭਾਲੀ ਜੰਨਤਾ ਨੂੰ ਮਨ ਲੁਭਾਉਣੇ ਨਾਹਰੇ ਦੇ ਕੇ ਜੋ ਕਿ ਇਸ ਸਮੇਂ ਜੁਮਲੇ ਬਣ ਚੁਕੇ ਹਨ, ਕੇਂਦਰ ਦੀ ਨਰੇਂਦਰ ਮੋਦੀ ਦੀ ਅਗਵਾਈ ਵਿਚ ਮਈ 2014 ਵਿਚ ਭਾਜਪਾ ਨੇ ਸਰਕਾਰ ਬਣਾਈ ਸੀ। ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਨਰੇਂਦਰ ਮੋਦੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਦੇ ਤੌਰ ਉਤੇ ਲੋਕਾਂ ਵਿਚ ਪੇਸ਼ ਕੀਤਾ ਗਿਆ ਸੀ। ਉਸ ਸਮੇਂ ਹੋਈਆਂ ਚੋਣ ਰੈਲੀਆਂ ਵਿਚ ਜਿਥੇ ਰੱਜ ਕੇ 'ਮੋਦੀ' 'ਮੋਦੀ' ਕਰਾਈ ਗਈ, ਉਥੇ ਭਾਰਤ ਦੀ ਜਨਤਾ ਨੂੰ ਬੜੇ ਵਿਸ਼ਵਾਸ਼ ਨਾਲ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ਉਤੇ ਦੇਸ਼ ਵਿਚੋਂ ਮਹਿੰਗਾਈ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਬਿਲਕੁਲ ਖ਼ਤਮ ਕਰ ਦਿਤੀ ਜਾਵੇਗੀ, ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦਿਤਾ ਜਾਵੇਗਾ। ਉਨ੍ਹਾਂ ਨੂੰ ਫ਼ਸਲ ਦਾ ਭਾਅ ਉਨ੍ਹਾਂ ਦੀ ਲਾਗਤ ਤੋਂ 50 ਫ਼ੀ ਸਦੀ ਵੱਧ ਦਿਤਾ ਜਾਵੇਗਾ, ਸਵਾਮੀਨਾਥਨ ਕਮਿਸ਼ਨ ਦੀ ਰੀਪੋਰਟ ਨੂੰ ਲਾਗੂ ਕੀਤਾ ਜਾਵੇਗਾ ਤੇ ਕਿਸਾਨ ਖ਼ੁਦਕੁਸ਼ੀਆਂ ਰੋਕੀਆਂ ਜਾਣਗੀਆਂ। ਵਿਦੇਸ਼ਾਂ ਵਿਚ ਪਿਆ ਕਾਲਾ ਧੰਨ ਭਾਰਤ ਵਿਚ ਮੰਗਵਾਇਆ ਜਾਵੇਗਾ ਤੇ ਹਰ ਨਾਗਰਿਕ ਦੇ ਬੈਂਕ ਖਾਤੇ ਵਿਚ 15-15 ਲੱਖ ਰੁਪਏ ਜਮ੍ਹਾਂ ਕਰਵਾਏ ਜਾਣਗੇ।
ਉਸ ਸਮੇਂ ਇਸ ਪਾਰਟੀ ਦੇ ਇਕ ਵਪਾਰੀ ਆਗੂ ਬਾਬਾ ਰਾਮ ਦੇਵ ਵੀ ਵਿਦੇਸ਼ਾਂ ਤੋਂ ਧੰਨ ਵਾਪਸ ਲਿਆਂਦੇ ਜਾਣ ਦੇ ਵੱਡੇ-ਵੱਡੇ ਦਮਗ਼ਜੇ ਮਾਰਦਾ ਥਕਦਾ ਨਹੀਂ ਸੀ। ਅਜਕਲ ਉਸ ਦੀ ਜ਼ਬਾਨ ਵੀ ਹੁਣ ਸੂਤੀ ਪਈ ਹੈ। ਦੇਸ਼ ਦੇ ਲੋਕ ਇਨ੍ਹਾਂ ਦੀਆਂ ਮਨ ਲੁਭਾਉਣੀਆਂ ਗੱਲਾਂ ਤੋਂ ਏਨੇ ਖ਼ੁਸ਼ ਹੋਏ ਕਿ ਦੇਸ਼ ਦੀ ਵਾਗਡੋਰ ਏਨੀ ਭਾਰੀ ਬਹੁਮੱਤ ਨਾਲ ਫ਼ਤਵਾ ਦੇ ਕੇ ਸੌਂਪ ਦਿਤੀ ਤਾਕਿ ਇਸ ਪਾਰਟੀ ਦੇ ਕੰਮਕਾਜ ਵਿਚ ਕੋਈ ਵੀ ਰਾਜਨੀਤਕ ਪਾਰਟੀ ਰੁਕਾਵਟ ਨਾ ਪਾ ਸਕੇ। ਨਰੇਂਦਰ ਮੋਦੀ ਵਲੋਂ ਪ੍ਰਧਾਨ ਮੰਤਰੀ ਦੀ ਗੱਦੀ ਨੂੰ ਸੰਭਾਲਿਆਂ ਚਾਰ ਸਾਲ ਤੋਂ ਵਧੇਰੇ ਦਾ ਸਮਾਂ ਹੋ ਗਿਆ ਹੈ, ਸਾਲ 2019 ਵਿਚ ਲੋਕ ਸਭਾ ਦੀਆਂ ਚੋਣਾਂ ਫਿਰ ਸਿਰ ਉਤੇ ਆ ਗਈਆਂ ਹਨ। ਭਾਜਪਾ ਦੀ ਸਰਕਾਰ ਦੇਸ਼ ਦੇ ਸਾਰੇ ਗੰਭੀਰ ਮਸਲਿਆਂ ਨੂੰ ਹੱਲ ਕਰਨ ਵਿਚ ਸਿਰਫ਼ ਫ਼ੇਲ ਹੀ ਨਹੀਂ ਹੋਈ ਬਲਕਿ ਅਪਣੀ ਬੇਸ਼ਰਮੀ ਦਾ ਪ੍ਰਗਟਾਵਾ ਕਰਦੇ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਅਮਿੱਤ ਸ਼ਾਹ ਨੇ ਕੁੱਝ ਦੇਸ਼ ਦੇ ਮਸਲਿਆਂ ਨੂੰ ਜੁਮਲੇ ਦੱਸ ਕੇ ਇਨ੍ਹਾਂ ਤੋਂ ਖਹਿੜਾ ਛੁਡਾ ਲਿਆ ਹੈ ਤੇ ਹੁਣ ਅਗੋਂ ਅਪਣੀ ਨਾ-ਕਾਮਯਾਬੀ ਨੂੰ ਛੁਪਾਉਣ ਲਈ, 2019 ਵਿਚ ਫਿਰ ਸੱਤਾ ਕਾਇਮ ਕਰਨ ਲਈ ਇਸ ਨੇ ਫ਼ਿਰਕੂਵਾਦ ਭਾਵ 'ਹਿੰਦੂਵਾਦ' ਦਾ ਪੱਤਾ ਖੇਡ ਕੇ ਦੇਸ਼ ਦੇ ਬਹੁਗਿਣਤੀ ਵਾਲੇ ਹਿੰਦੂ ਵੀਰਾਂ ਦਾ ਧਿਆਨ ਰੋਟੀ ਰੋਜ਼ੀ ਦੀ ਲੜਾਈ ਤੋਂ ਪਰੇ ਹਟਾ ਕੇ ਫਿਰਕਾਪ੍ਰਸਤੀ ਦੀ ਆੜ ਵਿਚ ਮੁੜ ਕੇਂਦਰ ਵਿਚ ਰਾਜ ਕਾਇਮ ਕਰਨਾ ਚਾਹੁੰਦੀ ਹੈ।
ਇਸ ਲਈ ਜੇਕਰ ਇਨ੍ਹਾਂ ਨੂੰ ਈ.ਵੀ.ਐਮ ਦੀਆਂ ਮਸ਼ੀਨਾਂ ਨਾਲ ਛੇੜ ਛਾੜ ਕਰਨੀ ਪਵੇ, ਜਿਵੇਂ ਕਿ ਰਾਜਨੀਤਕ ਪਾਰਟੀਆਂ ਵਲੋਂ ਦੋਸ਼ ਲਗਾਏ ਜਾਂਦੇ ਰਹੇ ਹਨ, ਤਾਂ ਇਹ ਸ਼ਾਤਰ ਪਾਰਟੀ ਈ.ਵੀ.ਐਮ ਨਾਲ ਛੇੜ ਛਾੜ ਕਰਨ ਤੋਂ ਵੀ ਗੁਰੇਜ਼ ਨਹੀਂ ਕਰੇਗੀ। ਕੁਰਸੀ ਹਥਿਆਉਣ ਲਈ ਨਵੇਂ ਪੱਤੇ ਖੇਡਣੇ ਸ਼ੁਰੂ ਕਰ ਦਿਤੇ ਹਨ, ਤਾਕਿ ਭਾਰਤ ਦੇ ਲੋਕਾਂ ਨੂੰ ਮੁੜ ਤੋਂ ਮੁਰਖ ਬਣਾ ਕੇ ਰਾਜ ਸੱਤਾ ਸੰਭਾਲੀ ਜਾਵੇ। ਪਰ ਦੇਸ਼ ਦੇ ਲੋਕ ਹੁਣ ਇਨ੍ਹਾਂ ਨੂੰ ਭਲੀਭਾਂਤ ਜਾਣ ਚੁੱਕੇ ਹਨ ਕਿ ਇਨ੍ਹਾਂ ਦੇ ਰਾਜ ਕਾਲ ਦੌਰਾਨ ਲੋਕਾਂ ਦੀ ਹਾਲਤ ਕਿੰਨੀ ਕੁ ਸੁਧਰੀ ਹੈ? ਮਹਿੰਗਾਈ, ਭ੍ਰਿਸ਼ਟਾਚਾਰ ਦਾ ਰੁਕਣਾ ਤਾਂ ਦੂਰ ਦੀ ਗੱਲ, ਮਹਿੰਗਾਈ ਹਰ ਖੇਤਰ ਵਿਚ ਅਸਮਾਨ ਨੂੰ ਛੂਹ ਰਹੀ ਹੈ। ਲੋਕਾਂ ਨੂੰ ਕਿਸੇ ਪ੍ਰਕਾਰ ਦੀ ਰਾਹਤ ਦੇਣ ਦੀ ਤਾਂ ਗੱਲ ਛਡੋ ਉਨ੍ਹਾਂ ਨੂੰ ਟੈਕਸਾਂ ਦੇ ਭਾਰ ਹੇਠ ਦਬਿਆ ਜਾ ਰਿਹਾ ਹੈ। ਇਸ ਸਮੇਂ ਆਮ ਲੋਕਾਂ ਨੂੰ ਪਤਾ ਨਹੀਂ ਕਿੰਨੇ ਪ੍ਰਕਾਰ ਦੇ ਟੈਕਸ ਦੇਣੇ ਪੈ ਰਹੇ ਹਨ?
ਇਸ ਦੇ ਇਵਜ਼ ਵਿਚ ਉਨ੍ਹਾਂ ਨੂੰ ਕੋਈ ਸਹੂਲਤ ਨਹੀਂ ਦਿਤੀ ਗਈ। ਸਰਕਾਰ ਨੇ ਵਿਦੇਸ਼ਾਂ ਦੀ ਟੈਕਸ ਪ੍ਰਣਾਲੀ ਦੀ ਨਕਲ ਕਰ ਕੇ ਦੇਸ਼ ਵਿਚ ਲਾਗੂ ਤਾਂ ਕਰ ਦਿਤੀ ਪਰ ਉਸ ਦੇ ਇਵਜ਼ ਵਿਚ ਲੋਕਾਂ ਨੂੰ ਸਹੂਲਤਾਂ ਦੇਣੀਆਂ ਇਨ੍ਹਾਂ ਨੂੰ ਚੇਤੇ ਨਹੀਂ। ਇਥੇ ਤਾਂ ਟੈਕਸ ਤੇ ਟੈਕਸ ਦੇਈ ਜਾਉ। ਕਿਸੇ ਪ੍ਰਕਾਰ ਦੇ ਲਾਭ ਦੀ ਆਸ ਨਾ ਰੱਖੋ! ਸਰਕਾਰ ਦੀ ਕਾਰਗੁਜ਼ਾਰੀ ਵੇਖੋ। ਕੀ ਲੋਕਾਂ ਦੇ ਅਹਿਮ ਮਸਲੇ ਹੱਲ ਕੀਤੇ ਗਏ, ਨੌਜੁਆਨਾਂ ਨੂੰ ਰੁਜ਼ਗਾਰ ਮਿਲਿਆ, ਕਿਸਾਨਾਂ ਦੀ ਹਾਲਤ ਸੁਧਰੀ? ਸੱਭ ਦਾ ਜਵਾਬ ਨਾ ਵਿਚ ਆਵੇਗਾ। ਦੇਸ਼ ਦੀਆਂ ਮੁੱਖ ਅਲਾਮਤਾਂ ਦਾ ਹੱਲ ਤਾਂ ਇਸ ਸਰਕਾਰ ਤੋਂ ਕੀ ਹੋਣਾ ਸੀ ਬਲਕਿ ਸਮੱਸਿਆਵਾਂ ਨੇ ਲੋਕਾਂ ਦਾ ਰੱਜ ਕੇ ਨੱਕ ਵਿਚ ਦਮ ਕੀਤਾ ਹੋਇਆ ਹੈ। ਭਾਜਪਾ ਸਰਕਾਰ ਨੇ ਜੇਕਰ ਲਾਭ ਦਿਤਾ ਹੈ ਤਾਂ ਉਹ ਅੰਬਾਨੀਆਂ, ਅਡਾਨੀਆਂ, ਮਾਲਿਆ, ਮੋਦੀਆਂ ਆਦਿ ਵੱਡੇ-ਵੱਡੇ ਅਜਾਰੇਦਾਰਾਂ ਨੂੰ ਦਿਤਾ ਹੈ, ਜਿਨ੍ਹਾਂ ਕੋਲ ਇਨ੍ਹਾਂ ਨੇ ਦੇਸ਼ ਦੇ ਬੈਂਕਾਂ ਦਾ ਧਨ ਲੁੱਟਾ ਦਿਤਾ ਹੈ। ਲੋਕਾਂ ਨੂੰ ਜੇ ਮਿਲਿਆ ਤਾਂ ਨੋਟਬੰਦੀ, ਜੀ. ਐਸ ਟੀ ਆਦਿ ਦੀ ਖੱਜਲਖੁਆਰੀ। ਅਜਕਲ ਵਿਗਿਆਨ ਦੇ ਮੁੱਦੇ ਉਤੇ ਕੇਂਦਰ ਦੇ ਮੰਤਰੀ ਵਿਗਿਆਨ ਬਾਰੇ ਦਿਤੇ ਵੱਖ-ਵੱਖ ਬਿਆਨਾਂ ਰਾਹੀਂ ਅਪਣਾ ਮੌਜੂ ਉਡਾ ਰਹੇ ਹਨ। ਭਾਰਤ ਦੇ ਪ੍ਰਧਾਨ ਮੰਤਰੀ, ਮੁੱਖ ਮੰਤਰੀ ਸਮੇਤ ਕਈ ਹੋਰ ਮੰਤਰੀ ਵੀ ਇਸ ਵਿਚ ਸ਼ਾਮਲ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬਿਨਾਂ ਕਿਸੇ ਦਲੀਲ ਦੇ ਅਪਣੇ ਭਾਸ਼ਣ ਦੌਰਾਨ ਕਹਿ ਚੁਕੇ ਹਨ ਕਿ ਭਾਰਤ ਵਿਚ ਪਲਾਸਟਿਕ ਸਰਜਰੀ ਬੜੇ ਪੁਰਾਣੇ ਸਮੇਂ ਵਿਚ ਵੀ ਪ੍ਰਚਲਿਤ ਤੇ ਵਿਕਸਤ ਵੀ ਸੀ।
ਇਸ ਖਿੱਲੀ ਨੂੰ ਹੋਰ ਅੱਗੇ ਲਿਜਾਦਿਆਂ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਿਪ ਦੇਵ ਨੇ ਤਾਂ ਆਈਨਸਟਾਈਨ, ਚਾਰਲਿਸ, ਡਾਰਵਿਨ ਤੇ ਕੋਲੰਬਸ ਤਕ ਨੂੰ ਵੀ ਵਿਗਿਆਨ ਦੇ ਖੇਤਰ ਵਿਚ ਜ਼ੀਰੋ ਕਰ ਦਿਤਾ।
ਭਾਜਪਾ ਦੇ ਇਕ ਮੰਤਰੀ ਸਤਿਆਪਾਲ ਨੇ ਚਾਰਲਿਸ, ਡਾਰਵਿਨ ਦੇ ਸਿਧਾਂਤ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਸਾਨੂੰ ਸਕੂਲਾਂ ਵਿਚ ਚਾਰਲਸ ਡਾਰਵਿਨ ਦੇ ਸਿਧਾਂਤ ਨੂੰ ਪੜ੍ਹਾਉਣਾ ਬੰਦ ਕਰ ਦੇਣਾ ਚਾਹੀਦਾ ਹੈ। ਸਾਡੇ ਵਡੇਰਿਆਂ ਵਿਚੋਂ ਕਿਸੇ ਨੇ ਵੀ ਸਾਨੂੰ ਕਿਧਰੇ ਨਹੀਂ ਇਹ ਦਸਿਆ ਕਿ ਬਾਂਦਰ ਤੋਂ ਬਦਲ, ਬਦਲ ਕੇ ਮਨੁੱਖ ਬਣਿਆ ਹੈ। ਉਨ੍ਹਾਂ ਮੁਤਾਬਕ ਮਨੁੱਖ, ਮਨੁੱਖ ਹੈ ਤੇ ਬਾਂਦਰ, ਬਾਂਦਰ। ਭਾਜਪਾ ਦੇ ਇਕ ਹੋਰ ਮੰਤਰੀ ਦਾ ਕਹਿਣਾ ਹੈ ਕਿ ਗਾਂ ਸਿਰਫ਼ ਤੇ ਸਿਰਫ਼ ਇਕ ਅਜਿਹਾ ਜਾਨਵਰ ਹੈ, ਜੋ ਛਡਦਾ ਵੀ ਆਕਸੀਜਨ ਹੈ ਤੇ ਲੈਂਦਾ ਵੀ ਆਕਸੀਜਨ। ਇਸ ਮੰਤਰੀ ਜੀ ਦੇ ਸਿਧਾਂਤ ਨੇ ਤਾਂ ਕਾਰਬਨ ਡਾਇਆਕਸਾਈਡ ਦਾ ਵਿਚੋਂ ਫਸਤਾ ਹੀ ਵੱਢ ਦਿਤਾ। ਭਾਜਪਾ ਦੇ ਇਕ ਹੋਰ ਮੰਤਰੀ ਸ੍ਰੀ ਵਿਜੇ ਰੁਪਾਨੀ ਜੀ ਨੇ ਵਿਗਿਆਨ ਬਾਰੇ ਇਕ ਹੋਰ ਕਮਾਲ ਕਰ ਵਿਖਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ''ਸੀਤਾ ਜੀ ਨੂੰ ਲਿਆਉਣ ਲਈ ਜਿਹੜਾ ਪੁੱਲ ਬਣਵਾਇਆ ਸੀ, ਉਹ ਸ੍ਰੀ ਰਾਮ ਚੰਦਰ ਨੇ ਬਣਵਾਇਆ ਸੀ। ਸ੍ਰੀ ਰਾਮ ਚੰਦਰ ਅਪਣੇ ਸਮੇਂ ਦੇ ਮਹਾਨ ਇੰਜੀਨੀਅਰ ਸਨ ਤੇ ਇਸ ਪੁੱਲ ਨੂੰ ਬਣਾਉਣ ਵਿਚ ਕਾਟੋਆਂ ਨਾਂ ਦੇ ਜਾਨਵਰ ਨੇ ਮਜ਼ਦੂਰਾਂ ਵਜੋਂ ਕੰਮ ਕੀਤਾ ਸੀ।''
ਇਨ੍ਹਾਂ ਮੰਤਰੀਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅੱਜ ਜੇਕਰ ਸਾਡਾ ਜੀਵਨ ਏਨਾ ਸੁੱਖਾਂ ਭਰਿਆ ਬਣਿਆ ਹੈ ਤਾਂ ਉਹ ਸਿਰਫ ਵਿਗਿਆਨ ਕਰ ਕੇ ਹੀ ਹੈ। ਅਸਲ ਵਿਚ ਭਾਜਪਾ ਦੇ ਆਗੂ ਵੱਡੀਆਂ ਟਾਹਰਾਂ ਤਾਂ ਪੁਰਾਤਨਤਾ ਦੀਆਂ ਮਾਰਦੇ ਹਨ ਪਰ ਜੇਕਰ ਇਨ੍ਹਾਂ ਦੀ ਘਰੋਗੀ ਨਿਜੀ ਜ਼ਿੰਦਗੀ ਨੂੰ ਵੇਖੀਏੇ ਤਾਂ ਇਨ੍ਹਾਂ ਦੇ ਪ੍ਰਵਾਰਾਂ ਤੇ ਪੁਰਾਤਨਤਾ ਨਾਂ ਦੀ ਝੱਲਕ ਨੇੜੇ-ਤੇੜੇ ਨਜ਼ਰ ਨਹੀਂ ਆਉਂਦੀ। ਇਹ ਦੂਜਿਆਂ ਨੂੰ ਇਸ ਦਾ ਪ੍ਰਚਾਰ ਕਰਨ ਵਾਲੇ ਹਨ।ਸੰਸਾਰ ਦੇ ਵਿਗਿਆਨੀਆਂ ਨੁੰ ਚਾਹੀਦਾ ਹੈ ਕਿ ਭਾਜਪਾ ਦੇ ਇਨ੍ਹਾਂ ਸਾਰੇ ਮੰਤਰੀ ਵਿਗਿਆਨੀਆਂ ਨੂੰ ਨਾਸਾ ਜਾਂ ਹੋਰ ਜਿਥੇ ਵੀ ਉਹ ਠੀਕ ਸਮਝਣ, ਉਥੇ ਵਿਗਿਆਨ ਦੀਆਂ ਅਜਿਹੀਆਂ ਹੋਰ ਖੋਜਾਂ ਕਰਨ ਲਈ ਲਗਾ ਦੇਣ। ਦੇਸ਼ ਦਾ ਬੇੜਾ ਗਰਕ ਤਾਂ ਇਨ੍ਹਾਂ ਨੇ ਗੱਦੀ ਸਾਂਭ ਕੇ ਕਰ ਹੀ ਦਿਤਾ ਹੈ ਤੇ ਅਗੋਂ ਹੋਰ ਕਿਸੇ ਤਰ੍ਹਾਂ ਦੀ ਕਸਰ ਵੀ ਨਹੀਂ ਛਡਣਾ ਚਾਹੁੰਦੇ? ਵਿਗਿਆਨ ਨੂੰ ਪੁਰਾਤਨ ਲੀਹਾਂ ਉਤੇ ਲਿਆਉਣ ਲਈ ਜਿਥੇ ਵੀ ਚੰਗੀਆਂ ਥਾਵਾਂ ਉਤੇ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ, ਸੌਂਪ ਦੇਣ ਤਾਕਿ ਸਾਇੰਸ ਦੀ ਵੀ ਆਸਾਨੀ ਨਾਲ ਪੁੱਠੀ ਗੇੜੀ ਦੇ ਸਕਣ। ਇਸ ਸਮੇਂ ਭਾਜਪਾ ਸਰਕਾਰ ਨੇ ਆਰ.ਐਸ.ਐਸ ਦੇ ਹੱਥ ਵਿਚ ਵਾਗ ਡੋਰ ਦਿਤੀ ਹੋਈ ਹੈ ਤਾਕਿ ਇਹ ਵਿਗਿਆਨ ਦੇ ਖੇਤਰ ਵਿਚ ਵੀ ਪੁੱਠੀਆਂ ਗੇੜੀਆਂ ਦੇ ਕੇ ਨਵੀਂਆਂ ਖੋਜਾਂ ਰਾਹੀਂ ਅਪਣਾ ਨਾਂ ਰੌਸ਼ਨ ਕਰ ਸਕਣ।