
ਜਥੇਦਾਰਾਂ ਵਲੋਂ ਜਨਰਲ ਡਾਇਰ ਨੂੰ ਸਿਰੋਪਾਉ ਦੇਣ ਤੋਂ ਲੈ ਕੇ ਸੌਦਾ ਸਾਧ ਨੂੰ ਦਿਤੀ ਮਾਫ਼ੀ ਦੀਆਂ ਕਈ ਘਟਨਾਵਾਂ ਹਨ ਜਿਸ ਕਾਰਨ ਪੰਥ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ।
ਜਥੇਦਾਰਾਂ ਵਲੋਂ ਜਨਰਲ ਡਾਇਰ ਨੂੰ ਸਿਰੋਪਾਉ ਦੇਣ ਤੋਂ ਲੈ ਕੇ ਸੌਦਾ ਸਾਧ ਨੂੰ ਦਿਤੀ ਮਾਫ਼ੀ ਦੀਆਂ ਕਈ ਘਟਨਾਵਾਂ ਹਨ ਜਿਸ ਕਾਰਨ ਪੰਥ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਜੇਕਰ ਪੰਥ ਦਰਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਨੂੰ ਬਰਕਰਾਰ ਰੱਖਣ ਲਈ ਸਚਮੁਚ ਹੀ ਸੰਜੀਦਾ ਹਨ ਤਾਂ ਫਿਰ ਚੱਬੇ ਦੀ ਧਰਤੀ ਤੇ ਸਰਬੱਤ ਖ਼ਾਲਸਾ 2015 ਵਲੋਂ ਲੱਖਾਂ ਦੀ ਸੰਗਤ ਸਾਹਮਣੇ ਪੜ੍ਹੇ ਗਏ ਮਤਾ ਨੰ. 2 ਨੂੰ ਪੂਰਨ ਕਰਨ ਵਲ ਕਦਮ ਪੁੱਟਣ।
Sri Akal Takht Sahib
ਉਹ ਇਸ ਤਰ੍ਹਾਂ ਹੈ :- “ਅੱਜ ਦਾ ਸਰਬੱਤ ਖ਼ਾਲਸਾ ਸਿੱਖਾਂ ਦੀ ਮਹਾਨ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ, ਖ਼ੁਦਮੁਖਤਿਆਰੀ ਤੇ ਸਿਧਾਂਤ ਨੂੰ ਲਾਏ ਜਾ ਰਹੇ ਖੋਰੇ ਨੂੰ ਰੋਕਣ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸਤਾ ਨੂੰ ਕਾਇਮ ਕਰਨ ਲਈ ਗੰਭੀਰ ਯਤਨ ਕਰਨ ਦਾ ਐਲਾਨ ਕਰਦਾ ਹੈ।''
''ਇਸ ਲਈ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਦੀ ਸਮੁੱਚੀ ਕਾਰਜ ਪ੍ਰਣਾਲੀ ਵਿਚ ਸੁਧਾਰ ਲਿਆਉਣ ਲਈ ਇਕ ਸੁਚੱਜਾ, ਨਿਰਪੱਖ ਤੇ ਪਾਰਦਰਸ਼ੀ ਵਿਧੀ ਵਿਧਾਨ ਬਣਾਉਣ ਦੀ ਲੋੜ ਹੈ। ਇਸ ਸਬੰਧੀ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਨਾਮਜ਼ਦ ਦੇਸ਼-ਵਿਦੇਸ਼ ਦੇ ਸਿੱਖ ਨੁਮਾਇੰਦਿਆਂ ਨੂੰ ਸ਼ਾਮਲ ਕਰ ਕੇ 30 ਨਵੰਬਰ 2015 ਤਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਖ਼ੁਦਮੁਖ਼ਤਿਆਰ ਪ੍ਰਸ਼ਾਸਨਕ ਢਾਂਚੇ ਦੇ ਖਰੜੇ ਨੂੰ ਤਿਆਰ ਕਰਨਗੇ।
Akal Takht
ਇਸ ਖਰੜੇ ਨੂੰ ਵਿਸਾਖੀ 2016 ਨੂੰ ਹੋਣ ਵਾਲੇ ਸਰਬੱਤ ਖ਼ਾਲਸਾ ਵਿਚ ਪ੍ਰਵਾਨਗੀ ਲਈ ਪੇਸ਼ ਕੀਤਾ ਜਾਵੇਗਾ। ਮੀਰੀ ਤੇ ਪੀਰੀ ਦੇ ਖ਼ੂਬਸੂਰਤ ਸੁਮੇਲ ਨੂੰ ਰਾਜਸੀ ਹਿੱਤਾਂ ਲਈ ਵਰਤਣ ਦੀਆਂ ਸਾਰੀਆਂ ਹੱਦਾਂ ਬੰਨੇ ਟੁੱਟ ਗਏ ਜਦੋਂ ਪੰਜ ਸਿੰਘ ਸਾਹਿਬਾਨ ਨੇ 24 ਸਤੰਬਰ 2015 ਨੂੰ ਸੀ.ਬੀ.ਆਈ. ਵਲੋਂ ਕਾਤਲਾਂ, ਬਲਾਤਕਾਰਾਂ ਵਿਚ ਉਲਝੇ ਡੇਰਾ ਸਿਰਸਾ ਦੇ ਗੁਰਮੀਤ ਰਾਮ ਰਹੀਮ ਨੂੰ ਬਿਨਾਂ ਮੰਗੇ ਤੇ ਬਿਨਾ ਪੇਸ਼ ਹੋਏ ਮਾਫ਼ੀ ਦੇ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕੀਤੀ।''
Miri Piri
ਇਸ ਨੂੰ ਦੋਗਲਾਪਨ ਤੇ ਕਪਟ ਹੀ ਕਿਹਾ ਜਾ ਸਕਦਾ ਹੈ ਕਿ ਲੱਖਾਂ ਸੰਗਤਾਂ ਦੀ ਮੌਜੂਦਗੀ ਵਿਚ ਸਰਬੱਤ ਖ਼ਾਲਸਾ ਵਲੋਂ ਚੁਣੇ ਗਏ ਜਥੇਦਾਰਾਂ ਵਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਨੂੰ ਬਰਕਰਾਰ ਰੱਖਣ ਦੇ ਮਤੇ ਵਲ ਤਾਂ ਇਕ ਇੰਚ ਵੀ ਨਹੀਂ ਵਧੇ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ 'ਇਮਾਰਤ' ਆਖਣ ਤੇ ਇਨ੍ਹਾਂ ਦੇ ਹਿਰਦੇ ਵਲੂੰਧਰੇ ਗਏ। ਸਟੇਜ ਤੇ ਹੱਥ ਖੜੇ ਕਰ ਕੇ ਮਤਾ ਪਾਸ ਕਰਨ ਵਾਲੇ ਜਥੇਦਾਰਾਂ ਨੇ ਤਾਂ ਸਰਬੱਤ ਖ਼ਾਲਸਾ ਦੀ ਸੰਸਥਾ ਨਾਲ ਵੀ ਧੋਖਾ ਹੀ ਕੀਤਾ ਹੈ। ਹੁਣ ਕੌਣ ਇਨ੍ਹਾਂ ਦੀ ਸ਼ਿਕਾਇਤ ਕਰੇ ਅਤੇ ਕਿਹੜੀ ਪੰਜ ਮੈਂਬਰੀ ਕਮੇਟੀ ਜਾਂਚ ਕਰੇ?
Sikh
ਕਰਾਮਾਤਾਂ ਨੂੰ ਮੰਨਣਾ ਜਾਂ ਨਾ ਮੰਨਣਾ ਕੋਈ ਨਵੀਂ ਬਹਿਸ ਨਹੀਂ। ਇਹ ਠੀਕ ਹੈ ਕਿ ਗੁਰੂ ਪ੍ਰਤੀ ਸ਼ਰਧਾ ਅਧੀਨ ਹੀ ਲੋਕ ਕਰਾਮਾਤੀ ਕਹਾਣੀਆਂ ਨੂੰ ਮੰਨਦੇ ਹਨ। ਪਰ ਇਹ ਨਹੀਂ ਭੁਲਣਾ ਚਾਹੀਦਾ ਕਿ ਜਿਹੜੇ ਇਨ੍ਹਾਂ ਨੂੰ ਨਕਾਰਦੇ ਹਨ ਉਹ ਵੀ ਗੁਰੂ ਪ੍ਰਤੀ ਬੇਅੰਤ ਸ਼ਰਧਾ ਅਧੀਨ ਹੀ ਨਕਾਰ ਰਹੇ ਹੁੰਦੇ ਹਨ। ਉਦਾਹਰਣ ਵਜੋਂ ਹੇਮਕੁੰਟ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਤਪ ਅਸਥਾਨ ਜਾਣ ਕੇ ਅਨੇਕਾਂ ਸਿੱਖ ਸ਼ਰਧਾ ਵਸ ਹੇਮਕੁੰਟ ਪਹਾੜ ਦੀ ਲੰਮੀ ਤੇ ਔਖੀ ਯਾਤਰਾ ਤੇ ਨਿਕਲ ਜਾਂਦੇ ਹਨ। ਦੂਜੇ ਪਾਸੇ ਉਹ ਸਿੱਖ ਵੀ ਦਸਮੇਸ਼ ਪਿਤਾ ਵਿਚ ਬੇਅੰਤ ਸ਼ਰਧਾ ਹੋਣ ਕਾਰਨ ਹੀ ਗੁਰੂ ਨੂੰ ਪਿਛਲੇ ਜਨਮ ਦਾ ਤਪੱਸਵੀ ਮੰਨਣ ਵਿਚ ਬਾਬੇ ਨਾਨਕ ਦੇ ਘਰ ਦੀ ਤੌਹੀਨ ਜਾਣਦੇ ਹਨ।
Guru Granth Sahib Ji
ਇਸੇ ਤਰ੍ਹਾਂ ਕੋਈ ਬਾਬਾ ਨਾਨਕ ਸਾਹਿਬ ਵਲੋਂ ਇਕ ਹੱਥ ਵਿਚੋਂ ਖ਼ੂਨ ਤੇ ਦੂਜੇ ਹੱਥ ਵਿਚੋਂ ਦੁਧ ਦੀ ਸਾਖੀ ਨਾਲ ਪ੍ਰਭਾਵਤ ਹੁੰਦਾ ਹੈ ਤਾਂ ਕੋਈ 'ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ।।ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ।।' 'ਦੇ ਉਪਦੇਸ਼ ਨੂੰ ਹੀ ਸਿਰ ਮੱਥੇ ਜਾਣਦੇ ਹਨ। ਕਿਸ ਦੀ ਸ਼ਰਧਾ ਸੱਚੀ ਤੇ ਕਿਸ ਦੀ ਝੂਠੀ? ਕੌਣ ਸ਼ਰਧਾਹੀਣ ਹੈ ਤੇ ਕੌਣ ਅੰਧ-ਵਿਸ਼ਵਾਸੀ? ਇਸ ਦਾ ਨਿਬੇੜਾ ਲੱਠ-ਮਾਰ ਕੇ ਜਾਂ ਦੂਜੇ ਨੂੰ ਚੁੱਪ ਕਰਾ ਕੇ ਨਹੀਂ ਕੀਤਾ ਜਾ ਸਕਦਾ। ਇਸ ਦਾ ਹੱਲ ਕੇਵਲ ਇਹ ਹੈ- ਜਬ ਲਗੁ ਦੁਨੀਆਂ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ।।
Sri Guru Granth Sahib ji
ਸ਼ਿਕਾਇਤ ਕਰਤਾ ਧਿਰ ਕੌਣ? : ਸ਼ਿਕਾਇਤ ਕਰਤਾ ਧਿਰ ਉਹ ਹੈ ਜਿਸ ਨੇ ਅਜੋਕੇ ਸਮੇਂ ਵਿਚ ਸਮੇਂ ਦੀਆਂ ਸਰਕਾਰਾਂ ਨਾਲ ਰਲ ਕੇ ਪੰਥ ਦੇ ਨਿਆਰੇਪਣ ਨੂੰ ਢਾਹ ਲਗਾਉਣ ਵਿਚ ਕੋਈ ਕਸਰ ਨਹੀਂ ਛੱਡੀ। ਇਹ ਅਪਣੇ ਆਪ ਨੂੰ ਸ਼ਹੀਦਾਂ ਦੀ ਜਥੇਬੰਦੀ ਵਜੋਂ ਪ੍ਰਚਾਰਦੀ ਹੈ ਪਰ ਕਈ ਸਾਲ ਬਾਬਾ ਜਰਨੈਲ ਸਿੰਘ ਦੀ ਸ਼ਹਾਦਤ ਤੋਂ ਮੁਨਕਰ ਰਹੀ ਤੇ ਪੰਥ ਨਾਲ ਸ਼ਰੇਆਮ ਝੂਠ ਬੋਲਦੀ ਰਹੀ। ਦਮਦਮੀ ਟਕਸਾਲ ਦਾ ਇਕ ਧੜਾ ਅੱਜ ਤਕ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼ਹੀਦ ਨਹੀਂ ਮੰਨਦਾ। ਇਥੇ ਹੀ ਬਸ ਨਹੀਂ ਬਲਕਿ ਦਮਦਮੀ ਟਕਸਾਲ ਤੇ ਆਰ.ਐਸ.ਐਸ. ਦੀ ਮਨਸ਼ਾ ਅਨੁਸਾਰ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਖ਼ਾਲਸੇ ਦਾ ਅਪਣਾ ਨਿਆਰਾ ਨਾਨਕਸ਼ਾਹੀ ਕੈਲੰਡਰ ਰੱਦ ਕਰਵਾ ਕੇ ਮੁੜ ਬ੍ਰਾਹਮਣਵਾਦੀ ਬਿਕਰਮੀ ਕੈਲੰਡਰ ਲਾਗੂ ਕਰਵਾ ਦਿਤਾ।
Jarnail Singh Bhindranwale
ਇਨ੍ਹਾਂ ਅਪਣੇ ਛਪਵਾਏ ਗੁਟਕਿਆਂ ਵਿਚ ਮੂਲਮੰਤਰ ਨੂੰ 'ਗੁਰਪ੍ਰਸਾਦਿ' ਦੀ ਜਗ੍ਹਾ 'ਨਾਨਕ ਹੋਸੀ ਭੀ ਸਚੁ' ਸਿੱਧ ਕਰਨ ਦੀ ਜ਼ਿੱਦ ਵਾਸਤੇ 'ਗੁਰਪ੍ਰਸਾਦਿ' ਅਤੇ 'ਜਪੁ' ਵਿਚਕਾਰ ਦੋ ਡੰਡੀਆਂ '।।' ਨੂੰ ਹੀ ਛਾਪਣਾ ਬੰਦ ਕਰ ਦਿੱਤਾ। ਇਹ ਰਾਮ ਰਾਏ ਵਾਲੀ ਬੱਜਰ ਕੁਰਹਿਤ ਪੰਥ ਕਿਵੇਂ ਬਰਦਾਸ਼ਤ ਕਰ ਬੈਠਾ ਹੈ, ਸਮਝ ਤੋਂ ਬਾਹਰ ਹੈ। ਭਾਈ ਰਣਜੀਤ ਸਿੰਘ ਬਾਰੇ ਲਿਖਤੀ ਸ਼ਿਕਾਇਤ ਆਉਣ ਤੋਂ ਪਹਿਲਾਂ ਉਨ੍ਹਾਂ ਉਤੇ ਜਾਨ ਲੇਵਾ ਹਮਲਾ ਹੋ ਚੁਕਾ ਸੀ ਜਿਸ ਵਿਚ ਇਕ ਬੇਕਸੂਰ ਗੁਰ-ਭਾਈ ਦੀ ਮੌਤ ਹੋ ਗਈ ਸੀ। ਇਹ ਹਮਲਾ ਸਿੱਖਾਂ ਦੀ ਸਤਿਕਾਰਤ ਛਬੀਲ ਦੀ ਸੰਸਥਾ ਨੂੰ ਦਾਗਦਾਰ ਕਰ ਕੇ ਕੀਤਾ ਗਿਆ ਸੀ। ਇਹ ਸੱਭ ਇਵੇਂ ਹੀ ਭੁੱਲ ਜਾਣ ਵਾਲੀ ਘਟਨਾ ਨਹੀਂ ਸੀ। ਪਰ ਜਦ ਮੁਲਜ਼ਮ ਸਰਕਾਰੀ ਸਰਪ੍ਰਸਤੀ ਹੇਠ ਹੋਵੇ ਫਿਰ ਸੱਭ ਗੁਨਾਹ ਮਾਫ਼ ਹੁੰਦੇ ਹਨ। (ਬਾਕੀ ਅਗਲੇ ਹਫ਼ਤੇ)
ਸੰਪਰਕ : +9-733-223-2075