
22 ਜੁਲਾਈ ਨੂੰ 'ਸਪੋਕਸਮੈਨ' ਦੇ ਪਹਿਲੇ ਪੰਨੇ ਉਤੇ ਆਪ ਦੇ ਵਿਧਾਇਕਾਂ ਪ੍ਰਿੰਸੀਪਲ ਬੁਧਰਾਮ, ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਵਲੋਂ ਬਿਆਨ ਆਇਆ ਕਿ ''ਬਾਬਾ ਨਾਨਕ...
22 ਜੁਲਾਈ ਨੂੰ 'ਸਪੋਕਸਮੈਨ' ਦੇ ਪਹਿਲੇ ਪੰਨੇ ਉਤੇ ਆਪ ਦੇ ਵਿਧਾਇਕਾਂ ਪ੍ਰਿੰਸੀਪਲ ਬੁਧਰਾਮ, ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਵਲੋਂ ਬਿਆਨ ਆਇਆ ਕਿ ''ਬਾਬਾ ਨਾਨਕ ਜੀ ਨੂੰ ਸਮਰਪਿਤ ਬਠਿੰਡਾ ਦਾ ਥਰਮਲ ਪਲਾਂਟ ਪੱਕੇ ਤੌਰ ਉਤੇ ਬੰਦ ਕਰ ਕੇ ਇਸ ਵਿਰਾਸਤੀ ਸ਼ਾਨ ਦਾ ਨਾਮੋ ਨਿਸ਼ਾਨ ਹੀ ਖ਼ਤਮ ਕੀਤਾ ਜਾ ਰਿਹਾ ਹੈ। ਪੰਜਾਬ ਦੇ ਹਿਤਾਂ ਤੇ ਬਾਬਾ ਨਾਨਕ ਪ੍ਰਤੀ ਸ਼ਰਧਾ-ਸਨਮਾਨ ਨੂੰ ਵਿਖਾਉਂਦੇ ਹੋਏ ਇਸ ਨੂੰ ਚਾਲੂ ਰਖਣਾ ਚਾਹੀਦਾ ਹੈ।'' ਮੈਨੂੰ ਦਸਿਆ ਜਾਏ ਕਿ ਥਰਮਲ ਪਲਾਂਟ ਦਾ ਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਉਤੇ ਰੱਖਣ ਨਾਲ ਬਾਬੇ ਨਾਨਕ ਨੂੰ ਸਮਰਪਿਤ ਕਿਵੇਂ ਹੋ ਗਿਆ? ਬਾਬੇ ਨਾਨਕ ਨੂੰ ਸਮਰਪਿਤ ਤਾਂ 'ਉੱਚਾ ਦਰ ਬਾਬੇ ਨਾਨਕ ਦਾ' ਹੈ ਜਿਥੇ ਸਿਰਫ਼ ਬਾਬੇ ਨਾਨਕ ਦੀ ਹੀ ਗੱਲ ਹੁੰਦੀ ਹੈ ਤੇ ਉਸ ਦੀ ਵਿਚਾਰਧਾਰਾ ਨੂੰ ਅੱਗੇ ਫੈਲਾਇਆ ਜਾਂਦਾ ਹੈ।
Thermal plant Bathinda
ਇਹ ਥਰਮਲ ਪਲਾਂਟ ਵਿਰਾਸਤੀ ਸ਼ਾਨ ਕਿਵੇਂ ਬਣ ਗਿਆ ਜਦੋਂ ਕਿ ਇਸ ਦਾ ਕਿਸੇ ਵੀ ਇਤਿਹਾਸਕ ਘਟਨਾ ਨਾਲ ਕੋਈ ਸਬੰਧ ਨਹੀਂ। ਅੱਗੇ ਕਿਹਾ ਗਿਆ ਕਿ ਇਸ ਨੂੰ ਬੰਦ ਕਰਨ ਨਾਲ ਬਾਬੇ ਨਾਨਕ ਜੀ ਪ੍ਰਤੀ ਸ਼ਰਧਾ ਸਨਮਾਨ ਨਹੀਂ ਰਹੇਗਾ। ਬਹੁਤ ਲੋਕ ਅਪਣੀਆਂ ਦੁਕਾਨਾਂ, ਟੈਂਟ ਹਾਊਸ, ਵਰਕਸ਼ਾਪਾਂ ਦੇ ਨਾਂ ਗੁਰੂ ਸਾਹਿਬਾਨ ਦੇ ਨਾਂ ਉਤੇ ਰੱਖ ਲੈਂਦੇ ਹਨ ਤੇ ਕਿਸੇ ਵੀ ਕਾਰਨ ਕਈ ਜਗ੍ਹਾ ਬਦਲ ਲੈਂਦੇ ਹਨ ਜਾਂ ਸਮਾਨ ਵੇਚ ਵੱਟ ਕੇ ਕੋਈ ਹੋਰ ਕਾਰੋਬਾਰ ਚਲਾ ਲੈਂਦੇ ਹਨ ਤਾਂ ਕੀ ਗੁਰੂ ਸਾਹਿਬਾਨ ਦੇ ਮਾਣ-ਸਨਮਾਨ ਨੂੰ ਸੱਟ ਵੱਜ ਜਾਂਦੀ ਹੈ? 'ਆਪ' ਦੇ ਵਿਧਾਇਕਾਂ ਨੂੰ ਬੇਨਤੀ ਹੈ ਕਿ ਜੇ ਤੁਸੀ ਥਰਮਲ ਪਲਾਂਟ ਨੂੰ ਚਾਲੂ ਰਖਣਾ ਚਾਹੁੰਦੇ ਹੋ ਤਾਂ ਇਸ ਦੇ ਨਫ਼ੇ ਨੁਕਸਾਨ ਦੇ ਸਹੀ ਤੱਥ ਤੇ ਸਹੀ ਅੰਕੜੇ ਪੇਸ਼ ਕਰੋ ਨਾ ਕਿ ਬਾਬੇ ਨਾਨਕ ਦਾ ਨਾਂ ਵਰਤ ਕੇ ਸਿਆਸਤ ਚਮਕਾਈ ਜਾਵੇ।
-ਵਕੀਲ ਸਿੰਘ ਬਰਾੜ, ਪਿੰਡ ਮੌਜਗੜ੍ਹ, ਸੰਪਰਕ : 94666-86681