
80% ਕਮੇਟੀਆਂ ਦੀ ਪਸੰਦ ਦੀ ਪਟੇਲ ਪਰ ਜ਼ਿੱਦ ’ਤੇ ਅੜੇ ਰਹੇ ਗਾਂਧੀ
1st Prime Minister of India: ਆਜ਼ਾਦ ਭਾਰਤ ਵਿਚ ਪ੍ਰਧਾਨ ਮੰਤਰੀ ਦਾ ਅਹੁਦਾ ਸੱਭ ਤੋਂ ਸ਼ਕਤੀਸ਼ਾਲੀ ਅਤੇ ਵੱਕਾਰੀ ਹੈ। ਪਿਛਲੇ 77 ਸਾਲਾਂ 'ਚ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਪਹੁੰਚਣ ਦਾ ਸੁਪਨਾ ਕਈ ਲੋਕਾਂ ਨੇ ਦੇਖਿਆ ਪਰ ਹੁਣ ਤਕ ਸਿਰਫ 14 ਸ਼ਖਸੀਅਤਾਂ ਨੂੰ ਹੀ ਇਸ 'ਤੇ ਬੈਠਣ ਦਾ ਮੌਕਾ ਮਿਲਿਆ ਹੈ। ਇਨ੍ਹਾਂ ਵਿਚੋਂ ਕਈਆਂ ਨੂੰ ਜਨਤਾ ਦਾ ਅਥਾਹ ਸਮਰਥਨ ਮਿਲਿਆ।
ਅੱਜ ਅਸੀਂ ਤੁਹਾਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਕਹਾਣੀ ਦੱਸਣ ਜਾ ਰਹੇ ਹਾਂ-
15 ਅਗਸਤ 1947 ਤੋਂ ਇਕ ਸਾਲ ਪਹਿਲਾਂ ਇਹ ਸਪੱਸ਼ਟ ਹੋ ਗਿਆ ਸੀ ਕਿ ਭਾਰਤ ਦੀ ਆਜ਼ਾਦੀ ਬਹੁਤੀ ਦੂਰ ਨਹੀਂ ਹੈ। ਇਹ ਵੀ ਤੈਅ ਸੀ ਕਿ ਕਾਂਗਰਸ ਪ੍ਰਧਾਨ ਭਾਰਤ ਦੇ ਪਹਿਲੇ ਅੰਤਰਿਮ ਪ੍ਰਧਾਨ ਮੰਤਰੀ ਬਣਨਗੇ, ਕਿਉਂਕਿ 1946 ਦੀਆਂ ਕੇਂਦਰੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਬਹੁਮਤ ਮਿਲਿਆ ਸੀ। 1940 ਦੇ ਰਾਮਗੜ੍ਹ ਇਜਲਾਸ ਤੋਂ ਬਾਅਦ ਮੌਲਾਨਾ ਅਬੁਲ ਕਲਾਮ ਨੂੰ ਲਗਾਤਾਰ 6 ਸਾਲ ਕਾਂਗਰਸ ਪ੍ਰਧਾਨ ਚੁਣਿਆ ਜਾ ਰਿਹਾ ਸੀ।
ਜਦੋਂ ਕਾਂਗਰਸ ਪ੍ਰਧਾਨ ਲਈ ਚੋਣ ਦਾ ਐਲਾਨ ਹੋਇਆ ਤਾਂ ਅਬੁਲ ਕਲਾਮ ਦੁਬਾਰਾ ਚੋਣ ਲੜਨਾ ਚਾਹੁੰਦੇ ਸਨ; ਪਰ ਉਦੋਂ ਤਕ ਗਾਂਧੀ ਨੇ ਨਹਿਰੂ ਨੂੰ ਕਾਂਗਰਸ ਦੀ ਕਮਾਨ ਸੌਂਪਣ ਦਾ ਮਨ ਬਣਾ ਲਿਆ ਸੀ। 20 ਅਪ੍ਰੈਲ, 1946 ਨੂੰ, ਉਨ੍ਹਾਂ ਨੇ ਮੌਲਾਨਾ ਨੂੰ ਇਕ ਪੱਤਰ ਲਿਖ ਕੇ ਇਕ ਬਿਆਨ ਜਾਰੀ ਕਰਨ ਲਈ ਕਿਹਾ ਕਿ 'ਉਹ ਹੁਣ ਪ੍ਰਧਾਨ ਨਹੀਂ ਰਹਿਣਾ ਚਾਹੁੰਦੇ'।
ਗਾਂਧੀ ਨੇ ਸਪੱਸ਼ਟ ਕੀਤਾ ਸੀ ਕਿ 'ਜੇ ਇਸ ਵਾਰ ਮੇਰੀ ਰਾਏ ਪੁੱਛੀ ਗਈ ਤਾਂ ਮੈਂ ਜਵਾਹਰ ਲਾਲ ਨੂੰ ਤਰਜੀਹ ਦੇਵਾਂਗਾ। ਇਸ ਦੇ ਕਈ ਕਾਰਨ ਹਨ। ਮੈਂ ਉਨ੍ਹਾਂ ਦਾ ਜ਼ਿਕਰ ਨਹੀਂ ਕਰਨਾ ਚਾਹੁੰਦਾ’। ਅਚਾਰੀਆ ਜੇਬੀ ਕ੍ਰਿਪਲਾਨੀ, ਜੋ ਉਸ ਸਮੇਂ ਕਾਂਗਰਸ ਦੇ ਜਨਰਲ ਸਕੱਤਰ ਸਨ, ਅਪਣੀ ਕਿਤਾਬ 'ਗਾਂਧੀ ਹਿਜ਼ ਲਾਈਫ ਐਂਡ ਥੌਟਸ' ਵਿਚ ਲਿਖਦੇ ਹਨ ਕਿ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ 11 ਦਸੰਬਰ 1945 ਨੂੰ ਹੋਈ ਸੀ, ਜੋ ਅੱਗੇ 29 ਅਪ੍ਰੈਲ 1946 ਤਕ ਮੁਲਤਵੀ ਕਰ ਦਿਤੀ ਗਈ ਸੀ। ਇਸ ਦਿਨ ਕਾਂਗਰਸ ਪ੍ਰਧਾਨ ਦੀ ਚੋਣ ਹੋਣੀ ਸੀ।
ਪਟੇਲ ਕੋਲ ਸੀ 80 % ਕਾਂਗਰਸ ਕਮੇਟੀਆਂ ਦਾ ਸਮਰਥਨ
ਰਵਾਇਤ ਅਨੁਸਾਰ ਸੂਬੇ ਦੀਆਂ ਸਿਰਫ਼ 15 ਕਾਂਗਰਸ ਕਮੇਟੀਆਂ ਹੀ ਪ੍ਰਧਾਨ ਦੇ ਨਾਂ ਦੀ ਤਜਵੀਜ਼ ਰੱਖਦੀਆਂ ਸਨ। ਇਨ੍ਹਾਂ ਵਿਚੋਂ 12 ਕਮੇਟੀਆਂ ਨੇ ਸਰਦਾਰ ਵੱਲਭ ਭਾਈ ਪਟੇਲ ਦੇ ਨਾਂ ਦਾ ਪ੍ਰਸਤਾਵ ਰੱਖਿਆ। ਕਿਸੇ ਕਮੇਟੀ ਨੇ ਜਵਾਹਰ ਲਾਲ ਨਹਿਰੂ ਦਾ ਜ਼ਿਕਰ ਤਕ ਨਹੀਂ ਕੀਤਾ।
ਕ੍ਰਿਪਲਾਨੀ ਅਪਣੀ ਕਿਤਾਬ ਵਿਚ ਲਿਖਦੇ ਹਨ, 'ਕਮੇਟੀ ਦੇ ਫੈਸਲੇ ਤੋਂ ਬਾਅਦ ਮੈਂ ਗਾਂਧੀ ਜੀ ਨੂੰ ਸਰਦਾਰ ਪਟੇਲ ਦੇ ਨਾਮ ਦਾ ਪ੍ਰਸਤਾਵ ਫਾਰਮ ਪੇਸ਼ ਕੀਤਾ। ਗਾਂਧੀ ਜੀ ਨੇ ਦੇਖਿਆ ਤਾਂ ਨਹਿਰੂ ਦਾ ਨਾਂ ਨਹੀਂ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਬਿਨਾਂ ਕੁੱਝ ਕਹੇ ਫਾਰਮ ਮੈਨੂੰ ਵਾਪਸ ਦੇ ਦਿਤਾ’।
ਕ੍ਰਿਪਲਾਨੀ ਲੰਬੇ ਸਮੇਂ ਤਕ ਗਾਂਧੀ ਨਾਲ ਕੰਮ ਕਰ ਚੁੱਕੇ ਸਨ। ਉਹ ਗਾਂਧੀ ਦੀਆਂ ਅੱਖਾਂ ਦੇਖ ਕੇ ਸਮਝ ਜਾਂਦੇ ਸਨ ਕਿ ਉਹ ਕੀ ਚਾਹੁੰਦੇ ਹਨ। ਕ੍ਰਿਪਲਾਨੀ ਨੇ ਨਵੀਂ ਤਜਵੀਜ਼ ਪੇਸ਼ ਕਰਵਾਈ। ਇਸ ਵਿਚ ਪਟੇਲ ਤੋਂ ਇਲਾਵਾ ਨਹਿਰੂ ਨੂੰ ਵੀ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦੀ ਤਜਵੀਜ਼ ਸੀ। ਸਾਰਿਆਂ ਨੇ ਦਸਤਖਤ ਕੀਤੇ। ਹਰ ਕੋਈ ਜਾਣਦਾ ਸੀ ਕਿ ਗਾਂਧੀ ਅਪਣੇ ਦਿਲ ਤੋਂ ਨਹਿਰੂ ਨੂੰ ਪ੍ਰਧਾਨ ਅਤੇ ਪ੍ਰਧਾਨ ਮੰਤਰੀ ਵਜੋਂ ਦੇਖਣਾ ਚਾਹੁੰਦੇ ਸਨ। ਸਰਦਾਰ ਪਟੇਲ ਅਜੇ ਮੈਦਾਨ ਵਿਚ ਸਨ ਅਤੇ ਉਨ੍ਹਾਂ ਸਾਹਮਣੇ ਨਹਿਰੂ ਦਾ ਜਿੱਤਣਾ ਬੇਹੱਦ ਮੁਸ਼ਕਿਲ ਸੀ।
ਪਟੇਲ ਨੇ ਵਾਪਸ ਲਿਆ ਅਪਣਾ ਨਾਂਅ
ਕਾਂਗਰਸ ਦੇ ਜਨਰਲ ਸਕੱਤਰ ਕ੍ਰਿਪਲਾਨੀ ਨੇ ਗਾਂਧੀ ਦੀ ਇੱਛਾ ਅਨੁਸਾਰ ਸਰਦਾਰ ਪਟੇਲ ਦੀ ਨਾਮ ਵਾਪਸੀ ਦਾ ਇਕ ਪੱਤਰ ਬਣਾਇਆ। ਪਟੇਲ ਨੇ ਇਸ ਪੱਤਰ ਉਤੇ ਦਸਤਖ਼ਤ ਕਰਨ ਤੋਂ ਮਨ੍ਹਾਂ ਕਰ ਦਿਤਾ। ਇਕ ਤਰ੍ਹਾਂ ਨਾਲ ਪਟੇਲ ਨੇ ਨਹਿਰੂ ਦਾ ਵਿਰੋਧ ਕੀਤਾ ਸੀ। ਜਦੋਂ ਉਹ ਚਿੱਠੀ ਗਾਂਧੀ ਕੋਲ ਪਹੁੰਚੀ ਤਾਂ ਉਸ ਵਿਚ ਪਟੇਲ ਦੇ ਦਸਤਖਤ ਨਹੀਂ ਸਨ। ਉਨ੍ਹਾਂ ਨੇ ਉਹ ਪੱਤਰ ਪਟੇਲ ਨੂੰ ਵਾਪਸ ਭੇਜ ਦਿਤਾ। ਇਸ ਵਾਰ ਪਟੇਲ ਸਮਝ ਗਏ ਕਿ ਗਾਂਧੀ ਅਡੋਲ ਹੈ ਅਤੇ ਉਸ ਨੇ ਇਸ 'ਤੇ ਦਸਤਖਤ ਕੀਤੇ। ਨਹਿਰੂ ਬਿਨਾਂ ਵਿਰੋਧ ਕਾਂਗਰਸ ਦੇ ਪ੍ਰਧਾਨ ਚੁਣੇ ਗਏ ਅਤੇ ਇਸ ਤਰ੍ਹਾਂ ਆਜ਼ਾਦ ਭਾਰਤ ਨੂੰ ਅਪਣਾ ਪਹਿਲਾ ਅੰਤਰਿਮ ਪ੍ਰਧਾਨ ਮੰਤਰੀ ਮਿਲਿਆ।
ਗਾਂਧੀ ਨੇ ਕਿਹਾ, ‘ਨਹਿਰੂ ਵਿਦੇਸ਼ ਵਿਚ ਪੜ੍ਹਿਆ, ਉਸ ਨੂੰ ਚੰਗੀ ਸਮਝ’
ਉਸ ਸਮੇਂ ਹਿੰਦੁਸਤਾਨ ਟਾਈਮਜ਼ ਲਈ ਕੰਮ ਕਰਨ ਵਾਲੇ ਸੀਨੀਅਰ ਪੱਤਰਕਾਰ ਦੁਰਗਾ ਦਾਸ ਨੇ ਅਪਣੀ ਕਿਤਾਬ 'ਇੰਡੀਆ ਫਰਾਮ ਕਰਜ਼ਨ ਟੂ ਨਹਿਰੂ ਐਂਡ ਆਫਟਰ' ਵਿਚ ਲਿਖਿਆ ਹੈ ਕਿ 'ਮੈਂ ਗਾਂਧੀ ਜੀ ਨਾਲ ਅੰਤਰਿਮ ਸਰਕਾਰ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਰਦਾਰ ਬਾਰੇ ਗੱਲ ਕੀਤੀ ਸੀ। ਉਦੋਂ ਗਾਂਧੀ ਨੇ ਕਿਹਾ ਸੀ ਕਿ ਨਹਿਰੂ ਕਦੇ ਵੀ ਨੰਬਰ ਦੋ 'ਤੇ ਕੰਮ ਨਹੀਂ ਕਰਨਗੇ। ਮੇਰੇ ਕੈਂਪ ਵਿਚ ਨਹਿਰੂ ਹੀ ਅੰਗਰੇਜ਼ ਹਨ। ਉਹ ਅੰਗ੍ਰੇਜ਼ੀ ਦੇ ਸ਼ਿਸ਼ਟਾਚਾਰ ਜਾਣਦਾ ਹੈ। ਵਿਦੇਸ਼ਾਂ ਵਿਚ ਪੜ੍ਹਾਈ ਕੀਤੀ ਹੈ। ਉਸ ਨੂੰ ਵਿਦੇਸ਼ੀ ਮਾਮਲਿਆਂ ਦੀ ਚੰਗੀ ਸਮਝ ਹੈ। ਨਹਿਰੂ ਅੰਤਰਰਾਸ਼ਟਰੀ ਮਾਮਲਿਆਂ ਨੂੰ ਚੰਗੀ ਤਰ੍ਹਾਂ ਨਜਿੱਠਣਗੇ। ਪਟੇਲ ਦੇਸ਼ ਨੂੰ ਚੰਗੀ ਤਰ੍ਹਾਂ ਚਲਾਉਣਗੇ। ਇਹ ਦੋਵੇਂ ਬੈਲ ਗੱਡੀ ਦੇ ਦੋ ਬਲਦ ਹੋਣਗੇ ਜੋ ਦੇਸ਼ ਨੂੰ ਚਲਾਉਣਗੇ’।
ਦੁਰਗਾ ਦਾਸ ਲਿਖਦੇ ਹਨ, 'ਮੈਂ ਇਕ ਵਾਰ ਡਾ. ਰਾਜੇਂਦਰ ਪ੍ਰਸਾਦ ਨਾਲ ਇਸ ਬਾਰੇ ਚਰਚਾ ਕੀਤੀ, ਤਾਂ ਉਨ੍ਹਾਂ ਕਿਹਾ ਕਿ ਗਾਂਧੀ ਜੀ ਨੇ ਇਕ ਵਾਰ ਫਿਰ ਗਲੈਮਰਸ ਲਈ ਅਪਣੇ ਭਰੋਸੇਮੰਦ ਲੈਫਟੀਨੈਂਟ ਨੂੰ ਕੁਰਬਾਨ ਕਰ ਦਿਤਾ ਸੀ।'
ਸੀਨੀਅਰ ਪੱਤਰਕਾਰ ਰਾਸ਼ਿਦ ਕਿਦਵਈ ਕਹਿੰਦੇ ਹਨ, 'ਨਹਿਰੂ ਦੂਰਦਰਸ਼ੀ ਨੇਤਾ ਸਨ। ਜਦੋਂ ਦੇਸ਼ ਉਨ੍ਹਾਂ ਦੇ ਹੱਥਾਂ ਵਿਚ ਆਇਆ ਤਾਂ ਸੱਭ ਕੁੱਝ ਨਵਾਂ ਸੀ। ਉਨ੍ਹਾਂ ਨੇ ਹਾਲਾਤਾਂ ਅਤੇ ਲੋਕਾਂ ਨਾਲ ਕੰਮ ਕਰਕੇ ਦੇਸ਼ ਦਾ ਨਿਰਮਾਣ ਕਰਨਾ ਸੀ। ਗਾਂਧੀ ਜੀ ਜਾਣਦੇ ਸਨ ਕਿ ਵੱਲਭ ਭਾਈ ਪਟੇਲ ਬੁੱਢੇ ਹੋ ਰਹੇ ਹਨ। ਦੇਸ਼ ਨੂੰ ਨਵੇਂ ਯੁੱਗ ਦੇ ਨੇਤਾ ਦੀ ਲੋੜ ਹੈ। ਨਹਿਰੂ ਨੌਜਵਾਨ ਹੋਣ ਦੇ ਨਾਲ-ਨਾਲ ਪੜ੍ਹੇ-ਲਿਖੇ ਸਨ। ਆਜ਼ਾਦੀ ਤੋਂ ਬਾਅਦ ਅਸੀਂ ਉਹ ਭਾਰਤ ਸੀ ਜਿਸ ਦੇ ਨੇਤਾਵਾਂ ਨੇ ਪੂਰੀ ਦੁਨੀਆ ਦੇ ਨਾਲ ਇਕ ਮੰਚ 'ਤੇ ਬੈਠ ਕੇ ਅਪਣੇ ਤਰੀਕੇ ਨਾਲ ਅੱਗੇ ਵਧਣਾ ਸੀ। ਕੁੱਝ ਸਾਲਾਂ ਬਾਅਦ ਪਟੇਲ ਦੀ ਵੀ ਮੌਤ ਹੋ ਗਈ। ਇਸ ਤੋਂ ਸਾਬਤ ਹੁੰਦਾ ਹੈ ਕਿ ਗਾਂਧੀ ਜੀ ਦਾ ਫੈਸਲਾ ਸਹੀ ਸੀ’। ਜਵਾਹਰ ਲਾਲ ਨਹਿਰੂ ਨੇ 14 ਅਗਸਤ 1947 ਨੂੰ ਅੱਧੀ ਰਾਤ ਨੂੰ ਅਪਣਾ ਮਸ਼ਹੂਰ 'ਟ੍ਰੀਸਟ ਵਿਦ ਡਿਸਟੀਨੀ' ਭਾਸ਼ਣ ਦਿਤਾ ਸੀ। ਉਹ 16 ਸਾਲ 286 ਦਿਨ ਪ੍ਰਧਾਨ ਮੰਤਰੀ ਰਹੇ ਅਤੇ ਅਹੁਦੇ 'ਤੇ ਰਹਿੰਦਿਆਂ ਉਨ੍ਹਾਂ ਦੀ ਮੌਤ ਹੋ ਗਈ।
ਜਵਾਹਰ ਲਾਲ ਨਹਿਰੂ ਦੀ ਜੀਵਨੀ
ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਦਾ ਜਨਮ 14 ਨਵੰਬਰ 1889 ਨੂੰ ਇਲਾਹਾਬਾਦ, ਉੱਤਰ ਪ੍ਰਦੇਸ਼ 'ਚ ਹੋਇਆ ਸੀ। ਉਨ੍ਹਾਂ ਦੀ ਮਾਤਾ ਦਾ ਨਾਂ ਸਵਰੂਪਾਣੀ ਨਹਿਰੂ ਤੇ ਪਿਤਾ ਦਾ ਨਾਂ ਮੋਤੀ ਲਾਲ ਨਹਿਰੂ ਸੀ। ਪੰਡਿਤ ਮੋਤੀਲਾਲ ਪੇਸ਼ੇ ਤੋਂ ਬੈਰਿਸਟਰ ਸਨ। ਇਸ ਨਾਲ ਹੀ ਪੰਡਤ ਨਹਿਰੂ ਦੀ ਪਤਨੀ ਦਾ ਨਾਂ ਕਮਲਾ ਨਹਿਰੂ ਸੀ। ਉਨ੍ਹਾਂ ਦੀ ਇਕ ਧੀ ਇੰਦਰਾ ਗਾਂਧੀ ਸੀ, ਜੋ ਲਾਲ ਬਹਾਦੁਰ ਸ਼ਾਸਤਰੀ ਦੀ ਉੱਤਰਾਧਿਕਾਰੀ ਬਣੀ ਤੇ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸੀ। ਨਹਿਰੂ ਜੀ ਇਕ ਅਮੀਰ ਪਰਵਾਰ ਨਾਲ ਸਬੰਧਤ ਸਨ। ਨਾਲ ਹੀ ਨਹਿਰੂ ਤਿੰਨ ਭੈਣਾਂ ਦੇ ਇਕਲੌਤੇ ਭਰਾ ਸਨ। ਇਸ ਕਾਰਨ ਨਹਿਰੂ ਜੀ ਦੇ ਪਾਲਣ-ਪੋਸ਼ਣ 'ਚ ਕਦੇ ਕੋਈ ਕਮੀ ਨਹੀਂ ਆਈ। ਉਸ ਨੇ ਆਪਣੀ ਮੁਢਲੀ ਸਿੱਖਿਆ ਇਲਾਹਾਬਾਦ 'ਚ ਪ੍ਰਾਪਤ ਕੀਤੀ।
ਉਨ੍ਹਾਂ ਨੇ ਲੰਡਨ ਤੋਂ ਕਾਨੂੰਨ ਦੀ ਪੜ੍ਹਾਈ ਪੂਰੀ ਕੀਤੀ। ਇਸ ਦੌਰਾਨ ਨਹਿਰੂ ਜੀ ਨੇ ਸਮਾਜਵਾਦ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ। ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ, ਨਹਿਰੂ ਸਾਲ 1912 'ਚ ਘਰ ਪਰਤੇ ਤੇ ਆਜ਼ਾਦੀ ਦੇ ਸੰਘਰਸ਼ 'ਚ ਸਰਗਰਮੀ ਨਾਲ ਹਿੱਸਾ ਲਿਆ। ਨਹਿਰੂ ਜੀ ਦਾ ਵਿਆਹ ਕਮਲਾ ਜੀ ਨਾਲ ਸਾਲ 1916 'ਚ ਹੋਇਆ। ਇਕ ਸਾਲ ਬਾਅਦ 1917 'ਚ ਉਹ ਹੋਮ ਰੂਲ ਲੀਗ 'ਚ ਸ਼ਾਮਲ ਹੋ ਗਏ ਅਤੇ ਦੇਸ਼ ਦੀ ਆਜ਼ਾਦੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਦੇ ਨਾਲ ਹੀ ਸਾਲ 1919 'ਚ ਨਹਿਰੂ ਪਹਿਲੀ ਵਾਰ ਗਾਂਧੀ ਦੇ ਸੰਪਰਕ ਵਿਚ ਆਏ। ਇਥੋਂ ਹੀ ਨਹਿਰੂ ਦਾ ਸਿਆਸੀ ਜੀਵਨ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਗਾਂਧੀ ਜੀ ਨਾਲ ਨਹਿਰੂ ਨੇ ਭਾਰਤ ਦੀ ਆਜ਼ਾਦੀ 'ਚ ਮਹੱਤਵਪੂਰਨ ਯੋਗਦਾਨ ਪਾਇਆ।
ਇਹ ਵੀ ਪੜ੍ਹੋ - Indra Gandhi: ਇੰਦਰਾ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਤੱਕ ਦੇ ਕੁੱਝ ਖ਼ਾਸ ਕਿੱਸੇ, ਪਤੀ ਨੇ ਕਿਹਾ ਸੀ- ਤੁਸੀਂ ਫਾਸੀਵਾਦੀ ਹੋ
ਇਤਿਹਾਸਕਾਰਾਂ ਅਨੁਸਾਰ ਪੰਡਤ ਜਵਾਹਰ ਲਾਲ ਨਹਿਰੂ ਨੇ ਸੱਭ ਤੋਂ ਪਹਿਲਾਂ 31 ਦਸੰਬਰ 1929 ਨੂੰ ਰਾਤ ਦੇ 12 ਵਜੇ ਰਾਵੀ ਨਦੀ ਦੇ ਕੰਢੇ ਲਾਹੌਰ ਸੈਸ਼ਨ ਤਹਿਤ ਤਿਰੰਗਾ ਲਹਿਰਾਇਆ ਸੀ। ਦੇਸ਼ ਦੀ ਆਜ਼ਾਦੀ ਲਈ ਨਹਿਰੂ ਕਈ ਵਾਰ ਜੇਲ ਵੀ ਗਏ। ਨਹਿਰੂ ਜੀ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸਨ। ਉਹ ਬੱਚਿਆਂ ਨੂੰ ਗੁਲਾਬ ਸਮਝਦੇ ਸਨ। ਇਸ ਕਰਕੇ ਬੱਚੇ ਵੀ ਉਸ ਨੂੰ ਪਿਆਰ ਨਾਲ ਚਾਚਾ ਕਹਿ ਕੇ ਬੁਲਾਉਂਦੇ ਸਨ। ਉਨ੍ਹਾਂ ਨੇ ਲੰਮਾ ਸਮਾਂ ਦੇਸ਼ ਦੀ ਸੇਵਾ ਕੀਤੀ। ਵਿਸ਼ਵ ਮੰਚ 'ਤੇ ਵੀ ਨਹਿਰੂ ਨੂੰ ਮਜ਼ਬੂਤ ਨੇਤਾ ਕਿਹਾ ਜਾਂਦਾ ਸੀ। 27 ਮਈ 1964 ਨੂੰ ਚਾਚਾ ਨਹਿਰੂ ਪੰਚਤੱਤ 'ਚ ਵਿਲੀਨ ਹੋ ਗਏ। ਉਨ੍ਹਾਂ ਦੇ ਜਨਮ ਦਿਨ 'ਤੇ ਹਰ ਸਾਲ ਬਾਲ ਦਿਵਸ ਮਨਾਇਆ ਜਾਂਦਾ ਹੈ।
ਨਹਿਰੂ ਦੀ ਵਸੀਅਤ
ਨਹਿਰੂ ਨੇ ਅਪਣੇ ਦਿਹਾਂਤ ਤੋਂ ਪਹਿਲਾਂ ਹੀ ਅਪਣੀ ਵਸੀਅਤ ਲਿਖਵਾ ਦਿਤੀ ਸੀ। ਉਨ੍ਹਾਂ ਨੇ ਸਾਫ਼ ਲਿਖਿਆ ਸੀ ਕਿ ਕੋਈ ਵੀ ਰਸਮ ਅਰਥਾਤ ਕਰਮ ਕਾਂਡ ਆਦਿ ਨਾ ਕਰਵਾਇਆ ਜਾਵੇ। ਉਨ੍ਹਾਂ ਲਿਖਿਆ ਸੀ, 'ਮੈਂ ਪੂਰੀ ਗੰਭੀਰਤਾ ਨਾਲ ਐਲਾਨ ਕਰਨਾ ਚਾਹੁੰਦਾ ਹਾਂ ਕਿ ਮੇਰੀ ਮੌਤ ਤੋਂ ਬਾਅਦ ਮੇਰੇ ਲਈ ਕੋਈ ਧਾਰਮਿਕ ਰਸਮ ਨਾ ਕੀਤੀ ਜਾਵੇ। ਮੈਨੂੰ ਅਜਿਹੀਆਂ ਰਸਮਾਂ ਵਿਚ ਕੋਈ ਵਿਸ਼ਵਾਸ ਨਹੀਂ ਹੈ। ਮੈਂ ਚਾਹੁੰਦਾ ਹਾਂ ਕਿ ਮੇਰੀ ਮੌਤ ਤੋਂ ਬਾਅਦ ਸਸਕਾਰ ਕੀਤਾ ਜਾਵੇ। ਜੇ ਮੈਂ ਵਿਦੇਸ਼ ਵਿਚ ਮਰ ਜਾਵਾਂ ਤਾਂ ਮੇਰਾ ਸਸਕਾਰ ਉਥੇ ਹੀ ਕੀਤਾ ਜਾਵੇ ਪਰ ਮੇਰੀਆਂ ਅਸਥੀਆਂ ਇਲਾਹਾਬਾਦ ਲਿਆਂਦੀਆਂ ਜਾਣ। ਇਨ੍ਹਾਂ ਵਿਚੋਂ ਇਕ ਮੁੱਠੀ ਨੂੰ ਗੰਗਾ ਵਿਚ ਪ੍ਰਵਾਹ ਕੀਤਾ ਜਾਵੇ ਅਤੇ ਬਾਕੀ ਅਸਮਾਨ ਵਿਚ ਜਹਾਜ਼ ਰਾਹੀਂ ਉਨ੍ਹਾਂ ਖੇਤਾਂ ਵਿਚ ਖਿਲਾਰੀ ਜਾਵੇ, ਜਿਥੇ ਸਾਡੇ ਕਿਸਾਨ ਸਖ਼ਤ ਮਿਹਨਤ ਕਰਦੇ ਹਨ’।
(For more Punjabi news apart from How Jawaharlal Nehru became first Prime Minister of independent India, stay tuned to Rozana Spokesman)