ਗੁਰੂ ਗ੍ਰੰਥ ਅਤੇ ਪੰਥ ਤੋਂ ਬਗ਼ੈਰ ਸੁਰੱਖਿਅਤ ਨਹੀਂ ਦਲਿਤਾਂ ਦਾ ਭਵਿੱਖ
Published : Jul 14, 2018, 10:59 pm IST
Updated : Jul 14, 2018, 10:59 pm IST
SHARE ARTICLE
 Guru Nanak Dev Ji
Guru Nanak Dev Ji

ਦਲਿਤ ਸ਼ਬਦ ਉਚਾਰਣ ਕਰਦੇ ਸਾਰ ਹੀ ਦਿਮਾਗ਼ ਵਿਚ ਬਿਪਰਵਾਦੀ ਸਿਸਟਮ ਵਲੋਂ ਸਦੀਆਂ ਤੋਂ ਦੱਬੇ-ਕੁਚਲੇ ਅਤੇ ਦੁਰਕਾਰੇ ਹੋਏ ਉਨ੍ਹਾਂ ਲੋਕਾਂ ਦੀ ਤਸਵੀਰ ਆ ਜਾਂਦੀ ਹੈ...........

ਦਲਿਤ ਸ਼ਬਦ ਉਚਾਰਣ ਕਰਦੇ ਸਾਰ ਹੀ ਦਿਮਾਗ਼ ਵਿਚ ਬਿਪਰਵਾਦੀ ਸਿਸਟਮ ਵਲੋਂ ਸਦੀਆਂ ਤੋਂ ਦੱਬੇ-ਕੁਚਲੇ ਅਤੇ ਦੁਰਕਾਰੇ ਹੋਏ ਉਨ੍ਹਾਂ ਲੋਕਾਂ ਦੀ ਤਸਵੀਰ ਆ ਜਾਂਦੀ ਹੈ ਜਿਨ੍ਹਾਂ ਕੋਲੋਂ ਇਸ ਸਿਸਟਮ ਨੇ ਪੜ੍ਹਨ-ਲਿਖਣ, ਸੁਣਨ ਅਤੇ ਬੋਲਣ ਦੇ ਨਾਲ-ਨਾਲ ਜੀਵਨ ਜਿਊਣ ਦੇ ਉਹ ਸਾਰੇ ਅਧਿਕਾਰ ਖੋਹ ਲਏ, ਜਿਨ੍ਹਾਂ ਦੀ ਲੋੜ ਇਕ ਮਨੁੱਖ ਨੂੰ ਸੁਚੱਜਾ ਅਤੇ ਵਧੀਆ ਜੀਵਨ ਜਿਊਣ ਲਈ ਬਹੁਤ ਹੀ ਜ਼ਰੂਰੀ ਹੁੰਦੀ ਹੈ। ਮਨੁੱਖ ਦੇ ਮਾਨਸਿਕ ਵਿਕਾਸ ਲਈ ਵਿੱਦਿਆ ਜਿੱਥੇ ਅਹਿਮ ਸਥਾਨ ਰਖਦੀ ਹੈ, ਉਥੇ ਉਹ ਉਸ ਦੇ ਸਮਾਜਕ, ਧਾਰਮਕ, ਆਰਥਕ ਅਤੇ ਰਾਜਨੀਤਕ ਵਿਕਾਸ ਲਈ ਵੀ ਬਹੁਤ ਜ਼ਰੂਰੀ ਹੈ। ਗੁਰਬਾਣੀ ਵਿਚ ਵਿਦਿਆ ਤੋਂ ਕੋਰੇ ਮਨੁੱਖ ਨੂੰ ਅਲਪ

HandHand

ਵਿਕਸਤ ਮਨੁੱਖਾਂ ਦੀ ਸ਼੍ਰੇਣੀ ਵਿਚ ਰਖਿਆ ਗਿਆ ਹੈ। ਇਸੇ ਲਈ ਹੀ ਆਰੀਅਨ ਹਮਲਾਵਰਾਂ ਨੇ ਭਾਰਤ ਤੇ ਕਬਜ਼ਾ ਕਰਦੇ ਸਮੇਂ ਇਸ ਦੇਸ਼ ਦੇ ਮੂਲ ਨਿਵਾਸੀਆਂ ਕੋਲੋਂ ਸੱਭ ਤੋਂ ਪਹਿਲਾਂ ਵਿਦਿਆ ਪ੍ਰਾਪਤੀ ਦਾ ਹੱਕ ਖੋਹ ਕੇ ਗਿਆਨਹੀਣ ਕਰ ਦਿਤਾ। ਅਜਿਹੀਆਂ ਪਾਬੰਦੀਆਂ ਲਾ ਦਿਤੀਆਂ ਗਈਆਂ ਕਿ ਇਹ ਲੋਕ ਪੜ੍ਹ-ਲਿਖ ਨਹੀਂ ਸਕਣਗੇ। ਇਸੇ ਤਰ੍ਹਾਂ ਸੁਣਨ ਅਤੇ ਬੋਲਣ ਉਤੇ ਵੀ ਪਾਬੰਦੀ ਲਾ ਦਿਤੀ ਗਈ। ਧਾਰਮਕ ਅਤੇ ਰਾਜਨੀਤਕ ਖੇਤਰਾਂ ਸਮੇਤ ਸਾਰੇ ਖੇਤਰਾਂ ਵਿਚ ਪ੍ਰਵੇਸ਼ ਕਰਨ ਦੇ ਸੱਭ ਦਰਵਾਜ਼ੇ ਬੰਦ ਕਰ ਦਿਤੇ ਗਏ। ਜੇਕਰ ਕਿਸੇ ਨੇ ਅਪਣੇ ਅਧਿਕਾਰਾਂ ਦੀ ਗੱਲ ਕੀਤੀ, ਭਾਵ ਕਿ ਇਨ੍ਹਾਂ ਪਾਬੰਦੀਆਂ ਨੂੰ ਤੋੜਨ ਲਈ ਜ਼ਰਾ ਜਿੰਨੀ ਵੀ ਆਵਾਜ਼ ਬੁਲੰਦ

ਕੀਤੀ ਤਾਂ ਉਸ ਨੂੰ ਅਜਿਹੀ ਕਰੜੀ ਤੋਂ ਕਰੜੀ ਸਜ਼ਾ ਦਿਤੀ ਗਈ ਕਿ ਮੁੜ ਕੇ ਉਸ ਸਮੇਂ ਕਿਸੇ ਹੋਰ ਪੀੜਤ ਨੇ ਅਪਣੇ ਅਧਿਕਾਰਾਂ ਦੀ ਗੱਲ ਕਰਨ ਦੀ ਹਿੰਮਤ ਵੀ ਨਾ ਕੀਤੀ। ਅਜਿਹੇ ਹਾਲਾਤ ਵਿਚ ਭਾਰਤ ਦੇ ਇਨ੍ਹਾਂ ਮੂਲ ਨਿਵਾਸੀਆਂ ਦਾ ਵਿਕਾਸ ਪੂਰਨ ਤੌਰ ਤੇ ਰੁਕ ਗਿਆ। ਨੀਮ-ਪਾਗਲਪਣ ਦੀ ਹਾਲਤ ਵਿਚ ਪਹੁੰਚੇ ਇਨ੍ਹਾਂ ਮੂਲ ਭਾਰਤੀਆਂ ਦੇ ਗਲ ਵਿਚ ਅਜਿਹੇ ਕਰਮਕਾਂਡ ਪਾ ਦਿਤੇ ਗਏ ਕਿ ਇਹ ਅੰਧਵਿਸ਼ਵਾਸਾਂ ਦੀ ਦਲਦਲ ਵਿਚ ਫੱਸ ਕੇ ਰਹਿ ਗਏ। ਇਸ ਤੋਂ ਬਾਅਦ ਇਨ੍ਹਾਂ ਦਾ ਹਰ ਤਰ੍ਹਾਂ ਦਾ ਸ਼ੋਸ਼ਣ ਕੀਤਾ ਗਿਆ। ਸਾਮ, ਦਾਮ, ਦੰਡ, ਭੇਦ ਦੀਆਂ ਨੀਤੀਆਂ ਨੂੰ ਲਾਗੂ ਕਰ ਕੇ ਇਨ੍ਹਾਂ ਨੂੰ ਕੁੱਟਿਆ-ਮਾਰਿਆ ਅਤੇ ਬੇਰਹਿਮੀ ਨਾਲ ਕਤਲ ਕੀਤਾ ਗਿਆ।

Bhagat  RavidasBhagat Ravidas Ji

ਇਨ੍ਹਾਂ ਦੀਆਂ ਬਸਤੀਆਂ ਨੂੰ ਉਜਾੜ ਕੇ ਅੱਗ ਦੇ ਹਵਾਲੇ ਕੀਤਾ ਗਿਆ। ਆਜ਼ਾਦ ਭਾਰਤ ਵਿਚ ਇਹ ਤਸਵੀਰ ਵੀ ਵੇਖੀ ਜਾ ਸਕਦੀ ਹੈ। ਭਾਰਤ ਦੇ ਇਨ੍ਹਾਂ ਮੂਲ ਨਿਵਾਸੀਆਂ ਦੀ ਬਦਤਰ ਹੋਈ ਹਾਲਤ ਨੂੰ ਬਿਹਤਰ ਬਣਾਉਣ ਅਤੇ ਇਨਸਾਨੀ ਕਦਰਾਂ-ਕੀਮਤਾਂ ਦੀ ਬਹਾਲੀ ਲਈ ਉੱਤਰੀ ਅਤੇ ਦਖਣੀ ਭਾਰਤ ਦੇ ਕੁੱਝ ਧਾਰਮਕ ਰਹਿਬਰਾਂ ਨੇ ਗਿਆਰਵੀਂ ਸਦੀ ਵਿਚ ਭਗਤੀ ਲਹਿਰ ਦੀ ਸ਼ੁਰੂਆਤ ਕੀਤੀ। ਇਨ੍ਹਾਂ ਰਹਿਬਰਾਂ ਵਿਚ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਧੰਨਾ ਜੀ, ਭਗਤ ਨਾਮਦੇਵ ਜੀ ਅਤੇ ਭਗਤ ਤਰਲੋਚਨ ਜੀ ਸਮੇਤ ਬਹੁਤ ਸਾਰੇ ਸੰਤਾਂ-ਮਹਾਂਪੁਰਖਾਂ ਨੇ ਇਸ ਦੱਬੇ-ਕੁਚਲੇ ਸਮਾਜ ਦੀ ਹੋਣੀ ਬਦਲਣ ਲਈ ਬਿਪਰਵਾਦੀ ਸਿਸਟਮ

ਵਿਰੁਧ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਇਨ੍ਹਾਂ ਰਹਿਬਰਾਂ ਦੀ ਯੋਗ ਰਹਿਨੁਮਾਈ ਹੇਠ ਸਾਹਸੱਤ-ਹੀਣ ਹੋਇਆ ਦਲਿਤ ਸਮਾਜ ਕੁੱਝ ਚਹਿਕਣ ਲੱਗ ਪਿਆ।
ਇਸ ਸਮੇਂ ਦੌਰਾਨ ਹੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਸਿੱਖ ਧਰਮ ਦਾ ਮੁੱਢ ਬੱਝਿਆ, ਜਿਨ੍ਹਾਂ ਨੇ ਭਗਤੀ ਲਹਿਰ ਦੇ ਇਨ੍ਹਾਂ ਸੰਤਾਂ-ਮਹਾਂਪੁਰਖਾਂ ਨੂੰ ਸਮਾਨਤਾ ਦੀ ਲੜੀ ਵਿਚ ਪਰੋ ਕੇ ਜਾਤੀ ਵਿਤਕਰੇ ਨੂੰ ਖ਼ਤਮ ਕਰ ਦਿਤਾ। ਸਿੱਖ ਧਰਮ ਦੇ ਨਵੇਂ ਮਾਨਵਵਾਦੀ ਫ਼ਲਸਫ਼ੇ ਨੇ ਦਲਿਤਾਂ ਨੂੰ ਸਿਰਫ਼ ਅਪਣੇ ਬਰਾਬਰ ਹੀ ਨਾ ਬਿਠਾਇਆ ਸਗੋਂ ਗੁਰੂ ਅਰਜਨ ਦੇ ਜੀ ਵਲੋਂ ਭਾਈ ਗੁਰਦਾਸ ਜੀ ਤੋਂ ਆਦਿ ਬੀੜ ਲਿਖਵਾਉਂਦੇ ਸਮੇਂ ਇਨ੍ਹਾਂ ਦੱਬੇ-ਕੁਚਲੇ ਸੰਤਾਂ-ਮਹਾਂਪੁਰਖਾਂ ਦੀ ਬਾਣੀ ਨੂੰ ਗੁਰੂ ਗ੍ਰੰਥ

Bhagat kabirBhagat Kabir Ji

ਸਾਹਿਬ ਜੀ ਵਿਚ ਅਹਿਮ ਥਾਂ ਦੇ ਕੇ ਸਦਾ-ਸਦਾ ਲਈ ਅਮਰ ਕਰ ਦਿਤਾ। ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਜੇਕਰ ਇਨ੍ਹਾਂ ਰਹਿਬਰਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਨਾ ਸੰਭਾਲਿਆ ਜਾਂਦਾ ਤਾਂ ਬਿਪਰਵਾਦੀਆਂ ਵਲੋਂ ਇਸ ਨੂੰ ਨਸ਼ਟ ਕਰ ਦਿਤਾ ਜਾਣਾ ਸੀ। ਦੁਨੀਆਂ ਭਰ ਵਿਚ ਸ਼ਾਇਦ ਹੀ ਕੋਈ ਕਿਸੇ ਧਰਮ ਦਾ ਅਜਿਹਾ ਧਾਰਮਕ ਗ੍ਰੰਥ ਮੌਜੂਦ ਹੋਵੇ ਜਿਸ ਵਿਚ ਦੱਬੇ-ਕੁਚਲੇ ਲੋਕਾਂ ਦੇ ਰਹਿਬਰਾਂ ਦੇ ਕ੍ਰਾਂਤੀਕਾਰੀ ਵਿਚਾਰਾਂ ਨੂੰ ਕੋਈ ਥਾਂ ਦਿਤੀ ਗਈ ਹੋਵੇ। ਦੁਨੀਆਂ ਵਿਚ ਅਜਿਹਾ ਕਿਹੜਾ ਧਰਮ ਗ੍ਰੰਥ ਹੈ ਜਿਸ ਵਿਚ ਦਲਿਤ ਰਹਿਬਰਾਂ ਦੀ ਬਾਣੀ ਨੂੰ ਦਰਜ ਕੀਤਾ ਗਿਆ ਹੈ, ਜਿਸ ਅੱਗੇ ਸਾਰਿਆਂ ਵਲੋਂ ਸੀਸ ਝੁਕਾਇਆ ਜਾਂਦਾ ਹੈ? ਉੱਚੇ ਕਹੇ ਜਾਣ

ਵਾਲੇ ਲੋਕਾਂ ਵਲੋਂ ਵੀ! ਗੁਰਮਤਿ ਦੇ ਮੁਕਾਬਲੇ ਬਾਕੀ ਮੱਤਾਂ ਵਿਚ ਦਲਿਤਾਂ ਦੀ ਕੀ ਸਥਿਤੀ ਹੈ, ਇਸ ਗੱਲ ਤੋਂ ਅਸੀ ਭਲੀ-ਭਾਂਤ ਜਾਣੂ ਹੀ ਹਾਂ। ਜਾਤੀ ਵਿਤਕਰੇ ਦਾ ਸ਼ਿਕਾਰ ਹੋਇਆ ਜਦੋਂ ਕੋਈ ਦਲਿਤ ਬਿਪਰਵਾਦੀ ਸਿਸਟਮ ਨੂੰ ਤਿਆਗ ਕੇ ਸਿੱਖ ਧਰਮ ਤੋਂ ਬਿਨਾਂ ਕਿਸੇ ਹੋਰ ਧਰਮ ਨੂੰ ਧਾਰਨ ਕਰਦਾ ਹੈ ਤਾਂ ਉਸ ਨੂੰ ਅਪਣੇ ਦਲਿਤ ਰਹਿਬਰ ਨੂੰ ਵੀ ਛਡਣਾ ਹੀ ਪੈਂਦਾ ਹੈ ਜਦਕਿ ਸਿੱਖ ਧਰਮ ਵਿਚ ਦਾਖ਼ਲ ਕਰਦੇ ਸਮੇਂ ਉਸ ਨੂੰ ਅਜਿਹੀ ਕਿਸੇ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਕਿਉਂਕਿ ਗੁਰਮਤਿ ਪਹਿਲਾਂ ਹੀ ਦਲਿਤ ਰਹਿਬਰਾਂ ਨੂੰ ਅਪਣੀ ਗੋਦ ਵਿਚ ਬਿਠਾਈ ਬੈਠੀ ਹੈ। ਕੀ ਇਸਾਈ, ਮੁਸਲਿਮ, ਬੁੱਧ ਅਤੇ ਜੈਨ ਧਰਮ ਵਿਚ ਰਵਿਦਾਸ, ਕਬੀਰ,

Bhagat NamdevBhagat Namdev Ji 

ਨਾਮਦੇਵ ਆਦਿ ਦਲਿਤ ਰਹਿਬਰਾਂ ਦੇ ਪ੍ਰਕਾਸ਼ ਪੁਰਬ ਵਿਚ ਇਨ੍ਹਾਂ ਰਹਿਬਰਾਂ ਦੇ ਪ੍ਰਕਾਸ਼ ਪੁਰਬ ਬਕਾਇਦਾ ਅਖੰਡ ਪਾਠਾਂ ਦੇ ਭੋਗ ਪਾ ਕੇ, ਕੀਰਤਨ-ਕਥਾ ਰਾਹੀਂ ਗੁਰੂ ਜੱਸ ਗਾ ਕੇ, ਨਗਰ ਕੀਰਤਨ ਕੱਢ ਕੇ ਅਤੇ ਲੰਗਰ ਲਾ ਕੇ ਮਨਾਏ ਜਾਂਦੇ ਹਨ? ਗੁਰੂ ਘਰਾਂ ਵਿਚ ਦੀਪਮਾਲਾ ਕੀਤੀ ਜਾਂਦੀ ਹੈ ਅਤੇ ਸਬੰਧਤ ਰਹਿਬਰ ਦੇ ਜੀਵਨ ਤੇ ਵਿਚਾਰ ਚਰਚਾ ਕੀਤੀ ਜਾਂਦੀ ਹੈ। ਇਸ ਤੋਂ ਵੱਡਾ ਮਾਣ ਦਲਿਤਾਂ ਲਈ ਹੋਰ ਕੀ ਹੋ ਸਕਦਾ ਹੈ? ਬਿਨਾਂ ਕਿਸੇ ਜਾਤੀ ਵਿਤਕਰੇ ਤੋਂ ਇਕ ਹੀ ਸਰੋਵਰ ਵਿਚ ਇਸ਼ਨਾਨ ਕਰਨ, ਇਕ ਹੀ ਪੰਗਤ ਵਿਚ ਬੈਠ ਕੇ ਲੰਗਰ ਛਕਣ ਅਤੇ ਇਕ ਹੀ ਬਾਟੇ ਵਿਚ ਖੰਡੇ ਦੀ ਪਾਹੁਲ ਛਕਣ ਵਰਗੀਆਂ ਸਿੱਖ ਧਰਮ ਦੀਆਂ ਉਹ ਮਾਨਵਵਾਦੀ ਪਰੰਪਰਾਵਾਂ

ਹਨ, ਜਿਹੜੀਆਂ ਇਨਸਾਨੀ ਕਦਰਾਂ-ਕੀਮਤਾਂ ਦੀ ਕਦਰ ਕਰਦੀਆਂ ਹੋਈਆਂ ਦਲਿਤਾਂ ਨੂੰ ਬਰਾਬਰ ਦੀ ਪਦਵੀ ਪੇਸ਼ ਕਰਦੀਆਂ ਹਨ। ਜਿਥੇ ਬਿਪਰਵਾਦੀ ਲੋਕ ਅਪਣੇ ਮੰਦਰਾਂ ਵਿਚ ਦਲਿਤਾਂ ਨੂੰ ਵੜਨ ਤਕ ਨਹੀਂ ਦਿੰਦੇ ਉਥੇ ਸਿੱਖਾਂ ਨੇ ਅਪਣੀਆਂ ਧਾਰਮਕ ਸੰਸਥਾਵਾਂ ਦੇ ਦਰਵਾਜ਼ੇ ਦਲਿਤਾਂ ਲਈ ਖੁੱਲ੍ਹੇ ਰੱਖੇ ਹੋਏ ਹਨ। ਸਿੱਖ ਧਰਮ ਦੀਆਂ ਸਿਰਮੌਰ ਸੰਸਥਾਵਾਂ ਵਿਚ ਦਲਿਤ ਕਈ ਅਹਿਮ ਅਹੁਦਿਆਂ ਉਪਰ ਬਿਰਾਜਮਾਨ ਹਨ। ਸ਼੍ਰੋਮਣੀ ਕਮੇਟੀ ਵਿਚ ਇਕ ਆਮ ਸੇਵਾਦਾਰ ਤੋਂ ਮੈਨੇਜਰ ਤਕ, ਇਕ ਆਮ ਮੈਂਬਰ ਤੋਂ ਪ੍ਰਧਾਨ ਤਕ ਅਤੇ ਇਕ ਗ੍ਰੰਥੀ ਤੋਂ ਲੈ ਕੇ ਜਥੇਦਾਰ ਤਕ ਦਲਿਤ ਅਪਣੀ ਬੌਧਿਕ ਸ਼ਕਤੀ ਦੇ ਸਹਾਰੇ ਪਹੁੰਚ ਸਕਦਾ ਹੈ। ਬੇਸ਼ੱਕ ਅੱਜ ਸਿੱਖ ਧਰਮ ਕੁੱਝ ਕੁ

ਉੱਚੀਆਂ ਜਾਤੀਆਂ ਤਕ ਹੀ ਸੀਮਤ ਹੋ ਕੇ ਰਹਿ ਗਿਆ ਹੈ ਪਰ ਇਸ ਦਾ ਮਤਲਬ ਇਹ ਨਹੀਂ ਲਿਆ ਜਾਣਾ ਚਾਹੀਦਾ ਕਿ ਸਿੱਖ ਧਰਮ ਅਪਣੇ ਸਿਧਾਂਤ ਨੂੰ ਗੁਆ ਬੈਠਾ ਹੈ। ਅਜਿਹਾ ਉੱਚੀਆਂ ਜਾਤਾਂ ਵਲੋਂ ਦਲਿਤਾਂ ਨੂੰ ਸਿੱਖੀ ਤੋਂ ਪਰੇ ਧੱਕਣ ਅਤੇ ਖ਼ੁਦ ਦਲਿਤਾਂ ਵਲੋਂ ਵੀ ਇਨ੍ਹਾਂ ਧੱਕੇਸ਼ਾਹੀਆਂ ਦਾ ਡਟ ਕੇ ਮੁਕਾਬਲਾ ਕਰਨ ਦੀ ਬਜਾਏ ਸਿੱਖ ਧਰਮ ਤੋਂ ਪਾਸਾ ਵੱਟ ਕੇ ਡੇਰਿਆਂ ਵਿਚ ਜਾ ਕੇ ਸ਼ਰਨ ਲੈਣ ਕਰ ਕੇ ਹੀ ਹੋਇਆ ਹੈ। ਜੇਕਰ ਹੁਣ ਵੀ ਦਲਿਤ ਤਕੜੇ ਹੋ ਕੇ ਸਿੱਖ ਧਰਮ ਵਿਚ ਅਪਣੀ ਸਥਾਪਤੀ ਲਈ ਇਕਜੁਟ ਹੋ ਕੇ, ਸਿੱਖੀ ਸਿਧਾਂਤਾਂ ਅਨੁਸਾਰ ਸੰਘਰਸ਼ ਕਰਨ ਤਾਂ ਉਹ ਅਪਣੇ ਪਿਆਰੇ ਸਿੱਖ ਧਰਮ ਦੀ ਤਸਵੀਰ ਹੀ ਬਦਲ ਸਕਦੇ ਹਨ।

Bhagat DhannaBhagat Dhanna Ji

ਜੇਕਰ ਦਲਿਤਾਂ ਨੇ ਬਿਪਰਵਾਦੀ ਗ਼ੁਲਾਮੀ ਤੋਂ ਮੁਕਤ ਹੋਣਾ ਹੈ, ਅੰਧਵਿਸ਼ਵਾਸਾਂ ਅਤੇ ਫੋਕੇ ਕਰਮਕਾਂਡਾਂ ਵਿਚ ਸਮਾਂ, ਧਨ ਅਤੇ ਸਿਹਤ ਨੂੰ ਬਰਬਾਦ ਹੋਣ ਤੋਂ ਬਚਾਉਣਾ ਹੈ ਤਾਂ ਦਲਿਤਾਂ ਨੂੰ ਜਿੰਨੀ ਛੇਤੀ ਹੋ ਸਕੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗਵਾਈ ਲੈ ਕੇ ਖ਼ਾਲਸਾ ਪੰਥ ਵਿਚ ਸ਼ਾਮਿਲ ਹੋ ਜਾਣਾ ਚਾਹੀਦਾ ਹੈ ਕਿਉਂਕਿ ਗੁਰੂ ਗ੍ਰੰਥ ਅਤੇ ਪੰਥ ਤੋਂ ਬਿਨਾਂ ਦਲਿਤਾਂ ਦਾ ਭਵਿੱਖ ਸੁਰੱਖਿਅਤ ਨਹੀਂ ਹੋ ਸਕਦਾ।

ਸਿੱਖੀ ਧਾਰਨ ਕਰ ਕੇ ਜਿੱਥੇ ਦਲਿਤ ਅਪਣੇ ਰਹਿਬਰਾਂ ਨਾਲ ਜੁੜੇ ਰਹਿ ਸਕਦੇ ਹਨ ਉਥੇ ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਯੋਗ ਅਗਵਾਈ ਲੈ ਕੇ, ਧਾਰਮਕ, ਸਮਾਜਕ, ਆਰਥਕ ਅਤੇ ਰਾਜਨੀਤਿਕ ਸਮੇਤ ਹਰ ਤਰ੍ਹਾਂ ਦੀ ਤਬਦੀਲੀ ਲਿਆ ਸਕਦੇ ਹਨ ਜਿਹੜੀ ਕਿ ਇਸ ਦੇਸ਼ ਦੇ ਕਰੋੜਾਂ ਦੱਬੇ-ਕੁਚਲੇ ਲੋਕਾਂ ਦੇ ਜੀਵਨ ਨੂੰ ਬਦਲਣ ਲਈ ਬਹੁਤ ਹੀ ਜ਼ਰੂਰੀ ਹੈ।               ਸੰਪਰਕ : 99142-00917

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement