
ਇਸ ਜੰਗ ਦੌਰਾਨ ਪਾਕਿਸਤਾਨ ਦੇ ਜਨਰਲ ਆਮਿਰ ਅਬਦੁਲ ਖਾਨ ਨਿਆਜ਼ੀ ਨੇ ਭਾਰਤੀ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਸੀ
Lieutenant General Jagjit Singh Arora: 1971 ਦੀ ਭਾਰਤ-ਪਾਕਿਸਤਾਨ ਜੰਗ ਦੇ ਅੱਜ 52 ਸਾਲ ਪੂਰੇ ਹੋ ਗਏ ਹਨ। 15 ਦਸੰਬਰ 1971 ਤੱਕ ਬੰਗਲਾਦੇਸ਼ ਦੀ ਜੰਗ ਸਿਖ਼ਰ 'ਤੇ ਸੀ। 15 ਅਤੇ 16 ਦਸੰਬਰ ਦੀ ਦਰਮਿਆਨੀ ਰਾਤ ਤੱਕ 2 ਪੈਰਾ ਦੇ ਜਵਾਨ ਢਾਕਾ ਦੇ ਦਰਵਾਜ਼ੇ 'ਤੇ ਖੜ੍ਹੇ ਸਨ। ਇਸ ਜੰਗ ਵਿਚ ਵੀ ਪਾਕਿਸਤਾਨ ਦੀ ਕਰਾਰੀ ਹਾਰ ਹੋਈ ਅਤੇ ਬੰਗਲਾਦੇਸ਼ ਨੂੰ ਪਾਕਿਸਤਾਨ ਤੋਂ ਆਜ਼ਾਦ ਕਰਾ ਲਿਆ ਗਿਆ ਸੀ। ਇਸ ਜੰਗ ਨਾਲ ਜੁੜੀ ਇੱਕ ਅਹਿਮ ਗੱਲ ਇਹ ਵੀ ਹੈ ਕਿ ਇਸ ਵਿੱਚ ਤਤਕਾਲੀਨ ਅਮਰੀਕਨ ਪ੍ਰੈਸੀਡੈਂਟ ਰਿਚਰਡ ਨਿਕਸਨ ਅਤੇ ਇੰਡੀਅਨ ਪ੍ਰਾਇਮ ਮਿਨਿਸਟਰ ਇੰਦਰਾ ਗਾਂਧੀ ਵੀ ਆਹਮੋ- ਸਾਹਮਣੇ ਸਨ। ਉਸ ਸਮੇਂ ਅਮਰੀਕਾ ਨੂੰ ਅੱਖ ਵਿਖਾਉਣ ਦੀ ਹਿੰਮਤ ਕਿਸੇ ਵਿੱਚ ਨਹੀਂ ਸੀ, ਪਰ ਇੰਦਰਾ ਗਾਂਧੀ ਦੇ ਅੱਗੇ ਰਿਚਰਡ ਦੀ ਇੱਕ ਨਹੀਂ ਚੱਲੀ।
ਇਸ ਜੰਗ ਦੌਰਾਨ ਪਾਕਿਸਤਾਨ ਦੇ ਜਨਰਲ ਆਮਿਰ ਅਬਦੁਲ ਖਾਨ ਨਿਆਜ਼ੀ ਨੇ ਭਾਰਤੀ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਸੀ ਤੇ ਇਕ ਪੇਪਰ ਵੀ ਦਸਤਖ਼ਤ ਕੀਤੇ ਸਨ। ਇਸ ਨਿਸ਼ਾਨੀ ਤੋਂ ਬਾਅਦ ਦੁਨੀਆ ਨੂੰ ਇੱਕ ਨਵਾਂ ਦੇਸ਼ ਮਿਲਿਆ - ਬੰਗਲਾਦੇਸ਼। ਇਸ ਦਿਨ ਨੂੰ ਬੰਗਲਾਦੇਸ਼ ਵਿਚ ਜਿੱਤ ਦਿਵਸ ਅਤੇ ਭਾਰਤ ਵਿਚ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਕੌਣ ਸੀ ਉਹ ਸੂਰਬੀਰ ਯੋਧਾ ਜਿਸ ਨੇ ਪਾਕਿਸਤਾਨ ਨੂੰ ਆਤਮ ਸਮਰਪਣ ਕਰਨ ਲਈ ਕਰ ਦਿੱਤਾ ਸੀ ਮਜਬੂਰ
ਲੈਫਟੀਨੈਂਟ ਜਰਨਲ ਜਗਜੀਤ ਸਿੰਘ ਅਰੋੜਾ ਦਾ ਜਨਮ 1916 ਵਿਚ ਮੌਜੂਦਾ ਪਾਕਿਸਤਾਨ ਦੇ ਜੇਹਲਮ ਜ਼ਿਲ੍ਹੇ ਵਿਚ ਹੋਇਆ ਸੀ। ਇੰਡੀਅਨ ਮਿਲਟਰੀ ਅਕੈਡਮੀ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ, ਅਰੋੜਾ 1939 ਵਿਚ ਪੰਜਾਬ ਰੈਜੀਮੈਂਟ ਵਿਚ ਸ਼ਾਮਲ ਹੋਏ। ਵੰਡ ਤੋਂ ਬਾਅਦ ਅਰੋੜਾ ਨੇ ਭਾਰਤੀ ਫੌਜ ਨਾਲ ਰਹਿਣ ਦਾ ਫੈਸਲਾ ਕੀਤਾ ਸੀ। ਅਰੋੜਾ ਨੇ 1962 ਦੀ ਚੀਨ ਜੰਗ ਅਤੇ 1965 ਦੀ ਪਾਕਿਸਤਾਨ ਜੰਗ ਵੀ ਲੜੀ ਸੀ।
ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਦੌਰਾਨ, ਅਰੋੜਾ ਨੇ ਪੂਰਬੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ਼ ਵਜੋਂ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ। ਯੁੱਧ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ, ਉਸ ਨੂੰ ਪਰਮ ਵਿਸ਼ਿਸ਼ਟ ਸੈਨਾ ਮੈਡਲ ਅਤੇ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। 1973 ਵਿਚ ਭਾਰਤੀ ਫੌਜ ਵਿਚੋਂ ਸੇਵਾਮੁਕਤ ਹੋਣ ਤੋਂ ਬਾਅਦ, ਅਰੋੜਾ ਪੰਜਾਬ ਦੀ ਸਿਆਸੀ ਪਾਰਟੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਅਤੇ ਰਾਜ ਸਭਾ ਵਿਚ ਵੀ ਪਹੁੰਚੇ।
ਇਸ ਜੰਗ ਦੀ ਗੱਲ ਕਰੀਏ ਤਾਂ ਮੀਡੀਆ ਰਿਪੋਰਟਾਂ ਵਿਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੇ ਜਨਰਲ ਨਿਆਜ਼ੀ ਨੇ ਬਿਨਾਂ ਇੱਕ ਸ਼ਬਦ ਕਹੇ ਆਤਮ ਸਮਰਪਣ ਕਰ ਦਿੱਤਾ ਸੀ ਅਤੇ ਆਤਮ ਸਮਰਪਣ ਤੋਂ ਬਾਅਦ ਢਾਕਾ ਸਮੇਤ ਪੂਰੇ ਬੰਗਲਾਦੇਸ਼ ਵਿੱਚ ਜਸ਼ਨ ਮਨਾਏ ਗਏ ਸਨ। ਢਾਕਾ ਦਾ ਰਮਨਾ ਰੇਸ ਕੋਰਸ। ਇਹ ਉਹ ਥਾਂ ਸੀ ਜਿੱਥੇ ਨਿਆਜ਼ੀ ਨੇ ਸਮਰਪਣ ਦਸਤਾਵੇਜ਼ 'ਤੇ ਦਸਤਖ਼ਤ ਕੀਤੇ ਸਨ। ਇਹ ਉਹੀ ਥਾਂ ਸੀ ਜਿੱਥੇ ਕੁਝ ਮਹੀਨੇ ਪਹਿਲਾਂ ਸ਼ੇਖ ਮੁਜੀਬ-ਉਰ-ਰਹਿਮਾਨ ਨੇ ਬੰਗਲਾਦੇਸ਼ ਦੀ ਆਜ਼ਾਦੀ ਦਾ ਐਲਾਨ ਕੀਤਾ ਸੀ। ਜਿੱਥੇ ਬੰਗਲਾਦੇਸ਼ ਦਾ ਝੰਡਾ ਲਹਿਰਾਇਆ ਗਿਆ।
ਜ਼ਿਕਰਯੋਗ ਹੈ ਕਿ 1971 ਦੀ ਜੰਗ ਰਸਮੀ ਤੌਰ 'ਤੇ ਸ਼ੁਰੂ ਹੋਣ ਤੋਂ ਪਹਿਲਾਂ, 23 ਨਵੰਬਰ ਨੂੰ ਭਾਰਤੀ ਫੌਜ ਨੇ ਉਸ ਸਮੇਂ ਦੇ ਪੂਰਬੀ ਪਾਕਿਸਤਾਨ ਵਿਚ ਇੱਕ ਆਪ੍ਰੇਸ਼ਨ ਕੀਤਾ ਸੀ। ਜਿਵੇਂ ਜਗਜੀਤ ਸਿੰਘ ਅਰੋੜਾ ਦੀ ਆਦਤ ਸੀ, ਉਹ ਸਥਿਤੀ ਦਾ ਜਾਇਜ਼ਾ ਲੈਣ ਲਈ ਜੰਗੀ ਖੇਤਰ ਵਿਚ ਗਏ ਸੀ ਉਸ ਦੌਰਾਨ ਹੀ ਪਾਕਿਸਤਾਨ ਦੇ ਸਾਬਰ ਜੈੱਟ ਜਹਾਜ਼ਾਂ ਨੇ ਉਨ੍ਹਾਂ ਦੇ ਹੈਲੀਕਾਪਟਰ 'ਤੇ ਹਮਲਾ ਕਰ ਦਿੱਤਾ ਸੀ।
16 ਦਸੰਬਰ 1971 ਨੂੰ ਮਨਾਇਆ ਗਿਆ ਵਿਜੇ ਦਿਵਸ ਭਾਰਤ ਦੇ ਫੌਜੀ ਇਤਿਹਾਸ ਦਾ ਇੱਕ ਮਹੱਤਵਪੂਰਨ ਅਧਿਆਏ ਹੈ। ਇਹ ਦਿਨ 1971 ਦੀ ਭਾਰਤ-ਪਾਕਿ ਜੰਗ ਦੌਰਾਨ ਪਾਕਿਸਤਾਨ ਉੱਤੇ ਭਾਰਤੀ ਹਥਿਆਰਬੰਦ ਬਲਾਂ ਦੀ ਜਿੱਤ ਦਾ ਜਸ਼ਨ ਮਨਾਉਂਦਾ ਹੈ। ਬੰਗਲਾਦੇਸ਼ ਦਾ ਜਨਮ 1971 ਵਿਚ ਭਾਰਤ-ਪਾਕਿਸਤਾਨ ਯੁੱਧ ਤੋਂ ਹੋਇਆ ਸੀ। ਇਹ ਦਿਨ ਸੈਨਿਕਾਂ ਦੀ ਕੁਰਬਾਨੀ ਦਾ ਸਨਮਾਨ ਕਰਨ ਅਤੇ ਦੱਖਣੀ ਏਸ਼ੀਆ ਦੇ ਨਕਸ਼ੇ ਨੂੰ ਮੁੜ ਆਕਾਰ ਦੇਣ ਵਾਲੀ ਜਿੱਤ ਦਾ ਜਸ਼ਨ ਮਨਾਉਣ ਲਈ ਮਨਾਇਆ ਜਾਂਦਾ ਹੈ।
ਇਸ ਜੰਗ ਵਿਚ 4 ਜਾਟ ਬਟਾਲੀਅਨ ਦੇ 82 ਜਵਾਨ ਸ਼ਹੀਦ ਹੋ ਗਏ ਸਨ ਅਤੇ ਉਨ੍ਹਾਂ ਦੀ ਯਾਦ ਵਿਚ ਫਾਜ਼ਿਲਕਾ ਤੋਂ 7 ਕਿਲੋਮੀਟਰ ਦੂਰ ਪਿੰਡ ਆਸਫ਼ ਵਾਲਾ ਵਿਚ ਸ਼ਹੀਦਾਂ ਦੀ ਯਾਦਗਾਰ ਬਣਾਈ ਗਈ ਹੈ। ਜਿੱਥੇ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ।