ਪੰਜਾਬੀ ਭਾਸ਼ਾ ਦਾ ਭਵਿੱਖ-ਧੁੰਦਲਾ
Published : Jun 15, 2018, 3:58 am IST
Updated : Jun 15, 2018, 3:58 am IST
SHARE ARTICLE
Punjabi Language
Punjabi Language

ਕਿਤਾਬਾਂ ਦੀ ਜਾਂ ਕਹਿ ਲਉ ਗਿਆਨ ਦੀ ਦੁਨੀਆਂ ਅਤੇ ਜਾਂ ਫਿਰ ਇੰਜ ਕਹਿ ਲਉ ਕਿ ਸੁਮੱਤ ਦੀ ਰਾਜਧਾਨੀ। ਪਰ ਤਾਂ, ਜੇਕਰ ਇਹ ਸਿਰ ਚੜ੍ਹ ਕੇ ਬੋਲ ਪਵੇ। ਲਾਜਵਾਬ .....

ਕਿਤਾਬਾਂ ਦੀ ਜਾਂ ਕਹਿ ਲਉ ਗਿਆਨ ਦੀ ਦੁਨੀਆਂ ਅਤੇ ਜਾਂ ਫਿਰ ਇੰਜ ਕਹਿ ਲਉ ਕਿ ਸੁਮੱਤ ਦੀ ਰਾਜਧਾਨੀ। ਪਰ ਤਾਂ, ਜੇਕਰ ਇਹ ਸਿਰ ਚੜ੍ਹ ਕੇ ਬੋਲ ਪਵੇ। ਲਾਜਵਾਬ ਨਵੀਂ ਸੋਚ, ਨਵੀਂ ਅਤੇ ਉਚੇਰੀ ਉਡਾਰੀ, ਨਵਾਂ ਨਜ਼ਰੀਆ, ਨਵਾਂ ਖ਼ਿਆਲ ਅਤੇ ਨਵਾਂ ਨਰੋਆ ਜਲਾਲ ਫੁੱਟ ਪੈਂਦਾ ਹੈ ਕਿਸੇ ਦੀਵਾਨੇ-ਮਸਤਾਨੇ ਦਾਰਸ਼ਨਿਕ ਦੀ ਸ਼ੋਖ਼ ਕਲਮ ਤੋਂ ਉਕਰੇ ਹੋਏ ਸੁੱਚੇ ਮੋਤੀਆਂ ਦੀ ਭਾਅ ਮਾਰਦੇ ਅੱਖਰਾਂ ਨੂੰ ਪੜ੍ਹ ਕੇ।

ਮੇਰੇ ਨਾਜ਼ਨੀਨ ਦੋਸਤੋ! ਸਾਡੇ ਪੈਗ਼ੰਬਰਾਂ ਦੇ ਇਹ ਫ਼ੁਰਮਾਨ ਹਨ ਕਿ ਜੇਕਰ ਕੁੱਝ ਬਦਲਣਾ ਚਾਹੁੰਦੇ ਹੋ ਜਾਂ ਬਦਲਿਆ ਵੇਖਣਾ ਚਾਹੁੰਦੇ ਹੋ ਤਾਂ ਅਪਣੀ ਸੋਚ ਅਤੇ ਨਜ਼ਰੀਆ ਬਦਲੋ-ਚੁਫੇਰਾ ਬਦਲਿਆ ਹੋਇਆ ਜਾਪੇਗਾ ਅਤੇ ਤੁਹਾਡੀ ਦਿੱਖ ਤੇ ਸ਼ਖ਼ਸੀਅਤ ਲੰਮੀਆਂ ਅਤੇ ਉੱਚੀਆਂ ਪੁਲਾਂਘਾਂ ਭਰੇਗੀ।  ਪੰਜਾਬੀ ਸਾਹਿਤ ਦੀ ਬੁੱਕਲ ਵਿਚ ਇਕ ਵਿਸ਼ਾਲ ਖ਼ਜ਼ਾਨਾ ਲੁਕਿਆ ਹੋਇਆ ਹੈ,

ਜਿਸ ਨੂੰ ਸਾਡੇ ਰਹਿਬਰਾਂ ਨੇ ਅਤਿ ਕਠਿਨਾਈ ਦੇ ਦੌਰ ਵਿਚੋਂ ਲੰਘਦਿਆਂ ਕਲਮ-ਬੰਦ ਕਰ ਕੇ ਸਾਡੀ ਝੋਲੀ ਪਾਇਆ ਅਤੇ ਫ਼ਖ਼ਰ ਮਹਿਸੂਸ ਕੀਤਾ। ਸਾਡੇ ਰਹਿਬਰਾਂ ਵਿਚੋਂ ਕੁੱਝ ਕੁ ਚੋਣਵੇਂ ਰਤਨ ਹਨ, ਸ਼ੇਖ਼ ਫ਼ਰੀਦ, ਭਗਤ ਕਬੀਰ, ਬਾਬਾ ਨਾਨਕ, ਗੁਰੂ ਅਰਜਨ ਦੇਵ ਜੀ ਅਤੇ ਸਾਹਿਬ-ਏ-ਕਮਾਲ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ।

ਪੰਜਾਬੀ ਸਾਹਿਤ ਦੇ ਇਸ ਅਮੀਰ ਵਿਰਸੇ ਦਾ ਰਸ ਮਾਣਦੇ ਹੋਏ ਅੱਜ ਹਜ਼ਾਰਾਂ ਨਹੀਂ, ਲੱਖਾਂ ਦੀ ਗਿਣਤੀ ਵਿਚ ਲਿਖਾਰੀ ਅਤੇ ਸਾਹਿਤਕਾਰ ਲਾਮਬੰਦ ਹੋ ਕੇ ਜੁਟੇ ਹਨ ਪੰਜਾਬੀ ਮਾਂ-ਬੋਲੀ ਦੀ ਸੇਵਾ ਵਿਚ। ਵਿਅੰਗ, ਠੱਠੇ-ਹਾਸੇ ਦੇ ਹੁਲਾਰੇ, ਪਿਆਰ ਅਤੇ ਬਿਰਹਾ ਦੇ ਰਾਗ ਅਤੇ ਅਧਿਆਤਮਿਕਤਾ ਦਾ ਪ੍ਰਚਾਰ  ਅੱਜ ਸਾਡੇ ਰਹਿਣ-ਸਹਿਣ, ਸਾਡੇ ਗੌਰਵਮਈ ਵਿਰਸੇ ਅਤੇ ਸਮੁੱਚੇ ਸਾਹਿਤ ਦਾ ਦੁਰਲੱਭ 'ਤੋਂ ਵੀ ਦੁਰਲੱਭ ਖ਼ਜ਼ਾਨਾ ਹੈ ਜਿਸ ਦੀ ਸਾਂਭ-ਸੰਭਾਲ ਅਤੇ ਵਿਕਾਸ ਸਾਡਾ ਮੁਢਲਾ ਹੱਕ ਹੈ-ਸਾਡਾ ਪਹਿਲਾ ਫ਼ਰਜ਼ ਹੈ। ਸਾਡੇ ਗੁਰੂ ਸਾਹਿਬਾਨ ਅਤੇ ਭਗਤਾਂ ਵਲੋਂ ਉਚਾਰੀ ਹੋਈ

'ਧੁਰ ਕੀ ਬਾਣੀ ਆਈ, ਜਿਨ ਸਗਲੀ ਚਿੰਤ ਮਿਟਾਈ' ਵਰਗੀ ਅਦੁਤੀ ਬਖ਼ਸ਼ਿਸ਼ ਨੂੰ ਸਤਿਕਾਰ ਸਹਿਤ ਆਉਣ ਵਾਲੀਆਂ ਪੀੜ੍ਹੀਆਂ ਦੇ ਸਪੁਰਦ ਕਰੀਏ ਜਿਸ ਨੂੰ ਪੜ੍ਹ-ਸੁਣ ਕੇ ਉਨ੍ਹਾਂ ਨੇ ਅਪਣਾ ਅਤੇ ਹੋਰਨਾਂ ਦਾ ਜਨਮ ਸੰਵਾਰਨਾ ਹੈ। ਪਰ ਅਜਿਹਾ ਸੰਭਵ ਤਾਂ ਹੋਵੇਗਾ ਜੇ ਅਸੀ ਪੰਜਾਬੀ ਭਾਸ਼ਾ ਦੇ ਬੂਟੇ ਨੂੰ ਸਮੁੱਚੇ ਰੂਪ ਵਿਚ ਜ਼ਰੂਰੀ ਅਤੇ ਲੋੜੀਂਦੀ ਖੁਰਾਕ ਮੁਹਈਆ ਕਰਵਾਈਏ ਅਤੇ ਸਿਰ ਉਪਰ ਛਤਰੀ ਦੇ ਕੇ ਵਾ-ਵਰੋਲਿਆਂ ਅਤੇ ਝਖੜਾਂ ਤੋਂ ਬਚਾਈਏ।

ਵਿਰਸਾ ਸੰਭਾਲ ਵੀਰਾ, ਵਿਰਸਾ ਸੰਭਾਲ ਉਏ, 
ਇਹੋ ਹੈ ਮਾਣ ਤੇਰਾ, ਇਹੋ ਜਲਾਲ ਉਏ।
ਪਹਿਰੇਦਾਰੀ ਜਾਂ ਚੌਕੀਦਾਰੀ ਕਿਸ ਦੀ ਕੀਤੀ ਜਾਂਦੀ ਹੈ? ਚਿੰਤਾ ਕਿਸ ਚੀਜ਼ ਦੀ ਲਗਦੀ ਹੈ ਜਾਂ ਫ਼ਿਕਰ ਕਿਸ ਗੱਲ ਦਾ ਲਗਦਾ ਹੈ? ਸਲਾਹ-ਮਸ਼ਵਰੇ, ਸੁਝਾਅ, ਸੈਮੀਨਾਰ ਜਾਂ ਕਾਨਫ਼ਰੰਸਾਂ ਦੇ ਆਯੋਜਨ ਕਾਹਦੇ ਲਈ ਕੀਤੇ ਅਤੇ ਕਰਵਾਏ ਜਾਂਦੇ ਹਨ? ਇਸ ਲਈ ਕਿ ਕਿਸੇ ਕੀਮਤੀ ਅਤੇ ਖ਼ਾਸ-ਮ-ਖ਼ਾਸ ਖ਼ਜ਼ਾਨੇ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਇਸ ਦੇ ਵਿਕਾਸ ਵਿਚ ਰੁਕਾਵਟਾਂ ਨੇ ਬਰੂਹਾਂ ਆਣ ਮੱਲੀਆਂ ਹਨ ਕਿਉਂਕਿ ਪੰਜਾਬੀ ਭਾਸ਼ਾ ਇਕ ਅਤਿਸੁੰਦਰ ਅਤੇ ਬੇਸ਼ਕੀਮਤੀ ਵਿਰਸਾ ਹੈ

ਜਿਸ 'ਚ ਸਮਾਈ ਹੋਈ ਹੈ ਦਿਲਕਸ਼ ਰੰਗਾਂ ਦੀ ਭਾਹ ਮਾਰਦੀ ਪੰਜਾਬੀਅਤ ਅਤੇ ਜਿਸ ਦੇ ਹਾਸਿਆਂ ਵਿਚ ਛਲਕਦੀ ਹੈ ਦਿਲ ਦਰਿਆ ਵਰਗੀ ਖੁੱਲ੍ਹ ਅਤੇ ਰੁੱਖਾਂ ਵਰਗੀ ਸਾਦਗੀ ਅਤੇ ਮਿਠਾਸ, ਖੁੱਲ੍ਹੇ ਸੁਭਾਅ ਦੀ ਮਹਿਕ। ਸੱਚ ਦੇ ਹਾਮੀ, ਯਾਨੀ ਯੋਧਿਆਂ ਅਤੇ ਸਿਪਾਹੀਆਂ ਦੀ ਬੜ੍ਹਕ ਅਤੇ ਗਭਰੂਆਂ ਤੇ ਮੁਟਿਆਰਾਂ ਦੇ ਭੰਗੜੇ ਅਤੇ ਗਿੱਧੇ ਦੀ ਧਮਕ। ਇਸੇ ਦਾ ਨਾਂ ਹੈ ਪੰਜਾਬੀਅਤ। ਉਹ ਪੰਜਾਬੀਅਤ ਜਿਸ ਦਾ ਪਹਿਲਾ ਨਾਂ ਅਤੇ ਬੋਲ ਹੈ ਧਰਮ, ਇਮਾਨ ਅਤੇ ਪਿਆਰ ਤੋਂ ਕੁਰਬਾਨ ਤੇ ਜੀ ਆਇਆਂ ਨੂੰ। ਪਰ ਇਸ ਦਾ ਆਖ਼ਰੀ ਬੋਲ ਹੈ ਵੈਰੀ ਦੇ ਸਿਰ ਚੜ੍ਹ ਕੇ ਬੋਲਣਾ।

ਸਾਡੀ ਪੰਜਾਬੀ ਦੀ ਉਸਰ ਰਹੀ ਇਮਾਰਤ ਦੀ ਨੀਂਹ ਬਹੁਤ ਮਜ਼ਬੂਤ ਹੈ ਅਤੇ ਇਸ ਨੂੰ ਹਿਲਾਇਆ ਨਹੀਂ ਜਾ ਸਕਦਾ ਪਰ ਅੱਜ ਲੋੜ ਆ ਪਈ ਹੈ ਅਤੇ ਫ਼ਿਕਰ ਲੱਗ ਗਿਆ ਹੈ ਕਿਉਂਕਿ ਇਸ ਇਮਾਰਤ ਦੇ ਸਾਹਮਣੇ ਕੁੱਝ ਖ਼ਤਰੇ ਮੰਡਰਾਉਣ ਲੱਗ ਪਏ ਹਨ। ਸੋ, ਅੱਜ ਡਾਹਢੀ ਲੋੜ ਹੈ ਇਸ ਇਮਾਰਤ ਨੂੰ ਹੀ ਨਹੀਂ ਬਲਕਿ ਇਸ ਦੀ ਸੁੰਦਰਤਾ ਨੂੰ ਵੀ ਬਚਾਇਆ ਜਾਵੇ ਤਾਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਸਾਹਮਣੇ ਇਹ ਚਾਨਣ-ਮੁਨਾਰੇ ਵਾਂਗ ਚਮਕੇ। ਕਿਤੇ ਅਜਿਹਾ ਨਾ ਹੋਵੇ ਕਿ ਇਸ ਦਾ ਕੱਦ ਘਟਦਾ-ਘਟਦਾ ਏਨਾ ਘੱਟ ਜਾਵੇ ਕਿ ਪੰਜਾਬੀ ਤੇ ਪੰਜਾਬੀਅਤ ਦਾ ਪਿਛੋਕੜ ਦਬਿਆ ਹੀ ਨਾ ਰਹਿ ਜਾਵੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਇਸ ਵਿਰਸੇ ਤੋਂ ਵਾਂਝੀਆਂ ਹੀ ਨਾ ਰਹਿ ਜਾਣ।

ਉਨ੍ਹਾਂ ਨੂੰ ਇਸ ਬਣਦੇ ਹੱਕ ਤੋਂ ਵਾਂਝਿਆਂ ਰੱਖ ਕੇ ਅਸੀ ਉਨ੍ਹਾਂ ਦੇ ਕਰਜ਼ਦਾਰ ਨਾ ਬਣ ਜਾਈਏ ਅਤੇ ਜੇਕਰ ਅਜਿਹਾ ਵਾਪਰ ਗਿਆ ਤਾਂ:
ਊੜੇ ਅਤੇ ਜੂੜੇ ਦੀ ਸਰਦਾਰੀ ਨਹੀਂ ਜੇ ਰਹਿਣੀ, ਬਦਲ ਜਾਏਗੀ ਪੰਜਾਬੀਅਤ ਦੀ ਰਹਿਣੀ, ਕਹਿਣੀ ਅਤੇ ਬਹਿਣੀ।
ਕਹਿਣ ਨੂੰ ਪੰਜਾਬੀ ਬੋਲੀ ਦੀ ਮਿਠਾਸ ਦਾ ਜ਼ਾਇਕਾ 110 ਮੁਲਕਾਂ ਵਿਚ ਲਿਆ ਜਾ ਸਕਦਾ ਹੈ।

ਕਹਿਣ ਨੂੰ ਬਰਤਾਨੀਆਂ ਅਤੇ ਕੈਨੇਡਾ ਵਿਚ ਤੀਜਾ ਅਤੇ ਆਸਟ੍ਰੇਲੀਆ ਵਿਚ ਦੂਜਾ ਸਥਾਨ ਹੈ ਅਤੇ ਕਹਿਣ ਨੂੰ ਵਿਸ਼ਵ ਭਰ ਵਿਚ 7 ਹਜ਼ਾਰ ਭਾਸ਼ਾਵਾਂ ਵਿਚ 10ਵੇਂ ਸਥਾਨ ਉਤੇ ਸ਼ੁਸ਼ੋਭਿਤ ਹੈ ਜੋ ਕਿ ਬੜੇ ਮਾਣ ਵਾਲੀ ਗੱਲ ਹੈ ਪਰ ਦੁੱਖ ਸਿਰਫ਼ ਇਸ ਗੱਲ ਦਾ ਹੈ ਕਿ ਅੱਜ ਪੰਜਾਬੀ ਭਾਸ਼ਾ ਨੂੰ ਖੋਰਾ ਬੜੀ ਤੇਜ਼ੀ ਨਾਲ ਲੱਗ ਰਿਹਾ ਹੈ। ਪਰ ਕਿਉਂ?

ਏਨਾ ਵੱਡਾ ਫੈਲਾਅ ਅਤੇ ਉੱਚਾ ਰੁਤਬਾ ਹੋਣ ਦੇ ਬਾਵਜੂਦ ਪੰਜਾਬੀ ਅੱਜ ਖ਼ਤਰੇ ਵਿਚ ਹੈ ਅਤੇ ਇਸ ਦਾ ਭਵਿੱਖ ਦਾਅ ਉੱਪਰ ਹੈ ਜਿਸ ਦੇ ਅਸੀ ਕਿਸੇ ਨਾ ਕਿਸੇ ਰੂਪ ਵਿਚ ਖ਼ੁਦ ਜ਼ਿੰਮੇਵਾਰ ਹਾਂ। ਗ਼ਲਤੀ ਦੀ ਜ਼ਿੰਮੇਵਾਰੀ ਜਦੋਂ ਤਕ ਸੱਚੇ ਦਿਲੋਂ ਅਪਣੇ ਸਿਰ ਲਈ ਨਾ ਜਾਵੇ, ਕਿਸੇ ਦਰੁਸਤੀ ਦਾ ਤਹਿ ਦਿਲੋਂ ਉਪਰਾਲਾ ਨਹੀਂ ਕੀਤਾ ਜਾ ਸਕਦਾ। ਸਾਡੇ ਰੋਜ਼ਾਨਾ ਦੇ ਜੀਵਨ ਵਿਚੋਂ ਊੜਾ ਅਤੇ ਜੂੜਾ ਵਿਸਰਦਾ ਜਾ ਰਿਹਾ ਹੈ ਅਤੇ 'ਹਾਏ-ਬਾਏ', 'ਓ.ਕੇ. ਬਾਏ' ਦਾ ਸੰਤਾਪ ਵਧਦਾ ਜਾ ਰਿਹਾ ਹੈ।

ਇਹ ਹੈ ਇਕ ਮਾਰੂ ਰੋਗ ਜਿਸ ਉਪਰ ਫ਼ਤਿਹ ਹਾਸਲ ਕਰਨੀ ਹੀ ਕਰਨੀ ਹੈ, ਪੰਜਾਬੀ ਦੇ ਵਿਕਾਸ ਦਾ ਰਾਹ ਤਾਂ ਹੀ ਮੋਕਲਾ ਹੋਵੇਗਾ। ਜਿਨ੍ਹਾਂ ਮਾਵਾਂ ਨੇ ਬੱਚਿਆਂ ਨੂੰ ਮਾਂ-ਬੋਲੀ ਵਿਚ ਲੋਰੀਆਂ ਦੇ ਕੇ ਮਾਤਭਾਸ਼ਾ ਵਿਚ ਨਿਪੁੰਨ ਬਣਾਉਣਾ ਸੀ, ਅੱਜ ਦੂਜੀਆਂ ਭਾਸ਼ਾਵਾਂ ਦੇ ਰੰਗ ਵਿਚ ਰੰਗ ਕੇ ਬਦਰੰਗ ਹੋ ਰਹੀਆਂ ਹਨ। ਸਕੂਲਾਂ ਵਿਚ, ਖ਼ਾਸ ਕਰ ਕੇ ਪੰਜਾਬ ਵਰਗੇ ਸੂਬੇ ਵਿਚ ਵੀ ਪੰਜਾਬੀ ਨਾਲ ਰੱਜ ਕੇ ਧੱਕਾ ਹੋ ਰਿਹਾ ਹੈ ਅਤੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿਚ ਇਕ ਵੀ ਵਿਸ਼ਾ ਪੰਜਾਬੀ ਦਾ ਨਹੀਂ ਪੜ੍ਹਾਇਆ ਜਾਂਦਾ।

ਉਪਰੋਂ ਪੰਜਾਬ ਸਰਕਾਰ ਦਾ ਨਵਾਂ ਅਸਤਰ ਦਾਗਿਆ ਗਿਆ ਹੈ ਕਿ ਸਰਕਾਰੀ ਸਕੂਲਾਂ ਵਿਚ ਸਿਖਿਆ ਦਾ ਮਾਧਿਅਮ ਹੀ ਅੰਗਰੇਜ਼ੀ ਕਰ ਰਹੇ ਹਨ। ਜਿਸ ਮਾਹੌਲ ਵਿਚ ਪੰਜਾਬੀ ਪੜ੍ਹਾਈ ਹੀ ਨਾ ਜਾ ਰਹੀ ਹੋਵੇ, ਪੰਜਾਬੀ ਵਿਚ ਗੱਲ ਕਰਨ ਵਾਲਾ ਓਪਰਾ-ਓਪਰਾ ਮਹਿਸੂਸ ਕਰਦਾ ਹੋਵੇ, ਉਥੇ ਪੰਜਾਬੀ ਦਾ ਪਿਛੋਕੜ ਪਤਾ ਕਿਵੇਂ ਲੱਗੇਗਾ?

ਸਾਡੀਆਂ ਯੂਨੀਵਰਸਟੀਆਂ ਵਿਚੋਂ ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੀ ਜੇ ਗੱਲ ਕਰੀਏ ਤਾਂ ਬੜੀ ਚੰਗੀ ਗੱਲ ਹੈ ਕਿ ਪੰਜਾਬੀ ਭਾਸ਼ਾ ਦਾ ਵਿਕਾਸ ਵਿਭਾਗ ਖੋਲ੍ਹਿਆ ਹੋਇਆ ਹੈ ਪਰ ਹਕੀਕਤ ਵਿਚ ਵਿਕਾਸ ਕਿੰਨਾ ਕੁ ਹੋ ਰਿਹਾ ਹੈ? ਪੰਜਾਬ ਯੂਨੀਵਰਸਟੀ ਚੰਡੀਗੜ੍ਹ ਵੀ ਅਪਣਾ ਫ਼ਰਜ਼ ਨਹੀਂ ਨਿਭਾ ਰਹੀ।

ਅਸੀ ਆਲ ਇੰਡੀਆ ਰੇਡਿਉ ਸਟੇਸ਼ਨ-ਜਲੰਧਰ ਵਿਖੇ ਰੀਕਾਰਡਿੰਗ ਕਰਵਾਉਣ ਗਏ ਤਾਂ ਦੁਪਹਿਰ ਦੇ ਖਾਣੇ ਦਾ ਸਮਾਂ ਹੋ ਗਿਆ। ਸੁਖਵਿੰਦਰ ਸਿੰਘ ਕਲਸੀ ਇੰਚਾਰਜ ਦਿਹਾਤੀ ਪ੍ਰੋਗਰਾਮ, ਗੁਰਵਿੰਦਰ ਸਿੰਘ ਅਤੇ ਸਟਾਫ਼ ਦੇ ਹੋਰ ਮੈਂਬਰ ਵੀ ਬੈਠੇ ਸਨ। ਖੁੱਲ੍ਹਾ ਸੁਭਾਅ ਹੋਣ ਕਾਰਨ ਉਨ੍ਹਾਂ ਨਾਲ ਘੁਲ-ਮਿਲ ਗਏ ਸਾਂ ਅਤੇ ਅਪਣੇ ਤਜਰਬੇ ਸਾਂਝੇ ਕਰਨ ਲੱਗੇ। ਇਕ ਬੀਬੀ ਨੇ ਪੰਜਾਬੀ ਨਾਲ ਹੋ ਰਹੇ ਵਿਤਕਰੇ ਬਾਬਤ ਸੁਣਾਇਆ ਕਿ ਉਹ ਅਪਣੇ ਪੇਕੇ ਪਿੰਡ ਗਏ।

ਪੁੱਤਰ ਨਾਲ ਸੀ, ਜੋ ਕਿ ਦਸਵੀਂ ਵਿਚ ਪੜ੍ਹਦਾ ਸੀ। ਮਾਮੇ ਦਾ ਲਾਡਲਾ ਹੋਣ ਕਰ ਕੇ ਬਾਹਰ ਖੇਤਾਂ ਨੂੰ ਚਲਾ ਗਿਆ ਅਤੇ ਉਥੇ ਉਸ ਨੂੰ ਪਿਸ਼ਾਬ ਆ ਗਿਆ। ਮਾਮੇ ਨੂੰ ਕਹਿੰਦਾ ਹੈ ਕਿ ਘਰ ਜਾਣਾ ਹੈ। ਮਾਮਾ ਕਹਿਣ ਲੱਗਾ ਕਿ ਠਹਿਰ ਕੇ ਚਲਦੇ ਹਾਂ ਪਰ ਉਸ ਨੇ ਜ਼ਿੱਦ ਕਰ ਲਈ ਕਿ ਹੁਣੇ ਜਾਣਾ ਹੈ। ਮਾਮੇ ਨੇ ਪੁਛਿਆ, ''ਯਾਰ ਅਜਿਹੀ ਕਿਹੜੀ ਗੱਲ ਹੋ ਗਈ?''

ਮੁੰਡਾ ਕਹਿਣ ਲੱਗਾ, ''ਵਾਸ਼ਰੂਮ ਜਾਣਾ ਹੈ।''
ਮਾਮੇ ਨੇ ਕਿਹਾ, ''ਪਤੰਦਰ ਨਾ ਹੋਵੇ! ਇਥੇ ਇਕ ਪਾਸੇ ਹੋ ਕੇ ਕਰ ਲੈ।'' ਬੱਚੇ ਨੇ ਜਿਵੇਂ ਕਿਵੇਂ ਪਿਸ਼ਾਬ ਤਾਂ ਕਰ ਲਿਆ ਪਰ ਘਰ ਆ ਕੇ ਕਹਿੰਦਾ,  ''ਮੰਮੀ ਅੱਜ ਮਾਮਾ ਜੀ ਨੇ ਮੈਨੂੰ ਗਾਲ੍ਹ ਕੱਢੀ।''

ਮਾਂ ਨੇ ਕਿਹਾ, ''ਗਾਲ੍ਹ! ਐਦਾਂ ਤਾਂ ਹੋ ਨਹੀਂ ਸਕਦਾ! ਤੈਨੂੰ ਗ਼ਲਤੀ ਲੱਗੀ ਹੈ। ਕਿਸੇ ਡੰਗਰ-ਵੱਛੇ ਨੂੰ ਦਬਕਾਇਆ ਹੋਵੇਗਾ।'' 
ਮੁੰਡੇ ਨੇ ਕਿਹਾ, ''ਨਹੀਂ, ਮਾਮਾ ਜੀ ਮੈਨੂੰ ਕਹਿੰਦੇ 'ਪਤੰਦਰ ਨਾ ਹੋਵੇ'!'' ਹੱਸ ਹੱਸ ਕੇ ਸੱਭ ਦੁਹਰੇ ਹੋਣ ਲੱਗੇ। 
ਇਹੋ ਜਿਹੇ ਲਫ਼ਜ਼ ਜਿਵੇਂ ਬੁੱਕਲ, ਵਿਰਸਾ, ਸਭਿਆਚਾਰ, ਸੰਸਕਾਰ, ਪਿਛੋਕੜ ਅਤੇ ਹੋਰ ਪਿਆਰੇ ਪਿਆਰੇ ਲਫ਼ਜ਼ ਵਿਸਰਦੇ ਜਾ ਰਹੇ ਹਨ ਜਿਨ੍ਹਾਂ ਦਾ ਜਿਊਂਦਾ ਰਹਿਣਾ ਬਹੁਤ ਜ਼ਰੂਰੀ ਹੈ।

ਇਸ ਤੋਂ ਇਲਾਵਾ ਉਹ ਉਰਦੂ-ਫ਼ਾਰਸੀ ਅਤੇ ਅਰਬੀ ਦੇ ਲਫ਼ਜ਼ ਜੋ ਪੰਜਾਬੀ ਵਿਚ ਹੀ ਆਟੇ ਅਤੇ ਪਾਣੀ ਵਾਂਗ ਗੁੰਨ੍ਹੇ ਜਾ ਚੁੱਕੇ ਹਨ ਜਾਂ ਘਿਉ-ਖਿਚੜੀ ਬਣੇ ਬੈਠੇ ਹਨ, ਜਿਵੇਂ ਕਿ ਆਲਮ-ਫ਼ਾਜ਼ਲ, ਸਰਕਰਦਾ, ਸਰਜ਼ਮੀਨ, ਬਖ਼ਸ਼ਿਸ਼, ਬਖ਼ਸ਼ਿੰਦ ਅਤੇ ਹਜ਼ੂਰ, ਇਨ੍ਹਾਂ ਦੀ ਪੰਜਾਬੀ ਵਿਚ ਨਿਵੇਕਲੀ ਥਾਂ ਹੈ। ਇਸੇ ਤਰ੍ਹਾਂ ਸਾਡੇ ਮੁਹਾਵਰੇ ਬੋਲੀਆਂ ਅਤੇ ਅਖਾਣ ਹਨ ਜੋ ਪੰਜਾਬੀ ਦੀ ਸੁੰਦਰਤਾ ਦੇ ਨਾਲ-ਨਾਲ ਜ਼ਾਇਕਾ ਜਾਂ ਸਵਾਦ ਵੀ ਭਰਦੇ ਹਨ, ਜਿਵੇਂ ਇਕ ਅਖਾਣ ਹੈ ਕਿ 'ਨਾ ਕੁੱਲੀ ਨਾ ਗੁੱਲੀ ਤੇ ਸ਼ਮਲਾ ਵੇਖ ਕੇ ਭੁੱਲੀ।'

ਗੱਲ ਜੇਕਰ ਗੁਰਬਾਣੀ ਦੇ ਮੂਲ-ਮੰਤਰ ਦੀ ਕੀਤੀ ਜਾਵੇ ਤਾਂ ਸਾਨੂੰ ਇਹ ਜਾਣ ਕੇ ਕਸ਼ਟ ਹੁੰਦਾ ਹੈ ਕਿ ਸਾਡੇ ਬੱਚੇ, ਭੈਣ-ਭਰਾ ਜਾਂ ਪੰਜਾਬੀ ਮਾਂ ਦੇ ਬੱਚੇ ਇਸ ਮੂਲ-ਮੰਤਰ ਤੋਂ ਕਿੰਨੀ ਦੂਰ ਅਤੇ ਕਿੰਨੀ ਨੇੜੇ ਹਨ। ਜਿਵੇਂ ਕਿ: 
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ£ 
ਪੰਜਾਬੀ ਦੀ ਹੋਂਦ ਹੀ ਜੇਕਰ ਘਟਦੀ ਗਈ ਅਤੇ ਮਿਟਦੀ ਗਈ ਤਾਂ ਇਸ ਸੰਦੇਸ਼ ਦੀ ਸਮਝ ਦੇਣ ਵਾਲੇ ਵੀ ਘਟਦੇ ਜਾਣਗੇ।

ਇਸ ਚਿੰਤਾਜਨਕ ਵਿਸ਼ੇ ਉਪਰ ਧਿਆਨ ਦੇਣ ਦੀ ਲੋੜ ਹੈ। ਅੱਜ ਵਿਸ਼ਵ ਸ਼ਾਂਤੀ ਦੇ ਚਿੰਤਨ ਅਤੇ ਚਿੰਤਕ ਵਿਸ਼ਵ ਸ਼ਾਂਤੀ ਦੀ ਦੁਹਾਈ  ਦੇ ਰਹੇ ਹਨ ਪਰ ਇਨ੍ਹਾਂ ਨੂੰ ਪੁੱਛੋ ਕਿ ਭਲਿਉ ਲੋਕੋ,  ਸਾਡੇ ਗੁਰੂ ਸਾਹਿਬਾਨ ਸਾਢੇ ਪੰਜ ਸੌ ਵਰ੍ਹੇ ਪਹਿਲਾਂ ਨਿਰਭਉ ਨਿਰਵੈਰੁ ਦਾ ਪਾਠ ਪੜ੍ਹਾ ਗਏ ਸਨ-ਕਿਉਂ ਨਹੀਂ ਸਮਝਦੇ? ਤੋਪਾਂ, ਬੰਦੂਕਾਂ ਅਤੇ ਮਿਜ਼ਾਈਲਾਂ ਨਾਲ ਵਿਸ਼ਵ ਸ਼ਾਂਤੀ ਭਾਲਦੇ ਹੋ? ਇਨ੍ਹਾਂ ਮਾਰੂ ਹਥਿਆਰਾਂ ਦੀ ਛਾਂ ਹੇਠ ਬਕਰੇ ਦੀ ਮਾਂ ਕਦੋਂ ਤਕ ਖ਼ੈਰ ਮਨਾਏਗੀ?

ਪਰ ਸੱਭ ਤੋਂ ਵੱਡੀ ਜ਼ਰੂਰਤ ਹੈ ਚੇਤਨਾ, ਸੰਕਲਪ ਅਤੇ ਲਗਨ ਦੀ। ਪ੍ਰਕਾਸ਼ਕਾਂ ਦੀ ਮਨਮਾਨੀ ਅਤੇ ਲੁੱਟ-ਖਸੁੱਟ ਕਿੰਨੀ ਵੀ ਕਿਉਂ ਨਾ ਹੋਵੇ, ਹੋ ਸਕਦਾ ਹੈ ਕਿ ਨਵੇਂ ਲੇਖਕਾਂ ਦੀ ਬਾਂਹ ਫੜਨ ਵਾਲੇ 2-4 ਪ੍ਰਕਾਸ਼ਕ ਸਾਹਮਣੇ ਆ ਹੀ ਜਾਣ। ਅਰਬਾਂ ਡਾਲਰ ਅਤੇ ਪਾਊਂਡ ਸਿਆਸੀ ਪਾਰਟੀਆ ਨੂੰ ਦਾਨ ਦਿੰਦੇ ਹਨ, ਹੋ ਸਕਦਾ ਹੈ, ਉਨ੍ਹਾਂ ਦਾ ਰੁਝਾਨ ਇਸ ਸੇਵਾ ਵਲ ਖਿਚਿਆ ਹੋ ਜਾਵੇ। ਸ੍ਰੀ ਐਸ.ਪੀ. ਉਬਰਾਏ ਜੀ ਦਾ ਧਿਆਨ ਇਸ ਪਾਸੇ ਨਹੀਂ ਗਿਆ, ਸ਼ਾਇਦ ਸਾਡੇ-ਤੁਹਾਡੇ ਵਿਚੋਂ ਕੋਈ ਪੰਜਾਬੀ ਦਾ ਸੁਨੇਹਾ ਉਨ੍ਹਾਂ ਦੇ ਸਾਹਮਣੇ ਇਹ ਮਸਲਾ ਰੱਖ ਹੀ ਦੇਵੇ ਅਤੇ ਨਵੇਂ ਲੇਖਕਾਂ ਦੀ ਬਾਂਹ ਫੜਨ ਦੇ ਨਾਲ-ਨਾਲ ਕੁੱਝ ਨਵੀਂਆਂ ਲਾਇਬ੍ਰੇਰੀਆਂ ਵੀ ਖੁੱਲ੍ਹ ਜਾਣ।

ਫਿਰ ਸਰਕਾਰ ਵਲੋਂ ਸਥਾਪਤ ਬਿਮਾਰ ਭਾਸ਼ਾ ਵਿਭਾਗ ਵਲੋਂ ਲੱਖ ਲਾਪ੍ਰਵਾਹੀ ਵਰਤੀ ਜਾਂਦੀ ਹੋਵੇ, ਪੰਜਾਬੀ ਦੇ ਵਧਦੇ ਕਦਮ ਰੁਕ ਨਹੀਂ ਸਕਦੇ। ਜੇਕਰ ਅਜਿਹਾ ਹੁੰਦਾ ਹੈ ਤਾਂ ਟੀ.ਵੀ. ਚੈਨਲਾਂ ਵਾਲੇ ਵੀ ਲਿਖਾਰੀਆਂ ਨੂੰ ਉਤਸ਼ਾਹ ਦੇਂਦੇ ਹੋਏ ਅੱਗੇ ਆਉਣ ਦੇ ਮੌਕੇ ਦੇਣ ਵਿਚ ਖ਼ੁਸ਼ੀ ਅਨੁਭਵ ਕਰਨਗੇ। ਹਾਲਤ ਲੱਖ ਮਾੜੀ ਹੋਵੇ ਪਰ ਜੇਕਰ ਸਿਦਕ ਤੇ ਸੰਕਲਪ ਅਮਰ ਰਹਿੰਦਾ ਹੈ, ਜਵਾਨ ਰਹਿੰਦਾ ਹੈ ਤਾਂ ਹੀ ਪ੍ਰਫ਼ੁੱਲਤ ਹੁੰਦਾ ਹੈ।
ਪੰਜਾਬੀ ਭਾਸ਼ਾ ਸਿਰਫ਼ ਸਾਡੀ ਬੋਲੀ ਹੀ ਨਹੀਂ, ਇਹ ਵਿਸ਼ਵ ਸ਼ਾਂਤੀ, ਭਾਈਚਾਰੇ, ਸਹਿਚਾਰ ਅਤੇ ਸਹਿਣਸ਼ੀਲਤਾ ਦੀ ਵੀ ਖ਼ੈਰ ਮੰਗਦੀ ਹੈ।  

ਸੰਪਰਕ : 98761-05647

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement