
ਸ. ਕਰਮ ਸਿੰਘ ਹਿਸਟੋਰੀਅਨ ਦੀ ਪੁਸਤਕ 'ਕੱਤਕ ਕਿ ਵਿਸਾਖ' ਵਿਚ ਦਿਤੇ ਟੇਵੇ ਉਤੇ ਵਿਚਾਰ
ਪਿਛਲੇ 100 ਸਾਲਾਂ ਵਿਚ ਬਾਬਾ ਨਾਨਕ ਸਾਹਿਬ ਦੀ ਜਨਮ ਤਾਰੀਖ਼ ਬਾਰੇ ਏਨਾ ਕੁੱਝ ਲਿਖਿਆ ਜਾ ਚੁੱਕਾ ਹੈ ਕਿ ਹੋਰ ਕੁੱਝ ਲਿਖਣਾ ਸ਼ਾਇਦ ਵਾਲ ਦੀ ਖੱਲ ਲਾਹੁਣੀ ਸਮਝਿਆ ਜਾਵੇ। ਪਰ ਇਕ ਅਜਿਹਾ ਦ੍ਰਿਸ਼ਟੀਕੋਣ ਹੈ ਜਿਸ ਤੋਂ ਅਜੇ ਤਕ ਇਸ ਵਿਸ਼ੇ ਨੂੰ ਕਿਸੇ ਨੇ ਛੋਹਿਆ ਤਕ ਨਹੀਂ। ਇਸ ਪੇਪਰ ਵਿਚ ਅਸੀ ਇਸ ਨਵੇਂ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਨ ਦਾ ਯਤਨ ਕਰਾਂਗੇ। ਇਸ ਤੋਂ ਪਹਿਲਾਂ ਕਿ ਇਹ ਦ੍ਰਿਸ਼ਟੀਕੋਣ ਪੇਸ਼ ਕੀਤਾ ਜਾਵੇ ਅੱਜ ਤਕ ਜੋ ਵਿਚਾਰ ਇਸ ਸੰਧਰਭ ਵਿਚ ਆਏ ਹਨ, ਉਨ੍ਹਾਂ ਦਾ ਸਾਰੰਸ਼ ਦੇਣਾ ਅਨਉਚਿਤ ਨਹੀਂ ਹੋਵੇਗਾ।
ਪਹਿਲਾ ਪੱਖ : ਇਹ ਪੱਖ ਪੁਰਾਣੀਆਂ ਜਨਮ ਸਾਖੀਆਂ ਦੇ ਹਵਾਲੇ ਰਾਹੀਂ ਕੱਤਕ ਸੁਦੀ ਪੂਰਨਮਾਸ਼ੀ 1526 ਬਿਕਰਮੀ ਪ੍ਰਕਾਸ਼ ਦਿਵਸ ਮੰਨਣ ਵਾਲਿਆਂ ਦਾ ਹੈ। ਪੁਰਾਣੇ ਸੋਮਿਆਂ ਵਿਚ ਬਾਬਾ ਨਾਨਕ ਜੀ ਦੀ ਉਮਰ 70 ਸਾਲ, 5 ਮਹੀਨੇ ਤੇ 7 ਦਿਨ ਲਿਖੀ ਹੋਈ ਹੈ ਤੇ ਉਨ੍ਹਾਂ ਦੇ ਜੋਤੀ-ਜੋਤ ਸਮਾਉਣ ਦੀ ਤਾਰੀਖ਼ ਅੱਸੂ ਵਦੀ 10, 1596 ਬਿ. ਮਿਲਦੀ ਹੈ। ਇਸ ਪੱਖ ਦੇ ਵਿਚਾਰਵਾਨ ਜੋਤੀ-ਜੋਤ ਸਮਾਉਣ ਦੀ ਤਾਰੀਖ਼ ਤੇ ਪ੍ਰਕਾਸ਼ ਦੀਆਂ ਤਾਰੀਖ਼ਾਂ ਨੂੰ ਤਾਂ ਸਹੀ ਮੰਨਦੇ ਹਨ ਪਰ ਉਮਰ 70 ਸਾਲ, 5 ਮਹੀਨੇ ਤੇ 7 ਦਿਨ ਨੂੰ ਠੀਕ ਨਹੀਂ ਮੰਨਦੇ ਕਿਉਂਕਿ ਕੱਤਕ ਸੁਦੀ ਪੂਰਨਮਾਸ਼ੀ, 1526 ਬਿ: ਤੋਂ ਅੱਸੂ ਵਦੀ 10, 1596 ਬਿ: ਤਕ ਸਮਾਂ 70 ਸਾਲ ਤੋਂ ਘੱਟ ਬਣਦਾ ਹੈ।
Nankana Sahib
ਪ੍ਰਕਾਸ਼ ਮਿਤੀ : ਕੱਤਕ ਸੁਦੀ ਪੂਰਨਮਾਸ਼ੀ, 1526 ਬਿ: =20 ਅਕਤੂਬਰ, 1469 ਸ.ਸ. (ਸਾਂਝਾ ਸਾਲ) =21 ਕੱਤਕ, 1526 ਬਿਕ੍ਰਮੀ ਸੂਰਜੀ (ਸੰਗ੍ਰਾਂਦੀਂ) = ਸ਼ੁਕਰਵਾਰ
ਜੋਤੀ-ਜੋਤ ਸਮਾਉਣ ਦੀ ਮਿਤੀ : ਅੱਸੂ ਵਦੀ 10, 1596 ਬਿ: =7 ਸਤੰਬਰ, 1539 ਸ.ਸ. =9 ਅੱਸੂ, 1596 ਬਿ: ਸੂਰਜੀ = ਐਤਵਾਰ।
ਬਾਬਾ ਜੀ ਦੀ ਉਮਰ : (ੳ) ਕੱਤਕ ਸੁਦੀ ਪੂਰਨਮਾਸ਼ੀ, 1526 ਬਿ: ਤੋਂ ਅੱਸੂ ਵਦੀ 10, 1596 ਬਿ: ਤਕ =69 ਸਾਲ, 10 ਮਹੀਨੇ, 10 ਦਿਨ (ਚੰਦ੍ਰਸਾਲ ਅਨੁਸਾਰ)
(ਅ) 21 ਕੱਤਕ, 1536 ਬਿ: ਤੋਂ 8 ਅੱਸੂ, 1596 ਬਿ: ਤਕ =69 ਸਾਲ 10 ਮਹੀਨੇ, 19 ਦਿਨ (ਸੂਰਜੀ ਸਾਲ ਅਨੁਸਾਰ)
(ੲ) 20 ਅਕਤੂਬਰ, 1469 ਸ.ਸ. ਤੋਂ 7 ਸਤੰਬਰ, 1539 ਸ.ਸ. ਤਕ= 69 ਸਾਲ, 10 ਮਹੀਨੇ, 18 ਦਿਨ
Photo
ਦੂਜਾ ਪੱਖ : ਆਧੁਨਿਕ ਖੋਜਕਾਰਾਂ ਦਾ ਵਿਚਾਰ ਹੈ ਕਿ ਬਾਬਾ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ਼ ਅੱਸੂ ਸੁਦੀ 10, 1596 ਬਿ: ਹੈ। ਇਹ ਤਾਰੀਖ਼ ਪਹਿਲੇ ਪੱਖ ਵਾਲਿਆਂ ਨਾਲੋਂ 15 ਦਿਨ ਬਾਅਦ ਦੀ ਹੈ ਕਿਉਂਕਿ ਉੱਤਰੀ ਭਾਰਤ ਵਿਚ ਪ੍ਰਚੱਲਤ ਚੰਦ੍ਰਮਾਸ ਵਿਚ ਸੁਦੀ ਦਾ ਪੱਖ (ਚਾਨਣਾ ਪੱਖ), ਵਦੀ ਪੱਖ (ਹਨੇਰਾ ਪੱਖ) ਤੋਂ ਪਿੱਛੋਂ ਆਉਂਦਾ ਹੈ। ਇਸ ਵਿਚਾਰ ਵਾਲੇ ਬਾਬਾ ਜੀ ਦੀ ਉਮਰ 70, ਸਾਲ, 5 ਮਹੀਨੇ ਅਤੇ 7 ਦਿਨ ਮੰਨਦੇ ਹਨ। ਆਯੂ ਨੂੰ ਜੋਤੀ-ਜੋਤ ਦੀ ਤਾਰੀਖ਼ (ਚੰਦ੍ਰਮਾਸ ਅਨੁਸਾਰ) ਵਿਚੋਂ ਘਟਾ ਕੇ ਬਾਬਾ ਜੀ ਦੀ ਜਨਮ ਤਾਰੀਖ਼ ਵੈਸਾਖ ਸੁਦੀ 3, 1526 ਬਿ: ਬਣਾ ਲੈਂਦੇ ਹਨ।
ਹੁਣ ਇਨ੍ਹਾਂ ਚੰਦ੍ਰਮਾਸੀ ਤਾਰੀਖ਼ਾਂ ਨੂੰ ਵੀ ਬਿ: (ਸੂਰਜੀ) ਤੇ ਸ.ਸ. ਦੀਆਂ ਤਾਰੀਖ਼ਾਂ ਵਿਚ ਬਦਲੀਏ: ਪ੍ਰਕਾਸ਼ ਮਿਤੀ- ਵੈਸਾਖ ਸੁਦੀ 3, 1526 ਬਿ: =15 ਅਪ੍ਰੈਲ, 1469 ਸ.ਸ. =20 ਵੈਸਾਖ, 1526 ਬਿ: (ਸੂਰਜੀ) =ਸਨਿਚਰਵਾਰ।
ਜੋਤੀ ਜੋਤ ਸਮਾਉਣ ਦੀ ਮਿਤੀ- ਅੱਸੂ ਸੁਦੀ 10, 1596 ਬਿ: =22 ਸਤੰਬਰ, 1539 ਸ:ਸ: =23 ਅੱਸੂ, 1596 ਬਿ: (ਸੂਰਜੀ) =ਸੋਮਵਾਰ।
ਬਾਬਾ ਜੀ ਦੀ ਉਮਰ (ਸ) ਵੈਸਾਖ ਸੁਦੀ 3, 1526 ਬਿ: ਤੋਂ ਅੱਸੂ ਸੁਦੀ 10, 1596 ਬਿ: ਤਕ =70 ਸਾਲ, 5 ਮਹੀਨੇ, 7 ਦਿਨ।
(ਹ) 20 ਵੈਸਾਖ, 1526 ਬਿ: ਤੋਂ 23 ਅੱਸੂ, 1596 ਬਿ: ਤਕ =70 ਸਾਲ, 5 ਮਹੀਨੇ, 3 ਦਿਨ।
(ਕ) 15 ਅਪ੍ਰੈਲ, 1469 ਸ.ਸ. ਤੋਂ 22 ਸਤੰਬਰ, 1539 ਸ.ਸ. ਤਕ =70 ਸਾਲ, 5 ਮਹੀਨੇ, 7 ਦਿਨ।
(ੳ) ਤੇ (ਸ) ਦੀਆਂ ਤਾਰੀਖ਼ਾਂ ਬਿਕ੍ਰਮੀ ਸੰਮਤ ਦੇ ਚੰਦ੍ਰਮਾਂ ਦੇ ਸੁਦੀ ਤੇ ਵਦੀ ਦੇ ਪੱਖ ਅਨੁਸਾਰ ਹਨ।
(ਅ) ਤੇ (ਹ) ਦੀਆਂ ਤਾਰੀਖ਼ਾਂ ਉਸੀ ਸੰਮਤ ਦੇ ਸੂਰਜੀ (ਸੰਗ੍ਰਾਂਦੀਂ) ਮਹੀਨਿਆਂ ਅਨੁਸਾਰ ਹਨ।
ਉੱਤਰੀ ਭਾਰਤ ਵਿਚ ਚੰਦ੍ਰਮਾਸ ਵਦੀ ਏਕਮ ਨਾਲ ਅਰੰਭ ਹੁੰਦਾ ਹੈ ਜੋ ਕਿ ਆਮ ਤੌਰ ਉਤੇ ਪਿਛਲੇ ਮਹੀਨੇ ਦੀ ਪੂਰਨਮਾਸ਼ੀ ਤੋਂ ਅਗਲੇ ਦਿਨ ਹੁੰਦੀ ਹੈ ਅਤੇ ਪੂਰਨਮਾਸ਼ੀ ਵਾਲੇ ਦਿਨ ਮਹੀਨਾ ਪੂਰਾ ਹੁੰਦਾ ਹੈ। ਸੂਰਜੀ ਮਹੀਨੇ ਸੰਗ੍ਰਾਂਦ ਤੋਂ ਸ਼ੁਰੂ ਹੁੰਦੇ ਹਨ। ਸਾਧਾਰਣ ਚੰਦ੍ਰ ਸਾਲ ਸੂਰਜੀ ਸਾਲ ਤੋਂ 11 ਦਿਨ ਛੋਟਾ ਹੈ। ਇਸ ਲਈ ਚੰਦ੍ਰ ਸਾਲ ਦਾ ਸੂਰਜੀ ਸਾਲ ਨਾਲ ਮੇਲ ਰੱਖਣ ਲਈ ਹਰ ਤੀਜੇ ਜਾਂ ਚੌਥੇ ਸਾਲ ਚੰਦ੍ਰ ਸਾਲ ਵਿਚ 1 ਮਹੀਨਾ ਵਧਾ ਦਿਤਾ ਜਾਂਦਾ ਹੈ। ਇਸ ਤਰ੍ਹਾਂ ਇਸ ਸਾਲ ਵਿਚ 13 ਮਹੀਨੇ ਹੋ ਜਾਂਦੇ ਹਨ ਤੇ ਇਕੋ ਨਾਂ ਦੇ 2 ਮਹੀਨੇ ਹੁੰਦੇ ਹਨ।
Karam Singh Historian
ਵਾਧੂ ਮਹੀਨੇ ਨੂੰ ਮਲਮਾਸ ਜਾਂ ਲੌਂਦ ਦਾ ਮਹੀਨਾ ਆਖਿਆ ਜਾਂਦਾ ਹੈ। 19 ਸਾਲਾਂ ਵਿਚ 7 ਮਲਮਾਸ ਹੰਦੇ ਹਨ ਕਿਉਂਕਿ ਚੰਦ੍ਰਮਾਸ ਦੇ ਮਹੀਨੇ 29 ਜਾਂ 30 ਦਿਨ ਦੇ ਹੁੰਦੇ ਹਨ ਅਤੇ ਸੂਰਜੀ ਬਿਕ੍ਰਮੀ ਮਹੀਨੇ 29, 30, 31, ਜਾਂ 32 ਦਿਨ ਦੇ ਕਿਉਂਕਿ ਚੰਦ੍ਰਮਾਸਾਂ ਵਿਚ ਲੌਂਦ ਦੇ ਮਹੀਨੇ ਆ ਜਾਂਦੇ ਹਨ, ਇਸ ਕਰ ਕੇ ਉਮਰ ਦਾ ਗਣਿਤ ਦੋਹਾਂ (ਸੂਰਜੀ ਤੇ ਚੰਦ੍ਰੀ) ਕੈਲੰਡਰਾਂ ਅਨੁਸਾਰ ਕਰਨ ਨਾਲ ਕਦੇ ਮੇਲ ਨਹੀਂ ਖਾਵੇਗਾ, ਜਿਵੇਂ ਕਿ (ੳ) ਦੀ (ਅ) ਨਾਲ, ਅਤੇ (ਸ) ਦੀ (ਹ) ਨਾਲ ਤੁਲਨਾ ਕੀਤਿਆਂ ਸਪੱਸ਼ਟ ਹੁੰਦਾ ਹੈ। ਜੇ ਉਮਰ ਦੇ ਨਾਲ ਇਹ ਨਹੀਂ ਦਸਿਆ ਜਾਂਦਾ ਕਿ ਉਮਰ ਕਿਸ ਕੈਲੰਡਰ ਅਨੁਸਾਰ ਹੈ ਤਾਂ ਪਾਠਕ ਗ਼ਲਤ ਸਿੱਟੇ ਉਤੇ ਪਹੁੰਚ ਸਕਦੇ ਹਨ। ਹੇਠ ਲਿਖੀ ਉਦਾਹਰਣ ਇਸ ਨੂੰ ਹੋਰ ਵੀ ਸਪੱਸ਼ਟ ਕਰ ਦੇਵੇਗੀ:-
(ਖ) ਚੇਤ ਸੁਦੀ 1, 2049 ਬਿ: 22 ਚੇਤ ਨੂੰ ਸੀ।
(ਗ) ਚੇਤ ਸੁਦੀ 1, 2050 ਬਿ: 11 ਚੇਤ ਨੂੰ ਸੀ।
(ਘ) ਚੇਤ ਸੁਦੀ 1, 2051 ਬਿ: 29 ਚੇਤ ਨੂੰ ਸੀ।
ਭਾਵੇਂ (ਖ) ਤੇ (ਗ) ਵਿਚ ਅਤੇ (ਗ) ਤੇ (ਘ) ਵਿਚ ਚੰਦ੍ਰਸਾਲ ਅਨੁਸਾਰ ਪੂਰੇ 1 ਸਾਲ ਦਾ ਫ਼ਰਕ ਹੈ ਪਰ ਪਹਿਲੀ ਹਾਲਤ ਵਿਚ ਸੰਗ੍ਰਾਂਦਾਂ ਮੁਤਾਬਕ 1 ਸਾਲ ਤੋਂ 11 ਦਿਨ ਘੱਟ ਹਨ ਤੇ ਦੂਜੀ ਵਿਚ 1 ਸਾਲ ਤੋਂ 18 ਦਿਨ ਵੱਧ। (ਖ) ਤੇ (ਘ) ਵਿਚ ਚੰਦ੍ਰਸਾਲ ਅਨੁਸਾਰ ਪੂਰੇ 2 ਸਾਲ ਹਨ ਪਰ ਸੰਗ੍ਰਾਂਦਾਂ ਮੁਤਾਬਕ 2 ਸਾਲ ਤੇ 7 ਦਿਨ।
ਵੈਸਾਖ ਸੁਦੀ 3 ਦਾ ਪੱਖ ਪੂਰਨ ਵਾਲਿਆਂ ਨੂੰ ਚੇਤੇ ਰਖਣਾ ਚਾਹੀਦਾ ਹੈ ਕਿ ਇਹ ਚੰਦ੍ਰ-ਸੂਰਜੀ ਸੰਮਤ ਦੁਆਰਾ ਗਣਿਤ ਕੀਤੀ ਹੋਈ ਤਾਰੀਖ਼ ਹੈ।
ਉਨ੍ਹਾਂ ਵਲੋਂ ਪ੍ਰਵਾਣਿਤ ਜੋਤੀ-ਜੋਤ ਸਮਾਉਣ ਦੀ ਤਾਰੀਖ਼ ਅੱਸੂ ਸੁਦੀ 10, 1596 ਬਿ: ਵਿਚੋਂ 70 ਸਾਲ, 5 ਮਹੀਨੇ, 7 ਦਿਨ ਘਟਾ ਕੇ। ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਇਸ ਦੀ ਗਣਿਤ ਭਾਈ ਮਨੀ ਸਿੰਘ ਨੇ ਕੀਤੀ ਸੀ ਜਾਂ ਹੋਰ ਕਿਸੇ ਪ੍ਰਾਚੀਨ ਲਿਖਾਰੀ ਨੇ। ਇਸ ਤੋਂ ਪਹਿਲਾਂ ਕਿ ਅਸੀ ਇਨ੍ਹਾਂ ਦੋਹਾਂ ਵਿਚਾਰਧਾਰਾਂ ਤੋਂ ਵਖਰੀ ਤੇ ਵਿਲੱਖਣਤਾ ਵਾਲੀ ਤਾਰੀਖ਼ ਪੇਸ਼ ਕਰੀਏ, ਗਿ. ਈਸ਼ਰ ਸਿੰਘ ਨਾਰ੍ਹਾ ਵਲੋਂ ਜਿਸ ਟੇਵੇ ਨੂੰ ਅਪਣੀ ਪੁਸਤਕ ‘ਵੈਸਾਖ ਨਹੀਂ ਕੱਤਕ’ ਵਿਚ ਸਹੀ ਸਾਬਤ ਕਰਨ ਦਾ ਯਤਨ ਕੀਤਾ ਗਿਆ ਸੀ, ਉਸ ਵਿਚ ਕੁੱਝ ਸ੍ਵੈ-ਵਿਰੋਧੀ ਤੱਥਾਂ ਉਤੇ ਵਿਚਾਰ ਕਰੀਏ:-
(1) ਟੇਵੇ ਵਿਚ ਕੱਤਕ ਪੂਰਨਮਾਸ਼ੀ 9 ਮੱਘਰ, 1526 ਬਿ: ਨੂੰ ਵਿਖਾਈ ਗਈ ਹੈ। ਪਰ ਕੱਤਕ ਸੁਦੀ ਪੂਰਨਮਾਸ਼ੀ, 1526 ਬਿ: 21 ਕੱਤਕ, 20 ਅਕਤੂਬਰ, 1469 ਸ.ਸ., ਸ਼ੁਕਰਵਾਰ ਨੂੰ ਸੀ। ਕੱਤਕ ਪੂਰਨਮਾਸ਼ੀ ਤੋਂ ਅਗਲੀ ਪੂਰਨਮਾਸ਼ੀ 19 ਨਵੰਬਰ, 1469 ਸ.ਸ., 22 ਮੱਘਰ ਐਤਵਾਰ ਨੂੰ ਸੀ। ਇਹ ਪੂਰਨਮਾਸ਼ੀ ਮੱਘਰ ਸੁਦੀ 15 ਸੀ, ਨਾ ਕਿ ਕੱਤਕ ਸੁਦੀ 15। ਦਰਅਸਲ 9 ਮੱਘਰ ਨੂੰ ਮੱਘਰ ਸੁਦੀ ਦੂਜ ਸੀ।
(2) ਟੇਵੇ ਵਿਚ ਦਿਤਾ ਦਿਨ ਵੀਰਵਾਰ ਹੈ। ਇਹ ਵੀ ਗ਼ਲਤ ਹੈ। ਕੱਤਕ ਪੂਰਨਮਾਸ਼ੀ ਨੂੰ ਸ਼ੁਕਰਵਾਰ ਸੀ। ਵੀਰਵਾਰ 9 ਮੱਘਰ ਨੂੰ ਵੀ ਨਹੀਂ ਸੀ ਬਲਕਿ ਉਸ ਮਿਤੀ ਨੂੰ ਸੋਮਵਾਰ ਸੀ। ਸੂਰਜ ਚੰਦ੍ਰਮਾ ਨੂੰ ਜ਼ਰੂਰ ਪੂਰਨਮਾਸ਼ੀ ਦੀ ਸਥਿਤੀ ਵਿਚ ਵਿਖਾਇਆ ਹੈ ਪਰ ਸਾਰੇ ਗ੍ਰਹਿਆਂ ਦੀਆਂ ਰਾਸ਼ੀਆਂ ਗ਼ਲਤ ਹਨ। ਰਾਹੂ ਦੀ ਥਾਂ ਕੇਤੂ ਤੇ ਕੇਤੂ ਦੀ ਥਾਂ ਰਾਹੂ ਹੈ।
Kattak-ke-Vaisakh
(3) ਗਿ. ਜੀ ਨੇ ਇਸ ਗੱਲ ਉਤੇ ਬੜਾ ਜ਼ੋਰ ਦਿਤਾ ਹੈ ਕਿ 500 ਸਾਲ ਬਾਅਦ 2026 ਬਿ: ਨੂੰ ਪੂਰਨਮਾਸੀ ਫਿਰ 9 ਮੱਘਰ ਨੂੰ ਵਾਪਰੀ ਤੇ ਇਸ ਨੂੰ ਬਾਬਾ ਜੀ ਦਾ ਕ੍ਰਿਸ਼ਮਾ ਦਸਿਆ ਹੈ। ਇਹ ਠੀਕ ਹੈ ਕਿ 2026 ਬਿ: ਕੱਤਕ ਪੂਰਨਮਾਸ਼ੀ 9 ਮੱਘਰ ਮੁਤਾਬਕ 23 ਨਵੰਬਰ, 1969 ਸ.ਸ. ਨੂੰ ਹੀ ਸੀ। ਪਰ ਬੜੀ ਸਰਲ ਗਣਿਤ ਨਾਲ ਸਿੱਧ ਕੀਤਾ ਜਾ ਸਕਦਾ ਹੈ ਕਿ 500 ਸਾਲ ਪਹਿਲਾਂ ਬਿ: ਸੂਰਜੀ ਕੈਲੰਡਰ ਅਨੁਸਾਰ ਉਹੀ ਤਿੱਥ ਉਸੇ ਮਹੀਨੇ ਦੀ ਉਸੇ ਤਾਰੀਖ਼ ਨੂੰ ਨਹੀਂ ਹੋ ਸਕਦੀ। ਔਸਤ ਗਣਿਤ ਨਾਲ ਜੋ ਤਿਥੀ ਸੂਰਜ ਸਿਧਾਂਤ ਅਨੁਸਾਰ ਕਿਸੇ ਵੀ ਮਹੀਨੇ ਦੀ ਕਿਸੇ ਤਾਰੀਖ਼ (ਪ੍ਰਵਿਸ਼ਟੇ) ਨੂੰ ਹੋਏਗੀ, 500 ਸਾਲ ਪਹਿਲਾਂ ਉਸੇ ਮਹੀਨੇ ਦੇ ਉਸੇ ਪ੍ਰਵਿਸ਼ਟੇ ਨੂੰ ਉਸ ਤੋਂ 12 ਤਿੱਥੀਆਂ ਪਹਿਲਾਂ ਦੀ ਤਿਥ ਹੋਏਗੀ। ਹੁਣ, 9 ਮੱਘਰ, 2026 ਬਿ: ਨੂੰ ਪੂਰਨਮਾਸ਼ੀ ਸੀ, ਇਸ ਲਈ 500 ਸਾਲ ਪਹਿਲਾਂ 9 ਮੱਘਰ ਨੂੰ ਪੂਰਨਮਾਸ਼ੀ ਤੋਂ 12 ਤਿੱਥਾਂ ਪਹਿਲਾਂ ਸੁਦੀ ਤੀਜ ਹੋਵੇਗੀ।
ਲੇਖਿਕ ਕ੍ਰਿਤ 500 ਸਾਲਾ ਜੰਤਰੀ ਵਿਚੋਂ ਵੇਖਿਆ ਜਾ ਸਕਦਾ ਹੈ ਕਿ 9 ਮੱਘਰ 1526 ਬਿ: ਨੂੰ ਮੱਘਰ ਸੁਦੀ 2, ਸੋਮਵਾਰ ਸੀ। ਉਪ੍ਰੋਕਤ ਗਣਿਤ ਤੋਂ 1 ਤਿੱਥ ਦਾ ਫ਼ਰਕ ਇਸ ਕਰ ਕੇ ਹੈ ਕਿ ਇਥੇ ਦਿਤੀ ਗਣਿਤ ਔਸਤ ਤੇ ਸਥੂਲ ਗਣਿਤ ਹੈ। ਸੂਖ਼ਸ਼ਮ ਗਣਿਤ ਨਾਲੋਂ 1 ਤਿੱਥ ਦਾ ਫ਼ਰਕ ਹੋ ਸਕਦਾ ਹੈ।
(4) ਟੇਵੇ ਵਿਚ ਦਿਤੇ ਗ੍ਰਹਿ ਰਾਹੂ, ਕੇਤੂ, ਸ਼ਨੀ, ਬ੍ਰਹਸਪਤਿ, ਬੁਧ ਤੇ ਸ਼ੁਕਰ ਸੱਭ ਗ਼ਲਤ ਸਥਾਨਾਂ ’ਤੇ ਹਨ।
5) ਦੋਹਾਂ ਪੱਖਾਂ ਦੇ ਵਿਚਾਰਵਾਨ ਇਸ ਤੇ ਸਹਿਮਤ ਹਨ ਕਿ ਬਾਬਾ ਜੀ ਦਾ ਜਨਮ ਅੱਧੀ ਰਾਤ ਤੋਂ ਬਾਅਦ ਦਾ ਹੈ। ਪਰ ਟੇਵੇ ਵਿਚ ਦਿਤਾ ਜਨਮ ਦਾ ਸਮਾਂ 41 ਘੜੀ 18 ਪਲ ਅੱਧੀ ਰਾਤ ਤੋਂ ਪਹਿਲਾਂ ਦਾ ਬਣਦਾ ਹੈ। ਇਹ ਵੀ ਗ਼ਲਤ ਹੈ।
ਅਸੀ ਬੜੇ ਭਰੋਸੇ ਨਾਲ ਕਹਿ ਸਕਦੇ ਹਾਂ ਕਿ ਜਾਂ ਤਾਂ ਇਹ ਟੇਵਾ ਕਿਸੇ ਪੰਡਿਤ ਦਾ ਨਹੀਂ ਬਣਾਇਆ ਹੋਇਆ ਤੇ ਜਾਂ ਫਿਰ ਉਸ ਪੰਡਿਤ ਨੂੰ ਪਤਾ ਹੀ ਨਹੀਂ ਸੀ ਕਿ ਟੇਵੇ ਕੀ ਹੁੰਦੇ ਹਨ।
ਸ. ਕਰਮ ਸਿੰਘ ਹਿਸਟੋਰੀਅਨ ਦੀ ਪੁਸਤਕ ‘ਕੱਤਕ ਕਿ ਵਿਸਾਖ’ ਵਿਚ ਦਿਤੇ ਟੇਵੇ ਉਤੇ ਵਿਚਾਰ : ਹਿਸਟੋਰੀਅਨ ਕਰਮ ਸਿੰਘ ਲਿਖਦੇ ਹਨ, ‘‘ਟੇਵੇ ਦੀ 8 ਵਿਸਾਖ ਬੁਧਵਾਰ ਦੀ ਲਿਖਤ ਅਸ਼ੁੱਧ ਹੈ। ਪਰ ਜਦ ਸੰਮਤ 1527 ਦੀ ਵਿਸਾਖ ਸੁਦੀ 3 ਤੋਂ ਹਿਸਾਬ ਕਰੀਦਾ ਹੈ ਤਾਂ ਇਸ ਸਾਲ ਵਿਸਾਖ ਸੁਦੀ 3 ਬੁਧਵਾਰ 8 ਵਿਸਾਖ ਹੀ ਬਣਦੀ ਹੈ, ਇਸ ਤੋਂ ਮਲੂਮ ਹੁੰਦਾ ਹੈ ਕਿ ਟੇਵਾ ਬਣਾਉਣ ਵਾਲੇ ਨੇ ਇਕ ਸਾਲ ਦਾ ਭੁਲੇਖਾ ਖਾਧਾ ਹੈ। ਮਾਲੂਮ ਹੁੰਦਾ ਹੈ ਕਿ ਟੇਵਾ ਬਣਾਉਣ ਵਾਲੇ ਨੇ 1526 ਨੂੰ ਗਤ ਮੰਨ ਕੇ ਉਸ ਦਾ 1527 ਵਰਤਮਾਨ ਕਰ ਦਿਤਾ ਤੇ ਫਿਰ ਭੁੱਲ ਕੇ ਸੰਮਤ 1527 ਵਰਤਮਾਨ ਦਾ ਟੇਵਾ ਬਣਾਉਣ ਦੀ ਥਾਂ ਸੰਮਤ 1527 ਗਤ ਦਾ ਟੇਵਾ ਬਣਾ ਦਿਤਾ ਜਿਸ ਨਾਲ ਟੇਵੇ ਵਿਚ ਪੂਰੇ ਇਕ ਸਾਲ ਦਾ ਫ਼ਰਕ ਪੈ ਗਿਆ।’’
ਸ. ਕਰਮ ਸਿੰਘ ਦੇ ਉਪ੍ਰੋਕਤ ਵਿਚਾਰ ਤੋਂ ਸਪੱਸ਼ਟ ਹੈ ਕਿ ਉਹ ਇਸ ਟੇਵੇ ਨੂੰ ਵਿਸਾਖ ਸੁਦੀ 3 ਦਾ ਮੰਨਦੇ ਹਨ। ਉਨ੍ਹਾਂ ਨੂੰ ਵੀ ਟੇਵਿਆਂ ਬਾਰੇ ਇਲਮ ਨਹੀਂ ਸੀ, ਨਹੀਂ ਤਾਂ ਉਹ ਇਸ ਟੇਵੇ ਨੂੰ ਵਿਸਾਖ ਸੁਦੀ ਤੀਜ ਦੀ ਪੁਸ਼ਟੀ ਲਈ ਕਦਾਚਿਤ ਨਾ ਵਰਤਦੇ। ਇਹ ਟੇਵਾ ਵਦੀ ਤੀਜ ਦਾ ਤਾਂ ਹੋ ਸਕਦਾ ਹੈ ਪਰ ਸੁਦੀ ਤੀਜ ਦਾ ਬਿਲਕੁਲ ਨਹੀਂ। ਇਹ ਗੱਲ ਚੰਦ੍ਰਮਾ ਤੇ ਸੂਰਜ ਦੀਆਂ ਟੇਵੇ ਵਿਚ ਸਥਿਤੀਆਂ ਤੋਂ ਸਪੱਸ਼ਟ ਹੈ। ਇਹ ਟੇਵਾ ਕੁੱਝ ਦਸਦਾ ਵੀ ਹੈ ਤਾਂ ਉਹ ਕੇਵਲ ਇਹ ਹੈ ਕਿ ਕਿਸੇ ਨੇ ਬਾਬਾ ਜੀ ਦੇ ਜੋਤੀ ਜੋਤ ਸਮਾਉਣ ਦੀ ਮਿਤੀ ਅੱਸੂ ਵਦੀ 10, 1596 ਬਿ: ਵਿਚੋਂ 70 ਸਾਲ 5 ਮਹੀਨੇ 7 ਦਿਨ ਘਟਾ ਕੇ ਵੈਸਾਖ ਵਦੀ 3 ਦਾ ਟੇਵਾ ਬਣਾਉਣ ਦਾ ਯਤਨ ਕੀਤਾ ਹੈ, ਨਾਕਿ ਸੁਦੀ 3 ਦਾ।
ਇਸ ਨਾਲ ਘੱਟੋ-ਘੱਟ ਇਕ ਹੋਰ ਸੋਮੇ ਤੋਂ ਬਾਬਾ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ਼ ਵਦੀ 10 ਹੋਣ ਦੀ ਪ੍ਰੋੜਤਾ ਹੋ ਜਾਂਦੀ ਹੈ। ਅਚੰਭੇ ਵਾਲੀ ਗੱਲ ਇਹ ਹੈ ਕਿ ਬਾਬਾ ਜੀ ਦੀ ਜੋਤੀ ਜੋਤ ਸਮਾਉਣ ਦੀ ਜਿਸ ਤਾਰੀਖ਼ ਨੂੰ ਹਿਸਟੋਰੀਅਨ ਕਰਮ ਸਿੰਘ ਸਹੀ ਨਹੀਂ ਮੰਨਦੇ ਉਸੇ ਦੀ ਪ੍ਰੋੜ੍ਹਤਾ ਉਨ੍ਹਾਂ ਦੇ ਦਿਤੇ ਟੇਵੇ ਤੋਂ ਹੀ ਹੋ ਜਾਂਦੀ ਹੈ। ਸ. ਕਰਮ ਸਿੰਘ ਹਿਸਟੋਰੀਅਨ ਦਾ ਗਣਿਤ ਠੀਕ ਨਹੀਂ ਹੈ। ਸੰਮਤ 1527 ਬਿ: 8 ਵੈਸਾਖ ਨੂੰ ਮੰਗਲਵਾਰ, ਅਤੇ ਵੈਸਾਖ ਸੁਦੀ 2 ਸੀ, ਨਾਕਿ ਬੁਧਵਾਰ ਅਤੇ ਵੈਸਾਖ ਸੁਦੀ 3। ਕੱਤਕ ਪੂਰਨਮਾਸ਼ੀ ਵਾਲੇ ਟੇਵੇ ਵਿਚ ਬ੍ਰਹਸਪਤਿ ਗਿਆਰ੍ਹਵੀਂ ਰਾਸ਼ੀ ਵਿਚ ਹੈ ਅਤੇ ਵੈਸਾਖ ਦੇ ਟੇਵੇ ਵਿਚ ਚੌਥੀ ਰਾਸ਼ੀ ਵਿਚ। ਬ੍ਰਹਸਪਤਿ ਇਕ ਰਾਸ਼ੀ ਵਿਚ ਤਕਰੀਬਨ ਇਕ ਸਾਲ ਰਹਿੰਦਾ ਹੈ। ਇਸ ਲਈ ਇਨ੍ਹਾਂ ਦੋਹਾਂ ਟੇਵਿਆਂ ਵਿਚ ਘੱਟ ਤੋਂ ਘੱਟ 6 ਸਾਲ ਅਤੇ ਵੱਧ ਤੋਂ ਵੱਧ 8 ਸਾਲ ਦਾ ਫ਼ਰਕ ਹੈ। ਦੋਹਾਂ ਟੇਵਿਆਂ ਵਿਚ ਬਹੁਤ ਗ਼ਲਤੀਆਂ ਹਨ।
ਪਾਲ ਸਿੰਘ ਪੁਰੇਵਾਲ
ਸੰਪਰਕ : 780-463-2306