Sardar Joginder Singh: ਮੈਂ ਜਦੋਂ ‘ਰੋਜ਼ਾਨਾ ਸਪੋਕਸਮੈਨ’ ਵਿਚ ਲਿਖਣਾ ਸ਼ੁਰੂ ਕੀਤਾ ਤਾਂ ਮੈਂ ਕਦੇ ਸੋਚ ਵੀ ਨਹੀਂ ਸਾਂ ਸਕਦਾ ਕਿ ਮੈਨੂੰ ਇੰਨਾ ਪਿਆਰ ਮਿਲੇਗਾ
Sardar Joginder Singh: ਇਹ ਦੁਨੀਆਂ ਇਕ ਮੁਸਾਫ਼ਰਖ਼ਾਨਾ ਹੈ, ਇਥੇ ਕੋਈ ਵੀ ਪੱਕੇ ਤੌਰ ’ਤੇ ਰਹਿਣ ਲਈ ਨਹੀਂ ਆਇਆ। ਕੋਈ ਆ ਰਿਹਾ ਹੈ, ਕੋਈ ਜਾ ਰਿਹਾ ਹੈ। ਬੱਸ ਯਾਦਾਂ ਰਹਿ ਜਾਂਦੀਆਂ ਨੇ ਜਾਂ ਉਹ ਕਿਰਦਾਰ ਰਹਿ ਜਾਂਦਾ ਹੈ ਜਿਹੜਾ ਇਨਸਾਨ ਅਪਣੀ ਹਿਆਤੀ ਵਿਚ ਦੁਨੀਆਂ ਦੀ ਸਟੇਜ ’ਤੇ ਅਦਾ ਕਰਦਾ ਹੈ।
ਮੈਂ ਭਾਰਤ ਦਾ ਨਹੀਂ, ਦੂਜੇ ਮੁਲਕ ਦਾ ਵਾਸੀ ਹਾਂ। ਮੈਂ ਜਦੋਂ ‘ਰੋਜ਼ਾਨਾ ਸਪੋਕਸਮੈਨ’ ਵਿਚ ਲਿਖਣਾ ਸ਼ੁਰੂ ਕੀਤਾ ਤਾਂ ਮੈਂ ਕਦੇ ਸੋਚ ਵੀ ਨਹੀਂ ਸਾਂ ਸਕਦਾ ਕਿ ਮੈਨੂੰ ‘ਸਪੋਕਸਮੈਨ’ ਰਾਹੀਂ ਇੰਨਾ ਪਿਆਰ ਮਿਲੇਗਾ। ਪਿਆਰ ਹਮੇਸ਼ਾ ਉਹੀ ਸ਼ਖ਼ਸ ਦਿੰਦਾ ਹੈ ਜਿਹੜਾ ਪਿਆਰ ਦਾ ਅਰਥ ਸਮਝਦਾ ਹੈ। ਸ. ਜੋਗਿੰਦਰ ਜੀ ਹੋਰਾਂ ਨੇ ਮੈਨੂੰ ਅਥਾਹ ਪਿਆਰ ਦਿਤਾ ਅਤੇ ਅੰਦਰਲੇ ਪੰਨਿਆਂ ਵਿਚੋਂ ਕੱਢ ਕੇ ਫ਼ਰੰਟ ਪੇਜ ’ਤੇ ਛਾਪਣਾ ਸ਼ੁਰੂ ਕਰ ਦਿਤਾ।
ਉਂਝ ਭਾਵੇਂ ਹਰ ਅਖ਼ਬਾਰ ਦੇ ਮਾਲਕ ਦੀ ਇਹੋ ਇਛਾ ਹੁੰਦੀ ਹੈ ਕਿ ਉਹ ਫ਼ਰੰਟ ਪੇਜ ’ਤੇ ਵੱਧ ਤੋਂ ਵੱਧ ਐਡ. (ਇਸ਼ਤਿਹਾਰ) ਲੈ ਕੇ ਕਮਾਈ ਕਰੇ ਪਰ ਜੋਗਿੰਦਰ ਸਿੰਘ ਜੀ ਨੇ ਕਦੇ ਇਸ ਗੱਲ ਦੀ ਪਰਵਾਹ ਨਹੀਂ ਸੀ ਕੀਤੀ। ਇਕ ਵਾਰ ਉਨ੍ਹਾਂ ਫ਼ੋਨ ਕਰ ਕੇ ਮੈਨੂੰ ਕਿਹਾ,‘‘ਆਫ਼ਤਾਬ ਜੀ, ਮੈਂ ਐਡ ਅੰਦਰਲੇ ਪੇਜ ’ਤੇ ਲੈ ਜਾਂਦਾ ਹਾਂ ਅਤੇ ਤੁਹਾਨੂੰ ਫ਼ਰੰਟ ਪੇਜ ’ਤੇ ਛਾਪਦਾ ਹਾਂ ਕਿਉਂਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਅਤੇ ਲੋਕ ਵੀ ਤੁਹਾਨੂੰ ਫ਼ਰੰਟ ਪੇਜ ’ਤੇ ਵੇਖਣਾ ਚਾਹੁੰਦੇ ਹਨ। ਮੈਂ ਜੋ ਕੁੱਝ ਵੀ ਲਿਖਿਆ ਸੀ, ਉਹ ਉਨ੍ਹਾਂ ਨੇ ਬਿਨਾਂ ਕਿਸੇ ਕੱਟ-ਵੱਢ ਤੋਂ ਛਾਪ ਦਿਤਾ।
ਸਾਲ 2012 ਦੌਰਾਨ ਉਨ੍ਹਾਂ ਨੇ ‘ਉੱਚਾ ਦਰ ਬਾਬੇ ਨਾਨਕ ਦਾ’ ਅਸਥਾਨ ’ਤੇ ‘ਰੋਜ਼ਾਨਾ ਸਪੋਕਸਮੈਨ’ ਦਾ ਸਮਾਗਮ ਰਖਿਆ, ਤਾਂ ਖ਼ਾਸ ਕਰ ਕੇ ਮੈਨੂੰ ਵੀ ਸੱਦਾ ਭੇਜਿਆ। ਜਿਥੋਂ ਤਕ ਮੈਨੂੰ ਯਾਦ ਏ ਅਸੀਂ 28 ਅਪ੍ਰੈਲ ਨੂੰ ਭਾਰਤ ਪੁੱਜੇ ਸਾਂ। ਰਾਤ ਨੂੰ ਕੋਈ 11 ਵਜੇ ਨੇੜੇ ਅਸੀਂ ਸ਼ੰਭੂ ਬੈਰੀਅਰ ਨਾਂ ਦੇ ਅਸਥਾਨ ’ਤੇ ਪੁੱਜੇ ਤਾਂ ਮੈਡਮ ਜਗਜੀਤ ਕੌਰ ਜੀ ਹੋਰੀਂ ਸਾਨੂੰ ‘ਜੀ ਆਇਆਂ ਨੂੰ’ ਆਖਣ ਵਾਸਤੇ ਉਥੇ ਮੌਜੂਦ ਸਨ। ਅਗਲੇ ਦਿਨ 29 ਅਪ੍ਰੈਲ ਐਤਵਾਰ ਵਾਲੇ ਦਿਨ ਸਮਾਗਮ ਸੀ। ਜੋਗਿੰਦਰ ਸਿੰਘ ਹੁਰਾਂ ਨਾਲ ਉਥੇ ਮੇਰੀ ਪਹਿਲੀ ਮੁਲਾਕਾਤ ਹੋਈ ਸੀ। ਅਸੀਂ ਦੋਵੇਂ ਜਣੇ ਫਿਰ ਸਾਰਾ ਦਿਨ ਹੀ ਸਟੇਜ ’ਤੇ ਬੈਠੇ ਰਹੇ। ਅਸੀਂ ਬਾਹਮੀ (ਦੁਵੱਲੀ) ਦਿਲਚਸਪੀ ਨਾਲ ਸਬੰਧਤ ਅਮੂਰ (ਮਾਮਲਿਆਂ) ’ਤੇ ਗੱਲਾਂ-ਬਾਤਾਂ ਹੋਈਆਂ ਕਿਉਂਕਿ ਉਥੇ ਇਕ ਲੰਮਾ ਪ੍ਰੋਗਰਾਮ ਸੀ। ਕੀਰਤਨ ਲਈ ਪਾਕਿਸਤਾਨ ਤੋਂ ਭਾਈ ਲਾਲ ਜੀ ਦੀ ਟੀਮ ਪੁੱਜੀ ਹੋਈ ਸੀ ਅਤੇ ਕੱਵਾਲੀ ਲਈ ਮਲੇਰਕੋਟਲਾ ਦੇ ਕੱਵਾਲ ਆਏ ਹੋਏ ਸਨ।
ਜਿਸ ਦਿਨ ਅਸਾਂ ਵਾਪਸ ਆਉਣਾ ਸੀ, ਉਸ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਦੇ ਘਰ ਮੁਲਾਕਾਤ ਹੋਈ ਸੀ। ਗੱਲਾਂ-ਗੱਲਾਂ ਵਿਚ ਉਨ੍ਹਾਂ ਦਸਿਆ ਕਿ ਇਹ ਘਰ ਕਿਰਾਏ ’ਤੇ ਹੈ। ਦੋ ਬੇਟੀਆਂ ਹਨ ਦੋਹਾਂ ਦਾ ਵਿਆਹ ਦਾਜ ਤੋਂ ਬਗ਼ੈਰ ਕੀਤਾ ਹੈ, ਇਕ ਬੇਟੀ ਦਾ ਨਾਂ ਸ਼ਾਇਦ ਸਿਮਰਨ ਸਿੰਘ ਅਤੇ ਦੂਜੀ ਦਾ ਨਾਂ ਮੈਨੂੰ ਹੁਣ ਯਾਦ ਨਹੀਂ। ਮੈਂ ਕਿਹਾ, ਸਰ ਪ੍ਰੈੱਸ ਵਾਲੇ ਤਾਂ ਨੋਟਾਂ ਵਿਚ ਖੇਡਦੇ ਹਨ ਅਤੇ ਤੁਸੀਂ ਕਿਰਾਏ ਦੇ ਮਕਾਨ ਵਿਚ - ਇਹ ਕਿਉਂ? ਉਨ੍ਹਾਂ ਕਿਹਾ ਮੈਨੂੰ ਵੀ ਕਈ ਵਾਰ ਸਰਕਾਰ ਵਲੋਂ ਆਫ਼ਰ ਹੋਈ ਹੈ ਪਰ ਮੈਂ ਸੱਚ ਦਾ ਪੱਲਾ ਨਹੀਂ ਛੱਡ ਸਕਦਾ। ਪ੍ਰੈੱਸ ਵਾਲੀ ਥਾਂ ਅਤੇ ਪ੍ਰੈੱਸ ਮੇਰੀ ਅਪਣੀ ਹੈ ਪਰ ਮੈਂ ਉਹ ਡੋਨੇਟ (ਦਾਨ) ਕਰ ਦਿਤਾ ਹੈ ਅਤੇ ਮੇਰੇ ਮਰਨ ਮਗਰੋਂ ਉਹ ਵੀ ਜਨਤਾ ਦੀ ਮਲਕੀਅਤ ਹੈ। ਸਚਮੁਚ ਅਜਿਹੇ ਬੰਦੇ ਨੂੰ ਕੌਣ ਖ਼ਰੀਦ ਸਕਦਾ ਏ?
ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਉਹ ਅਪਣੀ ਹਿਆਤੀ ਵਿਚ ‘ਉੱਚਾ ਦਰ ਬਾਬੇ ਨਾਨਕ ਦਾ’ ਦੀ ਤਾਮੀਰ ਪੂਰੀ ਕਰ ਜਾਣ। ਉਨ੍ਹਾਂ ਪੈਸਾ ਡੋਨੇਟ ਕਰਨ ਵਾਲਿਆਂ ਵਲੋਂ ਦਿਤੇ ਇਕ-ਇਕ ਪੈਸੇ ਦਾ ਹਿਸਾਬ ਅਖ਼ਬਾਰ ਵਿਚ ਛਾਪਿਆ, ਨਾ ਕੇਵਲ ਛਾਪਿਆ ਬਲਕਿ ਉਸ ਦਾ ਹਿਸਾਬ ਵੀ ਦਿਤਾ। ਜਿਥੋਂ ਤਕ ਮੈਨੂੰ ਪਤਾ ਹੈ, ਉਨ੍ਹਾਂ ਦੀ ਉਹ ਇੱਛਾ ਵਾਹਿਗੁਰੂ ਨੇ ਪੂਰੀ ਕਰ ਦਿਤੀ ਹੈ। ਪੱਤਰਕਾਰੀ ਦੀ ਦੁਨੀਆਂ ਵਿਚ ਵੱਡੇ-ਵੱਡੇ ਨਾਮ ਆਉਂਦੇ ਹਨ ਪਰ ਮੈਂ ਸਮਝਦਾ ਹਾਂ ਕਿ ਜੋਗਿੰਦਰ ਸਿੰਘ ਸਰ ਸੱਭ ਤੋਂ ਨਿਵੇਕਲੇ ਸਨ। ਜਦੋਂ ਉਨ੍ਹਾਂ ਨੇ ‘ਰੋਜ਼ਾਨਾ ਸਪੋਕਸਮੈਨ’ ਦੀ ਨੀਂਹ ਰੱਖੀ ਉਦੋਂ ਚੜ੍ਹਦੇ ਪੰਜਾਬ ਵਿਚ ‘ਅਜੀਤ’, ‘ਜਗਬਾਣੀ’ ਅਤੇ ‘ਪੰਜਾਬੀ ਟਿ੍ਰਬਿਊਨ’ ਦੀ ਤੂਤੀ ਬੋਲਦੀ ਸੀ। ਸਰ ਹੁਰਾਂ ਨੇ ਕੁੱਝ ਹੀ ਚਿਰ ਵਿਚ ਉਨ੍ਹਾਂ ਅਖ਼ਬਾਰਾਂ ਨੂੰ ਪਿੱਛੇ ਛੱਡ ਦਿਤਾ ਅਤੇ ਚੜ੍ਹਦੇ ਪੰਜਾਬ ਵਿਚ ਹਰ ਪਾਸੇ ਸਪੋਕਸਮੈਨ ਦਾ ਨਾਂਅ ਗੂੰਜਣ ਲੱਗਾ।
ਸ਼ੁਰੂ-ਸ਼ੁਰੂ ’ਚ ਮੈਂ ਅਪਣੇ ਲੇਖ ਕੂਰੀਅਰ ਰਾਹੀਂ ਭੇਜਦਾ ਸੀ। ਫਿਰ ਇੰਟਰਨੈੱਟ ਦਾ ਦੌਰ ਆ ਗਿਆ। ਸਰ ਹੁਰੀਂ ਜਦੋਂ ‘ਉੱਚਾ ਦਰ ਬਾਬੇ ਨਾਨਕ ਦਾ’ ਵਿਚ ਰੁੱਝ ਗਏ ਅਤੇ ਮੈਂ ਅਪਣਾ ਮੈਟਰ ਈਮੇਲ ਕਰਨਾ ਸ਼ੁਰੂ ਕਰ ਦਿਤਾ। ਉਦੋਂ ਸ਼ਾਇਦ ਬਲਜਿੰਦਰ ਮੈਗਜ਼ੀਨ ਇੰਚਾਰਜ ਸੀ। ਉਨ੍ਹਾਂ ਮੇਰੇ ਆਰਟੀਕਲ ਨਾ ਛਾਪਣੇ। ਮੈਂ ਇਕ ਦੋ ਵਾਰ ਸਰ ਹੁਰਾਂ ਨੂੰ ਫ਼ੋਨ ਕਰ ਕੇ ਕਿਹਾ, ਅੱਗੋਂ ਉਨ੍ਹਾਂ ਜਵਾਬ ਦੇਣਾ ਕਿ ‘‘ਮੈਂ ਤਾਂ ‘ਉੱਚਾ ਦਰ ਬਾਬੇ ਨਾਨਕ ਦਾ’ ਵਿਚ ਫਸਿਆ ਹੋਇਆ ਹਾਂ, ਤੁਸੀਂ ਬਲਜਿੰਦਰ ਨਾਲ ਗੱਲ ਕਰ ਲਵੋ। ਪਹਿਲਾਂ ਮਨਪ੍ਰੀਤ ਅਖ਼ਬਾਰ ਦੇਖਦੇ ਸਨ ਪਰ ਸ਼ਾਇਦ ਉਨ੍ਹਾਂ ਦਿਨਾਂ ਵਿਚ ਉਹ ਕਿਤੇ ਹੋਰ ਜਾ ਲੱਗੇ ਸਨ।
ਉਸ ਤੋਂ ਬਾਅਦ ਵੀ ਉਨ੍ਹਾਂ ਨੇ ਕਈ ਵਾਰ ਫ਼ੋਨ ਕਰ ਕੇ ਹਾਲਚਾਲ ਪੁਛਿਆ। ਇਕ ਦੋ ਵਾਰ ਸੱਦਾ-ਪੱਤਰ ਵੀ ਭੇਜਿਆ ਪਰ ਮੈਂ ਨਾ ਪੁੱਜ ਸਕਿਆ। ਅੱਜ ਸਵੇਰੇ-ਸਵੇਰੇ ਮੇਰੇ ਵੀਰ ਮਨਪ੍ਰੀਤ ਨੇ ਮੈਨੂੰ ਫ਼ੇਸਬੁੱਕ ਤੇ ਫ਼ਰੈਂਡ ਰੀਕੁਐਸਟ ਭੇਜੀ, ਤਾਂ ਮੈਂ ਉਨ੍ਹਾਂ ਦੇ ਇਸ ਸੱਦੇ ਨੂੰ ਕਬੂਲ ਕਰ ਲਿਆ। ਫਿਰ ਉਨ੍ਹਾਂ ਨੇ ਸ. ਜੋਗਿੰਦਰ ਸਿੰਘ ਦੀ ਫ਼ੋਟੋ ਭੇਜੀ, ਨਾਲ ਲਿਖਿਆ ਸੀ ਕਿ ਸ. ਜੋਗਿੰਦਰ ਸਿੰਘ ਹੁਣ ਸਾਡੇ ਵਿਚਕਾਰ ਨਹੀਂ ਰਹੇ, ਪੰਜ ਅਗੱਸਤ ਨੂੰ ਤਿੰਨ ਵਜੇ ਉਨ੍ਹਾਂ ਦਾ ਅੰਤਮ ਸਸਕਾਰ ਸੀ।
ਇਹ ਖ਼ਬਰ ਪੜ੍ਹ ਕੇ ਮੈਨੂੰ ਦਿਲੀ ਦੁੱਖ ਹੋਇਆ ਕਿ ਨਾ ਸਿਰਫ਼ ਸੱਚੀ-ਸੁੱਚੀ ਅਤੇ ਖਰੀ ਸਹਾਫ਼ਤ (ਪੱਤਰਕਾਰੀ) ਦਾ ਇਕ ਹੋਰ ਵਿਲੱਖਣ ਚਿਰਾਗ਼ ਬੁਝ ਗਿਆ ਬਲਕਿ ਦੁਨੀਆਂ ਇਕ ਹੋਰ ਚੰਗੇ ਇਨਸਾਨ ਤੋਂ ਖ਼ਾਲੀ ਹੋ ਗਈ ਹੈ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਉਨ੍ਹਾਂ ਦਾ ਸੁਰਗ ਵਿਚ ਉੱਚੇ ਅਸਥਾਨ ’ਤੇ ਵਾਸਾ ਹੋਵੇ।
ਆਮੀਨ!
-ਚੱਕ ਨੰਬਰ 17 ਤਹਿਸੀਲ ਚੁੰਨੀਆਂ ਜ਼ਿਲ੍ਹਾ ਕਸੂਰ ਲਹਿੰਦਾ ਪੰਜਾਬ ਪਾਕਿਸਤਾਨ।
00923075112189