ਅੰਦਰ ਬਾਹਰ ਫੈਲਿਆ ਪ੍ਰਦੂਸ਼ਣ
Published : Nov 14, 2020, 2:09 pm IST
Updated : Nov 14, 2020, 2:09 pm IST
SHARE ARTICLE
pollution
pollution

ਪਰਾਲੀ ਨਾ ਸਾੜਨ, ਪਟਾਕੇ ਨਾ ਚਲਾਉਣ, ਪਲਾਸਟਿਕ ਦੀ ਵਰਤੋਂ ਘੱਟ ਕਰਨ ਆਦਿ ਸਬੰਧੀ ਪਰਚੇ ਛਾਪ ਕੇ ਲੋਕਾਂ ਨੂੰ ਵੰਡਦਾ ਸੀ।

ਮੁਹਾਲੀ: ਗੁਰਬਾਜ ਸਿੰਘ ਹਰ ਸਾਲ ਹਾੜ੍ਹੀ-ਸਾਉਣੀ ਦੀ ਫ਼ਸਲ ਕੱਟਣ ਤੇ ਦਿਵਾਲੀ ਅਤੇ ਦੁਸਹਿਰੇ ਤੋਂ ਪਹਿਲਾਂ ਅਪਣੇ ਇਲਾਕੇ ਦੇ ਪਿੰਡਾਂ ਵਿਚ ਜਾ ਕੇ ਵਾਤਾਵਰਣ ਬਚਾਉਣ ਦਾ ਹੋਕਾ ਦਿੰਦਾ।ਇਸ ਦੇ ਲਈ ਉਹ ਸੈਮੀਨਾਰ, ਨਾਟਕ, ਭਾਸ਼ਣ ਕਰਵਾ ਕੇ ਲੋਕਾਂ ਨੂੰ ਫੈਲ ਰਹੇ ਪ੍ਰਦੂਸ਼ਣ ਬਾਰੇ ਜਾਣਕਾਰੀ ਦੇ ਕੇ ਵਾਤਾਵਰਣ ਦੀ ਸਾਂਭ-ਸੰਭਾਲ ਲਈ ਅੱਗੇ ਆਉਣ ਲਈ ਬੇਨਤੀ ਕਰਦਾ ਸੀ। ਇਸ ਤੋਂ ਇਲਾਵਾ ਪਰਾਲੀ ਨਾ ਸਾੜਨ, ਪਟਾਕੇ ਨਾ ਚਲਾਉਣ, ਪਲਾਸਟਿਕ ਦੀ ਵਰਤੋਂ ਘੱਟ ਕਰਨ ਆਦਿ ਸਬੰਧੀ ਪਰਚੇ ਛਾਪ ਕੇ ਲੋਕਾਂ ਨੂੰ ਵੰਡਦਾ ਸੀ।

pollutionpollution

ਗੁਰਬਾਜ ਸਿੰਘ ਵਧ ਰਹੇ ਪ੍ਰਦੂਸ਼ਣ ਕਾਰਨ ਵਾਤਾਵਰਨ ਵਿਚ ਹੋ ਰਹੇ ਬਦਲਾਅ ਤੋਂ ਚੰਗੀ ਤਰ੍ਹਾਂ ਜਾਣੂ ਸੀ। ਜਾਣੂ ਵੀ ਕਿਉਂ ਨਾ ਹੁੰਦਾ, ਉਹ ਸੇਵਾ ਮੁਕਤ ਸਾਇੰਸ ਅਧਿਆਪਕ ਜੋ ਸੀ। ਅੱਜ ਵੀ ਗੁਰਬਾਜ ਸਿੰਘ ਗੁਆਂਢੀ ਪਿੰਡ ਵਿਚ ਵਾਤਾਵਰਣ ਬਚਾਉਣ ਸਬੰਧੀ ਛੋਟਾ ਜਿਹਾ ਪ੍ਰੋਗਰਾਮ ਕਰਵਾ ਕੇ ਘਰ ਵਾਪਸ ਆ ਰਿਹਾ ਸੀ। ਦਿਵਾਲੀ ਦਾ ਦਿਨ ਹੋਣ ਕਰ ਕੇ ਸਮਾਗਮ ਦੋ ਘੰਟੇ ਦਾ ਹੀ ਰਖਿਆ ਗਿਆ ਪਰ ਵਾਪਸ ਆ ਰਿਹਾ ਗੁਰਬਾਜ ਸਿੰਘ ਦੁਪਹਿਰ ਸਮੇਂ ਹੀ ਚੱਲ ਰਹੇ ਪਟਾਕਿਆਂ ਤੋਂ ਪੈਦਾ ਹੋ ਰਹੇ ਪ੍ਰਦੂਸ਼ਣ ਨੂੰ ਵੇਖ ਕੇ ਬੇਹੱਦ ਪ੍ਰੇਸ਼ਾਨ ਹੋ ਗਿਆ ਤੇ ਉਹ ਮਨ ਹੀ ਮਨ ਲੋਕਾਂ ਨੂੰ ਬੁਰਾ ਭਲਾ ਕਹਿਣ ਲੱਗਾ।

Dehli PollutionDehli Pollution

ਅਸਮਾਨ ਵਿਚ ਫੈਲੇ ਧੂੰਏਂ ਵੱਲ ਵੇਖਦਿਆਂ ਗੁਰਬਾਜ ਸਿੰਘ ਅਪਣੇ ਬੇਟੇ ਵੀਰੂ ਦੀਆਂ ਯਾਦਾਂ ਵਿਚ ਗੁਆਚ ਗਿਆ। ਪਿਛਲੇ ਸਾਲ ਦਿਵਾਲੀ ਤੋਂ ਕੁੱਝ ਦਿਨ ਬਾਅਦ ਹੀ ਉਸ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਉਸ ਦੇ ਬੇਟੇ ਦੀ ਮੌਤ ਦਾ ਕਾਰਨ ਵੀ ਧੂੰਆਂ ਹੀ ਸੀ। ਉਹ ਧੂੰਆਂ ਜੋ ਮਜਬੂਰੀ ਵਸ ਕਿਸੇ ਕਿਸਾਨ ਨੇ ਅਪਣੇ ਖੇਤ ਦੀ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਪੈਦਾ ਕੀਤਾ ਸੀ। ਵੀਰੂ ਦੀਆਂ ਯਾਦਾਂ ਵਿਚ ਗੁਆਚਿਆ ਗੁਰਬਾਜ ਸਿੰਘ ਜਦ ਘਰ ਪਹੁੰਚਿਆ ਤਾਂ ਉਸ ਨੂੰ ਅਪਣੇ ਵੱਡੇ ਬੇਟੇ ਦੇ ਘਰ ਵਿਚ ਚੱਲ ਰਹੇ ਪਟਾਕਿਆਂ ਦੀ ਆਵਾਜ਼ ਸੁਣਾਈ ਦਿਤੀ ਤੇ ਉਸ ਨੂੰ ਬਹੁਤ ਗੁੱਸਾ ਆਇਆ ਤੇ ਕਮਰੇ ਵਿਚ ਦਾਖ਼ਲ ਹੁੰਦਿਆਂ ਹੀ ਅਪਣੀ ਪਤਨੀ ਨੂੰ ਕਹਿਣ ਲੱਗਾ, “ਮੀਤੋ ਇਨ੍ਹਾਂ ਕੰਜਰਾਂ ਨੂੰ ਸ਼ਰਮ ਨਹੀਂ ਆਉਂਦੀ? ਅਜੇ ਵੀਰੂ ਨੂੰ ਮਰੇ ਨੂੰ ਇਕ ਸਾਲ ਵੀ ਨਹੀਂ ਹੋਇਆ ਤੇ ਇਹ ਖ਼ੁਸ਼ੀਆਂ ਮਨਾ ਰਹੇ ਨੇ। ਹੋਰ ਨਹੀਂ ਤਾਂ ਲੋਕਾਂ ਦੀ ਹੀ ਸ਼ਰਮ ਕਰ ਲੈਣ। ਵੇਖਣ ਵਾਲਾ ਕੀ ਕਹਿੰਦਾ ਹੋਵੇਗਾ ਕਿ ਇਨ੍ਹਾਂ ਨੂੰ ਚਾਅ ਚੜ੍ਹਿਆ ਹੋਇਐ, ਭਰਾ ਅਜੇ ਕੱਲ੍ਹ ਮਰਿਆ।''

air pollutionair pollution

ਮੀਤੋ ਵੀ ਅੱਗੋਂ ਰਸੋਈ 'ਚੋਂ ਨਿਕਲਦੇ ਸਾਰ ਹੀ ਗੁਰਬਾਜ ਨੂੰ ਟੁੱਟ ਕੇ ਪੈ ਗਈ ਤੇ ਕਹਿਣ ਲੱਗੀ, “ਕੀ ਹੋਇਆ, ਕੀ ਗੱਲ ਏ? ਆਉਂਦੇ ਹੀ ਭਾਂਬੜ ਵਾਂਗ ਮੱਚ ਉੱਠੇ ਹੋ। ਬੋਲਣ ਤੋਂ ਪਹਿਲਾਂ ਸੋਚ ਲਿਆ ਕਰੋ। ਨਿਆਣੇ ਚਲਾ ਰਹੇ ਨੇ ਪਟਾਕੇ। ਉਨ੍ਹਾਂ ਨੂੰ ਕੌਣ ਸਮਝਾਵੇ? ਨਾਲੇ ਵੀਰੂ ਦੇ ਜਵਾਕ ਵੀ ਉਧਰ ਹੀ ਨੇ। ਉਹ ਵੀ ਸਵੇਰ ਦੇ ਕਹਿ ਰਹੇ ਸੀ ਕਿ ਪਟਾਕੇ ਲੈਣੇ ਨੇ, ਪਟਾਕੇ ਲੈਣੇ ਨੇ।'' ਮੀਤੋ ਨੂੰ ਗੁੱਸੇ ਵਿਚ ਵੇਖ ਕੇ ਗੁਰਬਾਜ ਕੁੱਝ ਠੰਢਾ ਹੋ ਗਿਆ ਤੇ ਕਹਿਣ ਲਗਿਆ, “ਉਹ ਤਾਂ ਜਵਾਕ ਨੇ ਮੀਤੋ ਪਰ ਤੁਸੀ ਤਾਂ ਸਿਆਣੇ ਹੋ। ਤੁਸੀ ਸਮਝਾ ਦਿੰਦੇ ਉਨ੍ਹਾਂ ਨੂੰ। ਨਾਲੇ ਆਂਢ ਗੁਆਂਢ ਕੀ ਸੋਚਦਾ ਹੋਵੇਗਾ? ਨਾਲੇ ਕਿੰਨਾ ਪ੍ਰਦੂਸ਼ਣ ਪੈਦਾ ਹੋ ਰਿਹੈ। ਲੋਕ ਕਹਿਣਗੇ ਕਿ ਉਂਝ ਤਾਂ ਮਾਸਟਰ ਪਿੰਡ ਪਿੰਡ ਜਾ ਕੇ ਵਾਤਾਵਰਣ ਬਚਾਉਣ ਦਾ ਹੋਕਾ ਦਿੰਦੈ ਪਰ ਉਹ ਦੇ ਅਪਣੇ ਘਰ ਦੇ ਕਹਿਣੇ ਵਿਚ ਨਹੀਂ।''

delhi pollutiondelhi pollution

“ਕੁੱਝ ਨਹੀਂ ਹੁੰਦਾ, ਦੋ ਮਿੰਟਾਂ ਨਾਲ ਵਾਤਾਵਰਣ ਨੂੰ। ਨਾਲੇ ਇਹ ਪ੍ਰਦੂਸ਼ਣ ਤਾਂ ਰੱਬ ਨੇ ਹੋਰ ਚਹੁੰ ਦਿਨਾਂ ਤਕ ਮੀਂਹ ਪਾ ਕੇ ਖ਼ੁਦ ਸਾਫ਼ ਕਰ ਦੇਣੈ। ਪਰ ਉਸ ਪ੍ਰਦੂਸ਼ਣ ਦਾ ਕੀ ਜੋ ਲੋਕਾਂ ਦੇ ਮਨਾਂ ਅੰਦਰ ਭਰਿਆ ਪਿਐ, ਜਿਸ ਨੇ ਮਰਦਾਂ ਦੀ ਸੋਚ ਹੀ ਗੰਧਲੀ ਕਰ ਰੱਖੀ ਏ। ਕਦੇ ਉਸ ਦੇ ਹਲ ਲਈ ਵੀ ਸੋਚ ਲਵੋ।'' ਮੀਤੋ ਦੀ ਗੱਲ ਨੇ ਗੁਰਬਾਜ ਨੂੰ ਦੁਚਿਤੀ ਤੇ ਪ੍ਰੇਸ਼ਾਨੀ ਵਿਚ ਪਾ ਦਿਤਾ। ਹੁਣ ਉਸ ਨੂੰ ਸਮਝ ਨਾ ਲੱਗੀ ਕਿ ਉਹ ਕਿਹੜੇ ਪ੍ਰਦੂਸ਼ਣ ਦੀ ਗੱਲ ਕਰ ਰਹੀ ਏ। ਗੁਰਬਾਜ ਨੇ ਮੀਤੋ ਨੂੰ ਕਿਹਾ, “ਭਾਗਵਾਨੇ ਮੈਂ ਕੁੱਝ ਸਮਝਿਆ ਨਹੀਂ। ਤੂੰ ਕੀ ਆਖ ਰਹੀ ਏਂ? ਜੋ ਵੀ ਗੱਲ ਏ ਸਿੱਧੀ-ਸਿੱਧੀ ਦੱਸ।''

ਮੀਤੋ ਨੇ ਅੰਦਰ ਵੱਲ ਵੇਖ ਕੇ ਆਖਿਆ, “ਜੇ ਤੁਸੀ ਘਰੇ ਰਹੋ ਤਾਂ ਕੁੱਝ ਦੱਸਾਂ। ਸਾਰਾ ਦਿਨ ਕੁਦਰਤ, ਵਾਤਾਵਰਣ ਤੇ ਪ੍ਰਦੂਸ਼ਣ ਨੂੰ ਚੁੱਕ ਕੇ ਤੁਰੀ ਫਿਰਦੇ ਰਹਿੰਦੇ ਹੋ। ਕਦੇ ਘਰ ਵਲ ਵੀ ਧਿਆਨ ਦੇ ਦਿਆ ਕਰੋ। ਲੋਕਾਂ ਦਾ ਅਪਣਾ ਵੀ ਦਿਮਾਗ਼ ਕੰਮ ਕਰਦੈ। ਜੇ ਉਨ੍ਹਾਂ ਨੂੰ ਅਪਣਾ ਤੇ ਆਉਣ ਵਾਲੀ ਨਸਲ ਦਾ ਫ਼ਿਕਰ ਹੋਵੇ ਤਾਂ ਉਹ ਕਰਨ ਵਾਤਾਵਰਨ ਦੀ ਸਾਂਭ ਸੰਭਾਲ। ਪਰ ਨਹੀਂ, ਉਨ੍ਹਾਂ ਨੂੰ ਤਾਂ ਹਰ ਦਿਨ ਦਾ ਐਸ਼ ਤੇ ਆਰਾਮ ਚਾਹੀਦੈ, ਜਿਸ ਲਈ ਚਾਹੇ ਕੁਦਰਤ ਅਤੇ ਚਾਹੇ ਮਨੁੱਖ ਨਾਲ ਖਿਲਵਾੜ ਕਿਉਂ ਨਾ ਕਰਨਾ ਪਵੇ।

ਗੁਰਬਾਜ ਨੇ ਮੀਤਾ ਨੂੰ ਕਿਹਾ, “ਮੀਤੋ ਲੋਕਾਂ ਨੂੰ ਇਸ ਲਈ ਸਮਝਾਉਣਾ ਵੀ ਜ਼ਰੂਰੀ ਏ। ਜੇ ਉਨ੍ਹਾਂ ਨੂੰ ਸਮਝ ਆਏਗਾ ਤਾਂ ਉਹ ਕੁਦਰਤ ਨੂੰ ਪਿਆਰ ਕਰਨਗੇ ਤੇ ਵਾਤਾਵਰਣ ਦੀ ਸੰਭਾਲ ਲਈ ਅੱਗੇ ਆਉਣਗੇ। ਪਰ ਤੂੰ ਇਹਨੂੰ ਛੱਡ ਜੋ ਗੱਲ ਕਹਿਣੀ ਏ ਉਹ ਆਖ।'' “ਜੇ ਗੱਲ ਇਕ ਦਿਨ ਦੀ ਹੋਵੇ ਤਾਂ ਦੱਸਾਂ। ਕਦੇ ਨੂੰਹ ਰਾਣੀ ਕੋਲ ਬੈਠ ਕੇ ਉਹਦੇ ਵੀ ਦੁੱਖ ਦਰਦ ਸੁਣ ਲਿਆ ਕਰੋ। ਜਿਵੇਂ ਲੋਕਾਂ ਨੂੰ ਵਾਤਾਵਰਣ ਪ੍ਰਦੂਸ਼ਣ ਬਾਰੇ ਜਾਗਰੂਕ ਕਰਦੇ ਹੋ ਉਵੇਂ ਹੀ ਉਨ੍ਹਾਂ ਨੂੰ ਮਰਦ ਕੌਮ ਅੰਦਰ ਫੈਲ ਰਹੇ ਪ੍ਰਦੂਸ਼ਣ ਤੋਂ ਵੀ ਜਾਣੂ ਕਰਵਾਉ, ਜੋ ਦਿਨੋ-ਦਿਨ ਇਨਸਾਨੀਅਤ ਨੂੰ ਨਿਗਲਦਾ ਜਾ ਰਿਹੈ।''

ਮੀਤੋ ਦੀ ਗੱਲ ਸੁਣ ਗੁਰਬਾਜ ਨੂੰ ਸਾਰੀ ਕਹਾਣੀ ਸਮਝ ਆ ਗਈ ਤੇ ਉਹ ਕਮਰੇ ਵਿਚ ਬੈਠੀ ਅਪਣੀ ਨੂੰਹ ਕੋਲ ਜਾ ਕੇ ਬੈਠ ਗਿਆ ਤੇ ਉਸ ਦੇ ਪਿੱਛੇ ਹੀ ਮੀਤੋ ਵੀ ਅੰਦਰ ਆ ਗਈ। ਗੁਰਬਾਜ ਅਪਣੇ ਬੇਟੇ ਦੀ ਵਿਧਵਾ ਦੇ ਸਿਰ 'ਤੇ ਹੱਥ ਰੱਖ ਕੇ ਪੁਛਿਆ, “ਕੀ ਗੱਲ ਏ ਧੀਏ?''
ਪਿਤਾ ਦੇ ਹੱਥ ਸਿਰ 'ਤੇ ਰਖਦੇ ਹੀ ਰਾਣੀ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਤੁਰੇ ਤੇ ਉਹ ਉੱਚੀ ਉੱਚੀ ਰੋਣ ਲੱਗ ਪਈ। ਮੀਤੋ ਨੇ ਉਸ ਨੂੰ ਚੁੱਪ ਕਰਵਾਇਆ ਅਤੇ ਪੀਣ ਲਈ ਪਾਣੀ ਲਿਆ ਦਿਤਾ।

“ਦੇਖ ਰਾਣੀ ਧੀਏ, ਅਸੀ ਕਦੇ ਵੀ ਤੈਨੂੰ ਅਪਣੀ ਨੂੰਹ ਨਹੀਂ ਸਮਝਿਆ ਸਗੋਂ ਅਪਣੀ ਧੀ ਹੀ ਸਮਝਿਐ। ਜੋ ਵੀ ਗੱਲ ਹੈ, ਤੂੰ ਸਾਨੂੰ ਖੁਲ੍ਹ ਕੇ ਦੱਸ।'' ਗੁਰਬਾਜ ਨੇ ਰਾਣੀ ਨੂੰ ਦਿਲਾਸਾ ਦਿੰਦੇ ਹੋਏ ਪੁਛਿਆ। “ਪਾਪਾ ਜੀ, ਜਦੋਂ ਦਾ ਵੀਰੂ ਛੱਡ ਕੇ ਗਿਐ, ਲੋਕੀ ਮੈਨੂੰ ਖਾਣ ਵਾਲੀਆਂ ਨਜ਼ਰਾਂ ਨਾਲ ਵੇਖਦੇ ਨੇ। ਬਾਹਰ ਅੰਦਰ ਜਾਂਦੇ ਸਮੇਂ ਗੰਦੇ-ਗੰਦੇ ਕੁਮੈਂਟ ਕਰ ਕੇ ਲੰਘਦੇ ਨੇ। ਹੋਰ ਤਾਂ ਹੋਰ ਤੁਹਾਡੀ ਉਮਰ ਦੇ ਬੰਦੇ ਵੀ.....।'' ਏਨਾ ਆਖ ਰਾਣੀ ਅਪਣੀ ਸੱਸ ਨੂੰ ਕਲਾਵੇ ਵਿਚ ਲੈ ਰੋਣ ਲੱਗ ਪਈ। “ਹੁਣ ਤੁਸੀ ਦੱਸੋ ਦੋਹਾਂ ਵਿਚੋਂ ਕਿਹੜਾ ਪ੍ਰਦੂਸ਼ਣ ਜ਼ਿਆਦਾ ਖ਼ਤਰਨਾਕ ਏ? ਉਹ ਜਿਹੜਾ ਲੋਕਾਂ ਦੇ ਦਿਲਾਂ ਵਿਚ ਫੈਲਿਆ ਅਸ਼ਲੀਲਤਾ ਵਾਲਾ, ਜਿਸ ਨੇ ਉਨ੍ਹਾਂ ਦੀ ਸੋਚ ਨੂੰ ਘੇਰਾ ਪਾ ਕੇ ਇਨਸਾਨੀਅਤ ਹੀ ਖ਼ਤਮ ਕਰ ਦਿਤੀ, ਜਿਸ ਦੇ ਕਾਲੇ ਬੱਦਲ ਹਮੇਸ਼ਾ ਬਿਨਾਂ ਮਾਂ ਬਾਪ ਦੀਆਂ ਬੱਚੀਆਂ ਤੇ ਭਰ ਜਵਾਨੀ ਵਿਚ ਵਿਧਵਾ ਹੋਈਆ ਲੜਕੀਆਂ ਤੇ ਗ਼ਰੀਬਾਂ ਦੀ ਇੱਜ਼ਤ ਉਤੇ ਛਾਏ ਰਹਿੰਦੇ ਨੇ ਜਾਂ ਫਿਰ ਇਹ ਇਕ ਦਿਨ ਦੇ ਪਟਾਕਿਆਂ ਵਾਲਾ?'' ਮੀਤੋ ਨੇ ਅਪਣੀ ਨੂੰਹ ਨੂੰ ਚੁੱਪ ਕਰਵਾਉਂਦਿਆਂ ਬਾਹਰ ਉੱਡ ਰਹੇ ਧੂੰਏਂ ਵੱਲ ਇਸ਼ਾਰਾ ਕਰਦਿਆਂ ਗੁਰਬਾਜ਼ ਨੂੰ ਕਿਹਾ।

“ਮੀਤੋ ਇਹ ਦੋਵੇਂ ਪ੍ਰਦੂਸ਼ਣ ਹੀ ਸਮਾਜ ਲਈ ਬਹੁਤ ਜ਼ਿਆਦਾ ਘਾਤਕ ਨੇ। ਬਸ ਫ਼ਰਕ ਏਨਾ ਹੈ ਕਿ ਵਾਤਾਵਰਣ ਪ੍ਰਦੂਸ਼ਣ ਮਨੁੱਖ ਤੋਂ ਲੈ ਕੇ ਧਰਤੀ 'ਤੇ ਰਹਿਣ ਵਾਲੇ ਸਾਰੇ ਜੀਵ ਜੰਤੂਆਂ ਲਈ ਮਾਰੂ ਸਿੱਧ ਹੋ ਰਿਹਾ ਏ ਤੇ ਮਰਦਾਂ ਦੇ ਅੰਦਰ ਫੈਲ ਰਿਹਾ ਅਸ਼ਲੀਲਤਾ ਵਾਲਾ ਪ੍ਰਦੂਸ਼ਣ ਸਿਰਫ਼ ਔਰਤਾਂ ਲਈ.... ਜੋ ਉਮਰਾਂ, ਰਿਸ਼ਤਿਆਂ ਦਾ ਵੀ ਲਿਹਾਜ਼ ਨਹੀਂ ਕਰਦਾ। ਬਸ ਭਿਆਨਕ ਬਿਮਾਰੀ  ਵਾਂਗ ਉਨ੍ਹਾਂ ਨੂੰ ਕਾਮ ਵਿਚ ਜਕੜ ਲੈਂਦਾ ਹੈ। ਇਸ ਪ੍ਰਦੂਸ਼ਣ ਨੇ ਇਕੱਲੇ ਮਰਦਾਂ ਨੂੰ ਹੀ ਨਹੀਂ ਸਗੋਂ ਔਰਤਾਂ ਤੇ ਛੋਟੀਆਂ ਬੱਚੀਆਂ ਨੂੰ ਵੀ ਅਪਣੀ ਲਪੇਟ ਵਿਚ ਲੈ ਲਿਐ ਜਿਵੇਂ ਵਾਤਾਵਰਣ ਪ੍ਰਦੂਸ਼ਣ ਕਾਰਨ ਫੈਲੀਆਂ ਬੀਮਾਰੀਆਂ ਨੇ।'' ਇੰਨਾ ਆਖ ਗੁਰਬਾਜ ਸਿੰਘ ਕਦੇ ਅਸਮਾਨ ਵਿਚ ਫੈਲੇ ਪਟਾਕਿਆਂ ਦੇ ਧੂੰਏਂ ਨੂੰ ਤੇ ਕਦੇ ਅਪਣੀ ਨੂੰਹ ਰਾਣੀ ਵੱਲ ਵੇਖ ਰਿਹਾ ਸੀ। ਉਹ ਗੰਧਲੀ ਹੋ ਰਹੀ ਲੋਕਾਂ ਦੀ ਮਾਨਸਿਕਤਾ ਬਾਰੇ ਸੋਚ ਕੇ ਅਪਣੀ ਨੂੰਹ ਤੇ ਦੋਹਾਂ ਪੋਤੀਆਂ ਦੇ ਭਵਿੱਖ ਦੀ ਡੂੰਘੀ ਚਿੰਤਾ ਵਿਚ ਡੁੱਬ ਗਿਆ।
                                                                                        ਜਸਵੰਤ ਗਿੱਲ ਸਮਾਲਸਰ,-ਮੋਬਾਈਲ : 97804-51878

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement