
ਬੀਤਿਆ ਸਮਾਂ ਕਦੇ ਨਹੀਂ ਮੁੜਦਾ ਵਾਪਸ
ਮੁਹਾਲੀ: ਸਟੇਟ ਕਾਲਜ ਪਟਿਆਲਾ ਵਿਚ ਪੜ੍ਹਦੇ ਸਮੇਂ ਇਕ ਵਾਕਿਆ, ਜੋ ਅੱਜ ਵੀ ਮੈਨੂੰ ਯਾਦ ਹੈ, ਉਹ ਇਹ ਸੀ ਕਿ ਸਲਾਨਾ ਪ੍ਰੀਖਿਆ ਸ਼ੁਰੂ ਹੋ ਚੁੱਕੀ ਸੀ। ਪ੍ਰਿੰਸੀਪਲ ਮੈਡਮ ਸਿੱਧੂ ਸਣੇ ਕਾਲਜ ਦੇ ਲਗਭਗ ਬਹੁਤੇ ਅਧਿਆਪਕਾਂ ਨਾਲ ਮੇਰੀ ਕਾਫ਼ੀ ਨੇੜਤਾ ਸੀ। ਮੇਰਾ ਟੀਚਿੰਗ ਵਿਸ਼ਾ ਐਸ.ਐਸ.ਸੀ. ਤੇ ਉਸ ਦਿਨ ਉਸ ਦਾ ਸਲਾਨਾ ਪ੍ਰੈਕਟੀਕਲ ਸੀ। ਪੇਪਰ ਸ਼ਟਾਰਟ ਹੋਣ ਵਿਚ ਹਾਲੇ ਸਮਾਂ ਰਹਿੰਦਾ ਸੀ। ਮੈਂ ਪ੍ਰਿੰਸੀਪਲ ਦੇ ਦਫ਼ਤਰ ਵਿਚ ਪ੍ਰਿੰਸੀਪਲ ਮੈਡਮ ਕੋਲ ਕਿਸੇ ਕੰਮ ਸਬੰਧੀ ਗਿਆ। ਉਹ ਚਾਹ ਪੀ ਰਹੇ ਸਨ। ਉਨ੍ਹਾਂ ਮੈਨੂੰ ਬਿਠਾ ਲਿਆ ਤੇ ਮੇਰੇ ਲਈ ਵੀ ਚਾਹ ਮੰਗਵਾ ਲਈ। ਅਸੀ ਕਾਲਜ ਸਬੰਧੀ ਗੱਲਾਂ ਕਰਨ ਲੱਗ ਪਏ। ਮੈਨੂੰ ਪਤਾ ਹੀ ਨਾ ਲੱਗਾ ਕਿ ਪੇਪਰ ਦਾ ਸਮਾਂ ਲੰਘ ਗਿਆ। ਜਦ ਮੈਂ ਪ੍ਰਿੰਸੀਪਲ ਦਫ਼ਤਰ ਵਿਚੋਂ ਬਾਹਰ ਨਿਕਲਿਆ ਤਾਂ ਮੈਨੂੰ ਪਤਾ ਚਲਿਆ ਕਿ ਪੇਪਰ ਲੈਣ ਵਾਲਾ ਆਧਿਆਪਕ ਤਾਂ ਪੇਪਰ ਲੈ ਕੇ ਚਲਾ ਵੀ ਗਿਆ ਸੀ।
Friends
ਮੈਂ ਡਰ ਗਿਆ ਪਰ ਸ਼ੁਕਰ ਰੱਬ ਦਾ ਕਿ ਪ੍ਰੈਕਟੀਕਲ ਵਿਸ਼ੇ ਦਾ ਪੇਪਰ ਲੈਣ, ਜੋ ਅਧਿਆਪਕ ਯੂਨੀਵਰਸਟੀ ਤੋਂ ਆਇਆ ਸੀ, ਉਹ ਯੂਨੀਵਰਸਟੀ ਤੋਂ ਮੇਰੇ ਇਤਿਹਾਸ ਵਿਭਾਗ ਦੇ ਪ੍ਰੋਫ਼ੈਸਰ ਗੁਪਤਾ ਹੀ ਸਨ ਜਿਸ ਕਰ ਕੇ ਮੇਰਾ ਬਚਾਅ ਹੋ ਗਿਆ ਤੇ ਮੈਂ ਕਹਿ ਸੁਣ ਕੇ ਨੰਬਰ ਲਵਾ ਲਏ। ਇਸ ਤੋਂ ਬਾਦ ਸਾਡਾ ਵੁੱਡ ਵਰਕ ਦਾ ਪ੍ਰੈਕਟੀਕਲ ਸੀ। ਜੋ ਸਾਨੂੰ ਪ੍ਰੋਫ਼ੈਸਰ ਸਿੰਘ ਪੜ੍ਹਾਇਆ ਕਰਦੇ ਸਨ। ਉਹ ਬਹੁਤ ਸਾਊ ਸੁਭਾਅ ਦੇ ਸਨ। ਜਿਸ ਦਿਨ ਸਾਡਾ ਵੁੱਡ ਵਰਕ ਦਾ ਪ੍ਰੈਕਟੀਕਲ ਸੀ ਤਾਂ ਮੈਂ ਤੇ ਮੇਰੇ ਇਕ ਦੋਸਤ ਨੇ ਅੱਖ ਬਚਾਅ ਕਿ ਦੋ ਨੰਬਰ ਪਲੇਟ ਚੁੱਕੀ ਤੇ ਅਪਣਾ ਪ੍ਰੈਕਟੀਕਲ ਦੇ ਦਿਤਾ ਪਰ ਸਾਡੀ ਇਸ ਚਲਾਕੀ ਦਾ ਪਤਾ ਚਲ ਗਿਆ ਤੇ ਅਸੀ ਫੜੇ ਗਏ।
ਇਕ ਹੋਰ ਗੱਲ ਜੋ ਕਾਲਜ ਦੇ ਸ਼ੁਰੂਆਤੀ ਦਿਨਾਂ ਵਿਚ ਵਾਪਰੀ, ਉਹ ਤਾਂ ਬਾਹਲੀ ਦਿਲਚਸਪ ਹੈ। ਵਿਦਿਆਰਥੀ ਯੂਨੀਅਨ ਦੀ ਚੋਣ ਕਰਨ ਲਈ ਅਸੀ ਕਾਲਜ ਦੇ ਸਾਰੇ ਵਿਦਿਆਰਥੀ ਕਾਲਜ ਲਾਅਨ (ਘਾਹ ਵਾਲਾ ਪਾਰਕ) ਵਿਚ ਇਕੱਤਰ ਹੋਏ। ਸਾਡਾ ਇਕ ਦੋਸਤ ਸੀ ਸੁਖਦਰਸ਼ਨ ਸਿੰਘ ਨਾਜੀ।
EXAM
ਜੋ ਅਜਕਲ ਪ੍ਰਿੰਸੀਪਲ ਹੈ। ਉਨ੍ਹਾਂ ਪਾਰਕ ਵਿਚ ਇਕੱਤਰ ਹੋਏ ਵਿਦਿਆਰਥੀਆਂ ਨੂੰ ਖੜੇ ਹੋ ਕੇ ਮੁਖਾਤਬ ਹੁੰਦੇ ਕਿਹਾ, ''ਆਪਾਂ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਕਾਲਜ ਸਟੂਡੈਂਟਸ ਯੂਨੀਅਨ ਦੀ ਸਾਰਿਆਂ ਨੇ ਅੱਜ ਰਲ ਕੇ ਚੋਣ ਕਰਨੀ ਹੈ।'' ਅੱਗੇ ਬੋਲਿਆ ਕਿ, ''ਪ੍ਰਧਾਨ ਤਾਂ ਮੈਂ ਹਾਂ, ਬਾਕੀ ਮੈਂਬਰਾਂ ਦੀ ਚੋਣ ਤੁਸੀ ਕਰ ਲਉ।'' ਉਸ ਦੇ ਮੂੰਹੋਂ ਇਹ ਗੱਲ ਸੁਣ ਕੇ ਅਸੀ ਸਾਰੇ ਹੱਕੇ-ਬੱਕੇ ਰਹਿ ਗਏ ਤੇ ਇਕ ਦੂਜੇ ਦੇ ਮੂੰਹ ਵਲ ਵੇਖਣ ਲੱਗੇ। ਅਸੀ ਸੋਚਣ ਲੱਗੇ ਕਿ ਇਹ ਕਿਹੜੀ ਚੋਣ ਹੋਈ? ਕੋਈ ਕੁੱਝ ਬੋਲ ਵੀ ਨਾ ਸਕਿਆ ਤੇ ਕੋਈ ਬੋਲਦਾ ਵੀ ਕਿਵੇਂ? ਸੱਭ ਨੂੰ ਉਸ ਨੂੰ ਨਾ ਚਾਹੁੰਦੇ ਹੋਏ ਵੀ ਪ੍ਰਧਾਨ ਮੰਨਣਾ ਪਿਆ। ਮੈਨੂੰ ਉਸ ਦੀ ਇਹ ਗੱਲ ਅੱਜ ਵੀ ਜਦ ਯਾਦ ਆਉਂਦੀ ਹੈ ਤਾਂ ਹਾਸਾ ਨਿਕਲ ਜਾਂਦਾ ਹੈ ਕੇ ਪ੍ਰਧਾਨ ਤਾਂ ਮੈਂ ਹਾਂ ਹੀ, ਬਾਕੀ ਮੈਂਬਰ ਤੁਸੀ ਚੁਣ ਲਉ।
park
ਇਸੇ ਤਰ੍ਹਾਂ ਸਾਡੇ ਖੇਡਾਂ ਵਾਲੇ ਅਧਿਆਪਕ ਨੇ ਜਦੋਂ ਗੇਮ ਕਰਵਾਉਣੀ ਤਾਂ ਉਸ ਨੇ ਲੜਕੀਆਂ ਨੂੰ ਗਰਾਊਂਡ ਵਿਚ ਭੱਜਣ ਲਈ ਲਗਾ ਦੇਣਾ। ਪਰ ਮੁੰਡਿਆਂ ਨੂੰ ਦੌੜਨ ਲਈ ਨਾ ਆਖਣਾ। ਜਦੋ ਕੁੜੀਆਂ ਨੇ ਉਨ੍ਹਾਂ ਨੂੰ ਕਹਿਣਾ ਕਿ ਸਰ ਇਹ ਤਾਂ ਬਿਲਕੁਲ ਗ਼ਲਤ ਗੱਲ ਹੈ। ਤੁਸੀ ਮੁੰਡਿਆਂ ਨੂੰ ਕਿਉਂ ਨਹੀ ਭੱਜਣ ਲਈ ਲਗਾਉਂਦੇ ਤਾਂ ਉਨ੍ਹਾਂ ਨੇ ਅੱਗੋਂ ਪੋਲੇ ਜਿਹੇ ਮੂੰਹ ਨਾਲ ਕਹਿ ਦੇਣਾ, ''ਮੁੰਡੇ ਤਾਂ ਖੇਤਾਂ ਨੂੰ ਪਾਣੀ ਲਗਾਉਣ ਗਏ ਏਨੀ ਦੌੜ ਲਗਾ ਹੀ ਆਉਂਦੇ ਨੇ।''
ਖਹਿਰਾ ਸਰ ਦੀ ਇਹ ਗੱਲ ਮੈਨੂੰ ਅੱਜ ਤਕ ਨਹੀਂ ਭੁੱਲੀ। ਰੁਝੇਂਵਿਆਂ ਭਰੀ ਜ਼ਿੰਦਗੀ ਵਿਚ ਇਨ੍ਹਾਂ ਖੱਟੀਆਂ ਮਿੱਠੀਆਂ ਯਾਦਾਂ ਨੂੰ ਹੁਣ ਵੀ ਜਦੋਂ ਕਦੇ ਗਾਹੇ ਬਗਾਹੇ ਯਾਦ ਕਰੀਦਾ ਹੈ ਤਾਂ ਮੁੜ ਉਸ ਵਕਤ ਵਿਚ ਮੁੜ ਜਾਣ ਲਈ ਦਿਲ ਕਰਦਾ ਹੈ। ਕਾਸ਼ ਕਿਤੇ ਸਾਇੰਸ ਨੇ ਏਨੀ ਤਰੱਕੀ ਕਰ ਲਈ ਹੁੰਦੀ ਕਿ ਕੋਈ ਟਾਈਮ ਮਸ਼ੀਨ ਬਣ ਜਾਵੇ ਜਿਸ ਨਾਲ ਲੰਘੇ ਸਮੇਂ ਵਿਚ ਜਾ ਸਕੀਏ। ਕਾਲਜ ਦੇ ਯਾਰਾਂ-ਬੇਲੀਆਂ ਨਾਲ ਹਾਸੇ ਠੱਠੇ ਕਰਨ ਨੂੰ ਮਨ ਲੋਚਦਾ ਹੈ। ਪਰ ਅਸਲੀਅਤ ਇਹ ਹੈ ਕਿ ਬੀਤਿਆ ਸਮਾਂ ਕਦੇ ਵਾਪਸ ਨਹੀਂ ਮੁੜਦਾ। ਸਿਰਫ਼ ਯਾਦਾਂ ਰਹਿ ਜਾਂਦੀਆਂ ਹਨ ਜਿਨਾਂ ਨੂੰ ਯਾਦ ਕਰ ਕੇ ਅਸੀ ਜ਼ਿੰਦਗੀ ਦੇ ਬੀਤੇ ਪਲਾਂ ਦਾ ਅਨੰਦ ਲੈ ਸਕਦੇ ਹਾਂ।
ਲੈਕ. ਅਜੀਤ ਸਿੰਘ ਖੰਨਾ,ਸੰਪਰਕ : 84376-60510