Fear Of Police: ਅੰਗਰੇਜ਼ਾਂ ਦੇ ਜ਼ਮਾਨੇ ਦੀ ਬਣਾਈ ਪੁਲਿਸ ਦੀ, ਆਜ਼ਾਦੀ ਤੋਂ ਬਾਅਦ ਵੀ ਦਹਿਸ਼ਤ ਸੀ।
Fear Of Police: ਅਸੀ ਛੋਟੇ ਹੁੰਦੇ ਸੀ ਤਾਂ ਪਿੰਡ ਵਿਚ ਜਦੋਂ ਲਾਲ ਪੱਗ ਵਾਲੇ ਸਿਪਾਹੀ ਆ ਜਾਂਦੇ ਤਾਂ ਅਸੀਂ ਡਰ ਕੇ ਅਪਣੇ ਘਰ ਦੇ ਮੰਜਿਆਂ ਹੇਠ ਵੜ ਜਾਂਦੇ ਸੀ। ਉਸ ਜ਼ਮਾਨੇ ਵਿਚ ਪੁਲਿਸ ਨੂੰ ਸ਼ਾਹੀ ਪੁਲਿਸ ਕਹਿੰਦੇ ਸੀ, ਜੋ ਥਾਣਿਆਂ ਵਿਚ ਅਪਰਾਧਾਂ ਦੀ ਰੋਕਥਾਮ ਤੇ ਕਾਨੂੰਨੀ ਵਿਵਸਥਾ ਨੂੰ ਕਾਇਮ ਰੱਖਣ ਲਈ ਲਗਾਈ ਜਾਂਦੀ ਸੀ। ਭਾਵੇਂ ਆਰਮਡ ਪੁਲਿਸ ਵਾਲਿਆਂ ਕੋਲ ਬੰਦੂਕਾਂ ਸਨ ਪਰ ਸ਼ਾਹੀ ਪੁਲਿਸ ਕੋਲ ਡੰਡਾ ਹੋਣ ਦੇ ਬਾਵਜੂਦ ਵੀ ਰੋਹਬ ਸ਼ਾਹੀ ਪੁਲਿਸ ਦਾ ਹੁੰਦਾ ਸੀ ਕਿਉਂਕਿ ਸ਼ਾਹੀ ਪੁਲਿਸ ਦਾ ਵਾਹ ਲੁਟੇਰਿਆਂ, ਚੋਰਾਂ, ਸਮੱਗਲਰਾਂ ਤੇ ਆਮ ਲੋਕਾਂ ਨਾਲ ਪੈਂਦਾ ਸੀ।
ਮੈਂ ਇਥੇ ਗੱਲ ਸ਼ਾਹੀ ਪੁਲਿਸ ਦੀ ਕਰ ਰਿਹਾ ਹਾਂ ਤੇ ਗੱਲ ਡੰਡੇ ਦੀ ਚਲ ਰਹੀ ਹੈ। ਸਾਡੇ ਪਿੰਡ ਦਾ ਇਕ ਮੁੰਡਾ ਪਾਸਾ (ਫ਼ਰਜ਼ੀ ਨਾਂ) ਜਿਸ ਨੇ ਅੱਸੀ ਸਾਲਾਂ ਦੀ ਇਕ ਬਜ਼ੁਰਗ ਨਾਲ ਬਲਾਤਕਾਰ ਕੀਤਾ ਸੀ, ਸਾਰੇ ਪਿੰਡ ਵਿਚ ਰੌਲਾ ਪੈ ਗਿਆ ਤੇ ਸ਼ਹਿਰੋਂ ਸਟਾਫ਼ ਵਿਚੋਂ ਪੁਲਿਸ ਉਸ ਨੂੰ ਫੜਨ ਆ ਗਈ। ਪਿੰਡ ’ਚ ਪੁਲਿਸ ਦੀ ਬਹੁਤ ਦਹਿਸ਼ਤ ਸੀ। ਪਿੰਡ ਦੀਆਂ ਬਜ਼ੁਰਗ ਔਰਤਾਂ ‘ਪਾਸੇ’ ਬਾਰੇ ਵੰਨ-ਸੁਵੰਨੀਆਂ ਗੱਲਾਂ ਕਰ ਰਹੀਆਂ ਸਨ ਕਿ ਪਤਾ ਨਹੀਂ ਹੁਣ ਪੁਲਿਸ ‘ਪਾਸੇ’ ਨਾਲ ਕਿਹੋ ਜਿਹਾ ਸਲੂਕ ਕਰੇਗੀ। ਸਿਆਣੇ ਬੰਦੇ ਵੀ ਸੱਥ ਵਿਚ ਬੈਠੇ ਪਾਸੇ ਬਾਰੇ ਚਰਚਾ ਕਰ ਰਹੇ ਸਨ। ਸਾਰਾ ਪਿੰਡ ਡਰਿਆ ਤੇ ਸਹਿਮਿਆ ਹੋਇਆ ਸੀ। ਅਸੀ ਵੀ ਡਰਦੇ ਹੋਏ ਘਰਾਂ ਅੰਦਰੋਂ ਬਾਹਰ ਨਹੀਂ ਸੀ ਨਿਕਲ ਰਹੇ।
ਪੁਲਿਸ ਨੰਬਰਦਾਰ ਦੀ ਬੈਠਕ ’ਚ ਬੈਠ ਗਈ ਤੇ ਥਾਣੇਦਾਰ ਨੇ ਸਿਪਾਹੀਆਂ ਨੂੰ ਪਾਸੇ ਨੂੰ ਫੜ ਕੇ ਲਿਆਉਣ ਦਾ ਹੁਕਮ ਦਿਤਾ। ਸਿਪਾਹੀਆਂ ਨੇ ਉਸ ਨੂੰ ਘਰੋਂ ਫੜ ਕੇ ਥਾਣੇਦਾਰ ਕੋਲ ਪੇਸ਼ ਕੀਤਾ। ਥਾਣੇਦਾਰ ਨੇ ਪਿੰਡ ਦੇ ਚੌਰਾਹੇ ਵਿਚ ਢਾਹ ਕੇ ਬੈਂਤ ਦੇ ਡੰਡੇ ਨਾਲ ਐਨਾ ਮਾਰਿਆ ਕੁੱਟਿਆ ਕਿ ਜਿਸ ਨੇ ਵੀ ਇਹ ਮਾਰ ਵੇਖ ਲਈ ਸੀ, ਉਸ ਦੀ ਜੁਰਮ ਕਰਨ ਦੀ ਕਦੇ ਹਿੰਮਤ ਨਹੀਂ ਸੀ ਹੋਈ। ਅਸੀਂ ਬੱਚੇ ਲੋਕ ਸਾਰੀ ਰਾਤ ਡਰ ਦੇ ਮਾਰੇ ਮਾਂ ਦੀ ਗੋਦ ਵਿਚ ਦੁਬਕੇ ਰਹੇ। ਰਾਤ ਦਾ ਸਮਾਂ ਹੋਣ ਕਾਰਨ ਪੁਲਿਸ ਰਾਤ ਨੰਬਰਦਾਰ ਦੀ ਬੈਠਕ ਵਿਚ ਠਹਿਰ ਗਈ।
ਇਤਫ਼ਾਕ ਨਾਲ ਉਸ ਦਿਨ ਪਿੰਡ ਵਿਚ ਬਰਾਤ ਆਈ ਹੋਈ ਸੀ। ਉਦੋਂ ਪਿੰਡ ਵਿਚ ਕਈ ਦਿਨ ਬਰਾਤਾਂ ਠਹਿਰਦੀਆਂ ਸਨ। ਉਦੋਂ ਇਲਾਕੇ ਵਿਚ ਸੋਖੀ (ਫ਼ਰਜ਼ੀ ਨਾਂ) ਵਾਜੇ ਵਾਲਾ ਬੜਾ ਮਸ਼ਹੂਰ ਸੀ, ਜੋ ਸਪੀਕਰ ਨੂੰ ਦੋ ਮੰਜਿਆਂ ਨਾਲ ਬੰਨ੍ਹ ਕੇ ਵੰਨ-ਸੁਵੰਨੇ ਕਲਾਕਾਰਾਂ ਦੇ ਗੀਤ ਰਿਕਾਰਡ ਡੱਬੇ ’ਚੋਂ ਕੱਢ ਕੇ ਲਗਾ ਰਿਹਾ ਸੀ। ਸ਼ਰਾਬੀ ਬਰਾਤ ਸਾਰੀ ਰਾਤ ਵਾਜਾ ਵਜਾ ਵਜਾ ਭੰਗੜਾ ਪਾਉਂਦੀ ਰਹੀ।
ਸਪੀਕਰ ਦੀ ਉੱਚੀ ਆਵਾਜ਼ ਨਾਲ ਸਾਰੀ ਰਾਤ ਪੁਲਿਸ ਨੇ ਬੇਚੈਨੀ ਵਿਚ ਕੱਟੀ। ਸਵੇਰੇ ਥਾਣੇਦਾਰ ਨੇ ਸੋਖੀ ਵਾਜੇ ਵਾਲੇ ਨੂੰ ਫੜ ਕੇ ਲਿਆਉਣ ਦਾ ਹੁਕਮ ਦੇ ਦਿਤਾ। ਜਦੋਂ ਸਿਪਾਹੀਆਂ ਨੇ ਵਾਜੇ ਵਾਲੇ ਨੂੰ ਫੜ ਕੇ ਥਾਣੇਦਾਰ ਕੋਲ ਪੇਸ਼ ਕੀਤਾ ਤਾਂ ਥਾਣੇਦਾਰ ਨੇ ਬੈਂਤ ਦੇ ਡੰਡੇ ਨਾਲ ਉਸ ਦੀ ਇੰਨੀ ਪਰੇਡ ਕੀਤੀ ਕਿ ਉਸ ਦਾ ਧੋਤੀ ਵਿਚ ਹੀ ਪਿਸ਼ਾਬ ਨਿਕਲ ਗਿਆ। ਮਸਾਂ ਨੰਬਰਦਾਰ ਨੇ ਵਾਜੇ ਵਾਲੇ ਨੂੰ ਛੁਡਾਇਆ। ਉਸ ਸਮੇਂ ਨਾ ਕੋਈ ‘ਹਿਊਮਨ ਰਾਈਟ’ ਹੁੰਦਾ ਸੀ ਤੇ ਨਾ ਹੀ ਕੋਈ ਮੀਡੀਆ ਤੇ ਨਾ ਹੀ ਕੋਈ ਹਾਈ ਕੋਰਟ, ਸੁਪਰੀਮ ਕੋਰਟ ਜਾਂਦਾ ਸੀ। ਕੋਈ ਡਰਦਾ ਮਾਰਿਆ ਵੱਡੇ ਅਫ਼ਸਰਾਂ ਕੋਲ ਤਾਂ ਕੀ ਜਾਣਾ ਸੀ, ਥਾਣੇ ਤਕ ਨਹੀਂ ਸੀ ਜਾਂਦਾ।
ਅੰਗਰੇਜ਼ਾਂ ਦੇ ਜ਼ਮਾਨੇ ਦੀ ਬਣਾਈ ਪੁਲਿਸ ਦੀ, ਆਜ਼ਾਦੀ ਤੋਂ ਬਾਅਦ ਵੀ ਦਹਿਸ਼ਤ ਸੀ। ਇਕੱਲਾ ਸਿਪਾਹੀ ਪਿੰਡ ਜਾ ਕੇ ਸਾਰਾ ਪਿੰਡ ਡੰਡੇ ਨਾਲ ਇਕੱਠਾ ਕਰ ਲੈਂਦਾ ਸੀ। ਜੁਰਮ ਨਾ ਮਾਤਰ ਸੀ। ਬਾਰਡਰ ਤੇ ਹੁਣ ਵਾਂਗ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਹੀਂ ਸੀ ਹੁੰਦੀ। ਜਵਾਨ ਬੱਚੇ ਟੀਕੇ ਨਹੀਂ ਸੀ ਲਾਉਂਦੇ। ਚਿੱਟਾ ਨਸ਼ਾ ਪੀਣ ਦੀ ਥਾਂ ਦੁੱਧ ਲੱਸੀ ਪੀਂਦੇ ਸਨ। ਮੋਬਾਈਲ ’ਤੇ ਗੇਮਾਂ ਨਹੀਂ, ਦੇਸੀ ਗੇਮਾਂ ਖੇਡ ਕੇ ਤੰਦਰੁਸਤ ਰਹਿੰਦੇ। ਪਸ਼ੂਆਂ ਦੀ ਤਸਕਰੀ ਹੁੰਦੀ ਸੀ। ਫੜੇ ਜਾਣ ’ਤੇ ਮੁਕੱਦਮੇ ਤੋਂ ਇੰਨਾ ਨਹੀਂ ਸੀ ਡਰਦੇ ਜਿੰਨਾ ਪੁਲਿਸ ਦੀ ਮਾਰ ਤੋਂ ਡਰਦੇ ਸੀ। ਇਲਾਕੇ ਵਿਚ ਜਦੋਂ ਕਦੇ ਕਿਤੇ ਕੋਈ ਕਤਲ ਹੋ ਜਾਣਾ, ਲੋਕ ਕਹਿੰਦੇ ਸੀ ਲਾਲ ਹਨੇਰੀ ਆ ਗਈ ਹੈ।
ਹੁਣ ਪੁਲਿਸ ਨੇ ਕਿਸੇ ਨੂੰ ਡੰਡਾ ਤਾਂ ਕੀ ਫੇਰਨੈ ਬਲਕਿ ਪੁਲਿਸ ’ਤੇ ਲੋਕ ਰੋਜ਼ਾਨਾ ਹਮਲੇ ਕਰ ਰਹੇ ਹਨ ਤੇ ਉਨ੍ਹਾਂ ਨੂੰ ਗੱਡੀਆਂ ਥੱਲੇ ਦਰੜ ਰਹੇ ਹਨ। ਇਸ ਨਾਲ ਪੀੜਤ ਦਾ ਮਨੋਬਲ ਘਟਦਾ ਹੈ ਤੇ ਅਪਰਾਧੀਆਂ ਨੂੰ ਸ਼ਹਿ ਮਿਲਦੀ ਹੈ। ਅਪਰਾਧੀ ਉੱਚ ਅਦਾਲਤਾਂ ਦਾ ਦਰਵਾਜ਼ਾ ਖਟਕਾ ਕੇ ਅਦਾਲਤਾਂ ਦੀ ਲੰਮੀ ਪ੍ਰਕਿਰਿਆ ਨਾਲ ਬਰੀ ਹੋ ਜਾਂਦੇ ਹਨ। ਲੰਮੀ ਅਦਾਲਤੀ ਪ੍ਰਕਿਰਿਆ ਕਾਰਨ ਦੋਸ਼ੀ ਪੀੜਤ ਨਾਲ ਰਾਜ਼ੀਨਾਮਾ ਕਰ ਲੈਂਦੇ ਹਨ। ਰਾਜਨੀਤੀ ’ਚ ਦਾਗ਼ੀ ਕਿਸਮ ਦੇ ਨੇਤਾਵਾਂ ਦਾ ਬੋਲਬਾਲਾ ਹੈ। ਦਾਗ਼ੀਆਂ ਵਲੋਂ ਚੋਣ ਨਾ ਲੜਨ ਲਈ ਕੋਈ ਕਾਨੂੰਨ ਨਹੀਂ ਹੈ। ਗੈਂਗਸਟਰਾਂ ਨੂੰ ਜੇਲਾਂ ਵਿਚ ਵੀਆਈਪੀ ਟ੍ਰੀਟਮੈਂਟ ਮਿਲਦੀ ਹੈ। ਬਲਾਤਕਾਰੀ ਸਿਆਸੀ ਨੇਤਾਵਾਂ ਦੀ ਮਿਹਰਬਾਨੀ ਨਾਲ ਵਾਰ ਵਾਰ ਪੈਰੋਲ ’ਤੇ ਬਾਹਰ ਆਉਂਦੇ ਹਨ।
ਪੁਲਿਸ ਨੂੰ ਮੁਜਰਿਮ ਨਾਲ ਮੁਜਰਿਮ ਵਾਲਾ ਤੇ ਪੀੜਤ ਨਾਲ ਹਮਦਰਦੀ ਵਾਲਾ ਵਰਤਾਅ ਕਰ ਕੇ ਉਸ ਨੂੰ ਇਨਸਾਫ਼ ਦਿਵਾਉਣਾ ਚਾਹੀਦਾ ਹੈ। ਪੁਲਿਸ ਲਈ ਜਨਤਾ ਦਾ ਸਾਥ ਜ਼ਰੂਰੀ ਹੈ। ਜਨਤਾ ਤੇ ਪੁਲਿਸ ਦੀਆਂ ਜੋ ਦੂਰੀਆਂ ਹਨ, ਦੂਰ ਕਰਨੀਆਂ ਚਾਹੀਦੀਆਂ ਹਨ। ਜਨਤਾ ਜਦੋਂ ਪੁਲਿਸ ਨੂੰ ਮਿੱਤਰ ਸਮਝੇਗੀ ਤਾਂ ਡੰਡੇ ਦੀ ਲੋੜ ਨਹੀਂ ਪਵੇਗੀ ਅਤੇ ਜੁਰਮ ਅਪਣੇ ਆਪ ਖ਼ਤਮ ਹੋ ਜਾਵੇਗਾ।
ਗੁਰਮੀਤ ਸਿੰਘ ਵੇਰਕਾ, ਸੇਵਾ ਮੁਕਤ ਇੰਸਪੈਕਟਰ ਪੰਜਾਬ ਪੁਲਿਸ
ਮੋ. 9878600221