
ਕੋਵਿਡ-19 ਨਾਲ ਮਨੁੱਖੀ ਤਬਾਹੀ ਦੀ ਸੁਰੂਆਤ ਚੀਨ ਤੋਂ ਹੋਈ। ਅੱਜ ਸਾਰੀ ਦੁਨੀਆਂ ਲਪੇਟ ਵਿਚ ਹੈ।
ਕੋਵਿਡ-19 ਨਾਲ ਮਨੁੱਖੀ ਤਬਾਹੀ ਦੀ ਸੁਰੂਆਤ ਚੀਨ ਤੋਂ ਹੋਈ। ਅੱਜ ਸਾਰੀ ਦੁਨੀਆਂ ਲਪੇਟ ਵਿਚ ਹੈ। ਅਚਾਨਕ ਆਏ ਇਸ ਵਾਇਰਸ ਨੇ ਦੁਨੀਆਂ ਨੂੰ ਇਕਦਮ ਰੋਕ ਦਿਤਾ ਜਿਸ ਨਾਲ ਸਮਾਜਕ, ਆਰਥਕ ਤੇ ਪ੍ਰਸ਼ਾਸਨਕ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਤ ਹੋਈ। ਕਣਕ ਦੀ ਵਢਾਈ, ਸਾਂਭ ਸੰਭਾਲ, ਮੰਡੀਕਰਨ ਤੇ ਮਜ਼ਦੂਰਾਂ ਦੀ ਘਾਟ ਨੂੰ ਹੋਰ ਵੀ ਵੱਡੀਆਂ ਮੁਸੀਬਤਾਂ ਖੜੀਆਂ ਹਨ। ਸੋ ਮੌਜੂਦਾ ਨਿਘਾਰ ਆਰਥਕ ਵਿਵਸਥਾ ਆਉਣ ਵਾਲੇ ਸਮੇਂ ਲਈ ਹੋਰ ਵੀ ਜ਼ਿਆਦਾ ਘਾਤਕ ਹੈ ਕਿਉਂਕਿ ਕੇਂਦਰ ਤੇ ਰਾਜ ਦੇ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਆਟੇ ਵਿਚ ਲੂਣ ਦੇ ਸਮਾਨ ਹੈ। ਲਗਭਗ 90 ਫ਼ੀ ਸਦੀ ਆਬਾਦੀ ਨਿਜੀ ਫ਼ੈਕਟਰੀਆਂ ਜਾਂ ਨਿਜੀ ਵਪਾਰ ਦੇ ਸਹਾਰੇ ਹਨ ਜਿਨ੍ਹਾਂ ਦੇ ਕੰਮ ਮੁਕੰਮਲ ਠੱਪ ਹਨ। ਭਾਵੇਂ ਕੁੱਲ ਲੋਕਾਈ ਮੁਸੀਬਤਾਂ ਦੀ ਸੁਨਾਮੀ ਨਾਲ ਜੂਝ ਰਹੀ ਹੈ ਪਰ ਇਸ ਸਮੇਂ ਕਿਸਾਨ, ਮੱਧ ਵਰਗ ਤੇ ਦਿਹਾੜੀਦਾਰ ਸੱਭ ਤੋਂ ਗੰਭੀਰ ਹਾਲਾਤ ਵਿਚੋਂ ਗੁਜ਼ਰ ਰਹੇ ਹਨ। ਸਰਕਾਰ ਵਲੋਂ ਬੀ.ਪੀ.ਐਲ ਕਾਰਡ ਧਾਰਕਾਂ ਲਈ ਐਲਾਨ ਊਠ ਦੇ ਮੂੰਹ ਜ਼ੀਰੇ ਵਾਲੀ ਗੱਲ ਹੈ। ਕੀ ਕੋਈ ਪ੍ਰਵਾਰ ਕਿਲੋ ਦਾਲ, 5 ਕਿਲੋ ਆਟਾ ਜਾ ਚੌਲਾਂ ਨਾਲ ਮਹੀਨਾ ਕੱਢ ਸਕੇਗਾ? ਕੀ ਇਸ ਨਾਲ ਉਸ ਦੀਆਂ ਸੱਭ ਲੋੜਾਂ ਪੂਰੀਆਂ ਹੋ ਜਾਣਗੀਆਂ? ਘਰੇਲੂ ਰਾਸ਼ਨ ਦੀ ਸਪਲਾਈ ਨੂੰ ਪੱਕਾ ਕੀਤਾ ਜਾਵੇ ਤਾਕਿ ਲੋਕ ਘਰੋਂ ਬਾਹਰ ਨਾ ਆਣ ਪਰ ਪੁਲਿਸ ਦਾ ਜ਼ਾਲਮਾਨਾ ਵਤੀਰਾ ਨਿੰਦਣ ਨਾਲੋਂ ਕਾਨੂੰਨੀ ਉਲੰਘਣਾ ਵਾਲਾ ਵੀ ਹੈ।
ਇਸ ਤੋਂ ਇਲਾਵਾ ਨਿਜੀ ਕੰਮ ਕਰਦੇ ਵਿਅਕਤੀ ਕੀ ਭਾਰਤ ਦੇ ਨਾਗਰਿਕ ਨਹੀਂ? ਉਨ੍ਹਾਂ ਲਈ ਵੀ ਸਰਕਾਰ ਨੂੰ ਧਿਆਨ ਦੇਣ ਦੀ ਤੁਰਤ ਲੋੜ ਹੈ। ਜਿਹੜੇ ਨਿਜੀ ਕੰਪਨੀਆਂ ਦੀ ਗ਼ੁਲਾਮੀ ਵਿਚ ਘੱਟ ਤਨਖ਼ਾਹ ਤੇ ਕੰਮ ਕਰ ਕੇ ਪ੍ਰਵਾਰ ਦਾ ਪੇਟ ਪਾਲਦੇ ਹਨ, ਉਨ੍ਹਾਂ ਦੀਆਂ ਮੁਢਲੀਆਂ ਲੋੜਾਂ ਪੂਰਾ ਕਰਨਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ। ਘਰਾਂ ਦੇ ਕਰਜ਼ੇ ਦੀਆਂ ਕਿਸ਼ਤਾਂ ਰੋਕਣ ਦੀ ਸਲਾਹ ਬੈਂਕ ਨੇ ਮੰਨ ਲਈ ਹੈ ਪਰ ਇਸ ਮਸੀਬਤ ਦੀ ਘੜੀ ਬੈਂਕ ਵਲੋਂ ਲਾਈਆਂ ਸ਼ਰਤਾਂ ਜਾਇਜ਼ ਨਹੀਂ। ਜਦੋਂ ਕਿ ਬੈਂਕਾਂ ਨੂੰ ਰਿਜ਼ਰਵ ਬੈਂਕ ਵਲੋਂ ਕਰਜ਼ੇ ਸਮੇਂ ਵਿਚ ਤਿੰਨ ਮਹੀਨੇ ਵਧਾਉਣ ਦੇ ਹੁਕਮ ਦੇਣੇ ਚਾਹੀਦੇ ਹਨ। ਪਰ ਇਸ ਰਿਆਇਤ ਨੇ ਤਾਂ ਮੱਧ ਵਰਗ ਦਾ ਵਿੱਤੀ ਬੋਝ ਹੋਰ ਵਧਾ ਦਿਤਾ ਹੈ। ਕੋਰੋਨਾਵਾਇਰਸ ਨੇ ਸਮਾਜਕ ਜੀਵਨ ਨੂੰ ਤਹਿਸ-ਨਹਿਸ ਕਰ ਦਿਤਾ ਹੈ। ਬੀਮਾਰੀ ਨੂੰ ਰੋਕਣ ਲਈ ਲੋਕ ਘਰਾਂ ਵਿਚ ਬੰਦ ਹਨ। ਸਮਾਨ ਖ਼ਰੀਦਣ ਦੀ ਢਿੱਲ ਸਮੇਂ ਸਰਕਾਰੀ ਹਦਾਇਤਾਂ ਨਾ ਮੰਨਣਾ ਮੌਜੂਦਾ ਸਮੇਂ ਜਾਇਜ਼ ਨਹੀਂ। ਇਹ ਕਦਮ ਭਿਆਨਕ ਮਹਾਂਮਾਰੀ ਨੂੰ ਰੋਕਣ ਤੇ ਵਿਸਵ ਸਿਹਤ ਜਥੇਬੰਦੀ ਵਲੋਂ ਦਰਸਾਏ ਨਿਯਮਾਂ ਵਿਰੁਧ ਹੈ। ਘਰ-ਘਰ ਰਾਸ਼ਨ ਪਹੁੰਚਾਉਣ ਦੇ ਐਲਾਨਾ ਦੀ ਰਾਜਨੀਤਕ ਲਾਰਿਆਂ ਦੇ ਹੀ ਪੂਰਕ ਸਨ। ਕਈ ਇਲਾਕੇ ਸਮਾਜ ਸੇਵੀ ਜਥੇਬੰਦੀਆਂ ਜਾਂ ਗੁਰੂ ਕੇ ਲੰਗਰ ਨਾਲ ਡੰਗ ਟਪਾ ਰਹੇ ਹਨ। ਰੋਜ਼ਮਰਾ ਦਿਹਾੜੀ ਵਾਲਿਆਂ ਲਈ ਕੋਈ ਪੁਖ਼ਤਾ ਪ੍ਰਬੰਧ ਨਹੀਂ। ਸਰਕਾਰ ਇਸ ਮੁਸਕਲ ਦੀ ਘੜੀ ਸੱਭ ਧਿਰਾਂ ਦੀ ਸਾਂਝੀ ਕਮੇਟੀ ਗਠਤ ਕਰ ਘੱਟੋ ਘੱਟ ਖਾਣ ਦਾ ਪ੍ਰਬੰਧ ਕਰਨਾ ਜ਼ਰੂਰੀ ਹੈ ਜਿਸ ਨਾਲ ਗ਼ਰੀਬ, ਝੁੱਗੀ-ਝੌਪੜੀ ਵਾਲੇ ਲੋਕਾਂ ਨੂੰ ਭੋਜਨ ਮਿਲ ਸਕੇ। ਜਿਥੇ ਭੋਜਨ ਨਾ ਮਿਲਣ ਕਾਰਨ ਲੋਕੀ ਖੱਜਲ ਖੁਆਰ ਹੋ ਰਹੇ ਹਨ। ਸੋ ਸਰਕਾਰ ਨੂੰ ਸਮਾਂ ਰਹਿੰਦੇ ਇਨ੍ਹਾਂ ਅਲਾਮਤਾਂ ਨੂੰ ਦੂਰ ਕਰ ਕੇ ਹੀ ਕਰੋਨਾ ਵਾਇਰਸ ਨੂੰ ਹਰਾਇਆ ਜਾ ਸਕਦਾ ਹੈ।
-ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ, ਸੰਗਰੂਰ, ਸੰਪਰਕ : 78374-90309