
ਚੋਣਾਂ ਜਿੱਤਣ ਤੋਂ ਬਾਅਦ ਲੀਡਰ, ਉਹ ਭਾਵੇਂ ਐਮ.ਐਲ.ਏ. ਹੋਵੇ ਜਾਂ ਐਮ.ਪੀ ਹੋਵੇ ਜਾਂ ਹੋਰ ਕਿਸੇ ਅਹੁਦੇ ਉਤੇ ਹੋਵੇ, ਸਹੁੰਆਂ ਖਾ ਕੇ ਕਿ 'ਮੈਂ ਲੋਕਾਂ ਨੂੰ ਭਾਵ....
ਚੋਣਾਂ ਜਿੱਤਣ ਤੋਂ ਬਾਅਦ ਲੀਡਰ, ਉਹ ਭਾਵੇਂ ਐਮ.ਐਲ.ਏ. ਹੋਵੇ ਜਾਂ ਐਮ.ਪੀ ਹੋਵੇ ਜਾਂ ਹੋਰ ਕਿਸੇ ਅਹੁਦੇ ਉਤੇ ਹੋਵੇ, ਸਹੁੰਆਂ ਖਾ ਕੇ ਕਿ 'ਮੈਂ ਲੋਕਾਂ ਨੂੰ ਭਾਵ ਵੋਟਰਾਂ ਨੂੰ ਪੂਰੀ ਤਰ੍ਹਾਂ ਸਮਰਪਤ ਰਹਾਂਗਾ' ਅਸਤੀਫ਼ੇ ਦੇ ਕੇ ਛੱਡ ਜਾਂਦੇ ਹਨ। ਲੋਕ ਵਿਚਾਰੇ ਵੇਖਦੇ ਰਹਿ ਜਾਂਦੇ ਹਨ ਕਿ ਇਹ ਤਾਂ ਸਾਡੇ ਨਾਲ ਹੀ ਧੋਖਾ ਕਰ ਗਿਆ ਤੇ ਅਪਣੇ ਸੁਆਰਥ ਲਈ ਦੂਜੀ ਪਾਰਟੀ ਵਿਚ ਚਲਿਆ ਗਿਆ, ਅਸੀ ਐਵੇਂ ਅੱਡੀਆਂ ਚੁੱਕ-ਚੁੱਕ ਕੇ ਨਾਹਰੇ ਮਾਰਦੇ ਰਹੇ, ਜੇਬਾਂ ਵਿਚੋਂ ਪੈਸੇ ਖ਼ਰਚ ਕਰਦੇ ਰਹੇ, ਸਮਾਂ ਬਰਬਾਦ ਕਰਦੇ ਰਹੇ, ਯਾਰੋ ਇਹ ਤਾਂ ਸਾਨੂੰ ਹੀ ਉੱਲੂ ਬਣਾ ਗਿਆ।
Indian election
ਸਰਕਾਰਾਂ ਦਾ ਲੱਖਾਂ ਰੁਪਏ ਦਾ ਨਕੁਸਾਨ ਕਰ ਗਿਆ, ਜਿੱਤਣ ਮਗਰੋਂ ਖਾਧੀ ਹੋਈ ਸੌਂਹ ਵੀ ਤੋੜ ਗਿਆ। ਜਦੋਂ ਇਹ ਲੀਡਰ ਅਸਤੀਫ਼ਾ ਦਿੰਦੇ ਹਨ ਤਾਂ ਫਿਰ ਦੁਬਾਰਾ ਉਸ ਹਲਕੇ ਵਿਚ ਚੋਣ ਹੁੰਦੀ ਹੈ, ਫਿਰ ਲੱਖਾਂ ਕਰੋੜਾਂ ਰੁਪਏ ਬਰਬਾਦ ਹੁੰਦੇ ਹਨ। ਲੋਕਾਂ ਦੀ ਭਕਾਈ ਹੁੰਦੀ ਹੈ, ਵਿਚਾਰੇ ਪ੍ਰਸ਼ਾਸਨ ਨੂੰ ਫਿਰ ਦੁਬਾਰਾ ਬਹੁਤ ਵੱਡੀ ਤਕਲੀਫ਼ ਝਲਣੀ ਪੈਂਦੀ ਹੈ। ਜੇ ਕਾਨੂੰਨ ਵਿਚ ਦਮ ਹੋਵੇ ਤਾਂ ਚੋਣਾਂ ਦਾ ਸਾਰਾ ਖ਼ਰਚਾ ਇਨ੍ਹਾਂ ਤੋਂ ਜੁਰਮਾਨੇ ਸਮੇਤ ਵਸੂਲਿਆ ਜਾਵੇ। ਐਸਾ ਕਾਨੂੰਨ ਹੋਵੇ ਕਿ ਅਸਤੀਫ਼ਾ ਦੇਣ ਵਾਲਾ ਵਿਅਕਤੀ ਸਰਪੰਚ ਤਕ ਦੀ ਚੋਣ ਵੀ ਨਾ ਲੜ ਸਕੇ।
Lok Sabha Election
ਹੋਰ ਗੱਲ ਕਰਨੀ ਪਵੇਗੀ। ਰਾਹੁਲ ਗਾਂਧੀ ਵਰਗੇ ਦਾ, ਅਪਣੇ ਪ੍ਰਧਾਨਗੀ ਦੇ ਅਹੁਦੇ ਤੋਂ ਵੀ ਅਸਤੀਫ਼ਾ ਦੇ ਕੇ ਅਪਣੇ ਆਪ ਨੂੰ ਹੋਰ ਕਮਜ਼ੋਰ ਕਰਨਾ, ਮੈਦਾਨ ਛੱਡ ਕੇ ਭੱਜਣ ਬਰਾਬਰ ਹੈ। ਜੋ ਰਾਹੁਲ ਗਾਂਧੀ ਨੇ ਕੀਤਾ ਹੈ, ਬਿਲਕੁਲ ਠੀਕ ਨਹੀਂ ਕੀਤਾ। ਹਾਰਨ ਪਿੱਛੋਂ ਉਸ ਨੂੰ ਮੈਦਾਨ ਵਿਚ ਅਪਣੇ ਵੋਟਰਾਂ ਲਈ ਡਟੇ ਰਹਿਣਾ ਚਾਹੀਦਾ ਸੀ। ਰਾਹੁਲ ਨੂੰ ਵੇਖ ਕੇ ਹੋਰ ਕਾਂਗਰਸੀ ਅਸਤੀਫ਼ੇ ਦੇਣ ਲੱਗ ਪਏ। ਇਹ ਪਾਰਟੀ ਵਰਕਰਾਂ ਦਾ ਮਨੋਬਲ ਡੇਗਣ ਵਾਲੀ ਗੱਲ ਹੈ। ਪੰਜਾਬ ਵਿਚ ਵਿਧਾਇਕਾਂ ਦੇ ਅਸਤੀਫ਼ਿਆਂ ਬਾਅਦ ਹੁਣ ਫਿਰ ਫਗਵਾੜਾ, ਦਾਖਾ ਵਗ਼ੈਰਾ ਹਲਕਿਆਂ ਵਿਚ ਚੋਣਾਂ ਹੋਣਗੀਆਂ। ਭਾਰੀ ਗ਼ਲਤੀ ਅਸਤੀਫ਼ਾ ਦੇਣ ਵਾਲਿਆਂ ਦੀ ਹੈ। ਸਰਕਾਰਾਂ ਦਾ ਧਨ ਬਰਬਾਦ ਹੋਵੇਗਾ, ਲੋਕਾਂ ਦਾ ਪੈਸਾ ਬਰਬਾਦ ਹੋਵੇਗਾ, ਫਿਰ ਇਕ ਦੂਜੇ ਤੇ ਚਿੱਕੜ ਉਛਾਲੇ ਜਾਣਗੇ। ਸਾਨੂੰ ਹਰ ਵਾਰੀ ਇੰਜ ਲਗਦਾ ਹੈ ਜਿਵੇਂ ਕਿ ਪੰਜਾਬ ਦੇ ਲੀਡਰਾਂ ਤੇ ਲੋਕਾਂ ਨੂੰ ਚੋਣਾਂ ਲੜਨ ਤੋਂ ਸਿਵਾਏ ਹੋਰ ਕੋਈ ਕੰਮ ਹੀ ਨਹੀਂ। -ਭੁਪਿੰਦਰ ਸਿੰਘ ਬਾਠ, ਸੰਪਰਕ : 94176-82002