
ਕੀਰਤਨ ਜਾਂ ਕੀਰਤੀ ਤੋਂ ਭਾਵ ਹੈ ਕਿ ਰੱਬ ਦੇ ਧਨਵਾਦ ਵਿਚ ਸਮਰਪਣ ਹੋਣਾ। ਹਰ ਹਾਲਾਤ ਵਿਚ ਰੱਬ ਦਾ ਗੁਣਗਾਨ ਕਰਨਾ।
ਕੀਰਤਨ ਜਾਂ ਕੀਰਤੀ ਤੋਂ ਭਾਵ ਹੈ ਕਿ ਰੱਬ ਦੇ ਧਨਵਾਦ ਵਿਚ ਸਮਰਪਣ ਹੋਣਾ। ਹਰ ਹਾਲਾਤ ਵਿਚ ਰੱਬ ਦਾ ਗੁਣਗਾਨ ਕਰਨਾ। ਗੁਣਗਾਨ ਮਤਲਬ ਰੱਬ ਦੇ ਧਨਵਾਦ ਵਿਚ ਜੋ ਕੁੱਝ ਵੀ ਜਿਸ ਤਰੀਕੇ ਨਾਲ ਵੀ ਰੱਬ ਨਾਲ ਜੋ ਗੱਲਬਾਤ ਕੀਤੀ ਜਾਂਦੀ ਹੈ, ਉਸ ਨੂੰ ਕੀਰਤਨ ਕਿਹਾ ਗਿਆ ਹੈ। ਚੁੱਪ ਰਹਿੰਦੇ ਹੋਏ ਵੀ ਰੱਬ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ ਉਸ ਨੂੰ ਵੀ ਕੀਰਤਨ ਜਾਂ ਕੀਰਤੀ ਕਿਹਾ ਗਿਆ ਹੈ। ਗੁਰੂ ਜੀ ਨੇ ਅਕਾਲ ਪੁਰਖ ਦੀ ਜੋ ਵੀ ਸਿਫ਼ਤ ਸਲਾਹ ਕੀਤੀ ਹੈ ਤੇ ਅਕਾਲ ਪੁਰਖ ਪ੍ਰਤੀ ਜੋ-ਜੋ ਧਨਵਾਦ ਵਿਅਕਤ ਕੀਤਾ ਹੈ, ਉਸ ਨੂੰ ਹੀ ਗੁਰਬਾਣੀ ਕਿਹਾ ਜਾਂਦਾ ਹੈ। ਇਹ ਗੁਰਬਾਣੀ ਸਾਨੂੰ ਇਕ ਸੱਚਾ ਸੁੱਚਾ ਜੀਵਨ ਜਿਊਣ ਲਈ ਸੇਧ ਦੇ ਰਹੀ ਹੈ।
Kirtan
ਕੀਰਤਨ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਵੀ ਆਉਂਦਾ ਹੈ। ਮੇਰੀ ਤੁੱਛ ਬੁੱਧੀ ਅਨੁਸਾਰ ਉਥੇ ਵੀ ਸ਼ਬਦ ਦਾ ਭਾਵ ਅਰਥ ਧਨਵਾਦ ਹੀ ਹੈ। ਸਹੀ ਅਰਥਾਂ ਵਿਚ ਧਨਵਾਦ ਤਾਂ ਹੀ ਹੋ ਸਕਦਾ ਹੈ, ਜਦੋਂ ਅਸੀ ਮਾਨਸਕ ਤੇ ਆਤਮਕ ਤੌਰ ਉਤੇ ਸੰਪੂਰਨ ਸੰਤੁਸ਼ਟ ਹੋਵਾਂਗੇ ਤੇ ਰੱਤੀ ਭਰ ਵੀ ਸਾਨੂੰ ਕਿਸੇ ਵੀ ਤਰ੍ਹਾਂ ਦਾ ਕਿੰਤੂ ਨਹੀਂ ਹੋਵੇਗਾ। ਪਹਿਲਾਂ ਇਸ ਸਟੇਜ ਦਾ ਆਉਣਾ ਜ਼ਰੂਰੀ ਹੈ ਤਾਂ ਹੀ ਰੱਬ ਦਾ ਦਿਲੋਂ ਧਨਵਾਦ ਕਰ ਸਕਾਂਗੇ ਜਿਸ ਨੂੰ ਕੀਰਤਨ ਕਿਹਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਗ 923 ਤੋਂ ਤਾਂ ਗੱਲ ਹੋਰ ਵੀ ਸਾਫ਼ ਹੋ ਜਾਂਦੀ ਹੈ ਜਿਥੇ ਲਿਖਿਆ ਹੋਇਆ ਹੈ ਕਿ 'ਅੰਤੇ ਸਤਿਗੁਰ ਬੋਲਿਆ ਮੈ ਪਿਛੈ ਕੀਰਤਨ ਕਰਿਅਹੁ ਨਿਰਬਾਣੁ ਜੀਉ£ (ਪੰਨਾ 923)' ਜਿਸ ਦਾ ਅਰਥ ਹੈ ਕਿ ਮੌਤ ਦੀ ਹਾਲਤ ਵਿਚ ਵੀ ਰੱਬ ਦਾ ਧਨਵਾਦ ਹੀ ਕਰਨਾ ਹੈ।
Kirtan
ਗੁਰਬਾਣੀ ਵਿਚ ਜੋ ਵੀ ਕਿਹਾ ਗਿਆ ਹੈ, ਉਹ ਸੰਸਾਰ ਦੇ ਹਰ ਵਿਅਕਤੀ ਤੇ ਲਾਗੂ ਹੈ ਤੇ ਸੰਸਾਰ ਦੇ ਹਰ ਵਿਅਕਤੀ ਨੇ ਉਹ ਆਪ ਕਰਨਾ ਹੈ। ਜੋ ਵੀ ਧਨਵਾਦ (ਕੀਰਤਨ) ਕਰੇਗਾ ਉਸ ਦੇ ਹਾਰਮੋਨ ਬਦਲਣਗੇ ਤੇ ਉਨ੍ਹਾਂ ਦਾ ਲਾਭ ਉਸੇ ਵਿਅਕਤੀ ਨੂੰ ਹੀ ਹੋ ਸਕੇਗਾ, ਦੂਜੇ ਨੂੰ ਨਹੀਂ। ਜੇਕਰ ਅਸੀ ਕੀਰਤਨ ਨੂੰ ਗਾਉਣ ਵਜੋਂ ਲਵਾਂਗੇ ਤਾਂ ਹਰ ਵਿਅਕਤੀ ਇਸ ਕਿਰਿਆ ਲਈ ਅੱਗੇ ਨਹੀਂ ਆਵੇਗਾ ਕਿਉਂਕਿ ਜ਼ਰੂਰੀ ਨਹੀਂ ਉਸ ਦੇ ਗਲੇ ਵਿਚ ਰਸ ਹੋਵੇ। ਜ਼ਰੂਰੀ ਨਹੀਂ ਉਸ ਨੂੰ ਸੰਗੀਤ ਦਾ ਅਭਿਆਸ ਹੋਵੇ। ਵੈਸੇ ਵੀ ਬਹੁਤ ਘੱਟ ਬੰਦੇ ਇਕੱਠ ਵਿਚ ਗਾ ਸਕਦੇ ਹਨ।
Kirtan
ਉਹ ਤਾਂ ਫਿਰ ਰੱਬ ਜੀ ਦੀ ਕੀਰਤੀ (ਕੀਰਤਨ) ਨਹੀਂ ਕਰ ਸਕਣਗੇ। ਜਦਕਿ ਕਿਹਾ ਜਾਂਦਾ ਹੈ ਕਿ ਗੁਰਬਾਣੀ ਹਰ ਵਿਅਕਤੀ ਤੇ ਲਾਗੂ ਹੈ। ਉਹ ਧਨਵਾਦ ਦੇ ਸ਼ਬਦ ਜਾਂ ਰੱਬ ਜੀ ਨਾਲ ਗੱਲਾਂ ਤਾਂ ਕਰ ਹੀ ਸਕਦਾ ਹੈ ਤੇ ਕਿਤੇ ਵੀ ਬੈਠ ਕੇ ਕਰ ਸਕਦਾ ਹੈ। ਇਕੱਲੇ ਬੈਠੇ ਵੀ ਹੋ ਸਕਦਾ ਹੈ। ਵੇਖਣਾ ਇਹ ਹੋਵੇਗਾ ਕਿ ਧਨਵਾਦ ਦਿਲ ਦੀ ਕਿਹੜੀ ਗਹਿਰਾਈ ਤੋਂ ਆ ਰਿਹਾ ਹੈ। ਜਦ ਵੀ ਕਿਸੇ ਦੀ ਸਿਫ਼ਤ ਸਲਾਹ ਕਰਾਂਗੇ ਤਾਂ ਉਸ ਨੂੰ ਹਰ ਪੱਖੋਂ ਅਪਣੇ ਆਪ ਤੋਂ ਚੰਗਾ ਮੰਨਣਾ ਪਵੇਗਾ ਨਹੀਂ ਤਾਂ ਧਨਵਾਦੀ ਬਿਰਤੀ ਹੀ ਨਹੀਂ ਬਣ ਸਕੇਗੀ। ਕਿਸੇ ਹੋਰ ਨੂੰ ਚੰਗਾ ਕਿਹਾ ਸੁਣਨਾ ਔਖਾ ਹੈ। ਕਿਸੇ ਹੋਰ ਨੂੰ ਚੰਗਾ ਕਹਿਣਾ ਤਾਂ ਹੋਰ ਵੀ ਔਖਾ ਹੈ।
Baba Farid
ਮੈਨੂੰ ਸਮਝ ਨਹੀਂ ਆ ਰਹੀ ਕਿ ਬਾਬਾ ਫ਼ਰੀਦ ਜੀ ਜਦ ਇਹ ਕਹਿ ਰਹੇ ਹਨ ਕਿ 'ਹਮ ਨਹੀਂ ਚੰਗੇ ਬੁਰਾ ਨਹੀਂ ਕੋਏ' ਤਾਂ ਉਨ੍ਹਾਂ ਦਾ ਦਿਲ ਕਿੰਨਾ ਕੁ ਵਿਸ਼ਾਲ ਹੋਵੇਗਾ ਕਿਉਂਕਿ ਅੱਜ ਤਾਂ ਵੇਖਣ ਨੂੰ ਇਹੀ ਮਿਲਦਾ ਹੈ ਕਿ ਸੰਸਾਰ ਵਿਚ ਚੰਗਾ ਤਾਂ ਸਿਰਫ਼ 'ਮੈ' ਹੀ ਹਾਂ, ਬਾਕੀ ਸਾਰੇ ਤਾਂ ਬੁਰੇ ਹੀ ਨਜ਼ਰ ਆਉਂਦੇ ਹਨ। ਸਾਨੂੰ ਤਾਂ ਰੱਬ ਦੀ ਵੀ ਅਪਣੇ ਮੂੰਹੋਂ ਸਿਫ਼ਤ ਸਲਾਹ ਕਰਨੀ ਔਖੀ ਲਗੀ ਹੈ ਤੇ ਅਸੀ ਰੱਬ ਦੀ ਕੀਰਤੀ (ਕੀਰਤਨ) ਲਈ ਵੀ ਵਖਰੇ ਤੌਰ ਉਤੇ ਬੰਦੇ ਰੱਖ ਲਏ। ਜਿਵੇਂ ਉਪਰ ਲਿਖਿਆ ਹੈ ਕਿ ਸ੍ਰੀਰ ਦੇ ਹਾਰਮੋਨ ਉਸ ਦੇ ਹੀ ਬਦਲਣਗੇ ਜਿਹੜਾ ਧਨਵਾਦੀ ਬਿਰਤੀ ਵਿਚ ਆ ਕੇ ਰੱਬ ਜੀ ਨਾਲ ਧਨਵਾਦ ਵਾਲੀਆਂ ਗੱਲਾਂ ਕਰ ਸਕੇਗਾ।
Baba Farid
ਗੁਰਬਾਣੀ ਪੜ੍ਹਨ ਤੇ ਗੁਰਬਾਣੀ ਵਿਚਾਰਨ ਤੇ ਉਸ ਉਪਰ ਅਮਲ ਕਰਨ ਵਾਲੇ ਨੂੰ ਹੀ ਲਾਭ ਦੀ ਉਮੀਦ ਹੋ ਸਕਦੀ ਹੈ, ਦੂਜੇ ਨੂੰ ਨਹੀਂ। ਅਸੀ ਭੁਲੇਖਾ ਪਾਲ ਰਹੇ ਹਾਂ ਕਿਉਂਕਿ ਅਸੀ ਪੈਸੇ ਖ਼ਰਚ ਕੇ (ਆਪ ਮਿਹਨਤ ਨਾ ਕਰ ਕੇ) ਲਾਭ ਲੈਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਸੰਭਵ ਨਹੀਂ ਹੈ।ਜੇਕਰ ਪ੍ਰਚਲਤ ਕੀਰਤਨ ਨੂੰ ਮੰਨ ਲਿਆ ਜਾਵੇ ਤਾਂ ਭਾਵ ਇਹ ਹੋਇਆ ਕਿ ਇਕੱਲਾ ਵਿਅਕਤੀ ਤਾਂ ਫਿਰ ਧਨਵਾਦ (ਕੀਰਤਨ) ਕਰ ਹੀ ਨਹੀਂ ਸਕਦਾ। ਦੂਜੇ ਪਾਸੇ ਅਸੀ ਕਹਿ ਰਹੇ ਹਾਂ ਕਿ ਗੁਰਬਾਣੀ ਹਰ ਬੰਦੇ ਤੇ ਲਾਗੂ ਹੈ, ਹਰ ਜਗ੍ਹਾ ਉਤੇ ਲਾਗੂ ਹੈ। ਇਸ ਬਾਰੇ ਵਿਚਾਰ ਕਰਨ ਦੀ ਲੋੜ ਹੈ। ਜੇਕਰ ਤੁਸੀ ਥੋੜਾ ਬਹੁਤ ਇਸ ਨੁਕਤੇ ਤੇ ਸਹਿਮਤ ਹੋ ਤਾਂ ਫਿਰ ਸਾਨੂੰ ਅੰਦਰੋਂ ਸਵਾਲ ਪੁਛਣਾ ਚਾਹੀਦਾ ਹੈ ਕਿ ਕੀ ਅਸੀ ਠੀਕ ਰਸਤੇ ਉਤੇ ਚੱਲ ਰਹੇ ਹਾਂ।
ਮੇਰਾ ਲੇਖ ਲਿਖਣ ਤੋਂ ਭਾਵ ਇਹ ਨਹੀਂ ਕਿ ਇਹ ਗ਼ਲਤ ਹੈ, ਨਾ ਹੀ ਮੇਰੀ ਭਾਵਨਾ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਠੇਸ ਪਹੁੰਚਾਉਣ ਤੋਂ ਹੈ। ਮੈਂ ਤਾਂ ਅਪਣੀ ਤੁੱਛ ਬੁੱਧੀ ਦੇ ਵਿਚਾਰਾਂ ਦੀ ਸਾਂਝ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੇਰੀ ਸੰਪੂਰਨ ਆਸਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੈ। ਇਸ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਪਾਲਣਾ ਚਾਹੀਦਾ। ਇਸ ਸੱਭ ਕੁੱਝ ਦੇ ਬਾਵਜੂਦ ਵੀ ਜੇਕਰ ਲੱਗੇ ਮੈਂ ਗ਼ਲਤ ਹਾਂ ਤਾਂ ਮੈਂ ਮਾਫ਼ੀ ਮੰਗਦਾ ਹਾਂ। ਸੁਖਦੇਵ ਸਿੰਘ
ਸੰਪਰਕ : 94171-91916