
ਅਕਤੂਬਰ-ਨਵੰਬਰ 1973 ਵਿਚ ਸ਼ੇਰਮਾਜਰੇ ਹਾਈ ਸਕੂਲ ਵਿਚ ਪੜ੍ਹਨ ਵੇਲੇ ਸਾਡੇ ਹਿਸਾਬ ਵਾਲੇ ਮਾਸਟਰ ਜੀ ਦੀ ਬਦਲੀ ਹੋ ਗਈ............
ਅਕਤੂਬਰ-ਨਵੰਬਰ 1973 ਵਿਚ ਸ਼ੇਰਮਾਜਰੇ ਹਾਈ ਸਕੂਲ ਵਿਚ ਪੜ੍ਹਨ ਵੇਲੇ ਸਾਡੇ ਹਿਸਾਬ ਵਾਲੇ ਮਾਸਟਰ ਜੀ ਦੀ ਬਦਲੀ ਹੋ ਗਈ। ਹਿਸਾਬ ਦਾ ਕੋਈ ਹੋਰ ਮਾਸਟਰ ਸਕੂਲ ਵਿਚ ਨਹੀਂ ਸੀ। ਸੋ ਨਵੇਂ ਆਏ ਪੀ.ਟੀ.ਆਈ. ਸ. ਜਸਵੰਤ ਸਿੰਘ ਜੀ ਸਾਨੂੰ ਹਿਸਾਬ ਪੜ੍ਹਾਉਣ ਲੱਗ ਪਏ। ਉਹ ਸਾਈਕਲ ਉਤੇ ਨੇੜਲੇ ਪਿੰਡ ਮੈਣ ਤੋਂ ਆਉਂਦੇ ਸਨ। ਸਵੇਰੇ ਸਕੂਲ ਵਿਚ ਪ੍ਰਾਰਥਨਾ ਤੋਂ ਬਾਅਦ ਪੀ.ਟੀ. ਵੀ ਬਾਹਰ ਖੜ ਕੇ ਮੈਂ ਹੀ ਕਰਵਾਉਂਦਾ ਹੁੰਦਾ ਸੀ। ਪਿਛਲੇ ਦਿਨ ਸਾਡੀ ਹਿਸਾਬ ਦੀ ਘੰਟੀ ਲੈਣ ਆਏ ਮਾਸਟਰ ਜੀ ਨੇ ਸਾਰੀ ਕਲਾਸ ਤੋਂ ਪਿਉ ਦਾ ਤੇ ਪਿੰਡ ਦਾ ਨਾਂ ਪੁਛਿਆ।
ਜਦ ਮੈਂ ਅਪਣੇ ਬਾਪੂ ਜੀ ਦਾ ਨਾਂ ਦਸਿਆ ਤਾਂ ਉਸ ਨੇ ਬੜੇ ਗਹੁ ਨਾਲ ਮੇਰੇ ਵਲ ਤਕਿਆ, ਜਿਵੇਂ ਮੇਰੇ ਬਾਪੂ ਨੂੰ ਜਾਣਦਾ ਹੋਵੇ। ਅਸੀ ਕਾਫ਼ੀ ਮੁੰਡੇ ਜਮਾਤ ਵਿਚ ਪਸਿਆਣੇ ਦੇ ਸਾਂ ਜਿਨ੍ਹਾਂ ਵਿਚੋਂ ਜ਼ਿਆਦਾ ਮੁੰਡੇ ਗੁੱਜਰਾਂ ਦੇ ਸਨ। ਜਾਣ ਪਛਾਣ ਤੋਂ ਬਾਅਦ ਮਾਸਟਰ ਸਾਨੂੰ ਕਹਿੰਦਾ, ''ਪਸਿਆਣੇ ਵਾਲੇ ਗੁੱਜਰੋ ਕੰਨ ਖੋਲ੍ਹ ਕੇ ਸੁਣ ਲਉ ਸਾਰਿਆਂ ਨੇ ਜ਼ੋਰ ਲਗਾ ਕੇ ਪੜ੍ਹਨੈ ਕੋਈ ਗੱਲ ਸਮਝ ਨਾ ਲੱਗੇ ਤਾਂ ਜਦ ਮਰਜ਼ੀ ਪੁੱਛ ਲਿਆ ਕਰੋ ਪਰ ਜਿਹੜਾ ਨਾ ਪੜ੍ਹਿਆ, ਮੈਂ ਉਸ ਦੀਆਂ ਲੱਤਾਂ ਤੋੜ ਦੇਣੀਆਂ ਨੇ, ਇਹ ਯਾਦ ਰਖਿਉ।'' ''ਮਨੀਟਰ ਕੌਣ ਐਂ?'' ਅਗਲਾ ਸਵਾਲ ਸੀ। ਮੈਂ ਅਪਣੀ ਥਾਂ ਉਤੇ ਖੜਾ ਹੋ ਗਿਆ।
ਮਾਸਟਰ ਜੀ ਨੇ ਬੜੇ ਧਿਆਨ ਨਾਲ ਮੇਰੇ ਵਲ ਫਿਰ ਵੇਖਿਆ, ''ਸਾਧੂ ਦਾ ਮੁੰਡਾ ਉਏ ਤੂੰ?'' ਮੈਂ ਕਿਹਾ ''ਹਾਂ ਜੀ।'' ਕਹਿੰਦਾ, ''ਬੱਚੂ ਸੁਣ ਲੈ ਫਿਰ ਧਿਆਨ ਨਾਲ ਹੋਰ ਕੋਈ ਪੜ੍ਹੇ ਨਾ ਪੜ੍ਹੇ ਪਰ ਜੇ ਤੂੰ ਨਾ ਪੜ੍ਹਿਆ ਤੇਰੀਆਂ ਲੱਤਾਂ ਤਾਂ ਜ਼ਰੂਰ ਤੋੜੂੰ।'' ਫਿਰ ਮੈਥੋਂ ਅਲਜਬਰੇ ਦੀ ਕਿਤਾਬ ਲੈ ਕੇ ਜਿਥੇ ਤਕ ਅਸੀ ਪੜ੍ਹ ਚੁਕੇ ਸੀ, ਇਕ ਸਵਾਲ ਸਾਨੂੰ ਹੱਲ ਕਰਨ ਲਈ ਕਿਹਾ। ਸੱਭ ਤੋਂ ਪਹਿਲਾਂ ਹੱਲ ਕਰ ਕੇ ਮੈਂ ਵਿਖਾ ਦਿਤਾ ਤੇ ਫਿਰ ਬਾਕੀਆਂ ਨੇ ਵੀ। ਮਾਸਟਰ ਜੀ ਨੇ ਇਕ ਵਾਰ ਫਿਰ ਮੈਨੂੰ ਹੈਰਾਨੀ ਭਰੀ ਖ਼ੁਸ਼ੀ ਨਾਲ ਵੇਖਿਆ। ਅਗਲੀ ਪ੍ਰਸ਼ਨਾਵਲੀ ਦੇ ਸਵਾਲ ਸਾਨੂੰ ਘਰ ਦਾ ਕੰਮ ਦੇ ਕੇ ਮਾਸਟਰ ਜੀ ਘੰਟੀ ਪੂਰੀ ਕਰ ਗਏ।
ਮੈਂ ਪਹਿਲੇ ਦਿਨ ਤੋਂ ਹੀ ਕੁੱਝ ਜ਼ਿਆਦਾ ਸੰਵੇਦਨਸ਼ੀਲ ਰਿਹਾ ਹਾਂ। ਸਾਰਾ ਦਿਨ ਹੀ ਸੋਚਦਾ ਰਿਹਾ ਕਿ ਮਾਸਟਰ ਜੀ ਦੀ ਮੇਰੇ ਬਾਪ ਨਾਲ ਕੋਈ ਲਾਗ ਡਾਟ ਨਾ ਹੋਵੇ ਕਿਤੇ ਸੱਭ ਦੇ ਸਾਹਮਣੇ ਹੀ ਕੁੱਟ ਦੇਵੇ। ਕੁੱਟ ਤਾਂ ਮੈਂ ਕਦੇ ਖਾਧੀ ਨਹੀਂ। ਫਿਰ ਮਨ ਪੱਕਾ ਕਰ ਲਿਆ ਕਿ ਪੜ੍ਹਾਈ ਕਰ ਕੇ ਤਾਂ ਨਹੀਂ ਕੁੱਟ ਖਾਂਦਾ ਜੇ ਉਂਜ ਹੀ ਕੁੱਟੇਗਾ ਤਾਂ ਵੇਖੀ ਜਾਉ। ਛੁੱਟੀ ਹੋ ਗਈ ਘਰ ਆ ਗਏ। ਮੈਂ ਬੇਬੇ ਨੂੰ ਕਿਹਾ ਕਿ ''ਪਿੰਡ ਮੈਣ ਤੋਂ ਮਾਸਟਰ ਆਇਐ ਨਵਾਂ। ਸਾਨੂੰ ਹਿਸਾਬ ਪੜ੍ਹਾਉਂਦੈ। ਮੈਨੂੰ ਕਹਿੰਦੇ ਸੀ ਜੇ ਨਾ ਪੜ੍ਹਿਆ ਤਾਂ ਲੱਤਾਂ ਤੋੜ ਦੇਵਾਂਗਾ।'' ਬੇਬੇ ਨੇ ਅਕਲ ਦੇ ਘੋੜੇ ਭਜਾਏ ਪਰ ਕੋਈ ਸਿਰਾ ਨਾ ਮਿਲਿਆ ਗੱਲ ਦਾ। ਸ਼ਾਮ ਨੂੰ ਬਾਪੂ ਨਾਲ ਗੱਲ ਕੀਤੀ।
ਉਹ ਕਹਿੰਦਾ, ''ਪਿੰਡ ਮੈਣ ਦਾ ਤਾਂ ਕੋਈ ਬੰਦਾ ਨਹੀਂ ਜਾਣਦਾ ਮੈਨੂੰ।'' ਬੇਬੇ ਕਹਿੰਦੀ, ''ਚੱਲ ਛੱਡ ਪਰ੍ਹੇ ਮੁੰਡੇ ਨਾਲ ਸਕੂਲ ਵਿਚ ਜਾ ਕੇ ਮਾਸਟਰ ਨਾਲ ਗੱਲ ਕਰ ਲਈਂ। ਉਂਜ ਹੀ ਨਾ ਜੁਆਕ ਨੂੰ ਕੁੱਟ ਦੇਵੇ।'' ਮੈਂ ਬਾਪੂ ਜੀ ਦਾ ਸਕੂਲ ਵਿਚ ਜਾਣਾ ਚੰਗਾ ਨਹੀਂ ਸੀ ਸਮਝਦਾ। ਮੈਂ ਕਿਹਾ, ''ਬੇਬੇ ਪੜ੍ਹਾਈ ਵਿਚ ਤਾਂ ਮੈਂ ਉਸ ਤੋਂ ਮਾਰ ਨਹੀਂ ਖਾਂਦਾ ਤੁਸੀ ਬੇਫਿਕਰ ਰਹੋ ਜੇ ਉਂਜ ਹੀ ਕੁਟੇਗਾ ਤਾਂ ਵੇਖ ਲਉ ਫਿਰ।'' ਫਿਕਰਮੰਦ ਤਾਂ ਬੇਬੇ-ਬਾਪ ਹੋ ਗਏ ਪਰ ਮੇਰੇ ਏਨਾ ਕਹਿਣ ਤੇ ਉਨ੍ਹਾਂ ਨੂੰ ਹੌਂਸਲਾ ਜਿਹਾ ਹੋ ਗਿਆ।
ਅਗਲੇ ਦਿਨ ਐਤਵਾਰ ਸੀ। ਮੈਂ ਸਕੂਲ ਦਾ ਸਾਰਾ ਕੰਮ ਚੰਗੀ ਤਰ੍ਹਾਂ ਕਰ ਲਿਆ ਕਿ ਜੋ ਮਰਜ਼ੀ ਹੋ ਜਾਵੇ ਮਾਸਟਰ ਤੋਂ ਪੜ੍ਹਾਈ ਪਿਛੇ ਨਹੀਂ ਕੁੱਟ ਖਾਣੀ।
ਮਨ ਨੇ ਮਾਸਟਰ ਜੀ ਦਾ ਚੈਲੇਂਜ ਪ੍ਰਵਾਨ ਕਰ ਲਿਆ। ਸੋਮਵਾਰ ਸਕੂਲ ਗਏ। ਮਾਸਟਰ ਜਸਵੰਤ ਸਿੰਘ ਜੀ ਦੀ ਘੰਟੀ ਆ ਗਈ। ਮਾਸਟਰ ਜੀ ਸੁਸਤ ਜਿਹਾ ਲਗਿਆ। ਜ਼ੁਕਾਮ ਹੋਇਆ ਸੀ। ਆਉਂਦਿਆਂ ਹੀ ਕੁਰਸੀ ਉਤੇ ਬੈਠ ਗਿਆ। ਕਹਿਣ ਲੱਗਾ, ''ਪਰਸੋਂ ਵਾਲਾ ਕੰਮ ਕਰ ਲਿਆ ਸੱਭ ਨੇ, ਕਾਪੀ ਵਿਖਾਉ।'' ਮੈਂ ਅਪਣੀ ਕਾਪੀ ਵਿਖਾਈ। ਸਾਰੇ ਸਵਾਲ ਠੀਕ ਸਨ। ਮਾਸਟਰ ਜੀ ਨੇ ਸਾਬਾਸ਼ ਦਿਤੀ ਤੇ ਕਿਹਾ, ''ਇਨ੍ਹਾਂ ਨੂੰ ਤੂੰ ਅਗਲੇ ਸਵਾਲ ਕਰਾ ਦੇਹ। ਮੇਰੀ ਅੱਜ ਸਿਹਤ ਠੀਕ ਨਹੀਂ।'' ਮੈਂ ਸਾਰੀ ਕਲਾਸ ਨੂੰ ਲੱਗੇ ਸਵਾਲ ਕਰਵਾ ਦਿਤੇ। ਘੰਟੀ ਮੁੱਕ ਗਈ।
ਛੁਟੀ ਤੋਂ ਬਾਅਦ ਘਰ ਆ ਕੇ ਮਾਤਾ ਜੀ ਨੂੰ ਸਾਰੀ ਸਕੂਲ ਵਿਚ ਵਾਪਰੀ ਗੱਲ ਦੱਸੀ ਤਾਂ ਉਹ ਖ਼ੁਸ਼ ਹੋ ਗਏ ਤੇ ਸ਼ੁਕਰ ਕੀਤਾ। ਉਹ ਕਹਿਣ ਲੱਗੇ 'ਸੱਭ ਕੁੱਝ ਆਪੇ ਹੀ ਠੀਕ ਹੋ ਗਿਆ। ਉਸ ਤੋਂ ਬਾਅਦ ਸੱਭ ਕੁੱਝ ਸੁਭਾਵਕ ਹੀ ਚਲਦਾ ਰਿਹਾ। ਕਦੇ ਮੁਸ਼ਕਲ ਨਾ ਆਈ। ਮੈਂ ਸਕੂਲ ਦੀ ਹਾਕੀ ਦੀ ਟੀਮ ਵਿਚ ਵੀ ਸਾਂ, ਪੀ.ਟੀ. ਵੀ ਕਰਵਾਉਂਦਾ ਸਾਂ ਤੇ ਪੜ੍ਹਨ ਵਿਚ ਵੀ ਹੁਸ਼ਿਆਰ ਸਾਂ। ਮਾਸਟਰ ਜੀ ਵੀ ਮੈਥੋਂ ਪੂਰੇ ਖ਼ੁਸ਼ ਸਨ। ਪੱਕੇ ਪੇਪਰ ਹੋ ਗਏ ਮੈਂ ਜਮਾਤ ਵਿਚੋਂ ਦੂਜੇ ਨੰਬਰ ਉਤੇ ਆਇਆ। ਅਪ੍ਰੈਲ ਵਿਚ ਕਣਕ ਦੀ ਵਾਢੀ ਦੀਆਂ ਛੁੱਟੀਆਂ ਹੋ ਗਈਆਂ।
ਮੇਰੇ ਪਿਤਾ ਜੀ ਠੇਕੇ ਉਤੇ ਕਣਕ ਦੀ ਵਢਾਈ ਕਰਿਆ ਕਰਦੇ ਸਨ ਅਤੇ ਨਾਲ ਅਸੀ ਵੀ ਉਨ੍ਹਾਂ ਦੀ ਮਦਦ ਕਰਦੇ ਸਾਂ। ਇਕ ਦਿਨ ਮੈਂ ਹੈਰਾਨ ਹੋ ਗਿਆ ਜਦੋਂ ਮਾਸਟਰ ਜਸਵੰਤ ਸਿੰਘ ਜੀ ਮੇਰੇ ਬਾਪੂ ਜੀ ਕੋਲ ਕਣਕ ਦੀ ਵਾਢੀ ਕਰਾਉਣ ਲਈ ਆਏ। ਉਹ ਬਾਪੂ ਜੀ ਨੂੰ ਬੜੇ ਪਿਆਰ ਨਾਲ ਗਲਵਕੜੀ ਪਾ ਕੇ ਮਿਲੇ। ਉਸ ਨੂੰ ਚਾਹ ਪਾਣੀ ਛਕਾਇਆ। ਮੈਂ ਬਾਪੂ ਜੀ ਨੂੰ ਕਿਹਾ, ''ਇਹੀ ਤਾਂ ਮੈਣ ਵਾਲੇ ਮਾਸਟਰ ਜਸਵੰਤ ਸਿੰਘ ਜੀ ਹਨ।'' ਬਾਪੂ ਜੀ ਹੱਸ ਪਏ, ''ਓਏ ਇਹ ਤਾਂ ਜੱਸਾ ਹੈ ਕੌਰਜੀਵਾਲਾ ਹੈ।''
ਫਿਰ ਬਾਪੂ ਜੀ ਮਾਸਟਰ ਜੀ ਨੂੰ ਕਹਿਣ ਲੱਗੇ, ''ਇਸ ਨੇ ਤਾਂ ਇਕ ਦਿਨ ਸਾਨੂੰ ਡਰਾ ਹੀ ਦਿਤਾ ਸੀ ਕਿ ਮੈਣ ਤੋਂ ਇਕ ਮਾਸਟਰ ਆਇਐ ਕਹਿੰਦਾ ਤੇਰੀਆਂ ਲੱਤਾਂ ਤੋੜੂੰ ਜੇ ਨਾ ਪੜ੍ਹਿਆ। ਮੈਂ ਸੋਚਿਆ ਕਿ ਮੇਰੀ ਤਾਂ ਕਿਸੇ ਨਾਲ ਕੋਈ ਗੱਲਬਾਤ ਨਹੀਂ, ਉਹ ਲੱਤਾਂ ਕਿਉਂ ਤੋੜੂ। ਫਿਰ ਮੁੜ ਕੇ ਇਸ ਨੇ ਕੋਈ ਗੱਲ ਹੀ ਨਾ ਕੀਤੀ। ਅੱਜ ਪਤਾ ਲਗਿਆ ਕਿ ਮੈਣ ਦਾ ਮਾਸਟਰ ਜਸਵੰਤ ਸਿੰਘ ਤੂੰ ਹੈਂ।'' ਫਿਰ ਉਹ ਖਿੜ-ਖਿੜ ਕੇ ਹੱਸ ਪਏ। ਮਾਸਟਰ ਜੀ ਕਹਿਣ ਲੱਗੇ, ''ਸਾਧੂ ਸਿਆਂ ਮੈਂ ਤਾਂ ਅਪਣਾ ਬੱਚਾ ਸਮਝ ਕੇ ਇਸ ਨੂੰ ਦਬਕਾ ਮਾਰਿਆ ਸੀ ਕਿ ਇਹ ਚੰਗੀ ਪੜ੍ਹਾਈ ਕਰ ਲਵੇ ਤੇ ਮੇਰਾ ਵੱਡਾ ਭਰਾ ਮੈਨੂੰ ਕੱਲ ਨੂੰ ਉਲਾਂਭਾ ਨਾ ਦੇਵੇ ਕਿ ਮੇਰੇ ਹੁੰਦਿਆਂ ਬੱਚਾ ਪੜ੍ਹ ਨਾ ਸਕਿਆ।
ਇਹ ਪੜ੍ਹ ਕੇ ਨੌਕਰੀ ਲੱਗੂ ਤਾਂ ਮੈਨੂੰ ਵੀ ਤਾਂ ਖ਼ੁਸ਼ੀ ਹੀ ਹੋਊ। ਕਦੇ ਯਾਦ ਹੀ ਕਰ ਲਿਆ ਕਰੇਗਾ ਕਿ ਜੱਸੇ ਨੇ ਪੜ੍ਹਾਇਆ ਸੀ।'' ਮਾਸਟਰ ਜੀ ਦੀਆਂ ਅਪਣੱਤ ਵਾਲੀਆਂ ਗੱਲਾਂ ਸੁਣ ਕੇ ਸਾਰਾ ਪ੍ਰੀਵਾਰ ਬਹੁਤ ਖ਼ੁਸ਼ ਹੋਇਆ, ਉਸ ਨੇ ਦਸਿਆ ਕਿ ਮੈਣ ਜ਼ਮੀਨ ਖ਼ਰੀਦ ਲਈ ਸੀ। ਦੋ ਭਰਾਵਾਂ ਨੂੰ ਮੈਣ ਆ ਗਈ। ਛੋਟਾ ਭਰਾ ਕੌਰਜੀਵਾਲੇ ਰਹਿੰਦਾ ਹੈ, ਉਸ ਦੀ ਜ਼ਮੀਨ ਉਥੇ ਹੈ। ਮੇਰੇ ਮਨ ਵਿਚ ਹੁਣ ਸਾਰੇ ਸ਼ੰਕੇ ਦੂਰ ਹੋ ਚੁਕੇ ਸਨ। ਮਾਸਟਰ ਜਸਵੰਤ ਸਿੰਘ ਜੀ ਦੀ ਅਪਣੱਤ ਭਰੀ ਦੂਰ ਅੰਦੇਸ਼ੀ ਬਾਰੇ ਸੋਚ ਕੇ ਅੱਜ ਵੀ ਮੇਰਾ ਸਿਰ ਅਦਬ ਨਾਲ ਉਨ੍ਹਾਂ ਅੱਗੇ ਝੁੱਕ ਜਾਂਦਾ ਹੈ। ਸੰਪਰਕ : 97795-85081