
ਔਰਤਾਂ ਦੇ ਮਨਾਂ ਵਿਚ ਵਧਦਾ ਜਾ ਰਿਹਾ ਹੈ ਖ਼ੌਫ਼
ਮੁਹਾਲੀ:ਸਮਾਜਕ ਪ੍ਰੰਪਰਾਵਾਂ ਵਿਚ ਔਰਤਾਂ ਨੂੰ ਮਨੁੱਖੀ ਜੀਵ ਦੀ ਥਾਂ ਸਮਾਜਕ ਰਿਸ਼ਤਿਆਂ ਪਤਨੀ, ਧੀ, ਭੈਣ, ਮਾਂ ਆਦਿ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਆਧੁਨਿਕ ਯੁੱਗ ਵਿਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਹੱਕ ਤੇ ਸਨਮਾਨ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਅਸਲੀਅਤ ਇਸ ਤੋਂ ਬਿਲਕੁਲ ਉਲਟ ਹੈ। ਅਸਲੀਅਤ ਇਹ ਹੈ ਕਿ ਅੱਜ ਵੀ ਸਮਾਜ ਵਿਚ ਔਰਤਾਂ ਨੂੰ ਸਨਮਾਨ ਦੀ ਨਜ਼ਰ ਨਾਲ ਨਹੀਂ ਵੇਖਿਆ ਜਾਂਦਾ। ਔਰਤਾਂ ਦੇ ਜੁਰਮਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਵੀ ਔਰਤਾਂ ਸੁਰੱਖਿਅਤ ਨਹੀਂ ਹਨ। ਇਕ ਨਵੀ ਰੀਪੋਰਟ ਅਨੁਸਾਰ ਪੂਰੀ ਦੁਨੀਆਂ ਦੀਆਂ ਲੱਗਭਗ 35 ਫ਼ੀ ਸਦੀ ਔਰਤਾਂ ਕਿਸੇ ਨਾ ਕਿਸੇ ਤਰ੍ਹਾਂ ਦੀ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ। ਪਰ ਸੋਸ਼ਲ ਮੀਡੀਆ ਤੇ ਦੁਨੀਆਂ ਭਰ ਵਿਚ 60 ਫ਼ੀ ਸਦੀ ਔਰਤਾਂ ਨਾਲ ਆਨਲਾਈਨ ਹਿੰਸਾ ਹੁੰਦੀ ਹੈ। ਯੂ.ਐਨ.ਓ. ਦੀ ਰੀਪੋਰਟ ਅਨੁਸਾਰ ਪੂਰੇ ਮੁਲਕ ਵਿਚ 43 ਫ਼ੀ ਸਦੀ ਕੁੜੀਆਂ ਜਿਨ੍ਹਾਂ ਦੀ ਉਮਰ 18 ਸਾਲ ਤਕ ਹੈ, ਉਹ ਅੱਜ ਤਕ ਲਿੰਗੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਹਨ।
rape case
ਕੋਈ ਦਿਨ ਅਜਿਹਾ ਨਹੀਂ ਹੁੰਦਾ ਜਿਸ ਦਿਨ ਜਬਰ ਜਨਾਹ ਸ਼ਰਮਨਾਕ ਕਾਰੇ ਦੀ ਖ਼ਬਰ ਪੜ੍ਹਨ ਸੁਣਨ ਨੂੰ ਨਾ ਮਿਲਦੀ ਹੋਵੇ। ਔਰਤਾਂ ਕਿਸੇ ਵੀ ਪੱਖੋਂ ਮਰਦਾਂ ਨਾਲੋਂ ਘੱਟ ਨਹੀਂ ਹਨ। ਹਰ ਦਿਨ ਦੁਨੀਆਂ ਦੇ ਕਿਸੇ ਵੀ ਕੋਨੇ ਵਿਚੋਂ ਹੁੰਦੀਆਂ ਬਲਾਤਕਾਰ ਜਹੀਆਂ ਘਟਨਾਵਾਂ ਕਿਤੇ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅੰਨ੍ਹੇ ਬੋਲੇ ਕਾਨੂੰਨ ਦੀਆਂ ਧੱਜੀਆਂ ਸ਼ਰੇਆਮ ਉਡਾਈਆਂ ਜਾ ਰਹੀਆਂ ਹਨ। ਸਾਡਾ ਸਮਾਜ ਦੱਸੇ ਕਿ ਧੀਆਂ ਲਈ ਕਿਹੜੀ ਜਗ੍ਹਾ ਸੁਰੱਖਿਅਤ ਹੈ? ਘਰ ਸਕੂਲ, ਸੜਕਾਂ ਸੱਭ ਅਸੁਰੱਖਿਅਤ ਨਜ਼ਰ ਆ ਰਹੀਆਂ ਹਨ। ਢਿੱਲੇ ਕਾਨੂੰਨਾਂ ਸਦਕਾ ਨਿਤ ਵਾਪਰ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਸਾਡੇ ਸਮਾਜ ਦੇ ਮੱਥੇ ਤੇ ਕਲੰਕ ਹਨ।
ਹਾਲ ਹੀ ਵਿਚ ਵਾਪਰੀਆਂ ਬਲਾਤਕਾਰ ਦੀਆਂ ਕੁੱਝ ਘਟਨਾਵਾਂ ਦਾ ਜ਼ਿਕਰ ਕੀਤਾ ਜਾਂਦਾ ਹੈ। 29 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਵਿਚ ਇਕ ਵਿਦਿਆਰਥਣ ਦੀ ਸਮੂਹਿਕ ਬਲਾਤਕਾਰ ਤੋਂ ਬਾਅਦ ਮੌਤ ਹੋ ਗਈ।
Rape Case
30 ਸਤੰਬਰ ਨੂੰ ਦਿੱਲੀ ਦੇ 16 ਸਾਲਾਂ ਲੜਕੇ ਨੇ ਇਕ 7 ਸਾਲਾ ਬੱਚੀ ਨਾਲ ਬਲਾਤਕਾਰ ਕੀਤਾ। 30 ਸਤੰਬਰ ਨੂੰ ਹੀ ਰਾਜਸਥਾਨ ਦੇ ਸੀਕਰ ਵਿਚ ਦੋ ਵਿਅਕਤੀਆਂ ਨੇ 9ਵੀਂ ਜਮਾਤ ਦੀ 14 ਸਾਲਾ ਵਿਦਿਆਰਥਣ ਨਾਲ ਜਬਰ ਜ਼ਨਾਹ ਤੋਂ ਬਾਅਦ ਵੀਡੀਉ ਵਾਇਰਲ ਕੀਤਾ। 1 ਅਕਤੂਬਰ ਨੂੰ ਮੱਧ ਪ੍ਰਦੇਸ਼ ਦੇ ਖ਼ਰਗੋਨ ਜ਼ਿਲ੍ਹੇ ਵਿਚ 3 ਅਣਪਛਾਤੇ ਵਿਅਕਤੀਆਂ ਨੇ 16 ਸਾਲਾ ਨਾਬਲਿਗ ਨਾਲ ਜਬਰ ਜਨਾਹ ਕੀਤਾ। 1 ਅਕਤੂਬਰ ਨੂੰ ਹੀ ਪੰਜਾਬ ਦੇ ਨਕੋਦਰ ਸ਼ਹਿਰ ਦੀ ਪੁਲਿਸ ਨੇ ਇਕ ਨਾਬਾਲਗ਼ ਦੇ ਅਗਵਾ ਤੇ ਉਸ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਇਕ ਨੌਜੁਆਨ ਨੂੰ ਗ੍ਰਿਫ਼ਤਾਰ ਕੀਤਾ। 3 ਅਕਤੂਬਰ ਨੂੰ ਹਰਿਆਣੇ ਦੇ ਪਲਵਲ ਜ਼ਿਲ੍ਹੇ ਦੇ ਇਕ ਪਿੰਡ ਵਿਚ ਇਕ 25 ਸਾਲਾ ਮੁਟਿਆਰ ਨਾਲ ਸਮੂਹਕ ਬਲਾਤਕਾਰ ਕਰਨ ਦੇ ਦੋਸ਼ ਵਿਚ ਤਿੰਨ ਵਿਅਕਤੀਆਂ ਵਿਰੁਧ ਮਾਮਲਾ ਦਰਜ ਕੀਤਾ। 3 ਅਕਤੂਬਰ ਨੂੰ ਹੀ ਗੁਰੂਗ੍ਰਾਮ ਵਿਚ ਇਕ 15 ਸਾਲਾ ਨਾਬਾਲਗ ਦੇ ਅਗਵਾ ਕਰ ਕੇ ਉਸ ਨਾਲ ਬਲਾਤਕਾਰ ਕੀਤਾ ਗਿਆ। ਉਪਰੋਕਤ ਘਟਨਾਵਾਂ ਤੋਂ ਸਪੱਸ਼ਟ ਹੈ ਕੀ ਔਰਤਾਂ ਦੇਸ਼ ਦੇ ਕਿਸੇ ਵੀ ਕੋਨੇ ਵਿਚ ਸੁਰੱਖਿਅਤ ਨਹੀਂ ਹਨ।
Rape case
ਪਲੈਨੇਟ ਇੰਟਰਨੈਸ਼ਨਲ ਸੰਸਥਾ ਦੀ ਇਕ ਨਵੀਂ ਰੀਪੋਰਟ ਅਨੁਸਾਰ ਦੁਨੀਆਂ ਦੀਆਂ 60 ਫ਼ੀ ਸਦੀ ਔਰਤਾਂ ਸੋਸ਼ਲ ਮੀਡੀਆ ਤੇ ਕਿਸੇ ਨਾ ਕਿਸੇ ਤਰ੍ਹਾਂ ਦੀ ਹਿੰਸਾ ਦਾ ਸਾਹਮਣਾ ਕਰਦੀਆਂ ਹਨ। ਭਾਰਤ ਸਮੇਤ 22 ਦੇਸ਼ਾਂ ਦੀਆਂ 14 ਹਜ਼ਾਰ ਤੋਂ ਵੱਧ ਔਰਤਾਂ ਦਾ ਇਕ ਸਰਵੇ ਕੀਤਾ ਗਿਆ। ਇਸ ਸਰਵੇ ਵਿਚ 15 ਤੋਂ 25 ਸਾਲ ਉਮਰ ਦੀਆਂ ਔਰਤਾਂ ਨੂੰ ਸ਼ਾਮਲ ਕੀਤਾ ਗਿਆ। ਇਸ ਸਰਵੇ ਅਨੁਸਾਰ 39 ਫ਼ੀ ਸਦੀ ਔਰਤਾਂ ਨਾਲ ਆਨਲਾਈਨ ਹਿੰਸਾ ਦੀਆਂ ਘਟਨਾਵਾਂ ਫ਼ੇਸਬੁੱਕ ਤੇ 23 ਫ਼ੀ ਸਦੀ ਘਟਨਾਵਾਂ ਇੰਸਟਾਗ੍ਰਾਮ ਤੇ 14 ਫ਼ੀ ਸਦੀ ਘਟਵਨਾਵਾਂ ਵਟਸਐਪ ਤੇ ਹੁੰਦੀਆਂ ਹਨ ਜਦ ਕਿ ਸਨੈਪਚੈਟ ਤੇ 10 ਫ਼ੀ ਸਦੀ, ਟਵਿੱਟਰ ਤੇ 9 ਫ਼ੀ ਸਦੀ ਤੇ ਟਿੱਕ ਟਾਕ ਤੇ 6 ਫ਼ੀ ਸਦੀ ਆਨਲਾਈਨ ਹਿੰਸਾ ਵੀ ਔਰਤਾਂ ਨੂੰ ਝਲਣੀ ਪੈਂਦੀ ਹੈ। ਸੋਸ਼ਲ ਮੀਡੀਆ ਤੇ ਔਰਤਾਂ ਲਈ ਕੋਈ ਵੀ ਪਲੇਟਫ਼ਾਰਮ ਸੁਰੱਖਿਅਤ ਨਹੀਂ ਹੈ।
ਭਾਰਤ ਵਿਚ ਬੱਚੀਆਂ ਦੇ ਲਿੰਗੀ ਸੋਸ਼ਣ ਦਿਨ-ਬ-ਦਿਨ ਵੱਧ ਰਹੇ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕਾਨੂੰਨ ਦੀ ਵਿਵਸਥਾ ਹੇਠਲੇ ਪੱਧਰ ਦੀ ਹੋ ਚੁੱਕੀ ਹੈ। ਕਾਨੂੰਨ ਵਿਵਸਥਾ ਕਾਇਮ ਰੱਖਣ ਵਾਲੀ ਪੁਲਿਸ, ਡਾਕਟਰ ਤੇ ਨਿਆਇਕ ਪ੍ਰਬੰਧ ਦੀਆਂ ਅੱਖਾਂ ਵਿਚ ਸੰਵਿਧਾਨਕ ਮਰਿਆਦਾ ਉੱਤੇ ਪਹਿਰਾ ਦੇਣ ਵਾਲੀ ਸ਼ਰਮ ਅਲੋਪ ਹੋ ਚੁੱਕੀ ਹੈ। ਹੁਣ ਔਰਤਾਂ ਨੂੰ ਸਿਰਫ਼ ਹਨੇਰੇ ਤੇ ਸੁੰਨਸਾਨ ਸੜਕਾਂ ਤੇ ਲੰਘਣ ਤੋਂ ਹੀ ਡਰ ਨਹੀਂ ਲਗਦਾ, ਸਗੋਂ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੋਂ ਵੀ ਉਨਾ ਹੀ ਡਰ ਲਗਦਾ ਹੈ। ਜਦੋਂ ਕਿਸੇ ਬੱਚੀ ਨਾਲ ਦੇਸ਼ ਦੇ ਕਿਸੇ ਹਿੱਸੇ ਵਿਚ ਬਲਾਤਕਾਰ ਹੁੰਦਾ ਹੈ ਤਾਂ ਇਸ ਦਾ ਭਾਵਨਾਤਮਕ ਤੌਰ ਤੇ ਵਿਸ਼ਵ ਵਿਚ ਕਿਤੇ ਵੀ ਹਰ ਔਰਤ ਤੇ ਨਾਂਹ ਪੱਖੀ ਅਸਰ ਹੁੰਦਾ ਹੈ। ਇਕ ਲੜਕੀ ਦੇ ਸ੍ਰੀਰ ਨੂੰ ਇਸ ਤਰ੍ਹਾਂ ਟੁਕੜਿਆਂ ਵਿਚ ਚੀਰਿਆ ਜਾਂਦਾ ਹੈ, ਜੋ ਕਿਸੇ ਇੱਲ ਜਾਂ ਕਿਸੇ ਹੋਰ ਜਾਨਵਰ ਦੇ ਨੌਚਣ ਨਾਲੋਂ ਵੀ ਭੈੜਾ ਹੁੰਦਾ ਹੈ। ਇਸ ਨਾਲ ਹੋਰ ਔਰਤਾਂ ਦੇ ਮਨਾਂ ਵਿਚ ਖ਼ੌਫ਼ ਵਧਦਾ ਹੈ।
UP rape case
ਹਾਲ ਹੀ ਵਿਚ ਯੂ.ਪੀ. ਦੇ ਜ਼ਿਲ੍ਹਾ ਹਾਥਰਸ ਵਿਚ ਸਤੰਬਰ ਵਿਚ ਵਾਪਰੀ ਘਟਨਾ ਨੇ ਸਮੁੱਚੇ ਮੁਲਕ ਨੂੰ ਹਿਲਾ ਕੇ ਰੱਖ ਦਿਤਾ ਹੈ। ਘਟਨਾਵਾਂ ਆਮ ਤੌਰ ਤੇ ਵੇਖਣ ਨੂੰ ਮਿਲ ਰਹੀਆਂ ਹਨ। ਬਲਾਤਕਾਰ ਦੀਆਂ ਘਟਨਾਵਾਂ ਪਿਛੋਂ ਔਰਤਾਂ ਪ੍ਰਤੀ ਪੁਲਿਸ ਦੀ ਉਦਾਸੀਨਤਾ ਤੇ ਜਾਂਚ ਵਿਚ ਖ਼ਾਮੀਆਂ ਵੇਖਣ ਨੂੰ ਮਿਲੀਆਂ ਹਨ। ਇਨ੍ਹਾਂ ਨੂੰ ਵੇਖ ਕੇ ਲਗਦਾ ਹੈ ਕਿ ਔਰਤਾਂ ਵਿਰੁਧ ਲਿੰਗੀ ਸ਼ੋਸ਼ਣ ਦੇ ਮਾਮਲੇ ਵਿਚ ਇਕ ਸਮਾਜ ਵਜੋਂ ਅਸੀ ਅਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਭੱਜ ਰਹੇ ਹਾਂ।
ਨਿਰਭਿਆ, ਕਠੂਆ, ਉੱਨਾਵ, ਮੁਜ਼ੱਫ਼ਰਨਗਰ ਤੇ ਤੇਲੰਗਾਨਾ ਆਦਿ ਦੀਆਂ ਭਿਆਨਕ ਘਟਨਾਵਾਂ ਪਿਛੋਂ ਪਿਛਲੇ ਮਹੀਨੇ ਉੱਤਰ ਪ੍ਰਦੇਸ਼ ਦੇ ਹਾਥਰਸ ਵਿਖੇ ਇਕ ਭਿਆਨਕ ਘਟਨਾ ਵਾਪਰੀ ਜਿਥੇ 19 ਸਾਲ ਦੀ ਇਕ ਦਲਿਤ ਮੁਟਿਆਰ ਨਾਲ ਉੱਚ ਜਾਤੀ ਦੇ 4 ਨੌਜੁਆਨਾਂ ਵਲੋਂ ਸਮੂਹਕ ਬਲਾਤਕਾਰ ਕੀਤਾ ਗਿਆ। ਉਸ ਨੂੰ ਨਗਨ ਕੀਤਾ ਗਿਆ। ਉਸ ਦਾ ਗਲਾ ਦਬਾਇਆ ਗਿਆ। ਉਸ ਦੀ ਜੀਭ ਵੀ ਕੱਟ ਦਿਤੀ ਗਈ। ਉਸ ਦੀ ਰੀੜ੍ਹ ਦੀ ਹੱਡੀ ਤੋੜ ਕੇ ਉਸ ਨੂੰ ਦਿਵਿਆਂਗ ਬਣਾਇਆ ਗਿਆ। ਪੁਲਿਸ ਪ੍ਰਸ਼ਾਸਨ ਵਲੋਂ ਚੁੱਪ-ਚੁਪੀਤੇ ਰਾਤ ਨੂੰ ਹੀ ਪੀੜਤਾ ਦਾ ਸਸਕਾਰ ਕਰ ਦਿਤਾ ਗਿਆ ਸੀ। ਇਸ ਭਿਆਨਕ ਘਟਨਾ ਕਾਰਨ ਸਾਰੇ ਦੇਸ਼ ਵਿਚ ਗੁੱਸਾ ਪਾਇਆ ਜਾ ਰਿਹਾ ਹੈ। ਬਲਾਤਕਾਰ ਨਾਲ ਜੁੜੇ ਕਾਨੂੰਨ ਨੂੰ ਸਖ਼ਤ ਬਣਾਉਣ ਦੇ ਬਾਵਜੂਦ ਲਿੰਗੀ ਸੋਸ਼ਣ ਦੀ ਇਸ ਘਟਨਾ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿਤਾ ਹੈ।
Rape case
ਭਾਰਤ ਵਿਚ ਹਰ ਕ ਮਿੰਟ ਵਿਚ ਬਲਤਾਕਾਰ ਦੀਆਂ 4 ਘਟਨਾਵਾਂ ਵਾਪਰਦੀਆਂ ਹਨ। ਸਾਲ 2016 ਵਿਚ ਬਲਾਤਕਾਰ ਦੇ 35 ਹਜ਼ਾਰ ਦੇ ਲਗਭਗ ਮਾਮਲੇ ਦਰਜ ਹੋਏ ਸਨ ਪਰ ਸਿਰਫ਼ 7 ਹਜ਼ਾਰ ਦੋਸ਼ੀਆਂ ਨੂੰ ਸਜ਼ਾ ਹੋਈ ਸੀ। ਕੌਮੀ ਅਪਰਾਧ ਬਿਊਰੋ ਦੇ ਅੰਕੜਿਆਂ ਅਨੁਸਾਰ ਸੰਨ 2018 ਦੇ ਆਖ਼ਰ ਤਕ ਮੁਲਕ ਦੀਆਂ ਅਦਾਲਤਾਂ ਵਿਚ ਬਲਾਤਕਾਰ ਜਹੇ ਅਪਰਾਧ ਦੇ 1 ਲੱਖ 38 ਹਜ਼ਾਰ ਕੇਸ ਫ਼ੈਸਲੇ ਦੀ ਉਡੀਕ ਵਿਚ ਲਟਕ ਰਹੇ ਸਨ। ਇਨ੍ਹਾਂ ਵਿਚੋਂ ਸਿਰਫ਼ 17 ਹਜ਼ਾਰ 313 ਕੇਸਾਂ ਤੇ ਹੀ ਸੁਣਵਾਈ ਸ਼ੁਰੂ ਹੋ ਸਕੀ ਤੇ 4708 ਮਾਮਲਿਆਂ ਵਿਚ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ। ਕੌਮੀ ਅਪਰਾਧ ਰੀਕਾਰਡ ਬਿਊਰੋ ਦੀ 2019 ਦੀ ਰੀਪੋਰਟ ਅਨੁਸਾਰ ਹਰ ਰੋਜ਼ 88 ਬਲਾਤਕਾਰ ਦੇ ਕੇਸ ਦਰਜ ਕੀਤੇ ਗਏ। ਇਸ ਰੀਪੋਰਟ ਮੁਤਾਬਕ ਹਰ ਰੋਜ਼ 10 ਦਲਿਤ ਔਰਤਾਂ ਬਲਾਤਕਾਰ ਦਾ ਸ਼ਿਕਾਰ ਹੋਈਆਂ। ਇਸ ਸਾਲ 3500 ਦਲਿਤ ਔਰਤਾਂ ਨਾਲ ਬਲਾਤਕਾਰ ਹੋਏ। ਦਸੰਬਰ 2012 ਤੋਂ 30 ਸਤੰਬਰ 2020 ਤਕ 248600 ਬਲਾਤਕਾਰ ਦੇ ਮਾਮਲੇ ਦਰਜ ਹੋਏ। ਪਰ ਇਨ੍ਹਾਂ ਵਿਚੋਂ ਸਿਰਫ਼ 61436 ਮਾਮਲੇ ਹੀ ਅਦਾਲਤ ਵਿਚ ਪਹੁੰਚੇ। ਇਨ੍ਹਾਂ ਵਿਚੋਂ ਸਿਰਫ਼ 7 ਹਜ਼ਾਰ ਕੇਸਾਂ ਵਿਚ ਹੀ ਸਜ਼ਾ ਹੋਈ। ਬਾਕੀ ਕੇਸ ਛੱਡ ਦਿਤੇ ਗਏ।
ਦੇਸ਼ ਵਿਚ ਔਰਤਾਂ ਤੇ ਬੱਚਿਆਂ ਵਿਰੁਧ ਅਪਰਾਧਾਂ ਵਿਚ 2019 ਵਿਚ 7.3 ਫ਼ੀ ਸਦੀ ਅਤੇ 4.5 ਫ਼ੀ ਸਦੀ ਦਾ ਵਾਧਾ ਹੋਇਆ ਹੈ। 1 ਅਕਤੂਬਰ 2020 ਨੂੰ ਹੀ ਮਦਰਾਸ ਹਾਈਕੋਰਟ ਨੇ ਇਕ ਮਾਮਲੇ ਦੀ ਸੁਣਵਾਈ ਕਰਦਿਆਂ ਇਹ ਸਖ਼ਤ ਟਿੱਪਣੀ ਕੀਤੀ ਹੈ ਕਿ “ਭਾਰਤ ਦੀ ਪਵਿੱਤਰ ਧਰਤੀ ਹੁਣ ਬਲਾਤਕਾਰ ਦੀ ਧਰਤੀ ਵਿਚ ਬਦਲ ਗਈ ਹੈ ਜਿਥੇ ਹਰ 15 ਮਿੰਟ ਬਾਅਦ ਬਲਾਤਕਾਰ ਹੁੰਦਾ ਹੈ।” ਇਸੇ ਤਰ੍ਹਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਜਸਟਿਸ ਸੰਜੇ ਕੁਮਾਰ ਨੇ 1 ਅਕਤੂਬਰ ਨੂੰ ਬਲਾਤਕਾਰ ਦੇ ਇਕ ਮਾਮਲੇ ਵਿਚ ਸੁਣਵਾਈ ਕਰਦੇ ਹੋਏ ਟਿੱਪਣੀ ਕੀਤੀ ਕਿ “ਦੇਸ਼ ਵਿਚ ਨਾਬਾਲਗਾਂ ਵਿਰੁਧ ਜੁਰਮ ਲਗਾਤਾਰ ਵੱਧ ਰਹੇ ਹਨ ਜਿਨ੍ਹਾਂ ਤੇ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ।”
ਬੱਚੀਆਂ ਨੂੰ ਦੋਸ਼ ਦਿਤਾ ਜਾਂਦਾ ਹੈ ਕਿ ਉਹ ਉਨ੍ਹਾਂ ਨਾਲ ਬਲਾਤਕਾਰ ਕਰਨ ਲਈ ਭਰਮਾਉਂਦੀਆਂ ਹਨ। ਪਹਿਲਾਂ ਕੇਸ ਦਰਜ ਕਰਨ ਵੇਲੇ ਪੁਲਿਸ ਤੇ ਫਿਰ ਅਦਾਲਤਾਂ ਵਿਚ ਵੀ ਉਨ੍ਹਾਂ ਤੋਂ ਅਜਿਹੇ ਘਟੀਆ ਸਵਾਲ ਕੀਤੇ ਜਾਂਦੇ ਹਨ, ਕਿੱਥੇ, ਕਿਵੇਂ ਤੇ ਕਦੋਂ ਉਨ੍ਹਾਂ ਨੂੰ ਛੂਹਿਆ ਗਿਆ। ਕਈ ਪ੍ਰਵਾਰ ਬਲਾਤਕਾਰ ਦੇ ਮਾਮਲਿਆਂ ਦੀ ਰੀਪੋਰਟਿੰਗ ਕਰਨ ਤੋਂ ਵੀ ਗੁਰੇਜ਼ ਕਰਦੇ ਹਨ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਸਮਾਜ ਵਿਚ ਸ਼ਰਮਸਾਰ ਹੋਣਾ ਪੈਂਦਾ ਹੈ। ਜ਼ਿੰਦਗੀ ਭਰ ਲੜਕੀਆਂ ਖੌਫ਼ ਵਿਚ ਜਿਊਂਦੀਆਂ ਹਨ ਤੇ ਨਤੀਜਾ ਕੁੱਝ ਨਹੀਂ ਨਿਕਲਦਾ। ਅਜਿਹੇ ਵਾਤਾਵਰਣ ਵਿਚ ਔਰਤਾਂ ਦੀ ਤਣਾਅ ਭਰੀ ਮਾਨਸਕ ਅਵਸਥਾ ਨੂੰ ਕਿਸੇ ਪ੍ਰਕਾਰ ਸਮਾਜ ਲਈ ਉਸਾਰੂ ਨਹੀਂ ਕਿਹਾ ਜਾ ਸਕਦਾ। ਅਜਿਹੀ ਸਥਿਤੀ ਵਿਚ ਔਰਤਾਂ ਕਦੇ ਵੀ ਮਾਨਸਕ ਤੇ ਸ੍ਰੀਰਕ ਰੂਪ ਵਿਚ ਸਿਹਤਮੰਦ ਨਹੀਂ ਰਹਿ ਸਕਦੀਆਂ। ਮੌਜੂਦਾ ਮਰਦ ਪ੍ਰਧਾਨ ਸਮਾਜ ਨੇ ਔਰਤਾਂ ਦੀ ਮਾਨਸਿਕਤਾ ਨੂੰ ਕੰਮਜ਼ੋਰ ਕਰ ਦਿਤਾ ਹੈ। ਇਸੇ ਕਾਰਨ ਅੱਜ ਔਰਤਾਂ ਦੀ ਸਥਿਤੀ ਸਮਾਜ ਵਿਚ ਤਰਸਯੋਗ ਬਣੀ ਹੋਈ ਹੈ।
ਇਸ ਵਰਤਾਰੇ ਦੇ ਨਸ਼ਾ, ਬੇਰੁਜ਼ਗਾਰੀ, ਮਾਪਿਆਂ ਦੀ ਅਣਗਿਹਲੀ, ਇੰਟਰਨੈਂਟ ਦੀ ਦੁਰਵਰਤੋਂ ਲੋਕਾਂ ਦੀ ਮਾਨਸਿਕਤਾ, ਸਮਾਜਿਕ ਸ਼ਰਮਿੰਦਗੀ ਸੱਤਾਧਾਰੀ ਸ਼ਹਿ ਤੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਆਦਿ ਕਾਰਨ ਹਨ, ਜੋ ਲੋਕਾਂ ਨੂੰ ਖ਼ਾਸ ਕਰ ਕੇ ਨੌਜੁਆਨਾਂ ਨੂੰ ਘਿਨੌਣੇ ਕੰਮ ਲਈ ਪ੍ਰੇਰਤ ਕਰਦੇ ਹਨ। ਲਚਰ ਗਾਇਕੀ ਵੀ ਨੌਜੁਆਨਾਂ ਨੂੰ ਅਜਿਹੇ ਅਪਰਾਧਾਂ ਵੱਲ ਆਕਰਸ਼ਤ ਕਰਦੀ ਹੈ। ਸਮਾਜਿਕ ਸ਼ਰਮਿੰਦਗੀ ਬਲਾਤਕਾਰ ਦੇ ਵੱਧ ਰਹੇ ਮਾਮਲਿਆਂ ਦਾ ਮੁੱਖ ਕਾਰਨ ਹੈ। ਸਮਾਜਕ ਸ਼ਰਮਿੰਦਗੀ ਦੇ ਡਰੋਂ ਕਈ ਵਾਰ ਪੀੜਤ ਧਿਰ ਪੁਲਿਸ ਤੱਕ ਪਹੁੰਚ ਨਹੀਂ ਕਰਦੀ ਜਿਸ ਕਾਰਨ ਅਪਰਾਧੀਆਂ ਦੇ ਹੌਸਲੇ ਹੋਰ ਬੁਲੰਦ ਹੁੰਦੇ ਹਨ ਤੇ ਉਹ ਬੇਖ਼ੌਫ਼ ਹੋ ਕੇ ਇਹ ਅਪਰਾਧ ਦੁਹਰਾਉਂਦੇ ਹਨ।
ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਮੰਦਭਾਗਾ ਵਰਤਾਰਾ ਭਵਿੱਖ ਵਿਚ ਕਦੇ ਸਾਡੇ ਬੱਚਿਆਂ ਨਾਲ ਵੀ ਵਾਪਰ ਸਕਦਾ ਹੈ। ਅੱਜ ਭਾਰਤ ਬਹੁ-ਬੇਟੀਆਂ ਦੇ ਰਹਿਣ ਲਈ ਸੁਰੱਖਿਅਤ ਨਹੀਂ ਰਿਹਾ। ਬੇਟੀਆਂ ਲਈ ਸਾਡੇ ਸਮਾਜ ਨੂੰ ਵੀ ਅਪਣੇ ਦਿਲੋਂ ਦਿਮਾਗ਼ ਨੂੰ ਬਦਲਣਾ ਚਾਹੀਦਾ ਹੈ। ਸਾਨੂੰ ਅਪਣੇ ਪੁਰਖਿਆਂ ਦੀ ਉਹ ਰੀਤ ਯਾਦ ਰੱਖਣੀ ਚਾਹੀਦੀ ਹੈ ਕਿ ਉਹ ਅਹਿਮਦਸ਼ਾਹ ਅਬਦਾਲੀ ਨਾਲ ਲੋਕਾਂ ਦੀਆਂ ਧੀਆਂ ਭੈਣਾਂ ਦੀ ਇਜ਼ਤ ਦੀ ਰਾਖੀ ਲਈ ਜੂਝਦੇ ਰਹੇ ਸਨ। ਸਾਨੂੰ ਵੀ ਇਸ ਸ਼ਰਮਨਾਕ ਵਰਤਾਰੇ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ। ਔਰਤਾਂ ਨੂੰ ਵੀ ਖ਼ੁਦ ਅਪਣੀ ਹੋਂਦ ਅਤੇ ਪਛਾਣ ਬਣਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਸੋ ਇਸੇ ਤਰ੍ਹਾਂ ਭਾਰਤ ਸਰਕਾਰ ਨੂੰ ਵੀ ਅਪਣੇ ਫ਼ਰਜ਼ ਸਮਝਣੇ ਚਾਹੀਦੇ ਹਨ ਤੇ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।
ਨਰਿੰਦਰ ਸਿੰਘ ਜ਼ੀਰਾ,ਸੰਪਰਕ : 98146-62260