
ਅੱਜ ਦਾ ਤਕਰੀਬਨ ਹਰ ਕੰਮ ਮਸ਼ੀਨੀਕਰਨ ਵਿਚ ਬਦਲ ਚੁੱਕਾ ਹੈ। ਕੁੱਝ ਸਾਲ ਪਹਿਲਾਂ ਕਣਕ ਦੀ ਫ਼ਸਲ ਦੀ ਕਟਾਈ ਸਾਰੇ ਪ੍ਰਵਾਰ ਹੱਥੀਂ ਦਾਤੀਆਂ ਨਾਲ ਕਰਦੇ ਸਨ।
ਜਿਉਂ-ਜਿਉਂ ਸਮਾਂ ਬਦਲ ਰਿਹਾ ਹੈ, ਤਿਉਂ-ਤਿਉਂ ਸਾਡੀ ਖੇਤੀ ਤਕਨੀਕ ਵਿਚ ਵੀ ਬਦਲਾਅ ਆ ਗਿਆ ਹੈ। ਪੰਜਾਬ ਵਿਚ ਪਿਛਲੇ ਕੁੱਝ ਦਹਾਕਿਆਂ ਤੋਂ ਸ੍ਰੀਰਕ ਜ਼ੋਰ ਨਾ ਵਰਤੇ ਜਾਣ ਵਾਲੇ ਖੇਤੀਬਾੜੀ ਦੇ ਸੰਦਾਂ ਉਤੇ ਆਧੁਨਿਕ ਮਸ਼ੀਨਰੀ ਕਾਬਜ਼ ਹੋ ਗਈ ਹੈ। ਹੱਥ-ਚੱਕੀਆਂ ਦੀ ਥਾਂ ਬਿਜਲਈ ਚੱਕੀਆਂ ਆ ਗਈਆਂ, ਬਲਦਾਂ ਦੀ ਥਾਂ ਟਰੈਕਟਰ ਆ ਗਏ ਹਨ। ਇਸੇ ਤਰ੍ਹਾਂ ਕੰਬਾਈਨਾਂ ਆ ਜਾਣ ਨਾਲ ਦਾਤੀਆਂ ਦੀ ਕਦਰ ਵੀ ਨਹੀਂ ਰਹੀ।
Punjabi Culture
ਅੱਜ ਦਾ ਤਕਰੀਬਨ ਹਰ ਕੰਮ ਮਸ਼ੀਨੀਕਰਨ ਵਿਚ ਬਦਲ ਚੁੱਕਾ ਹੈ। ਕੁੱਝ ਸਾਲ ਪਹਿਲਾਂ ਕਣਕ ਦੀ ਫ਼ਸਲ ਦੀ ਕਟਾਈ ਸਾਰੇ ਪ੍ਰਵਾਰ ਹੱਥੀਂ ਦਾਤੀਆਂ ਨਾਲ ਕਰਦੇ ਸਨ। ਵਿਸਾਖੀ ਵਾਲੇ ਦਿਨ ਕਿਸਾਨ ਕਣਕ ਦੀ ਵਾਢੀ ਦੀ ਸ਼ੁਰੂਆਤ ਦਾ ਸ਼ਗਨ ਕਰਨ ਨਾਲ ਹੁੰਦੀ ਸੀ। ਵਿਸਾਖੀ ਦੇ ਤਿਉਹਾਰ ਦਾ ਕਣਕ ਦੀ ਵਾਢੀ ਨਾਲ ਸਿੱਧਾ ਸਬੰਧ ਸੀ। ਕਣਕ ਵੱਢਣ ਵਾਸਤੇ ਬਾਬੇ ਤੋਂ ਲੈ ਕੇ ਪੋਤਰਿਆਂ ਤਕ ਅਪਣੀ-ਅਪਣੀ ਦਾਤੀ ਲੈ ਕੇ ਵਾਢੀ ਦੀ ਮੁਹਿੰਮ ਉਤੇ ਚੜ੍ਹਦੇ ਸਨ। ਬਹੁਤ ਸਾਰੀਆਂ ਤਕੜੀਆਂ ਔਰਤਾਂ ਵੀ ਹਾੜੀ ਬੰਦਿਆਂ ਦੇ ਬਰਾਬਰ ਵਢਦੀਆਂ ਸਨ।
Farming
ਹਾੜੀ ਵੱਢੂੰਗੀ ਬਰਾਬਰ ਤੇਰੇ,
ਦਾਤੀ ਨੂੰ ਲਵਾ ਦੇ ਘੁੰਗਰੂ।
ਸਾਰਾ ਪਿੰਡ ਜਿਵੇਂ ਵਾਢੀਆਂ ਲਈ ਖੇਤਾਂ ਵਲ ਨਿਕਲ ਜਾਂਦਾ ਸੀ। ਨਿੱਕੇ ਨਿੱਕੇ ਬੱਚੇ ਵੀ ਖੇਤਾਂ ਵਿਚ ਪਹੁੰਚੇ ਹੁੰਦੇ। ਕਣਕਾਂ ਦੀਆਂ ਵਾਢੀਆਂ ਵਿਚ ਕੋਈ ਵੀ ਵਿਹਲਾ ਨਹੀਂ ਸੀ ਹੁੰਦਾ। ਸਾਰੇ ਘਰ ਦੇ ਜੀਆਂ ਨੂੰ ਮਾਨਸਕ ਤੌਰ ਉਤੇ ਵਾਢੀ ਲਈ ਤਿਆਰ ਕੀਤਾ ਜਾਂਦਾ ਸੀ। ਪਿੰਡਾਂ ਵਿਚ ਰਹਿੰਦੇ ਤਰਖਾਣ ਤੇ ਲੁਹਾਰ ਵੀ ਇਸ ਦਿਨ ਲਈ ਵਿਸ਼ੇਸ਼ ਤੌਰ ’ਤੇ ਦਿਨ ਰਾਤ ਕੰਮ ਕਰ ਕੇ ਹੱਥੀਂ ਦਾਤੀਆਂ ਤਿਆਰ ਕਰਦੇ ਸਨ।
Vaisakhi Festival
ਪਿੰਡ ਦੇ ਝਿਊਰ ਖੇਤਾਂ ਵਿਚ ਪਾਣੀ ਵਰਤਾਉਂਦੇ। ਸਾਰੇ ਹੀ ਲਾਗੀ ਵਾਢੀਆਂ ਵਿਚ ਸਰਗਰਮ ਹੋ ਜਾਂਦੇ ਸਨ। ਸਾਰਾ ਦਿਨ ਵਾਢੀਆਂ ਕੀਤੀਆਂ ਜਾਂਦੀਆਂ। ਵਾਢੀਆਂ ਕਰਨ ਉਪਰੰਤ ਦਿਨ ਢਲੇ ਇਸ ਵੱਢੀ ਕਣਕ ਦੀਆਂ ਭਰੀਆਂ ਬੰਨ੍ਹੀਆਂ ਜਾਂਦੀਆਂ ਤਾਕਿ ਇਹ ਵੱਢੀ ਕਣਕ ਹਨੇਰੀ ਵਿਚ ਉੱਡ ਨਾ ਜਾਵੇ। ਲੋਕੀ ਹਨੇਰੇ ਪਿਆਂ ਘਰੀਂ ਮੁੜਦੇ ਸਨ। ਵਾਢੀ ਡਾਹਢੇ ਜ਼ੋਰ ਦਾ ਕੰਮ ਹੁੰਦਾ ਸੀ। ਪਹਿਲੇ ਸਮਿਆਂ ਵਿਚ ਘਰ ਪ੍ਰਵਾਰ ਦੇ ਸਾਰੇ ਜੀਅ ਮਿਲ ਦੇ ਕਣਕ ਦੀ ਵਾਢੀ ਕਰਦੇ ਸਨ ਪਰ ਅਜਿਹਾ ਹੁਣ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ।
Farming
ਇਸੇ ਕਰ ਕੇ ਅੱਜ ਦੇ ਸਮੇਂ ਜਿਥੇ ਆਪਸੀ ਭਾਈਚਾਰਕ ਸਾਂਝ ਖ਼ਤਮ ਹੋ ਰਹੀ ਹੈ ਉਥੇ ਮੋਹ ਦੀਆਂ ਤੰਦਾਂ ਵੀ ਫਿੱਕੀਆਂ ਪੈ ਰਹੀਆਂ ਹਨ। ਅੱਜ ਸਰਕਾਰਾਂ ਵਲੋਂ ਦਿਤੀਆਂ ਜਾ ਰਹੀਆਂ ਮੁਫ਼ਤ ਸਹੂਲਤਾਂ ਨੇ ਵੀ ਖੇਤ ਮਜ਼ਦੂਰਾਂ ਨੂੰ ਮਿੱਠਾ ਜ਼ਹਿਰ ਦੇ ਕੇ ਨਿਕੰਮੇ ਕਰ ਦਿਤਾ ਹੈ। ਜੱਟਾਂ ਦੇ ਮੁੰਡਿਆਂ ਨੂੰ ਵੀ ਚਿੱਟੇ ਕਪੜੇ ਪਾ ਕੇ ਵਿਹਲੇ ਰਹਿਣ ਦੀ ਆਦਤ ਪੈ ਗਈ ਹੈ। ਇਸ ਤੋਂ ਇਲਾਵਾ ਪਿਛਲੇ ਕੁੱਝ ਸਾਲਾਂ ਤੋਂ ਮਜ਼ਦੂਰਾਂ ਦੀ ਆ ਰਹੀ ਘਾਟ ਤੇ ਮੌਸਮ ਦੀ ਹੁੰਦੀ ਮਾਰ ਕਾਰਨ ਵੀ ਕਿਸਾਨ ਨੇ ਕਣਕ ਦੀ ਵਾਢੀ ਦਾ ਕੰਮ ਮਸ਼ੀਨਾਂ ਸਹਾਰੇ ਛੱਡ ਦਿਤਾ ਹੈ।
Farmer
ਕਿਸਾਨੀ ਹੁਣ ਮਸ਼ੀਨਾਂ ਨਾਲ ਜੁੜ ਗਈ ਹੈ। ਇਸੇ ਕਰ ਕੇ ਹੁਣ ਕੋਈ ਵੀ ਦਾਤੀਆਂ ਨਾਲ ਵਾਢੀ ਨਹੀਂ ਕਰਦਾ। ਹੁਣ ਦਾਤੀਆਂ ਦੀ ਜਗ੍ਹਾ ਕੰਬਾਈਨਾਂ ਨੇ ਲੈ ਲਈ ਹੈ। ਕਣਕ ਦੀ ਵਾਢੀ ਹੁਣ ਕੰਬਾਈਨਾਂ ਕਰਦੀਆਂ ਹਨ। ਕਣਕ ਜਦ ਪੱਕ ਜਾਂਦੀ ਹੈ ਤਾਂ ਕੰਬਾਈਨ ਨਾਲ ਦਾਣੇ ਕਢਵਾ ਕੇ ਸਿੱਧੇ ਮੰਡੀ ਭੇਜ ਦਿਤੇ ਜਾਂਦੇ ਹਨ। ਦਾਤੀਆਂ ਹਾਲੇ ਵੀ ਕਿਸੇ-ਕਿਸੇ ਘਰ ਤੂੜੀ ਵਾਲੇ ਕੋਠਿਆਂ ਵਿਚ ਪਈਆਂ ਮਿਲ ਜਾਂਦੀਆਂ ਹਨ ਪਰ ਅੱਜ ਇਨ੍ਹਾਂ ਦੀ ਵਰਤੋਂ ਨਾਂ-ਮਾਤਰ ਹੀ ਹੁੰਦੀ ਹੈ। ਬਾਕੀ ਸੰਦਾਂ ਵਾਂਗ ਦਾਤੀ ਵੀ ਹੁਣ ਅਲੋਪ ਹੁੰਦੀ ਜਾ ਰਹੀ ਹੈ।
ਤਸਵਿੰਦਰ ਸਿੰਘ ਵੜੈਚ
ਸੰਪਰਕ : 98763-22677