
ਸੰਨ '47 ਦੀ ਵੰਡ ਕੀ ਹੋਈ। ਇਕ ਵੱਡੀ ਆਬਾਦੀ ਦਾ ਪੰਜਾਬ ਸਦਾ ਲਈ ਸੁਪਨਾ ਬਣ ਗਿਆ।
ਸੰਨ '47 ਦੀ ਵੰਡ ਕੀ ਹੋਈ। ਇਕ ਵੱਡੀ ਆਬਾਦੀ ਦਾ ਪੰਜਾਬ ਸਦਾ ਲਈ ਸੁਪਨਾ ਬਣ ਗਿਆ। ਬਸ ਰਹਿ ਗਈ ਸੀ ਪੰਜਾਬੀਅਤ, ਜੋ ਉਨ੍ਹਾਂ ਲਈ ਅਜੂਬਾ ਸੀ ਜਿਨ੍ਹਾਂ ਪਹਿਲੀ ਵਾਰ ਸਿੱਖ ਵੇਖੇ ਸਨ। ਅਪਣੇ ਹੀ ਦੇਸ਼ ਵਿਚ ਅਪਣੀ ਹੀ ਸਰਕਾਰ ਨੇ ਰਿਫ਼ਊਜੀ ਦੀ ਪਛਾਣ ਦਿਤੀ। ਲੋਕ ਰਿਫ਼ਊਜੀ ਬਣ ਗਏ। ਰਿਫ਼ਊਜੀ ਕਾਲੋਨੀਆਂ ਬਣ ਗਈਆਂ। ਰਿਫ਼ਊਜੀ ਮਾਰਕੀਟਾਂ ਬਣ ਗਈਆਂ। ਅਪਣਾ ਪਿੰਡ, ਅਪਣੇ ਲੋਕ, ਅਪਣੀ ਜਾਇਦਾਦ, ਅਪਣਾ ਰੁਤਬਾ, ਸੱਭ ਹੱਥੋਂ ਰੇਤ ਵਾਂਗ ਫਿੱਸਲ ਗਏ ਸਨ। ਬਸ ਹੱਥਾਂ ਦਾ ਹੀ ਆਸਰਾ ਬਚਿਆ ਸੀ।
1947
ਸੰਨ 1947 ਦੀ ਵੰਡ ਦਿਲ ਚੀਰ ਕੇ ਰੱਖ ਦੇਣ ਵਾਲੀ ਸੀ। ਪੀੜ੍ਹੀਆਂ ਬਦਲ ਗਈਆਂ ਹਨ ਪਰ ਕਹਾਣੀਆਂ ਜੋ ਪੁਰਖਿਆਂ ਨੇ ਸੁਣਾਈਆਂ, ਉਹ ਕੰਨਾਂ ਵਿਚ ਸਦਾ ਗੂੰਜਦੀਆਂ ਰਹਿੰਦੀਆਂ ਹਨ। ਦੇਸ਼ ਦੀ ਵੰਡ ਦਾ ਫ਼ੈਸਲਾ ਭਾਵੇਂ ਸਿਆਸੀ ਸੀ ਪਰ ਇਹ ਦਰਅਸਲ ਜੀਵਨ ਦਾ ਬੁਨਿਆਦੀ ਹੱਕ ਖੋਹ ਲੈਣ ਵਾਲਾ ਫ਼ੈਸਲਾ ਸੀ। ਜੋ ਵਾਪਰਿਆ ਉਹ ਪੂਰਾ ਦਾ ਪੂਰਾ ਇਤਿਹਾਸ ਦਾ ਹਿੱਸਾ ਬਣ ਸਕੇਗਾ, ਇਸ ਵਿਚ ਭਾਰੀ ਸ਼ੱਕ ਹੈ ਕਿਉਂਕਿ ਇਸ ਬਾਰੇ ਕੋਈ ਖ਼ਾਸ ਯਤਨ ਹੋਏ ਹੀ ਨਹੀਂ। ਜੋ ਹੋਏ ਉਹ ਬੁਧੀਜੀਵੀ ਵਰਗ ਤੇ ਮਾਨਸਕ ਭੋਗ ਵਿਲਾਸ ਦਾ ਵਿਸ਼ਾ ਬਣ ਗਏ। ਕੁੱਝ ਨਜ਼ਮਾਂ, ਕੁੱਝ ਫ਼ਿਲਮਾਂ, ਕੁੱਝ ਕਿਤਾਬਾਂ, ਇਸ ਤੋਂ ਵੱਧ ਨਹੀਂ। ਜਿਨ੍ਹਾਂ ਨੇ ਉਹ ਦੌਰ ਅਪਣੇ ਪਿੰਡੇ ਉਤੇ ਹੰਢਾਇਆ, ਉਨ੍ਹਾਂ ਦੇ ਦਿਲ ਤਾਂ ਕਦੇ ਫਰੋਲੇ ਹੀ ਨਹੀਂ ਗਏ। ਜੇਕਰ ਹਰ ਸੱਚਾਈ ਬਾਹਰ ਆ ਜਾਂਦੀ ਤਾਂ ਇਹ ਧਰਤੀ ਸ਼ਾਇਦ ਸਹਿਣ ਨਹੀਂ ਕਰ ਪਾਂਦੀ।
Partition 1947
ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਤ ਦੇ ਪਿੰਡ ਟੱਲ ਕੱਕਾ ਤਹਿਸੀਲ ਖਾਰੀਆਂ ਵਿਚ ਆਉਂਦਾ ਹੈ। ਇਸ ਪਿੰਡ ਵਿਚ ਸਰਦਾਰ ਹਰੀ ਸਿੰਘ ਸੱਭ ਤੋਂ ਧਨਵਾਨ ਤੇ ਰਸੂਖ਼ਦਾਰ ਮੰਨੇ ਜਾਂਦੇ ਸਨ। ਉਹ ਅਪਣੀ ਹਵੇਲੀ ਦੇ ਗੇਟ ਵਿਚ ਵਿਚ ਮੰਜਾ ਡਾਹ ਕੇ ਬੈਠ ਜਾਂਦੇ। ਲੋਕ ਉਸ ਪਾਸੋਂ ਨਿਕਲਦਿਆਂ ਸੰਗਦੇ ਸਨ। ਕਿਸੇ ਸਾਧੂ ਨੇ ਉਨ੍ਹਾਂ ਦੀ ਜ਼ਮੀਨ ਉਤੇ ਇਕ ਗੁਰਦਵਾਰਾ ਉਸਾਰਿਆ ਸੀ, ਜੋ ਠੀਕ ਸ੍ਰੀ ਹਰਿਮੰਦਰ ਸਾਹਿਬ ਵਰਗਾ ਲਗਦਾ ਸੀ। ਜਦੋਂ ਵੰਡ ਦੀਆਂ ਖ਼ਬਰਾਂ ਆਉਣ ਲਗੀਆਂ ਤਾਂ ਕਈ ਸਿੱਖ, ਹਿੰਦੂ ਪ੍ਰਵਾਰ ਹਿੰਦੁਸਤਾਨ ਵਾਲੇ ਪਾਸੇ ਆਉਣੇ ਸ਼ੁਰੂ ਹੋ ਗਏ।
1947
ਸਰਦਾਰ ਹਰੀ ਸਿੰਘ ਹਸਦੇ ਤੇ ਕਹਿੰਦੇ ''ਰੌਲਾ ਜਿਹੈ, ਕੁੱਝ ਦਿਨਾਂ ਵਿਚ ਮੁੱਕ ਜਾਏਗਾ।'' ਉਹ ਕਹਿੰਦੇ ਕਿ ''ਇਨ੍ਹਾਂ ਗ਼ਰੀਬੜੇ ਮੁਸਲਮਾਨਾਂ ਨੇ ਕੀ ਕਰਨੈ, ਜੋ ਸਾਡੇ ਸਾਹਮਣੇ ਉੱਚੀ ਆਵਾਜ਼ ਵਿਚ ਬੋਲਦੇ ਤਕ ਨਹੀਂ।'' ਸਰਦਾਰ ਜੀ ਦੇ ਇਕੱਲੇ ਬੇਟੇ ਸਰਦਾਰ ਲਾਭ ਸਿੰਘ ਨੇ ਮਨ ਬਣਾਇਆ ਕਿ ਹਿੰਦੁਸਤਾਨ ਦਾ ਹਿੱਸਾ ਵੇਖ ਕੇ ਤਾਂ ਆਈਏ। ਉਹ ਅਪਣੇ 12-13 ਸਾਲ ਦੇ ਬੇਟੇ ਨਾਲ ਯੂ.ਪੀ. ਦੇ ਇਕ ਛੋਟੇ ਜਹੇ ਨਗਰ ਆਏ। ਇਥੇ ਕਈ ਸਿੱਖ ਪ੍ਰਵਾਰ ਪਹਿਲਾਂ ਹੀ ਆ ਚੁੱਕੇ ਸਨ।
Partition 1947
ਸਰਦਾਰ ਲਾਭ ਸਿੰਘ ਨੇ ਵੀ ਮਨ ਬਣਾਇਆ ਤੇ ਬੇਟੇ ਨੂੰ ਇਥੇ ਹੀ ਸਬੰਧੀਆਂ ਕੋਲ ਛੱਡ ਪਿੰਡ ਪਰਤ ਗਏ। ਸਰਦਾਰ ਹਰੀ ਸਿੰਘ ਨੇ ਟੱਲ ਕੱਕਾ ਤੋਂ ਕਿਤੇ ਹੋਰ ਜਾਣ ਤੋਂ ਇਨਕਾਰ ਕਰ ਦਿਤਾ। ਪਰ ਬੇਟੇ ਨੂੰ ਪ੍ਰਵਾਰ ਸਮੇਤ ਜਾਣ ਦੀ ਇਜਾਜ਼ਤ ਦੇ ਦਿਤੀ। ਬੇਟਾ ਲਾਭ ਸਿੰਘ ਜਦੋਂ ਲੋੜੀਂਦਾ ਸਮਾਨ ਬੰਨ੍ਹ ਕੇ ਫ਼ਤਿਹ ਬੁਲਾਉਣ ਗਿਆ ਤਾਂ ਸਰਦਾਰ ਹਰੀ ਸਿੰਘ ਦੇ ਮੂਹੋਂ ਭਾਵੁਕ ਹੋ ਨਿਕਲ ਗਿਆ ਕਿ ''ਮੈਨੂੰ ਛੱਡ ਕੇ ਜਾ ਰਿਹੈਂ।'' ਸਰਦਾਰ ਲਾਭ ਸਿੰਘ ਦਾ ਮਨ ਭਰ ਆਇਆ ਤੇ ਉਹ ਰੁਕ ਗਏ।
ਕੁੱਝ ਦਿਨਾਂ ਬਾਅਦ ਹੀ ਉਨ੍ਹਾਂ ਦੇ ਪਿੰਡ ਵਿਚ ਅਲੀਗੜ੍ਹ ਮੁਸਲਿਮ ਯੂਨੀਵਰਸਟੀ ਦੇ ਕੁੱਝ ਲੋਕ ਆਏ ਤੇ ਸਥਾਨਕ ਮੁਸਲਮਾਨਾਂ ਨੂੰ ਭੜਕਾਇਆ। ਇਸ ਦਾ ਨਤੀਜਾ ਇਹ ਹੋਇਆ ਕਿ ਇਕ ਵੱਡੀ ਭੀੜ ਨੇ ਇਕ ਰਾਤ ਸਰਦਾਰ ਹਰੀ ਸਿੰਘ ਦੀ ਹਵੇਲੀ ਤੇ ਹਮਲਾ ਕਰ ਅੱਗ ਲਗਾ ਦਿਤੀ। ਘਰ ਦੀਆਂ ਬੀਬੀਆਂ, ਬੱਚੇ ਹਵੇਲੀ ਅੰਦਰ ਬਣੇ ਖੂਹ ਵਿਚ ਕੁੱਦ ਗਾਈਆਂ ਤੇ ਸਾਰੇ ਮਰਦ ਅੱਗ ਤੇ ਭੀੜ ਨਾਲ ਲੜਦੇ ਮਾਰੇ ਗਏ। ਕਹਿੰਦੇ ਹਨ ਕਿ ਹਵੇਲੀ ਏਨੀ ਵੱਡੀ ਸੀ ਕਿ ਤਿੰਨ-ਚਾਰ ਦਿਨ ਅੱਗ ਦੇ ਭਾਂਬੜ ਬਲਦੇ ਦੂਰ ਤਕ ਵਿਖਾਈ ਦਿੰਦੇ ਰਹੇ ਸਨ। ਅਪਣੀ ਜ਼ਮੀਨ, ਅਪਣੇ ਪਿੰਡ ਲਈ ਪਿਆਰ, ਅਪਣੇ ਪਿੰਡ ਦੇ ਲੋਕਾਂ ਤੇ ਭਰੋਸਾ ਏਨਾ ਮਹਿੰਗਾ ਪਿਆ ਕਿ ਜਿਸ ਨੇ ਵੀ ਸੁਣਿਆ ਉਹ ਕੰਬ ਉਠਿਆ। ਹਵੇਲੀ ਤੇ ਹਵੇਲੀ ਦੇ ਲੋਕ ਸੁਆਹ ਦਾ ਢੇਰ ਬਣ ਕੇ ਰਹਿ ਗਏ।
Pakistan Punjab
ਦੇਸ਼ ਆਜ਼ਾਦ ਹੋਇਆ। ਇਹ ਭਰੋਸਾ ਤੇ ਸਬਰ ਰਖਣ ਵਾਲੇ ਲੋਕ ਅਪਣੀਆਂ ਜ਼ਿੰਦਗੀਆਂ ਤੋਂ ਹੀ ਆਜ਼ਾਦ ਹੋ ਗਏ। ਬੀਬੀਆਂ, ਬੱਚਿਆਂ ਸਮੇਤ ਜਿਊਂਦਿਆਂ ਹੀ ਪਤ ਬਚਾਉਣ ਲਈ ਅਪਣੇ ਹੀ ਖੂਹ ਵਿਚ ਇਕ ਤੋਂ ਬਾਅਦ ਇਕ ਕੁੱਦੀਆਂ ਹੋਣਗੀਆਂ ਤਾਂ ਉਨ੍ਹਾਂ ਨੇ ਇਕ ਦੂਜੇ ਦੀ ਚੀਕ ਤਾਂ ਜ਼ਰੂਰ ਸੁਣੀ ਹੋਵੇਗੀ। ਘਰ ਦੇ ਮਰਦਾਂ ਦੇ ਸੀਨੇ ਜ਼ਰੂਰ ਚਾਕ ਹੋਏ ਹੋਣਗੇ। ਦੰਗਾਈਆਂ ਦੀ ਭੀੜ ਨੇ ਕਿਸ ਨੂੰ ਪਹਿਲਾਂ ਮਾਰਿਆ ਹੋਵੇਗਾ ਤੇ ਕਿਸ ਦੀਆਂ ਅੱਖਾਂ ਕਿਸ ਦੀ ਮੌਤ ਵੇਖ ਕੇ ਪੱਥਰ ਹੋ ਗਈਆਂ ਹੋਣਗੀਆਂ, ਇਹ ਦੱਸਣ ਲਈ ਕੋਈ ਨਹੀਂ ਸੀ ਬਚਿਆ। ਇਸ ਤੇ ਨਾ ਕਿਸੇ ਨੇ ਨਜ਼ਮ ਲਿਖੀ, ਨਾ ਕੋਈ ਫ਼ਿਲਮ ਬਣੀ।
ਇਕ ਹਸਦਾ ਖੇਡਦਾ ਵੱਡਾ ਤੇ ਸੁਖੀ ਪ੍ਰਵਾਰ ਅਪਣੇ ਭਰੋਸੇ ਤੇ ਜਾਨਾਂ ਵਾਰ ਗਿਆ। ਉਧਰ ਜੋ 12 ਸਾਲ ਦਾ ਬੱਚਾ ਅਪਣੇ ਪ੍ਰਵਾਰ ਦੀ ਉਡੀਕ ਕਰ ਰਿਹਾ ਸੀ, ਉਹ ਉਡੀਕ ਉਸ ਦੇ ਸੀਨੇ ਵਿਚ ਚੱਟਾਨ ਦੀ ਤਰ੍ਹਾਂ ਸਦਾ ਲਈ ਜਮ ਗਈ। ਹੁਣ ਉਹ ਰਿਫ਼ਊਜੀ ਵੀ ਸੀ, ਅਨਾਥ ਵੀ ਤੇ ਦਾਣੇ-ਦਾਣੇ ਦਾ ਮੁਥਾਜ ਵੀ। ਸਾਰੇ ਲੋਕ ਅਣਜਾਣ, ਪੂਰਾ ਮਾਹੌਲ ਅਣ-ਪਛਾਣਿਆ ਤੇ ਹਿੱਕ ਲਗਾ ਕੇ ਦਿਲਾਸਾ ਦੇਣ ਵਾਲਾ ਕੋਈ ਨਹੀਂ। ਉਸ ਬੱਚੇ ਨੇ ਨਗਰ ਦੇ ਨੇੜੇ ਤੋਂ ਵਹਿੰਦੀ ਗੋਮਤੀ ਨਦੀ ਦੇ ਕਿਨਾਰੇ ਇਕ ਕੱਚੇ ਕਮਰੇ ਤੋਂ ਅਪਣੇ ਨਵੇਂ ਜੀਵਨ ਦੀ ਸ਼ੁਰੂਆਤ ਕੀਤੀ। ਮਨ ਦਾ ਚੱਟਾਨ ਬਣ ਜਾਣਾ ਹੀ ਉਸ ਦੀ ਤਾਕਤ ਬਣੀ। ਸਮਾਂ ਅਪਣੀ ਚਾਲੇ ਚਲਦਾ ਗਿਆ ਤੇ ਉਸ ਬੱਚੇ ਨੂੰ ਤਰੱਕੀ ਦੀਆਂ ਬੁਲੰਦੀਆਂ ਤਕ ਲੈ ਗਿਆ।
Refugee
40 ਸਾਲ ਦੀ ਉਮਰ ਵਿਚ ਸਰਦਾਰ ਹਰਭਜਨ ਸਿੰਘ ਉੱਤਰ ਪ੍ਰਦੇਸ਼ ਵਿਧਾਨ ਪ੍ਰੀਸ਼ਦ ਦੀ ਚੋਣ ਜਿੱਤ ਕੇ ਵਿਧਾਨ ਭਵਨ ਪੁੱਜੇ ਤਾਂ ਸਮਾਂ ਜ਼ਰੂਰ ਅਪਣੀ ਚਾਲ ਤੇ ਮੁਸਕੁਰਾਇਆ ਹੋਵੇਗਾ। ਇਹ ਕੋਈ ਅਲਾਦੀਨ ਦੇ ਚਿਰਾਗ ਦਾ ਕਿੱਸਾ ਜਿਹਾ ਭਾਵੇਂ ਲਗਦਾ ਹੋਵੇ ਪਰ ਇਹ ਸੰਕੇਤ ਦਿੰਦਾ ਹੈ ਕਿ ਹੌਂਸਲਾ ਕਦੇ ਹਾਰਦਾ ਨਹੀਂ। ਸੰਨ 1947 ਤੋਂ ਬਾਅਦ ਲਹਿੰਦੇ ਪੰਜਾਬ ਤੋਂ ਆਏ ਸਿੱਖ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਅਪਣੀ ਸਹੂਲੀਅਤ ਅਨੁਸਾਰ ਜਾ ਵੱਸੇ। ਪੁਰਖਿਆਂ ਦੇ ਵਸਾਏ ਘਰ ਬਾਰ, ਜ਼ਮੀਨਾਂ, ਦੌਲਤ ਗੁਆ ਕੇ ਆਉਣ ਦਾ ਅਸਹਿ ਦਰਦ ਤਾਂ ਸੀ ਹੀ, ਉਨ੍ਹਾਂ ਨੂੰ ਸਥਾਨਕ ਸਮਾਜ ਅੰਦਰ ਥਾਂ ਬਣਾਉਣ ਦੀ ਵੱਡੀ ਜੰਗ ਲੜਨੀ ਪਈ। ਉਨ੍ਹਾਂ ਦੇ ਸਿੱਖੀ ਸਰੂਪ ਦਾ ਮਜ਼ਾਕ ਬਣਾਇਆ ਗਿਆ, ਉਨ੍ਹਾਂ ਦੀ ਬੋਲੀ ਤੇ ਫਬਤੀਆਂ ਕਸੀਆਂ ਗਈਆਂ, ਉਨ੍ਹਾਂ ਦੇ ਖਾਣ- ਪਾਣ ਤੇ ਚੁਟਕੁਲੇ ਬਣੇ।
ਸਿੱਖਾਂ ਨੂੰ ਅਪਣੀ ਬੌਧਿਕ ਸਮਰੱਥਾ ਨੂੰ ਲੈ ਕੇ ਵੀ ਕਾਫ਼ੀ ਕੁੱਝ ਸੁਣਨਾ ਪੈਂਦਾ ਸੀ। ਜੀਵਨ ਚਲਾਉਣ ਲਈ ਜੱਦੋ-ਜਹਿਦ ਦੀਆਂ ਕਰੜੀਆਂ ਚੁਨੌਤੀਆਂ ਵੱਖ ਸਨ। ਸਿੱਖ ਅਪਣੇ ਆਪ ਨੂੰ ਮਹਾਂਭਾਰਤ ਦੇ ਪਾਤਰ ਅਭਿਮਨਯੂ ਵਾਂਗ ਚੱਕਰਵਿਊ ਵਿਚ ਫਸਿਆ ਮਹਿਸੂਸ ਕਰਦੇ ਸਨ। ਇਸ ਚੱਕਰਵਿਊ ਨੂੰ ਤੋੜਨਾ ਸੌਖਾ ਨਹੀਂ ਸੀ। ਪਰ ਸਿੱਖਾਂ ਨੇ ਅਪਣੇ ਹੌਸਲੇ ਨਾਲ ਇਸ ਨੂੰ ਤੋੜਿਆ ਵੀ ਤੇ ਜਿੱਤ ਵੀ ਪ੍ਰਾਪਤ ਕੀਤੀ।
ਪੰਜਾਬ ਵਿਚ ਰਹਿ ਰਹੇ ਸਿੱਖਾਂ ਨੂੰ ਅੰਦਾਜ਼ਾ ਹੀ ਨਹੀਂ ਹੋਵੇਗਾ ਕਿ ਪੰਜਾਬ ਤੋਂ ਬਾਹਰ ਦੇਸ਼ ਵਿਚ ਵਸਦੇ ਸਿੱਖ ਕਿੰਨੇ ਤਣਾਅ ਤੇ ਦਬਾਅ ਹੇਠ ਰਹੇ ਹਨ ਤੇ ਜੋ ਅੱਜ ਵੀ ਹਨ। ਇਹ ਸਿਰਫ਼ ਇਸ ਕਾਰਨ ਕਿ ਭਾਰਤ ਦੀ ਵੰਡ ਦਾ ਫ਼ੈਸਲਾ ਲੈਂਦਿਆਂ, ਉਨ੍ਹਾਂ ਬਾਰੇ ਇਕ ਵਾਰ ਵੀ ਨਾ ਸੋਚਿਆ ਗਿਆ। ਲੋਕਾਂ ਨੂੰ ਜਿਥੇ ਰਹਿੰਦਿਆਂ ਸਦੀਆਂ ਲੰਘ ਗਈਆਂ, ਜਿਥੇ ਦੀ ਮਿੱਟੀ ਵਿਚ ਉਨ੍ਹਾਂ ਦੇ ਪੁਰਖਿਆਂ ਦੀਆਂ ਅਣਗਿਣਤ ਯਾਦਾਂ ਰਚੀਆਂ-ਵਸੀਆਂ ਹੋਣ, ਉਸ ਨੂੰ ਤੁਰਤ ਛੱਡ ਕਿਸੇ ਅਣਜਾਣ ਜਗ੍ਹਾ ਤੇ ਚਲੇ ਜਾਣ ਬਾਰੇ ਕੋਈ ਸੋਚਣਾ ਵੀ ਨਹੀਂ ਚਾਹੇਗਾ। ਲੋਕ ਜਿੱਥੇ ਕੁੱਝ ਸਾਲ ਰਹਿ ਲੈਂਦੇ ਹਨ, ਮੋਹ ਪੈਦਾ ਹੋ ਜਾਂਦਾ ਹੈ।
Old Punjab
ਇਕ ਵਾਰ ਹਿੰਦੀ ਦੇ ਇਕ ਮਸ਼ਹੂਰ ਕਵੀ ਤੇ ਗ਼ਜ਼ਲਕਾਰ ਦਾ ਤਬਾਦਲਾ ਹੋ ਗਿਆ ਸੀ ਤਾਂ ਉਸ ਨੇ ਖ਼ੁਦਕੁਸ਼ੀ ਕਰ ਲਈ ਸੀ। ਇਹ ਤਾਂ ਸਿੱਖਾਂ, ਹਿੰਦੂਆਂ ਦੀ ਇਕ ਵੱਡੀ ਆਬਾਦੀ ਲਈ ਅਜਿਹੇ ਹਾਲਾਤ ਬਣ ਜਾਣਾ ਸੀ, ਜੋ ਨਾ ਜੀਵਨ ਦੇ ਸਨ ਨਾ ਮਰਨ ਦੇ। ਜਦੋਂ ਭਾਰਤ ਦੀ ਵੰਡ ਦੇ ਦੁੱਖ ਦੀ ਗੱਲ ਕੀਤੀ ਜਾਂਦੀ ਹੈ, ਬਸ ਕਤਲਾਂ, ਮੌਤਾਂ, ਲੁੱਟ-ਮਾਰ ਦੀ ਗੱਲ ਹੁੰਦੀ ਹੈ, ਜੋ ਅਧੂਰੀ ਹੁੰਦੀ ਹੈ। ਸਿੱਖਾਂ ਨੇ ਪੰਜਾਬ ਤੋਂ ਬਾਹਰ ਜਿਨ੍ਹਾਂ ਹਾਲਾਤ ਦਾ ਸਾਹਮਣਾ ਕੀਤਾ ਹੈ, ਉਹ ਵੀ ਉਨਾ ਹੀ ਪੀੜਾ ਦੇਣ ਵਾਲਾ ਹੈ। ਅੱਜ ਵੀ ਸਿੱਖ ਹਰ ਪਲ ਨਿਸ਼ਾਨੇ ਤੇ ਰਹਿੰਦੇ ਹਨ।
1984
ਸੰਨ 1984 ਦਾ ਸਿੱਖ ਨਰ-ਸੰਘਾਰ, ਕਮੋਬੇਸ਼ ਸੰਨ 1947 ਦਾ ਹੀ ਪਰਤ ਆਉਣਾ ਸੀ। ਅੱਜ ਵੀ ਜਦੋਂ ਸਿੱਖਾਂ ਨਾਲ ਨਫ਼ਰਤ ਤੇ ਹਿੰਸਾ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਤਾਂ ਲਗਦਾ ਹੈ ਕਿ ਆਜ਼ਾਦੀ ਤੇ 73 ਵਰ੍ਹਿਆਂ ਬਾਅਦ ਵੀ ਭਾਰਤ ਦੇ ਸੂਬਿਆਂ ਵਿਚ ਸਿੱਖਾਂ ਨੂੰ ਸਥਾਨਕ ਸਮਾਜ ਦਾ ਹਿੱਸਾ ਮੰਨਣ ਵਿਚ ਕਿਤੇ ਕੋਈ ਅੜਿੱਕਾ ਬਣਿਆ ਹੋਇਆ ਹੈ। ਨਵੀਂਆਂ ਪੀੜ੍ਹੀਆਂ ਭਾਵੇਂ ਯੂ.ਪੀ. ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼, ਦਿੱਲੀ, ਮਹਾਰਾਸ਼ਟਰ ਦੀਆਂ ਜਮਪਲ ਹਨ ਪਰ ਅਖਵਾਉਂਦੀਆਂ ਪੰਜਾਬੀ ਹੀ ਹਨ। ਇਹ ਸੋਚ ਉਨ੍ਹਾਂ ਨੂੰ ਸਥਾਨਕ ਸਮਾਜ, ਸਥਾਨਕ ਸਭਿਅਤਾ ਤੋਂ ਦੂਰ ਕਰਨ ਵਾਲੀ ਹੈ। ਸਿੱਖ ਹੋਣ ਤੇ ਪੰਜਾਬੀ ਹੋਣ ਦਾ ਫ਼ਰਕ ਹੀ ਨਹੀਂ ਸਮਝਿਆ ਜਾ ਸਕਿਆ। ਭਾਰਤ ਦੇ ਕਈ ਹਿੱਸੇ ਹਨ, ਜਿਥੇ ਦੇ ਲੋਕਾਂ ਨੇ ਕਦੇ ਸਿੱਖ ਵੇਖਿਆ ਹੀ ਨਹੀਂ।
Sikh
ਭਾਜਪਾ ਦੇ ਇਕ ਵੱਡੇ ਸਿੱਖ ਆਗੂ ਨੂੰ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਬੰਗਾਲ ਦੇ ਅਜਿਹੇ ਚੋਣ ਖੇਤਰ ਤੋਂ ਟਿਕਟ ਮਿਲਿਆ ਜਿਥੇ ਲੋਕਾਂ ਨੇ ਉਨ੍ਹਾਂ ਦਾ ਸਿੱਖੀ ਸਰੂਪ ਵੇਖ ਕੇ ਕੋਈ ਸੰਤ ਸਮਝ ਲਿਆ ਤੇ ਉਨ੍ਹਾਂ ਦੀਆਂ ਤਸਵੀਰਾਂ ਤੇ ਤਿਲਕ ਲਗਾਉਣ ਲੱਗ ਪਏ। ਪੰਜਾਬ ਤੋਂ ਬਾਹਰ ਵਸਦੇ ਸਿੱਖ ਭਾਰਤ ਦੀ ਵੰਡ ਦੇ ਅਜਿਹੇ ਕਿੰਨੇ ਹੀ ਦਰਦ ਅਜੇ ਵੀ ਸੀਨੇ ਅੰਦਰ ਰੱਖ ਕੇ ਜਿਊਣ ਲਈ ਮਜਬੂਰ ਹਨ। ਲਗਾਤਾਰ 72-73 ਦਾ ਸਹਿਣ ਕੀਤਾ ਜਾਣ ਵਾਲਾ ਇਹ ਦਰਦ ਭਾਰਤ ਦੀ ਵੰਡ ਦੇ ਇਤਿਹਾਸ ਦਾ ਖਾਲੀ ਪੰਨਾ ਹੈ ਜਿਸ ਨੂੰ ਲਿਖਿਆ ਨਹੀਂ ਜਾ ਰਿਹਾ। ਪਰ ਹਕੀਕਤ ਹੈ ਜੋ ਪੀੜ੍ਹੀ ਦਰ ਪੀੜ੍ਹੀ ਮਨਾਂ ਨੂੰ ਚੁੱਭਦੀ ਰਹੇਗੀ।
ਸਰਦਾਰ ਹਰੀ ਸਿੰਘ, ਸਰਦਾਰ ਲਾਭ ਸਿੰਘ ਤੇ ਸਰਦਾਰ ਹਰਭਜਨ ਸਿੰਘ ਜਹੇ ਪਾਤਰ ਕਦੇ ਭੁਲਾਏ ਨਹੀਂ ਜਾ ਸਕਣਗੇ। ਮੌਕੇ-ਬੇ-ਮੌਕੇ ਯਾਦ ਆਉਂਦੇ ਰਹਿਣਗੇ। ਇਤਿਹਾਸਕਾਰਾਂ ਦੇ ਲਿਖੇ ਇਤਿਹਾਸ ਨਾਲ ਲੋਕਾਂ ਦੀਆਂ ਯਾਦਾਂ ਵਿਚ ਵਸਿਆ ਅਣ-ਘੜਿਆ ਇਤਿਹਾਸ ਵੀ ਚਲਦਾ ਰਹੇਗਾ।
ਸੰਪਰਕ : 94159-60533