
ਉਸ ਸਮੇਂ ਲਾਹੌਰ ਦਾ ਕੋਤਵਾਲ ਸ. ਸੁਬੇਗ ਸਿੰਘ ਸੰਧੂ ਜੋ ਲਾਗਲੇ ਪਿੰਡ ਜੰਬਰ ਦਾ ਰਹਿਣ ਵਾਲਾ ਸੀ।
ਲਾਹੌਰ ਦੇ ਸੂਬੇਦਾਰ ਖ਼ਾਨ ਬਹਾਦਰ ਜ਼ਕਰੀਆ ਖ਼ਾਨ ਦੀ 1745 ਵਿਚ ਮੌਤ ਤੋਂ ਬਾਅਦ ਉਸ ਦੇ ਤਿੰਨੋ ਪੁੱਤਰ ਯਾਹੀਆ ਖ਼ਾਨ, ਸ਼ਾਹਨਵਾਜ਼ ਖ਼ਾਨ ਤੇ ਮੀਰ ਬਾਕੀ ਵਿਚ ਲਾਹੌਰ ਦੇ ਤਖ਼ਤ ਦੀ ਜੰਗ ਹੋਣੀ ਲਾਜ਼ਮੀ ਸੀ ਪਰ ਤਿੰਨ ਵਿਚੋਂ ਮੀਰ ਬਾਕੀ ਸੰਤ ਸੁਭਾਅ ਦਾ ਹੋਣ ਕਰ ਕੇ ਲੜਾਈ ਦੋ ਭਰਾਵਾਂ ਵਿਚ ਹੀ ਹੋਈ। ਯਾਹੀਆ ਖ਼ਾਨ ਨੇ ਲਾਹੌਰ ਦੇ ਤਖ਼ਤ ਤੇ ਕਬਜ਼ਾ ਕਰ ਲਿਆ। ਸ਼ਾਹਨਵਾਜ਼ ਖ਼ਾਨ ਉਸ ਵੇਲੇ ਮੁਲਤਾਨ ਦਾ ਗਵਰਨਰ ਸੀ। ਉਸ ਨੇ ਅਪਣੀਆਂ ਫ਼ੌਜਾਂ ਸਮੇਤ ਲਾਹੌਰ ਨੂੰ ਘੇਰਾ ਪਾ ਲਿਆ। ਇਸ ਤੋਂ ਪਹਿਲਾਂ ਕਿ ਦੋਹਾਂ ਵਿਚ ਖ਼ੂਨੀ ਜੰਗ ਸ਼ੁਰੂ ਹੁੰਦੀ, ਦਿੱਲੀ ਦੇ ਵੱਡੇ ਵਜ਼ੀਰ ਕਮਰੁਦੀਨ ਮੀਰਆਤਿਸ਼ ਨੇ ਵਿਚ ਪੈ ਕੇ ਦੋਹਾਂ ਦੀ ਸੁਲਾਹ ਕਰਵਾ ਦਿਤੀ। ਬਾਪ ਦੀ ਜਾਇਦਾਦ ਤਿੰਨਾਂ ਭਰਾਵਾਂ ਵਿਚ ਬਰਾਬਰ ਵੰਡ ਦਿਤੀ ਤੇ ਲਾਹੌਰ ਦੀ ਸੂਬੇਦਾਰੀ ਦਿੱਲੀ ਦੇ ਬਾਦਸ਼ਾਹ ਤੇ ਸੁੱਟ ਦਿਤੀ, ਉਹ ਜਿਸ ਨੂੰ ਠੀਕ ਸਮਝੇ ਦੇ ਦੇਵੇ। ਕਮਰੁਦੀਨ ਮੀਰਆਤਿਸ਼ ਜਿਥੇ ਇਨ੍ਹਾਂ ਤਿੰਨਾਂ ਭਰਾਵਾਂ ਦਾ ਸਕਾ ਮਾਮਾ ਸੀ, ਉਥੇ ਉਹ ਯਾਹੀਆ ਖ਼ਾਨ ਦਾ ਸਹੁਰਾ ਵੀ ਸੀ।
Sikh
ਉਹ ਚਾਹੁੰਦਾ ਸੀ ਕਿ ਯਾਹੀਆ ਖ਼ਾਨ ਨੂੰ ਲਾਹੌਰ ਦੀ ਸੂਬੇਦਾਰੀ ਮਿਲੇ ਪਰ ਦਿੱਲੀ ਦੇ ਬਾਦਸ਼ਾਹ ਨੇ ਹਾਂ ਨਾ ਕੀਤੀ। ਇਕ ਦਿਨ ਕਮਰੁਦੀਨ ਮੀਰਆਤਿਸ਼ ਨੇ ਭਰੇ ਦਰਬਾਰ ਵਿਚ ਦਿੱਲੀ ਦੇ ਬਾਦਸ਼ਾਹ ਤੋਂ ਮੰਗ ਕੀਤੀ ਕਿ ਮੈਂ ਚਾਹੁੰਦਾ ਹਾਂ ਕਿ ਲਾਹੌਰ ਦੀ ਸੂਬੇਦਾਰੀ ਮੈਨੂੰ ਦਿਤੀ ਜਾਵੇ। ਉਹ ਬਹੁਤ ਕਾਬਲ ਤੇ ਵਫ਼ਾਦਾਰ ਵਜ਼ੀਰ ਸੀ। ਇਸ ਕਰ ਕੇ ਦਿੱਲੀ ਦਾ ਬਾਦਸ਼ਾਹ ਉਸ ਨੂੰ ਨਾਂਹ ਨਾ ਕਰ ਸਕਿਆ ਤੇ ਲਾਹੌਰ ਦੀ ਸੂਬੇਦਾਰੀ ਉਸ ਦੇ ਨਾਂ ਲਿਖ ਦਿਤੀ। ਕਮਰੁਦੀਨ ਮੀਰਆਤਿਸ਼ ਲਾਹੌਰ ਦਾ ਸੂਬੇਦਾਰ ਬਣਿਆ। ਉਸ ਨੇ ਅਪਣੇ ਜਵਾਈ ਯਾਹੀਆ ਖ਼ਾਨ ਨੂੰ ਅਪਣਾ ਮੀਤ ਸੂਬੇਦਾਰ ਬਣਾ ਕੇ ਲਾਹੌਰ ਦੀ ਸੂਬੇਦਾਰੀ ਉਸ ਨੂੰ ਸੌਂਪ ਦਿਤੀ। ਇਸ ਕਰ ਕੇ ਯਾਹੀਆ ਖ਼ਾਨ ਲਾਹੌਰ ਦਾ ਸੂਬੇਦਾਰ ਬਣ ਗਿਆ।
ਯਾਹੀਆ ਖ਼ਾਨ ਨੇ ਵਜ਼ੀਰ ਬਣਨ ਤੋਂ ਬਾਅਦ ਕਈ ਅਹਿਲਕਾਰ ਨਵੇਂ ਲਗਾਏ ਜਿਨ੍ਹਾਂ ਵਿਚ ਲੱਖਪਤ ਰਾਏ ਨੂੰ ਉਸ ਨੇ ਅਪਣਾ ਮੁੱਖ ਵਜ਼ੀਰ ਨਿਯੁਕਤ ਕੀਤਾ। ਕੁੱਝ ਦੇਰ ਬਾਅਦ ਲੱਖਪਤ ਰਾਏ ਨੇ ਅਪਣੇ ਭਰਾ ਜਸਪਤ ਰਾਏ ਨੂੰ ਏਮਨਾਬਾਦ ਦਾ ਫ਼ੌਜਦਾਰ ਬਣਾ ਲਿਆ ਜੋ ਸਿੱਖਾਂ ਨਾਲ ਹੋਈ ਇਕ ਲੜਾਈ ਵਿਚ, ਜਿਸ ਨੂੰ (ਛੋਟਾ ਘਲੂਘਾਰਾ) ਆਖਿਆ ਜਾਂਦਾ ਹੈ, ਮਾਰਿਆ ਗਿਆ। ਸਿੰਘ ਜਸਪਤ ਰਾਏ ਦਾ ਸਿਰ ਵੱਢ ਕੇ ਨਾਲ ਲੈ ਗਏ ਜੋ ਬਾਅਦ ਵਿਚ ਲੱਖਪਤ ਰਾਏ ਦੇ ਗੁਰੂ ਜਗਤ ਭਗਤ ਰਾਏ ਨੇ ਸਿੰਘਾਂ ਕੋਲੋਂ ਵਾਪਸ ਲੈ ਕੇ ਜਸਪਤ ਰਾਏ ਦਾ ਸਸਕਾਰ ਕੀਤਾ। ਉਸ ਦਿਨ ਤੋਂ ਲੱਖਪਤ ਰਾਏ ਸਿੰਘਾਂ ਦਾ ਵੱਡਾ ਦੁਸ਼ਮਣ ਬਣ ਗਿਆ। ਭਰਾ ਦੀਆਂ ਆਖ਼ਰੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਉਹ ਜਦੋਂ ਲਾਹੌਰ ਦਰਬਾਰ ਵਿਚ ਪੇਸ਼ ਹੋਇਆ ਤਾਂ ਉਸ ਨੇ ਅਪਣੇ ਸਿਰ ਤੋਂ ਵਜ਼ੀਰੀ ਵਾਲੀ ਸ਼ਾਹੀ ਪੱਗ ਉਤਾਰ ਕੇ ਸੂਬੇਦਾਰ ਯਾਹੀਆ ਖ਼ਾਨ ਦੇ ਪੈਰਾਂ ਵਿਚ ਰੱਖ ਦਿਤੀ ਤੇ ਭਰੇ ਦਰਬਾਰ ਵਿਚ ਐਲਾਨ ਕੀਤਾ ਕਿ ਮੈਂ ਅਪਣੇ ਭਰਾ ਦੀ ਮੌਤ ਦਾ ਬਦਲਾ ਸਿੰਘਾਂ ਦਾ ਖੁਰਾ ਖ਼ੁਦ ਮਿਟਾ ਕੇ ਲੈ ਕੇ ਹੀ ਇਹ ਵਜ਼ੀਰੀ ਦੀ ਪੱਗ ਅਪਣੇ ਸਿਰ ਤੇ ਰਖਾਂਗਾ। ਉਸ ਨੇ ਆਖਿਆ ਕਿ ‘‘ਬਾਬਾ ਨਾਨਕ ਜੀ ਨੇ ਸਿੱਖ ਧਰਮ ਸ਼ੁਰੂ ਕੀਤਾ ਸੀ। ਉਹ ਵੀ ਇਕ ਖੱਤਰੀ ਸਨ ਤੇ ਲੱਖਪਤ ਰਾਏ ਵੀ ਇਕ ਖੱਤਰੀ ਹੈ, ਜੋ ਇਸ ਸਿੱਖ ਧਰਮ ਨੂੰ ਖ਼ਤਮ ਕਰ ਕੇ ਦਮ ਲਵੇਗਾ।’’
Sikh
ਉਸ ਸਮੇਂ ਲਾਹੌਰ ਦਾ ਕੋਤਵਾਲ ਸ. ਸੁਬੇਗ ਸਿੰਘ ਸੰਧੂ ਜੋ ਲਾਗਲੇ ਪਿੰਡ ਜੰਬਰ ਦਾ ਰਹਿਣ ਵਾਲਾ ਸੀ। ਉਹ ਇਕ ਅੰਮ੍ਰਿਤਧਾਰੀ ਗੁਰਸਿੱਖ ਸੀ। ਉਸ ਦੇ ਵੱਡ ਵਡੇਰੇ ਲਾਹੌਰ ਦਰਬਾਰ ਦੀ ਫ਼ੌਜ ਦੇ ਰਾਸ਼ਨ, ਕਪੜੇ ਤੇ ਹੋਰ ਸਾਜ਼ੋ-ਸਮਾਨ ਦੀ ਸਪਲਾਈ ਦੀ ਠੇਕੇਦਾਰੀ ਕਰਦੇ ਆ ਰਹੇ ਸਨ। ਲਾਹੌਰ ਦਰਬਾਰ ਦੇ ਪੁਰਾਣੇ ਵਫ਼ਾਦਾਰ ਹੋਣ ਕਰ ਕੇ ਸੁਬੇਗ ਸਿੰਘ ਦੇ ਸੂਬੇਦਾਰ ਖ਼ਾਨ ਬਹਾਦਰ ਜ਼ਕਰੀਆ ਖ਼ਾਨ ਨਾਲ ਚੰਗੇ ਸਬੰਧ ਸਨ। ਇਸ ਕਰ ਕੇ ਖ਼ਾਨ ਨੇ ਸੁਬੇਗ ਸਿੰਘ ਨੂੰ ਲਾਹੌਰ ਦਾ ਕੋਤਵਾਲ ਨਿਯੁਕਤ ਕਰ ਦਿਤਾ ਸੀ। ਸੁਬੇਗ ਸਿੰਘ ਸੰਧੂ ਨੇ ਅਪਣੇ ਭਾਈਚਾਰੇ ਦੇ ਬਹੁਤ ਸਾਰੇ ਸਿੱਖਾਂ ਨੂੰ ਲਾਹੌਰ ਸ਼ਹਿਰ ਤੇ ਉਸ ਦੇ ਨਾਲ ਲਗਦੇ ਪਿੰਡਾਂ ਵਿਚ ਲਿਆ ਕੇ ਵਸਾ ਲਿਆ ਸੀ। ਇਹ ਉਹ ਲੋਕ ਸਨ, ਜੋ ਪਾਕਿਸਤਾਨ ਬਣਨ ਤੋਂ ਬਾਅਦ ਲਾਹੌਰ ਤੋਂ ਉਜੜੇ ਤੇ ਭਾਰਤੀ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਤੇ ਫ਼ਿਰੋਜ਼ਪੁਰ ਵਿਚ ਵਸੇ ਤੇ ਇਨ੍ਹਾਂ ਨੂੰ ਅਜੇ ਤਕ ਲਾਹੌਰੀਏ ਕਿਹਾ ਜਾਂਦਾ ਹੈ। ਵਜ਼ੀਰ ਲੱਖਪਤ ਰਾਏ ਸਿੱਖਾਂ ਨਾਲ ਨਫ਼ਰਤ ਕਰਦਾ ਸੀ। ਉਹ ਨਹੀਂ ਸੀ ਚਾਹੁੰਦਾ ਕਿ ਕਿਸੇ ਸਿੱਖ ਕੋਲ ਲਾਹੌਰ ਦੀ ਕੋਤਵਾਲੀ ਰਹੇ। ਉਹ ਲਾਹੌਰ ਵਿਚ ਵਸਦੇ ਸਿੱਖਾਂ ਉਪਰ ਨਾਜਾਇਜ਼ ਜ਼ੁਲਮ ਕਰਦਾ ਸੀ ਤੇ ਸੁਬੇਗ ਸਿੰਘ ਕੋਤਵਾਲ ਹੋਣ ਦੇ ਨਾਤੇ ਸਿੱਖਾਂ ਦਾ ਬਚਾਅ ਕਰਦਾ ਸੀ।
ਇਹ ਗੱਲ ਲੱਖਪਤ ਰਾਏ ਕੋਲੋਂ ਬਰਦਾਸ਼ ਨਹੀਂ ਸੀ ਹੁੰਦੀ। ਇਸ ਕਰ ਕੇ ਦੋਹਾਂ ਵਿਚ ਤਕਰਾਰ ਵੱਧ ਕੇ ਵੱਡੀ ਦੁਸ਼ਮਣੀ ਵਿਚ ਬਦਲ ਗਿਆ। ਲੱਖਪਤ ਰਾਏ ਹੁਣ ਕੋਝੀਆਂ ਚਾਲਾਂ ਤੇ ਉਤਰ ਆਇਆ। ਉਸ ਨੇ ਅਪਣੇ ਗੁੰਡਿਆਂ ਨੂੰ ਸਿੰਘਾਂ ਦੇ ਭੇਸ ਵਿਚ ਲਾਹੌਰ ਸ਼ਹਿਰ ਵਿਚ ਦਿਨ ਦਿਹਾੜੇ ਡਾਕੇ ਤੇ ਚੋਰੀਆਂ ਕਰਵਾਉਣੀਆਂ ਸ਼ੁਰੂ ਕਰਵਾ ਦਿਤੀਆਂ ਤਾਕਿ ਕੋਤਵਾਲ ਸੁਬੇਗ ਸਿੰਘ ਨੂੰ ਬਦਨਾਮ ਕੀਤਾ ਜਾ ਸਕੇ। ਉਸ ਨੇ ਇਹ ਪ੍ਰਚਾਰ ਵੀ ਕਰਵਾਇਆ ਕੀ ਇਹ ਡਾਕੂ ਲੁਟੇਰੇ ਕੋਤਵਾਲ ਸੁਬੇਗ ਸਿੰਘ ਦੀ ਸ਼ਹਿ ਤੇ ਲੁੱਟਾਂ ਖੋਹਾਂ ਕਰ ਰਹੇ ਹਨ। ਉਸ ਨੇ ਅਪਣੇ ਹਮਖ਼ਿਆਲ ਸ਼ਹਿਰੀਆਂ ਕੋਲੋਂ ਕੁੱਝ ਲਿਖਤੀ ਸ਼ਿਕਾਇਤਾਂ ਸੂਬੇਦਾਰ ਯਾਹੀਆ ਖ਼ਾਨ ਕੋਲ ਵੀ ਪਹੁੰਚਾਈਆਂ।
ਇਕ ਘਟਨਾ ਹੋਰ ਵਾਪਰ ਗਈ। ਸ਼ਾਹੀ ਕਾਜ਼ੀ ਲਾਹੌਰ ਦਰਬਾਰ ਦੇ ਵਜ਼ੀਰਾਂ, ਅਹਿਲਕਾਰਾਂ ਤੇ ਅਫ਼ਸਰਾਂ ਦੇ ਬੱਚਿਆਂ ਨੂੰ ਅਰਬੀ ਤੇ ਫ਼ਾਰਸੀ ਪੜ੍ਹਾਉਂਦਾ ਸੀ। ਉਨ੍ਹਾਂ ਵਿਦਿਆਰਥੀਆਂ ਵਿਚ ਸੁਬੇਗ ਸਿੰਘ ਦਾ 18 ਸਾਲਾਂ ਪੁੱਤਰ ਸ਼ਹਿਬਾਜ਼ ਸਿੰਘ ਵੀ ਪੜ੍ਹਦਾ ਸੀ। ਉਹ ਬੜਾ ਲੰਮਾ ਉਚਾ ਚੜ੍ਹਦੀ ਕਲਾ ਵਾਲਾ ਅੰਮ੍ਰਿਤਧਾਰੀ ਹੋਣਹਾਰ ਨੌਜੁਆਨ ਸੀ। ਪੜ੍ਹਾਈ ਵਿਚ ਸੱਭ ਤੋਂ ਅੱਗੇ ਹਰ ਸਵਾਲ ਦਾ ਬੜਾ ਵਧੀਆ ਜਵਾਬ ਦਿੰਦਾ ਸੀ।
ਸ਼ਾਹੀ ਕਾਜ਼ੀ ਨੇ ਸੋਚਿਆ ਇਹ ਬੜਾ ਸੂਝਵਾਨ ਲੜਕਾ ਹੈ ਕਿਉਂ ਨਾ ਮੈਂ ਅਪਣੀ ਲੜਕੀ ਦਾ ਰਿਸ਼ਤਾ ਇਸ ਨਾਲ ਕਰ ਲਵਾਂ। ਉਸ ਨੇ ਇਕ ਦਿਨ ਸ਼ਹਿਬਾਜ਼ ਨੂੰ ਆਖਿਆ ਕਿ ‘‘ਜੇ ਤੂੰ ਮੁਸਲਮਾਨ ਹੋ ਜਾਵੇਂ ਤਾਂ ਮੈਂ ਅਪਣੀ ਲੜਕੀ ਦੀ ਸ਼ਾਦੀ ਤੇਰੇ ਨਾਲ ਕਰ ਦੇਵਾਂਗਾ ਤੇ ਸੂਬੇਦਾਰ ਨੂੰ ਕਹਿ ਕੇ ਲਾਹੌਰ ਦਰਬਾਰ ਵਿਚ ਕਿਸੇ ਵੱਡੇ ਰੁਤਬੇ ਉਪਰ ਤੈਨੂੰ ਨੌਕਰੀ ਦਿਵਾ ਦਿਆਂਗਾ।’’ ਸ਼ਹਿਬਾਜ਼ ਸਿੰਘ ਨੇ ਆਖਿਆ, ‘‘ਕਾਜ਼ੀ ਜੀ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹਾਂ। ਮੈਂ ਅਪਣਾ ਧਰਮ ਨਹੀਂ ਤਿਆਗ ਸਕਦਾ ਇਸ ਕਰ ਕੇ ਮੈਂ ਸਿੱਖੀ ਨਹੀਂ ਛਡਣੀ।’’ ਕਾਜ਼ੀ ਨੇ ਬਾਅਦ ਵਿਚ ਸੁਬੇਗ ਸਿੰਘ ਨਾਲ ਵੀ ਗੱਲ ਕੀਤੀ ਪਰ ਉਸ ਨੇ ਵੀ ਇਹੀ ਜਵਾਬ ਦਿਤਾ ਕਿ ਅਸੀ ਸਿੱਖੀ ਨਹੀਂ ਛੱਡ ਸਕਦੇ ਜਿਸ ਤੋਂ ਕਾਜ਼ੀ ਬਹੁਤ ਨਰਾਜ਼ ਹੋਇਆ ਤੇ ਉਹ ਵੀ ਸੁਬੇਗ ਸਿੰਘ ਦਾ ਵਿਰੋਧੀ ਬਣ ਗਿਆ।ਲੱਖਪਤ ਰਾਏ ਨੂੰ ਜਦੋਂ ਸ਼ਾਹੀ ਕਾਜ਼ੀ ਦੀ ਗੱਲ ਦਾ ਪਤਾ ਲੱਗਾ ਤਾਂ ਉਸ ਨੂੰ ਇਕ ਚੰਗਾ ਮੌਕਾ ਮਿਲ ਗਿਆ। ਉਸ ਨੇ ਸ਼ਾਹੀ ਕਾਜ਼ੀ ਨੂੰ ਅਪਣੇ ਨਾਲ ਗੰਢ ਲਿਆ। ਕਾਜ਼ੀ ਰਾਹੀਂ ਦਰਬਾਰ ਵਿਚ ਇਕ ਦਿਨ ਜ਼ਰੂਰੀ ਮੀਟਿੰਗ ਬੁਲਾਈ ਜਿਸ ਵਿਚ ਸਾਰੇ ਦਰਬਾਰੀ ਸੱਦੇ ਗਏ। ਉਸ ਮੀਟਿੰਗ ਵਿਚ ਲੱਖਪਤ ਰਾਏ ਨੇ ਅਪਣੇ ਹਮਖ਼ਿਆਲ ਕੁੱਝ ਦਰਬਾਰੀਆਂ ਕੋਲੋਂ ਸੁਬੇਗ ਸਿੰਘ ਬਾਰੇ ਕੁੱਝ ਸ਼ਿਕਾਇਤਾਂ ਕਰਵਾਈਆਂ।
ਸਾਰਿਆਂ ਤੋਂ ਬਾਅਦ ਸ਼ਾਹੀ ਕਾਜ਼ੀ ਨੇ ਰਾਏ ਦਿਤੀ ਕਿ ‘‘ਲਾਹੌਰ ਸ਼ਹਿਰ ਦੀ ਕੋਤਵਾਲੀ ਵਰਗੀ ਵੱਡੀ ਜ਼ਿੰਮੇਵਾਰੀ ਕਿਸੇ ਗ਼ੈਰ ਮੁਸਲਮਾਨ ਨੂੰ ਨਹੀਂ ਦੇਣੀ ਚਾਹੀਦੀ ਕਿਉਂਕਿ ਪੂਰੇ ਪੰਜਾਬ ਵਿਚ ਸਿੱਖਾਂ ਦੀ ਤਾਕਤ ਹੁਣ ਬਹੁਤ ਵੱਧ ਚੁੱਕੀ ਹੈ ਜਿਸ ਕਾਰਨ ਦਿਨ ਦਿਹਾੜੇ ਸ਼ਹਿਰ ਵਿਚ ਡਾਕੇ, ਕਤਲ ਤੇ ਲੁੱਟਾਂ ਖੋਹਾਂ ਵਰਗੀਆਂ ਵਾਰਦਾਤਾਂ ਸੁਬੇਗ ਸਿੰਘ ਸੰਧੂ ਦੀ ਸ਼ਹਿ ਨਾਲ ਹੋ ਰਹੀਆਂ ਹਨ। ਸੂਬੇਦਾਰ ਸਾਹਬ ਸਾਡੀ ਇਹ ਰਾਏ ਹੈ ਕਿ ਜਾਂ ਤਾਂ ਸੁਬੇਗ ਸਿੰਘ ਸੰਧੂ ਨੂੰ ਮੁਸਲਮਾਨ ਬਣਾ ਲਿਆ ਜਾਵੇ, ਨਹੀਂ ਤਾਂ ਇਹ ਵੱਡਾ ਅਹੁਦਾ ਕਿਸੇ ਮੁਸਲਮਾਨ ਨੂੰ ਸੌਂਪਿਆ ਜਾਵੇ। ਇਸੇ ਵਿਚ ਸੂਬੇ ਦੀ ਭਲਾਈ ਹੈ।’’ ਸਾਰੇ ਦਰਬਾਰੀਆਂ ਨੇ ਲੱਖਪਤ ਰਾਏ ਦੇ ਇਸ਼ਾਰੇ ਤੇ ਕਾਜ਼ੀ ਦੀ ਹਾਂ ਵਿਚ ਹਾਂ ਮਿਲਾ ਦਿਤੀ। ਸਾਰਿਆਂ ਦੀ ਗੱਲ ਸੁਣ ਕੇ ਸੂਬੇਦਾਰ ਯਾਹੀਆ ਖ਼ਾਨ ਨੇ ਆਖਿਆ ਕਿ ‘‘ਸੁਬੇਗ ਸਿੰਘ ਤੇ ਉਸ ਦਾ ਪ੍ਰਵਾਰ ਪੀੜ੍ਹੀ ਦਰ ਪੀੜ੍ਹੀ ਲਾਹੌਰ ਦਰਬਾਰ ਦਾ ਵਫ਼ਾਦਾਰ ਰਿਹਾ ਹੈ। ਇਸ ਕਰ ਕੇ ਸੁਬੇਗ ਸਿੰਘ ਨੂੰ ਮੁਸਲਮਾਨ ਬਣਾ ਕੇ ਕੋਤਵਾਲੀ ਦਾ ਅਹੁਦਾ ਉਸ ਕੋਲ ਹੀ ਰਹਿਣ ਦਿਤਾ ਜਾਵੇ। ਇਹ ਫ਼ੈਸਲਾ ਹੋ ਗਿਆ।
ਅਗਲੇ ਦਿਨ ਸ਼ਾਹੀ ਦਰਬਾਰ ਵਿਚ ਸੁਬੇਗ ਸਿੰਘ ਤੇ ਉਸ ਦੇ ਪੁੱਤਰ ਸ਼ਹਿਬਾਜ਼ ਸਿੰਘ ਨੂੰ ਸੱਦਿਆ ਗਿਆ। ਸੂਬੇਦਾਰ ਯਾਹੀਆ ਖ਼ਾਨ ਨੇ ਆਖਿਆ, ‘‘ਸੁਬੇਗ ਸਿੰਘ ਸਾਡੇ ਪ੍ਰਵਾਰ ਨਾਲ ਤੁਹਾਡੇ ਪੁਰਾਣੇ ਸਮੇਂ ਤੋਂ ਨਿਭਦੀ ਆਈ ਹੈ। ਮੈਨੂੰ ਤੇਰੀ ਵਫ਼ਾਦਾਰੀ ਉਪਰ ਕੋਈ ਸ਼ੱਕ ਨਹੀਂ ਪਰ ਹੁਣ ਸਮੇਂ ਦੀ ਮੰਗ ਹੈ ਕਿ ਤੁਸੀ ਮੁਸਲਮਾਨ ਹੋ ਜਾਵੋ। ਇਸ ਵਿਚ ਹੀ ਸਾਡੀ ਦੋਹਾਂ ਦੀ ਭਲਾਈ ਹੈ। ਮੈਂ ਤੇਰੇ ਲੜਕੇ ਨੂੰ ਵੀ ਦਰਬਾਰ ਵਿਚ ਵੱਡੇ ਰੁਤਬੇ ਉਪਰ ਲਗਾ ਦੇਵਾਂਗਾ ਪਰ ਜੇਕਰ ਤੂੰ ਮੇਰੀ ਇਹ ਗੱਲ ਮੰਨ ਲਵੇਂ।’’ ਸੁਬੇਗ ਸਿੰਘ ਨੇ ਆਖਿਆ, ‘‘ਸੂਬੇਦਾਰ ਸਾਹਬ ਧਰਮ ਤਬਦੀਲ ਕਰਨ ਤੋਂ ਇਲਾਵਾ ਤੁਸੀ ਹੋਰ ਕੋਈ ਵੀ ਕੰਮ ਆਖੋ ਤਾਂ ਮੈਂ ਤਿਆਰ ਹਾਂ ਪਰ ਸਿੱਖੀ ਮੇਰੀ ਜਿੰਦ ਜਾਨ ਹੈ। ਇਸ ਦਾ ਤਿਆਗ ਮੈਥੋਂ ਨਹੀਂ ਹੋ ਸਕਦਾ। ਤੁਹਾਡੇ ਅੱਬਾ ਜਾਨ ਖ਼ਾਨ ਬਹਾਦਰ ਜ਼ਕਰੀਆ ਖ਼ਾਨ ਨੇ ਵੀ ਇਹ ਕੰਮ ਨਹੀਂ ਕੀਤਾ ਸੀ। ਸਗੋਂ ਉਨ੍ਹਾਂ ਨੇ ਸਿੱਖਾਂ ਨੂੰ ਨਵਾਬੀ ਮੇਰੇ ਰਾਹੀਂ ਘੱਲੀ ਸੀ ਤੇ ਜਦੋਂ ਉਹ ਬਿਮਾਰ ਹੋਏ ਉਦੋਂ ਵੀ ਮੈਂ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਉਨ੍ਹਾਂ ਦੀ ਤੰਦਰੁਸਤੀ ਲਈ ਫ਼ਤਵਾ ਲੈ ਕੇ ਆਇਆ ਸੀ। ਮੈਂ ਸਾਰੀ ਉਮਰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਤੁਹਾਡੇ ਪ੍ਰਵਾਰ ਦੀ ਸੇਵਾ ਕੀਤੀ ਹੈ। ਇਸ ਸੰਕਟ ਵਿਚ ਮੈਨੂੰ ਨਾ ਪਾਉ। ਜੇਕਰ ਕਹਿੰਦੇ ਹੋ ਤਾਂ ਮੈਂ ਸਰਕਾਰੀ ਨੌਕਰੀ ਛੱਡ ਕੇ ਲਾਹੌਰ ਤੋਂ ਬਾਹਰ ਅਪਣੇ ਪ੍ਰਵਾਰ ਸਮੇਤ ਚਲਾ ਜਾਵਾਂਗਾ।’’ ਯਾਹੀਆ ਖਾਨ ਨੂੰ ਇਹ ਗੱਲ ਜੱਚ ਗਈ। ਪੁਰਾਣੇ ਸੇਵਾਦਾਰ ਹੋਣ ਕਰ ਕੇ ਉਸ ਨੇ ਆਖਿਆ, ‘‘ਚੱਲ ਠੀਕ ਹੈ, ਤੂੰ ਅਪਣੇ ਪ੍ਰਵਾਰ ਨਾਲ ਸਲਾਹ ਕਰ ਲੈ ਤੇ ਕੱਲ ਨੂੰ ਫਿਰ ਦਰਬਾਰ ਵਿਚ ਹਾਜ਼ਰ ਹੋਈਂ।’’
ਲੱਖਪਤ ਰਾਏ ਹਰ ਹਾਲਤ ਵਿਚ ਇਨ੍ਹਾਂ ਪਿਉ, ਪੁਤਰਾਂ ਦਾ ਕਤਲ ਕਰਨਾ ਚਾਹੁੰਦਾ ਸੀ ਤੇ ਸ਼ਾਹੀ ਕਾਜ਼ੀ ਉਨ੍ਹਾਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ। ਦਰਬਾਰ ਖ਼ਤਮ ਹੋਣ ਤੇ ਬਾਅਦ ਇਨ੍ਹਾਂ ਨੇ ਯਾਹੀਆ ਖ਼ਾਨ ਨੂੰ ਹੋਰ ਭੜਕਾਇਆ। ਲੱਖਪਤ ਰਾਏ ਨੇ ਆਖਿਆ ਕਿ ‘‘ਸੂਬੇਦਾਰ ਸਾਹਿਬ ਤਾਰੂ ਸਿੰਘ ਇਨ੍ਹਾਂ ਦਾ ਸਿੱਖ ਭਰਾ ਸੀ। ਸੁਬੇਗ ਸਿੰਘ ਸੰਧੂ ਨੇ ਅਪਣੀ ਮਨਮਰਜ਼ੀ ਦਾ ਫ਼ਤਵਾ ਅਕਾਲ ਤਖ਼ਤ ਸਾਹਿਬ ਤੇ ਲਿਆ ਕੇ ਤਾਰੂ ਸਿੰਘ ਦੇ ਪੈਰ ਦੀ ਜੁੱਤੀ ਸਤਿਕਾਰਯੋਗ ਸੂਬੇਦਾਰ ਖ਼ਾਨਬਹਾਦੁਰ ਜ਼ਕਰੀਆ ਖ਼ਾਨ ਸਾਹਬ ਦੇ ਸਿਰ ਤੇ ਮਾਰ-ਮਾਰ ਕੇ ਸੂਬੇਦਾਰ ਸਾਹਬ ਨੂੰ ਜ਼ਲੀਲ ਹੀ ਨਹੀਂ ਸੀ ਕੀਤਾ, ਸਗੋਂ ਉਨ੍ਹਾਂ ਦਾ ਕਤਲ ਕਰ ਕੇ ਭਾਈ ਤਾਰੂ ਸਿੰਘ ਦੇ ਕਤਲ ਦਾ ਬਦਲਾ ਲਿਆ ਹੈ। ਮੇਰੀ ਇਹ ਬੇਨਤੀ ਹੈ ਕਿ ਜੇ ਇਹ ਦੋਵੇਂ ਮੁਸਲਮਾਨ ਨਹੀਂ ਹੁੰਦੇ ਤਾਂ ਇਨ੍ਹਾਂ ਦੋਹਾਂ ਨੂੰ ਤਸੀਹੇ ਦੇ ਕੇ ਮਾਰਿਆ ਜਾਵੇ ਤਾਕਿ ਅਸੀ ਅਪਣੇ ਬਾਪ ਦਾ ਬਦਲਾ ਲੈ ਸਕੀਏ।’’
ਅਗਲੇ ਦਿਨ ਭਰੇ ਦਰਬਾਰ ਵਿਚ ਪੇਸ਼ ਹੋ ਕੇ ਸੁਬੇਗ ਸਿੰਘ ਸੰਧੂ ਨੇ ਨਿਮਰਤਾ ਸਹਿਤ ਬੇਨਤੀ ਕੀਤੀ ਕਿ ‘‘ਖ਼ਾਨ ਬਹਾਦਰ ਮੈਂ ਸਰਕਾਰੀ ਨੌਕਰੀ ਦਾ ਤਿਆਗ ਕਰਦਾ ਹਾਂ ਤੇ ਅਪਣੇ ਪ੍ਰਵਾਰ ਸਮੇਤ ਅੰਮ੍ਰਿਤਸਰ ਜਾ ਕੇ ਗੁਜ਼ਾਰਾ ਕਰ ਲਵਾਂਗਾ। ਤੁਸੀ ਮੇਰੇ ਕੋਲੋਂ ਸਿੱਖੀ ਨਾ ਛੁਡਵਾਉ।’’ ਇਸ ਤੋਂ ਪਹਿਲਾ ਯਾਹੀਆ ਖ਼ਾਨ ਬੋਲਦਾ ਇਕਦਮ ਲੱਖਪਤ ਰਾਏ ਨੇ ਉਠ ਕੇ ਗੱਲ ਕੀਤੀ, ‘‘ਸੁਬੇਗ ਸਿੰਘ ਦੋ ਪੀੜ੍ਹੀਆਂ ਇਸ ਪ੍ਰਵਾਰ ਦਾ ਨਮਕ ਖਾ ਕੇ ਠੇਕੇਦਾਰੀ ਕਰ ਕੇ ਕੋਤਵਾਲੀ ਵਰਗੇ ਰੁਤਬੇ ਤੇ ਕੰਮ ਕਰ ਕੇ ਅਜੇ ਖ਼ਾਨ ਬਹਾਦਰ ਸਾਹਬ ਦੀ ਭਰੇ ਦਰਬਾਰ ਵਿਚ ਨਾਂਹ ਕਰਕੇ ਤੌਹੀਨ ਕਰ ਰਿਹਾ ਹੈ।’’ ਇਸ ਗੱਲ ਨੇ ਬਲਦੀ ਤੇ ਤੇਲ ਦਾ ਕੰਮ ਕੀਤਾ। ਗੁੱਸੇ ਵਿਚ ਆਏ ਹੋਏ ਯਾਹੀਆ ਖਾਨ ਨੇ ਅੱਖਾਂ ਲਾਲ ਕਰ ਕੇ ਆਖਿਆ, ‘‘ਸੁਬੇਗ ਸਿੰਘ ਤੈਨੂੰ ਹਰ ਹਾਲਤ ਵਿਚ ਮੁਸਲਮਾਨ ਹੋਣਾ ਪਵੇਗਾ ਨਹੀਂ ਤਾਂ ਅਸੀ ਤਸੀਹੇ ਦੇ-ਦੇ ਕੇ ਤੇਰੀ ਜਾਨ ਲੈ ਲਵਾਂਗੇ।’’ ਸੁਬੇਗ ਸਿੰਘ ਨੇ ਆਖਿਆ, ‘‘ਖ਼ਾਨ ਬਹਾਦਰ ਸਾਹਬ ਸਿੱਖੀ ਮੈਂ ਨਹੀਂ ਛੱਡਣੀ, ਇਸ ਲਈ ਹਰ ਤਸੀਹੇ ਸਹਿਣ ਲਈ ਤਿਆਰ ਹਾਂ।’’
ਯਾਹੀਆ ਖ਼ਾਨ ਨੇ ਕਾਜ਼ੀ ਤੋਂ ਫ਼ਤਵਾ ਲੈ ਕੇ ਪਿਉ-ਪੁੱਤਰ ਨੂੰ ਚਰਖੜੀ ਤੇ ਚੜ੍ਹਾਉਣ ਦਾ ਹੁਕਮ ਸੁਣਾ ਦਿਤਾ। ਅਗਲੇ ਦਿਨ ਦੋ ਚਰਖੜੀਆਂ ਲਿਆਂਦੀਆਂ ਗਈਆਂ। ਲੱਖਪਤ ਉਥੇ ਪਹੁੰਚ ਗਿਆ। ਉਸ ਨੇ ਆਖਿਆ, ‘‘ਦੋ ਨਹੀਂ ਇਕੋ ਚਰਖੜੀ ਉਪਰ ਇਨ੍ਹਾਂ ਦੋਹਾਂ ਨੂੰ ਬੰਨ੍ਹੋ। ਦੋਹਾਂ ਨੂੰ ਇਕੋ ਚਰਖੜੀ ਉਪਰ ਬੰਨ੍ਹਿਆ ਗਿਆ। ਦੋਹਾਂ ਨੇ ਸਤਨਾਮ ਵਾਹਿਗੁਰੂ ਦਾ ਜਾਪ ਸ਼ੁਰੂ ਕੀਤਾ। ਜਦੋਂ ਚਰਖੜੀ ਦੇ ਤਿੱਖੇ ਕੰਡਿਆਂ ਨੇ ਉਨ੍ਹਾਂ ਦੇ ਸ੍ਰੀਰ ਦੀਆਂ ਬੋਟੀਆਂ ਪਾੜੀਆਂ ਤਾਂ ਖ਼ੂਨ ਦੇ ਫ਼ੁਆਰੇ ਚਲੇ। ਬਾਪ ਦੇ ਖ਼ੂਨ ਦੀਆਂ ਵਾਛੜਾਂ ਪੁੱਤਰ ਤੇ ਪਈਆਂ ਤੇ ਪੁੱਤਰ ਦੇ ਖ਼ੂਨ ਦੀਆਂ ਵਾਛੜਾਂ ਨਾਲ ਬਾਪ ਲਥਪਥ ਹੋ ਗਿਆ। ਬੇਹੋਸ਼ੀ ਤੋਂ ਬਾਅਦ ਦੋਹਾਂ ਨੂੰ ਵਖਰੀ-ਵਖਰੀ ਕੋਠੜੀ ਵਿਚ ਬੰਦ ਕਰ ਦਿਤਾ ਗਿਆ। ਹੋਸ਼ ਵਿਚ ਆਉਣ ਤੋਂ ਬਾਅਦ ਪਹਿਲਾਂ ਸੁਬੇਗ ਸਿੰਘ ਸੰਧੂ ਨੂੰ ਯਾਹੀਆ ਖ਼ਾਨ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਸ ਨੇ ਆਖਿਆ, ‘‘ਸੁਬੇਗ ਸਿੰਘ ਤੇਰੀ ਉਮਰ ਹੁਣ ਮਾਰ ਖਾਣ ਜੋਗੀ ਨਹੀਂ। ਮੈਂ ਤੈਨੂੰ ਮਾਫ਼ ਕਰਨ ਲਈ ਤਿਆਰ ਹਾਂ ਪਰ ਤੂੰ ਅਪਣੇ ਪੁੱਤਰ ਤੇ ਤਰਸ ਖਾ। ਉਸ ਨੂੰ ਆਖ ਉਹ ਕਲਮਾ ਪੜ੍ਹ ਲਵੇ ਤੇ ਜ਼ਿੰਦਗੀ ਦੀਆਂ ਸਾਰੀ ਸਹੂਲਤਾਂ ਪ੍ਰਾਪਤ ਕਰੇ।’’ ਪਰ ਸੁਬੇਗ ਸਿੰਘ ਨੇ ਇਹ ਗੱਲ ਨਾ ਮਨੀ। ਉਸ ਨੇ ਸ਼ਹਿਬਾਜ਼ ਸਿੰਘ ਨੂੰ ਆਖਿਆ, ‘‘ਤੇਰਾ ਪਿਉ ਮਨ ਗਿਆ ਹੈ। ਉਹ ਮੁਸਲਮਾਨ ਹੋਣ ਲਈ ਤਿਆਰ ਹੈ। ਹੁਣ ਤੂੰ ਵੀ ਗੱਲ ਮੰਨ ਜਾ ਤੇ ਇਹ ਗੱਲ ਇਥੇ ਹੀ ਮੁਕਾਈਏ।’’ ਪਰ ਸ਼ਹਿਬਾਜ਼ ਵੀ ਨਾ ਮੰਨਿਆ। ਫਿਰ ਦੋਹਾਂ ਨੂੰ ਇਕੱਠਾ ਕਰ ਕੇ ਸੂਬੇਦਾਰ ਯਾਹੀਆ ਖ਼ਾਨ ਨੇ ਫਿਰ ਆਖ਼ਰੀ ਵਾਰ ਪੁਛਿਆ, ‘‘ਸੁਬੇਗ ਸਿੰਘ ਜ਼ਿੰਦਗੀ ਦਾ ਆਖ਼ਰੀ ਸਮਾਂ ਆ ਗਿਆ ਹੈ, ਜ਼ਿੱਦ ਨਾ ਕਰ ਮੇਰੀ ਗੱਲ ਮੰਨ।’’ ਸੁਬੇਗ ਸਿੰਘ ਨੇ ਆਖਿਆ, ‘‘ਖ਼ਾਨ ਬਹਾਦਰ ਤੂੰ ਸਿੱਖੀ ਤੋਂ ਵਾਕਫ਼ ਨਹੀਂ। ਸਿੱਖੀ ਤਾਂ ਸ਼ਹਾਦਤ ਤੋਂ ਬਾਅਦ ਜਨਮ ਲੈਂਦੀ ਹੈ। ਅਸੀ ਤਾਂ ਇੰਤਜ਼ਾਰ ਕਰ ਰਹੇ ਹਾਂ ਕਦੋਂ ਤੂੰ ਸਾਨੂੰ ਸ਼ਹੀਦ ਕਰੇਂ ਤੇ ਅਸੀ ਕਲਗੀਧਰ ਦੀ ਪਵਿੱਤਰ ਗੋਦ ਵਿਚ ਜਾ ਕੇ ਬੈਠੀਏ।’’
ਗੁੱਸੇ ਵਿਚ ਆਏ ਯਾਹੀਆ ਖ਼ਾਨ ਨੇ ਆਖ਼ਰੀ ਹੁਕਮ ਸੁਣਾਇਆ ਕਿ ‘‘ਇਨ੍ਹਾਂ ਨੂੰ ਨਿਕਾਸ ਚੌਕ ਵਿਚ ਲਿਜਾ ਕੇ ਇਨ੍ਹਾਂ ਦਾ ਸਿਰ ਕਲਮ ਕਰ ਦਿਤਾ ਜਾਵੇ।’’ ਉਨ੍ਹਾਂ ਨੂੰ ਜਦੋਂ ਨਿਕਾਸ ਚੌਂਕ ਲਿਜਾਇਆ ਜਾ ਰਿਹਾ ਸੀ ਤਾਂ ਲਾਹੌਰ ਸ਼ਹਿਰ ਦੇ ਪਤਵੰਤੇ ਸੱਜਣ ਇਕੱਠੇ ਹੋਕੇ ਸੂਬੇਦਾਰ ਯਾਹੀਆ ਖ਼ਾਨ ਕੋਲ ਫ਼ਰਿਆਦ ਲੈ ਕੇ ਗਏ ਕਿ ‘‘ਇਨ੍ਹਾਂ ਬੇਕਸੂਰਾਂ ਦਾ ਕਤਲ ਨਾ ਕੀਤਾ ਜਾਵੇ।’’ ਉਸ ਨੇ ਕਿਹਾ, ‘‘ਲੱਖਪਤ ਰਾਏ ਨਾਲ ਗੱਲ ਕਰੋ।’’ ਜਦੋ ਲੱਖਪਤ ਰਾਏ ਨੂੰ ਸ਼ਹਿਰੀ ਸਮੇਤ ਉਸ ਦਾ ਗੁਰੂ (ਜਗਤ ਭਗਤ) ਨੂੰ ਨਾਲ ਲੈ ਕੇ ਮਿਲੇ ਤਾਂ ਉਸ ਨੇ ਆਪਣੇ ਗੁਰੂ ਨੂੰ ਆਖਿਆ, ‘‘ਤੁਸੀ ਜਾ ਕੇ ਰੱਬ-ਰੱਬ ਕਰੋ ਤੁਹਾਨੂੰ ਰਾਜਸੀ ਕੰਮ ਵਿਚ ਨਹੀਂ ਆਉਣਾ ਚਾਹੀਦਾ।’’ ਗੁੱਸੇ ਵਿਚ ਆ ਕੇ ਗੁਰੂ ਨੇ ਆਖਿਆ ਲਖੁ ਤੂੰ ਜ਼ਿੱਲਤ ਦੀ ਮੌਤ ਮਰੇਂਗਾ। ਇਹ ਆਖ ਕੇ ਬੇਵਸ ਸਬ ਨਿਕਾਸ ਚੌਂਕ ਪਹੁੰਚੇ ਜਿਥੇ ਸੁਬੇਗ ਸਿੰਘ ਤੇ ਸ਼ਹਿਬਾਜ਼ ਸਿੰਘ ਖੜੇ ਕੀਤੇ ਹੋਏ ਸਨ। ਦੋਹਾਂ ਪਿਉ, ਪੁਤਰਾਂ ਨੇ ਲਾਹੌਰ ਵਾਸੀਆਂ ਨੂੰ ਆਖ਼ਰੀ ਫਤਿਹ ਬੁਲਾਈ ਤੇ ਜਲਾਦ ਨੇ ਉਨ੍ਹਾਂ ਦੇ ਸਿਰ ਧੜ ਤੋਂ ਵੱਖ ਕਰ ਦਿਤੇ। ਪਿੱਛੋਂ ਭਰੇ ਮਨ ਨਾਲ ਲਾਹੌਰ ਵਾਸੀਆਂ ਨੇ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਤੇ ਉਹ ਗੁਰੂ ਦਾ ਸ਼ੁਕਰਾਨਾ ਕਰ ਕੇ ਜ਼ੁਲਮ ਸਹਿ ਕੇ ਸਿੱਖੀ ਸਿਦਕ ਨਾਲ ਨਿਭਾ ਗਏ।
ਇੰਜੀ.ਸੁਖਚੈਨ ਸਿੰਘ ਲਾਇਲਪੁਰੀ,ਸੰਪਰਕ : 95010-26652