
ਮਜਬੂਤ ਸਰੀਰ ਤੇ ਉੱਚੇ ਕੱਦ ਵਾਲੇ ਦਾਰਾ ਸਿੰਘ ਨੂੰ ਬਚਪਨ ਤੋਂ ਹੀ ਕੁਸ਼ਤੀ ਦਾ ਬਹੁਤ ਸ਼ੌਕ ਸੀ।
ਦਾਰਾ ਸਿੰਘ ਨੇ ਭਾਰਤ 'ਚ ਕੁਸ਼ਤੀ ਦੇ ਵਿਕਾਸ ਲਈ ਦੇਸ਼ ਭਰ 'ਚ ਯਾਤਰਾ ਕੀਤੀ ਤੇ ਨੌਜਵਾਨਾਂ ਨੂੰ ਕੁਸ਼ਤੀ ਲਈ ਉਤਸ਼ਾਹਿਤ ਕੀਤਾ। ਉਹ ਪਿੰਡ ਦੇ ਇਲਾਕਿਆਂ 'ਚ ਹੋਏ ਦੰਗਲਾਂ 'ਚ ਵੀ ਜਾਂਦੇ ਸੀ ਤੇ ਲੋਕਾਂ ਨੂੰ ਉਤਸ਼ਾਹਤ ਕਰਦੇ ਸੀ। 19 ਨਵੰਬਰ 1928 ਨੂੰ ਪੰਜਾਬ ਦੇ ਪਿੰਡ ਧਰਮੂਚਕ 'ਚ ਜੰਮੇ ਦਾਰਾ ਸਿੰਘ ਨੇ ਅਪਣੇ ਸਮੇਂ ਦੇ ਵੱਡੇ-ਵੱਡੇ ਪਹਿਲਵਾਨਾਂ ਨੂੰ ਅਖਾੜੇ ਵਿਚ ਹਰਾ ਕੇ ਆਪਣੇ ਜੁੱਸੇ ਦਾ ਲੋਹਾ ਮੰਨਵਾਇਆ। ਦਾਰਾ ਸਿੰਘ ਦਾ ਪੂਰਾ ਨਾਮ ਦਾਰਾ ਸਿੰਘ ਰੰਧਾਵਾ ਸੀ। 12 ਜੁਲਾਈ 2012 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਮਜਬੂਤ ਸਰੀਰ ਤੇ ਉੱਚੇ ਕੱਦ ਵਾਲੇ ਦਾਰਾ ਸਿੰਘ ਨੂੰ ਬਚਪਨ ਤੋਂ ਹੀ ਕੁਸ਼ਤੀ ਦਾ ਬਹੁਤ ਸ਼ੌਕ ਸੀ।
Dara Singh
ਕੁਸ਼ਤੀ ਵਿਚ ਦਾਰਾ ਸਿੰਘ ਨੇ ਉਹ ਮੁਕਾਮ ਹਾਸਲ ਕੀਤਾ ਕਿ ਲੋਕ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਹਨ ਤੇ ਉਹਨਾਂ ਦੇ ਜ਼ਮਾਨੇ ਦੇ ਲੋਕ ਉਹਨਾਂ ਨੂੰ ਆਪਣਾ ਆਈਕਨ ਮੰਨਦੇ ਹਨ। ਲੋਕ ਅਕਸਰ ਕਿਸੇ ਨੂੰ ਅਪਣੀ ਤਾਕਤ ਦੀ ਵਰਤੋਂ ਕਰਦੇ ਦੇਖਦੇ ਹਨ ਤਾਂ ਕਹਿੰਦੇ, 'ਦੇਖੋ, ਖ਼ੁਦ ਨੂੰ ਦਾਰਾ ਸਿੰਘ ਸਮਝ ਰਿਹਾ ਹੈ ਜਾਂ ਕਹਿੰਦੇ ਭਈ ਤੂੰ ਦਾਰਾ ਸਿੰਘ ਹੈ?' ਮਸ਼ਹੂਰ ਅਦਾਕਾਰ ਅਨੁਪਮ ਖੇਰ ਨੇ ਦਾਰਾ ਸਿੰਘ ਦੀ ਮੌਤ ਤੋਂ ਬਾਅਦ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ ਕਿ ਅੱਜ ਦੇ ਦੌਰ ਦੇ ਨੌਜਵਾਨਾਂ ਨੇ ਭਾਵੇਂ ਦਾਰਾ ਸਿੰਘ ਦਾ ਨਾਮ ਨਾ ਸੁਣਿਆ ਹੋਵੇ, ਪਰ ਉਹ ਸਾਡੇ ਸਮੇਂ ਦੇ 'ਆਈਕਨ' ਸਨ।
Dara Singh
ਦਾਰਾ ਸਿੰਘ ਦਾ ਕਹਿਣਾ ਸੀ ਕਿ ਕੁਸ਼ਤੀ ਨੇ ਉਨ੍ਹਾਂ ਨੂੰ ਪਛਾਣ ਦਿੱਤੀ। 41 ਸਾਲ ਦੀ ਉਮਰ ਵਿਚ ਉਹ ਇੱਕ ਮੁਕਾਬਲੇ ਦੇ ਸਿਲਸਿਲੇ 'ਚ ਲੰਡਨ ਗਏ ਸਨ। ਦਾਰਾ ਸਿੰਘ ਨੇ ਕਿਹਾ ਸੀ ਕਿ ਦੌਲਤ ਉਨ੍ਹਾਂ ਨੂੰ ਫਿਲਮਾਂ ਤੋਂ ਮਿਲੀ। ਦਾਰਾ ਸਿੰਘ ਨੇ ਬਾਅਦ ਵਿਚ ਸਮਾਜਕ ਕੰਮਾਂ ਵਿਚ ਵੀ ਯੋਗਦਾਨ ਦਿੱਤਾ ਤੇ ਸਿਆਸਤ ਵਿਚ ਵੀ ਅਪਣੀ ਕਿਸਮਤ ਅਜਮਾਈ। ਉਨ੍ਹਾਂ ਦੇ ਅਖਾੜੇ ਦੇ ਮੁਕਾਬਲਿਆਂ ਦੀ ਗੂੰਜ ਬਾਹਰ ਵੀ ਗੁੰਜਣ ਲੱਗੀ। ਸ਼ੁਰੂਆਤੀ ਦੌਰ ਵਿਚ ਕਸਬਿਆਂ ਅਤੇ ਸ਼ਹਿਰਾਂ 'ਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਵਾਲੇ ਦਾਰਾ ਸਿੰਘ ਨੇ ਬਾਅਦ ਵਿਚ ਕੌਮਾਂਤਰੀ ਪੱਧਰ ਦੇ ਪਹਿਲਾਵਨਾਂ ਨਾਲ ਮੁਕਾਬਲਾ ਕੀਤਾ।
Dara Singh
ਰੁਸਤਮ-ਏ-ਪੰਜਾਬ ਅਤੇ ਰੁਸਤਮ-ਏ-ਹਿੰਦ ਨਾਲ ਜਾਣੇ ਜਾਂਦੇ ਦਾਰਾ ਸਿੰਘ ਰਾਸ਼ਟਰੀ ਮੰਡਲ ਖੇਡਾਂ ਵਿਚ ਵੀ ਕੁਸ਼ਤੀ ਚੈਂਪੀਅਨ ਰਹੇ। ਇਸ ਵਿੱਚ ਉਨ੍ਹਾਂ ਨੇ ਕੈਨੇਡਾ ਦੇ ਚੈਂਪੀਅਨ ਜਾਰਜ ਗੋਡਿਆਂਕੋ ਨੂੰ ਹਰਾਇਆ ਸੀ। ਇਸ ਤੋਂ ਪਹਿਲਾ ਉਹ ਭਾਰਤੀ ਕੁਸ਼ਤੀ ਚੈਂਪੀਅਨਸ਼ਿਪ 'ਤੇ ਕਬਜ਼ਾ ਕਰ ਚੁੱਕੇ ਸੀ। ਸਾਲ 1968 ਵਿਚ ਉਨ੍ਹਾਂ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵੀ ਜਿੱਤ ਲਈ।
ਕੁਸ਼ਤੀ ਦੇ ਖੇਤਰ ਦੇ ਰੁਸਤਮ ਨੇ ਬਾਅਦ ਵਿੱਚ ਕਲਮ ਵੀ ਫੜੀ ਜਿਸ ਦਾ ਨਤੀਜਾ ਸੀ ਸਾਲ 1989 ਵਿੱਚ ਪ੍ਰਕਾਸ਼ਿਤ ਉਨ੍ਹਾਂ ਦੀ ਆਤਮਕਥਾ, ਜਿਸ ਨੂੰ ਉਨ੍ਹਾਂ ਨੇ 'ਮੇਰੀ ਆਤਮਕਥਾ' ਦਾ ਨਾਂ ਦਿੱਤਾ ਸੀ। ਪਹਿਲਵਾਨੀ ਦੇ ਦਿਨਾਂ ਤੋਂ ਹੀ ਉਨ੍ਹਾਂ ਨੇ ਫਿਲਮਾਂ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਪਰਦੇ 'ਤੇ ਕਮੀਜ਼ ਉਤਾਰਨ ਵਾਲੇ ਉਹ ਪਹਿਲੇ ਹੀਰੋ ਸੀ।
'ਸਿਕੰਦਰ-ਏ-ਆਜਮ' ਅਤੇ 'ਡਾਕੂ ਮੰਗਲ ਸਿੰਘ' ਵਰਗੀਆਂ ਫਿਲਮਾਂ ਤੋਂ ਆਪਣਾ ਕਰੀਅਰ ਸ਼ੁਰੂ ਕਰਨ ਵਾਲੇ ਦਾਰਾ ਸਿੰਘ ਆਖ਼ਰੀ ਵਾਰ ਇਮਤਿਆਜ਼ ਅਲੀ ਦੀ 2007 ਵਿੱਚ ਰਿਲੀਜ਼ ਹੋਈ ਫਿਲਮ 'ਜਬ ਵੀ ਮੇਟ' ਵਿਚ ਅਦਾਕਾਰਾ ਕਰੀਨਾ ਕਪੂਰ ਦੇ ਦਾਦਾ ਦੇ ਰੋਲ ਵਿਚ ਨਜ਼ਰ ਆਏ ਸੀ। ਬੀਤੇ ਜ਼ਮਾਨੇ ਵਿਚ ਅਦਾਕਾਰਾ ਮੁਮਤਾਜ ਨਾਲ ਉਨ੍ਹਾਂ ਦੀ ਜੋੜੀ ਬਹੁਤ ਹਿੱਟ ਮੰਨੀ ਜਾਂਦੀ ਸੀ। ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ਵਿਚ ਵੀ ਕੰਮ ਕੀਤਾ ਸੀ। ਉਹ ਹਿੰਦੀ ਫਿਲਮ 'ਮੇਰਾ ਦੇਸ, ਮੇਰਾ ਧਰਮ' ਅਤੇ ਪੰਜਾਬੀ 'ਸਵਾ ਲਾਖ ਸੇ ਏਕ ਲੜਾਊ' ਦੇ ਲੇਖਕ , ਡਾਇਰੈਕਟਰ ਤੇ ਪ੍ਰੋਡਿਊਸਰ ਵੀ ਸੀ।
Dara Singh
ਉਨ੍ਹਾਂ ਨੇ 10 ਹੋਰ ਪੰਜਾਬੀ ਫਿਲਮਾ ਵੀ ਬਣਾਈਆ ਸੀ। ਉਨ੍ਹਾਂ ਦੀ ਫਿਲਮ 'ਜੱਗਾ' ਲਈ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸਰਵੋਤਮ ਅਦਾਕਾਰ ਦੇ ਐਵਾਰਡ ਨਾਲ ਨਵਾਜ਼ਿਆ ਸੀ। ਬਾਅਦ ਵਿਚ ਉਨ੍ਹਾਂ ਨੇ ਟੀਵੀ ਨਾਟਕਾਂ ਵਿਚ ਵੀ ਕੰਮ ਕੀਤਾ। ਉਨ੍ਹਾਂ ਨੇ ਚਰਚਿਤ ਪ੍ਰੋਗਰਾਮ ਰਾਮਾਇਣ ਵਿੱਚ ਹਨੁਮਾਨ ਦਾ ਰੋਲ ਅਦਾ ਕੀਤਾ ਸੀ। ਦਾਰਾ ਸਿੰਘ ਦੀ ਅਧਿਕਾਰਕ ਵੈਬਸਾਈਟ ਵਿਚ ਉਨ੍ਹਾਂ ਨੂੰ ਪਹਿਲਵਾਨ ਤੇ ਫਿਲਮਕਾਰ ਦੇ ਨਾਲ ਨਾਲ ਕਿਸਾਨ ਵੀ ਦੱਸਿਆ ਗਿਆ ਹੈ। ਉਨ੍ਹਾਂ ਨੇ ਜੱਟ ਭਾਈਚਾਰੇ ਦੀ ਪ੍ਰਤੀਨੀਧਤਾ ਵੀ ਕੀਤੀ। ਸਾਲ 2003 ਵਿੱਚ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਰਾਜਸਭਾ ਮੈਂਬਰ ਬਣਾਇਆ ਗਿਆ ਸੀ।