
ਅੱਠਵੀਂ ਬੋਰਡ ਤੇ ਛੇਵੀਂ, ਸਤਵੀਂ ਅਤੇ ਨੌਵੀਂ ਜਮਾਤਾਂ ਦੇ ਪੇਪਰ ਫ਼ਰਵਰੀ ਵਿਚ ਸ਼ੁਰੂ ਹੋ ਕੇ ਮਾਰਚ ਦੇ ਆਖ਼ਰੀ ਹਫ਼ਤੇ ਤੋਂ ਪਹਿਲਾਂ ਖ਼ਤਮ ਹੋ ਜਾਂਦੇ ਸਨ..........
ਅੱਠਵੀਂ ਬੋਰਡ ਤੇ ਛੇਵੀਂ, ਸਤਵੀਂ ਅਤੇ ਨੌਵੀਂ ਜਮਾਤਾਂ ਦੇ ਪੇਪਰ ਫ਼ਰਵਰੀ ਵਿਚ ਸ਼ੁਰੂ ਹੋ ਕੇ ਮਾਰਚ ਦੇ ਆਖ਼ਰੀ ਹਫ਼ਤੇ ਤੋਂ ਪਹਿਲਾਂ ਖ਼ਤਮ ਹੋ ਜਾਂਦੇ ਸਨ ਕਿਉਂਕਿ ਅੱਠਵੀਂ ਨੂੰ ਛੱਡ ਕੇ ਬਾਕੀ ਜਮਾਤਾਂ ਦਾ ਨਤੀਜਾ ਇਕੱਤੀ ਮਾਰਚ ਨੂੰ ਨਿਕਲਣਾ ਹੁੰਦੈ ਤੇ ਨਤੀਜਾ ਕਾਫ਼ੀ ਬਾਅਦ ਵਿਚ ਆਉਂਦੈ। ਮਾਰਚ ਦਾ ਅਖ਼ੀਰਲਾ ਹਫ਼ਤਾ ਬਿਲਕੁਲ ਵਿਹਲਾ, ਨਾ ਅੱਗੇ ਦਾ ਫ਼ਿਕਰ, ਨਾ ਪਿਛੇ ਦੀ ਚਿੰਤਾ। ਉਦੋਂ ਮੇਰੇ ਵੱਡੇ ਭਰਾ ਕਮਲ ਨੇ ਨੌਵੀਂ ਦੇ ਪੇਪਰ ਦਿਤੇ ਸਨ ਤੇ ਮੈਂ ਛੇਵੀਂ ਦੇ। ਹੁਣ ਦੋਵੇਂ ਆਜ਼ਾਦ ਸੀ। ਸਾਨੂੰ ਨਾ ਪਿਛਲੇ ਦਾ ਫ਼ਿਕਰ ਸੀ ਤੇ ਨਾ ਅਗਲੇ ਦੀ ਚਿੰਤਾ। ਬਿਲਕੁਲ ਉਸ ਤਰ੍ਹਾਂ ਜਿਵੇਂ 'ਨੋ ਮੈਨਜ਼ ਲੈਂਡ' ਉਤੇ ਜਾ ਕੇ ਬੰਦਾ ਮਹਿਸੂਸ ਕਰਦਾ ਹੈ ਕਿ ਧਰਤੀ ਇਸ ਦੀ ਉਸ ਦੀ
ਨਹੀਂ ਸਿਰਫ਼ ਮਸਤ ਲੋਕਾਂ ਦੀ ਹੈ। ਜਦੋਂ ਅਖ਼ੀਰਲਾ ਪੇਪਰ ਖ਼ਤਮ ਹੋਇਆ, ਦੁਪਹਿਰੇ ਘਰ ਵੜਦਿਆਂ ਹੀ ਗੱਤਾ ਵਗਾਹ ਕੇ ਮਾਰਿਆ ਤੇ ਗੁੱਲੀ ਡੰਡਾ ਚੁੱਕ ਘਰ ਦੇ ਸਾਹਮਣੇ ਪਏ ਖ਼ਾਲੀ ਪਲਾਟ ਵਿਚ ਆ ਗਏ। ਆਥਣ ਤਕ ਸਮੇਂ ਦਾ ਕੁੱਝ ਵੀ ਪਤਾ ਨਹੀਂ ਸੀ। ਭਾਵੇਂ ਪੇਪਰਾਂ ਵੇਲੇ ਜਲਦੀ ਨਹੀਂ ਸੀ ਉਠਦੇ ਪਰ ਹੁਣ ਦੂਜੇ ਦਿਨ ਤੜਕੇ ਹੀ ਹੋਰ ਦਿਨਾਂ ਨਾਲੋਂ ਛੇਤੀ ਉਠ ਖੜੋਤੇ। ਹਾਕੀ ਨੁਮਾ ਖੂੰਡੀਆਂ ਤੇ ਬੱਲੇ ਨੁਮਾ ਥਾਪੀ ਚੁਕੀ ਤੇ ਤੁਰ ਪਏ, ਰੜੇ ਮੈਦਾਨੀ ਖੇਡਣ। ਨਾ ਖਾਣ ਦੀ ਚਿੰਤਾ, ਨਾ ਪੀਣ ਦੀ। ਬਸ ਖੇਡ ਵਿਚ ਮਸਤ ਸੀ। ਨੌਂ-ਦਸ ਵਜੇ ਜਦੋਂ ਭੁੱਖ ਲਗਣੀ ਤਾਂ ਘਰ ਮੁੜ ਆਉਂਦੇ। ਦਹੀ ਨਾਲ ਮੋਟੀਆਂ-ਮੋਟੀਆਂ ਰੋਟੀਆਂ ਛਕਦੇ ਤੇ ਫਿਰ ਉਸੇ ਮਸਤੀ ਦਾ ਦੌਰ ਸ਼ੁਰੂ ਹੋ
ਜਾਂਦਾ। ਇਹ ਸਾਡਾ ਰੋਜ਼ ਦਾ ਹੀ ਕੰਮ ਹੋ ਗਿਆ ਸੀ। ਗਰਮੀਆਂ ਦੀ ਸ਼ੁਰੂਆਤ ਸੀ। ਸਾਡਾ ਗਿਆਰਾਂ ਵਜੇ ਤੋਂ ਬਾਅਦ ਘਰੋਂ ਨਿਕਲਣਾ ਬੰਦ ਹੋ ਗਿਆ। ਦੁਪਹਿਰੇ ਨਿਕਲਦੇ ਵੀ ਕਿਧਰ ਨੂੰ ਉਦੋਂ ਘਰ ਵਿਚ ਟੀ.ਵੀ., ਕੰਪਿਊਟਰ ਵਗੈਰਾ ਤਾਂ ਹੁੰਦੇ ਨਹੀਂ ਸਨ। ਘਰ ਦੀਆਂ ਖੇਡਾਂ ਤਾਂ ਬਸ ਬੰਟੇ ਹੀ ਸਨ। ਵਰਾਂਡੇ ਵਿਚ ਛੋਟੀ ਜਹੀ ਖੱਡ ਪੁਟ ਲੈਣੀ, ਕਦੇ ਉਤੋਂ ਨਿਸ਼ਾਨਾ ਤੇ ਕਦੇ ਕੱਲੀ ਜੋਟਾ, ਰੌਲਾ ਪਾ-ਪਾ ਖੇਡਦੇ। ਜਦ ਮੈਂ ਹਾਰਨ ਲਗਦਾ ਤਾਂ ਰੌਂਡੀ ਪਾ ਦਿੰਦਾ। ਵਿਚ-ਵਿਚ ਕਮਲ ਮੈਨੂੰ ਕੁੱਟ ਦਿੰਦਾ ਤੇ ਮੈਂ ਹੋਰ ਜ਼ਿਆਦਾ ਚੀਕਾਂ ਮਾਰਦਾ। ਸਾਡਾ ਰੌਲਾ ਸੁਣ ਕੇ ਮਾਂ ਕਮਲ ਨੂੰ ਦੋ ਤਿੰਨ ਟਿਕਾ ਜਾਂਦੀ। ਥੋੜ੍ਹੀ ਦੇਰ ਬਾਅਦ ਅਸੀ ਫਿਰ ਖੇਡਣ ਲਗਦੇ। ਉਨ੍ਹਾਂ ਦਿਨਾਂ ਵਿਚ ਸਾਡੇ ਘਰ
ਪੰਜ-ਛੇ ਮੱਝਾਂ ਹੁੰਦੀਆਂ ਸਨ। ਸਾਰੀਆਂ ਇਕ ਦੂਜੇ ਤੋਂ ਵੱਧ ਮੋਟੀਆਂ ਤਾਜ਼ੀਆਂ। ਜਦ ਖੁਲ੍ਹ ਜਾਂਦੀਆਂ ਤਾਂ ਹਿਰਨੀ ਤੋਂ ਵੀ ਤੇਜ਼ ਭਜਦੀਆਂ। ਉਨ੍ਹਾਂ ਵਿਚੋਂ ਹੀ ਇਕ ਕੁੰਢੀ ਮੱਝ ਸੀ, ਰੱਜ ਕੇ ਸ਼ਰੀਫ਼, ਹੌਲੀ-ਹੌਲੀ ਤੁਰਦੀ ਮਸਤ ਹਥਨੀ ਵਾਂਗ, ਭਾਵੇਂ ਉਸ ਨੂੰ ਕੋਈ ਜਵਾਕ ਫੜ ਕੇ ਲੈ ਜਾਵੇ। ਉਦੋਂ ਇਹ ਕੁੰਢੀ ਮੱਝ ਮੇਰੀ ਫੀਏਟ ਹੁੰਦੀ ਸੀ। ਕਿੱਲਿਉਂ ਖੋਲ੍ਹਣ ਤੋਂ ਲੈ ਕੇ ਪਾਣੀ ਦੇ ਕੁੰਡ ਤਕ ਉਸ ਦੀ ਸਵਾਰੀ ਕਰਨਾ, ਮੇਰਾ ਰੋਜ਼ ਦਾ ਕੰਮ ਸੀ। ਇਹ ਕਦੇ ਭੱਜ ਨੱਠ ਨਾ ਕਰਦੀ। ਉਧਰ ਘਰ ਵਿਚ ਸਾਡੇ ਦੋ ਦਿਨਾਂ ਦੇ ਚੀਕ ਚਿਹਾੜੇ ਤੋਂ ਹੀ ਮਾਤਾ ਤੰਗ ਹੋ ਗਈ। ਆਥਣੇ ਬਾਪੂ ਕੋਲ ਸ਼ਿਕਾਇਤ ਲਗਾ ਕੇ ਸਾਡੀ ਦੋਹਾਂ ਭਰਾਵਾਂ ਦੀ ਡਿਊਟੀ ਸਵੇਰ ਤੋਂ ਪਸ਼ੂਆਂ ਨੂੰ ਚਰਾਂਦ ਉਤੇ ਘੁਮਾਉਣ ਦੀ ਲਗਾ
ਦਿਤੀ। ਸਾਡੇ ਲਈ ਤਾਂ ਇਹ ਸੋਨੇ ਉਤੇ ਸੁਹਾਗਾ ਸੀ। ਹੁਣ ਕਾਨੂੰਨੀ ਤੌਰ ਉਤੇ ਅਸੀ ਬਾਹਰ ਖੇਡਣ ਦੇ ਹੱਕਦਾਰ ਹੋ ਗਏ ਸੀ। ਦੂਜੇ ਦਿਨ ਸਵੇਰੇ ਕੁੰਢੀ ਤੋਂ ਇਲਾਵਾ ਸਾਰੀਆਂ ਮੱਝਾਂ ਦੇ ਗਲ ਵਿਚ ਪੁਰਾਣੇ ਪਾਵੇ ਪਾ ਕੇ ਤੋਰ ਲਿਆ। ਸਾਰੀਆਂ ਭੱਜ ਕੇ ਘਰੋਂ ਬਾਹਰ ਨਿਕਲੀਆਂ ਪਰ ਪਾਵਿਆਂ ਦੀਆਂ ਨੌਕਰਾਂ ਖਾਂਦੀਆਂ ਅਗਵਾੜ ਦੀ ਜੂਹ ਤਕ ਪਹੁੰਚਦੀਆਂ ਹੀ ਸ਼ਰੀਫ਼ ਬਣ ਗਈਆਂ। ਮੈਂ ਘਰੋਂ ਹੀ ਕੁੰਢੀ ਉਤੇ ਸਵਾਰ ਹੋ ਗਿਆ ਸੀ। ਸਾਡੇ ਅਗਵਾੜ ਦੇ ਲਹਿੰਦੇ ਵਾਲੇ ਪਾਸੇ ਇਕ ਵੱਡੀ ਖੁਲ੍ਹੀ ਚਰਾਂਦ ਹੁੰਦੀ ਸੀ। ਅਗਵਾੜ ਦੇ ਸਾਰੇ ਪਸ਼ੂ ਲਵੇਰੇ ਉਥੇ ਹੀ ਚਰਨ ਆਉਂਦੇ ਸਨ ਤੇ ਉਥੇ ਹੀ ਸਾਰਾ ਦਿਨ ਮੰਡੀਰ ਖੇਡਦੀ ਰਹਿੰਦੀ ਸੀ। ਖੁਲ੍ਹੀ ਚਰਾਂਦ ਵਿਚ ਸਾਡੀਆਂ ਮੱਝਾਂ ਖ਼ੂਬ ਭੱਜੀਆਂ
ਨੱਠੀਆਂ, ਅਖ਼ੀਰ ਥਕ ਹਾਰ ਕੇ ਚਰਨ ਲੱਗ ਪਈਆਂ ਪਰ ਮੇਰੀ ਕੁੰਢੀ ਫੀਏਟ ਬੜੇ ਆਰਾਮ ਨਾਲ ਇਧਰ-ਉਧਰ ਚਰਦੀ ਰਹੀ ਤੇ ਮੈਂ ਉਸ ਦੇ ਉਤੇ ਸਵਾਰ ਰਿਹਾ।
ਕਮਲ ਨੂੰ ਪਿੱਠੂ ਗਰਮੇ ਖੇਡਣ ਦਾ ਸ਼ੌਕ ਸੀ। ਉਹ ਮੈਨੂੰ ਡੰਗਰਾਂ ਕੋਲ ਛੱਡ ਕੇ ਮੰਡੀਰ ਨਾਲ ਖੇਡਣ ਲੱਗ ਪਿਆ। ਮੱਝਾਂ ਆਰਾਮ ਨਾਲ ਚਰਦੀਆਂ ਰਹੀਆਂ ਤੇ ਮੈਂ ਰਾਜਿਆਂ ਵਾਂਗ ਝੂਟੇ ਲੈਂਦਾ ਰਿਹਾ। ਚਰਾਂਦ ਦੇ ਬਿਲਕੁਲ ਨਾਲ ਇਕ ਛੱਪੜ ਸੀ ਤੇ ਉਨ੍ਹਾਂ ਦਿਨਾਂ ਵਿਚ ਛੱਪੜ ਦਾ ਪਾਣੀ ਬਿਲਕੁਲ ਸਾਫ਼ ਸੁਥਰਾ ਹੁੰਦਾ ਸੀ। ਪਸ਼ੂ ਉਥੋਂ ਹੀ ਪਾਣੀ ਪੀਂਦੇ ਤੇ ਉਥੇ ਹੀ ਨਹਾਉਂਦੇ ਸਨ। ਦੁਪਹਿਰ ਤਕ ਸਾਡੀਆਂ ਮੱਝਾਂ ਚਰਦੀਆਂ-ਚਰਦੀਆਂ, ਛੱਪੜ ਨੇੜੇ ਜਹੇ ਪਹੁੰਚ ਗਈਆਂ। ਕੁੰਢੀ ਫੀਏਟ ਸੱਭ ਤੋਂ ਪਿਛੇ ਅਪਣੀ
ਮਸਤ ਚਾਲ ਵਿਚ ਸੀ। ਮੈਨੂੰ ਪਤਾ ਸੀ ਕਿ ਮੱਝਾਂ ਨੇ ਇਥੋਂ ਪਾਣੀ ਪੀਣਾ ਹੈ। ਜੇ ਨਹਾਉਣ ਨੂੰ ਦਿਲ ਕੀਤਾ ਤਾਂ ਛੱਪੜ ਵਿਚ ਵੜ ਜਾਣਗੀਆਂ। ਮੇਰੀ ਕੁੰਢੀ ਫੀਏਟ ਨੇ ਤਾਂ ਅਪਣੀ ਮਸਤੀ ਨਾਲ ਛੱਪੜ ਵਿਚ ਵੜਣਾ ਏ ਤੇ ਉਦੋਂ ਤਕ ਮੈਂ ਇਸ ਤੋਂ ਛਲਾਂਗ ਲਗਾ ਦੇਵਾਂਗਾ। ਸੋ ਆਰਾਮ ਨਾਲ ਉਸ 'ਤੇ ਉਤੇ ਬੈਠਾ ਰਿਹਾ। ਕੁੰਢੀ ਆਰਾਮ ਨਾਲ ਛੱਪੜ ਵਲ ਨੂੰ ਤੁਰੀ ਆ ਰਹੀ ਸੀ। ਪਾਣੀ ਦੇ ਨੇੜੇ ਪਹੁੰਚਦਿਆਂ ਹੀ ਪਤਾ ਨਹੀਂ ਕੁੰਢੀ ਨੂੰ ਕੀ ਕਰੰਟ ਲਗਿਆ, ਉਹ ਸੱਭ ਨੂੰ ਪਿਛੇ ਪਛਾੜਦੀ ਹੋਈ ਇੰਨੀ ਤੇਜ਼ੀ ਨਾਲ ਛੱਪੜ ਵਿਚ ਜਾ ਵੜੀ ਕਿ ਮੈਨੂੰ ਵੀ ਬੁੜਕਾ ਕੇ ਹੇਠ ਸੁੱਟ ਦਿਤਾ। ਮੈਨੂੰ ਪਤਾ ਨਹੀਂ ਕਿਥੇ-ਕਿਥੇ ਸੱਟਾਂ ਵਜੀਆਂ ਤੇ ਮੈਨੂੰ ਨਾਨੀ ਚੇਤੇ ਕਰਵਾ ਦਿਤੀ।
ਕਾਫ਼ੀ ਦੇਰ ਤਕ ਮੈਥੋਂ ਉਠਿਆ ਵੀ ਨਾ ਗਿਆ। ਦਰਦ ਨਾਲ ਮੇਰੀਆਂ ਚੀਕਾਂ ਨਿਕਲ ਰਹੀਆਂ ਸਨ, ਜਿਸ ਨੂੰ ਸੁਣ ਕੇ ਕਮਲ ਭਜਿਆ ਆਇਆ। ਉਸ ਦਿਨ ਤੋਂ 31 ਮਾਰਚ ਤਕ ਮੇਰੀਆਂ ਮਸਤੀ ਭਰੀਆਂ ਛੁਟੀਆਂ ਘਰ ਦੇ ਮੰਜੇ ਉਤੇ ਆਰਾਮ ਕਰਦਿਆਂ ਨਿਕਲੀਆਂ। ਬਾਅਦ ਵਿਚ ਕਾਫ਼ੀ ਵਰ੍ਹੇ ਉਹ ਕੁੰਢੀ ਮੱਝ ਸਾਡੇ ਕੋਲ ਰਹੀ। ਫਿਰ ਕਦੇ ਵੀ ਇਸ ਨੂੰ ਫੀਏਟ ਬਣਾਉਣ ਦੀ ਮੇਰੀ ਹਿੰਮਤ ਨਾ ਪਈ।
ਸੰਪਰਕ : 94637-37836