ਸਿੱਖਾਂ ਦੇ ਜਜ਼ਬੇ ਅੱਗੇ ਝੁਕਣਾ ਪਿਆ ਅੰਗਰੇਜ਼ ਹਕੂਮਤ ਨੂੰ
ਸਿੱਖ ਕੌਮ ਵੱਲੋਂ ਵੱਖੋ-ਵੱਖ ਕੌਮੀ ਮਸਲਿਆਂ ਦੇ ਹੱਲ ਵਾਸਤੇ ਅਨੇਕਾਂ ਸਮਿਆਂ 'ਤੇ ਸ਼ਾਂਤਮਈ ਅੰਦੋਲਨ ਤਹਿਤ ਮੋਰਚੇ ਲਗਾਏ ਗਏ। ਇਨ੍ਹਾਂ ਮੋਰਚਿਆਂ 'ਚ ਇੱਕ ਵੱਖਰਾ ਸਥਾਨ ਰੱਖਦਾ ਹੈ, 1923 ਦਾ ਗੰਗਸਰ ਜੈਤੋ ਦਾ ਮੋਰਚਾ।
ਜੈਤੋ ਦੇ ਮੋਰਚੇ ਦਾ ਪਿਛੋਕੜ ਨਾਭਾ ਰਿਆਸਤ ਦੇ ਮਹਾਰਾਜਾ ਰਿਪੂਦਮਨ ਸਿੰਘ ਵਿਰੁੱਧ ਅੰਗਰੇਜ਼ਾਂ ਵੱਲੋਂ ਸਿੱਖ ਕੌਮ ਦੇ ਪੱਖ 'ਚ ਖੜ੍ਹਨ ਕਾਰਨ ਪੁਗਾਈ ਗਈ ਰੰਜਿਸ਼ ਨਾਲ ਜੁੜਦਾ ਹੈ।
ਮਹਾਰਾਜਾ ਨਾਭਾ ਨਾਲ ਰੰਜਿਸ਼ ਤਹਿਤ ਅੰਗਰੇਜ਼ ਹਕੂਮਤ ਨੇ ਮਹਾਰਾਜਾ ਨੂੰ ਗੱਦੀ ਤੋਂ ਲਾਹ ਦਿੱਤਾ, ਅਤੇ ਸਿੱਖ ਸੰਗਤ ਨੇ ਗੁਰਦੁਆਰਾ ਗੰਗਸਰ ਜੈਤੋ ਤੋਂ ਮਹਾਰਾਜਾ ਦੀ ਬਹਾਲੀ ਵਾਸਤੇ ਮਤੇ ਪਾਸ ਕਰ ਦਿੱਤੇ। ਸਿੱਖਾਂ ਨੇ ਇਸੇ ਗੁਰਦੁਆਰਾ ਸਾਹਿਬ 'ਚ ਸ੍ਰੀ ਅਖੰਡ ਪਾਠ ਆਰੰਭ ਕਰ ਦਿੱਤਾ, ਅਤੇ ਸਰਕਾਰ ਦੇ ਹਥਿਆਰਬੰਦ ਸਿਪਾਹੀਆਂ ਨੇ ਪਾਠ ਕਰ ਰਹੇ ਸਿੰਘ ਵੀ ਚੁੱਕ ਲਏ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ। ਪਾਠ ਖੰਡਿਤ ਹੋਣ ਨਾਲ ਸਿੱਖਾਂ 'ਚ ਰੋਸ ਹੋਰ ਵੀ ਵਧ ਗਿਆ।
ਰੋਸ ਵਜੋਂ 25-25 ਸਿੱਖਾਂ ਦੇ ਜੱਥੇ ਭੇਜਣੇ ਸ਼ੁਰੂ ਕੀਤੇ ਗਏ, ਅਤੇ ਸੰਘਰਸ਼ ਵਧਦੇ-ਵਧਦੇ ਇਹ ਗਿਣਤੀ 500 ਤੱਕ ਪਹੁੰਚ ਗਈ। 21 ਫਰਵਰੀ ਨੂੰ 1924 ਨੂੰ ਬੀਬੀਆਂ, ਬਜ਼ੁਰਗਾਂ ਤੇ ਬੱਚਿਆਂ ਦੀ ਸ਼ਮੂਲੀਅਤ ਵਾਲੇ ਜੱਥੇ 'ਤੇ ਅੰਗਰੇਜ਼ ਅਫ਼ਸਰ ਵਿਲਸਨ ਜਾਨਸਟਨ ਨੇ ਗੋਲ਼ੀ ਚਲਾਉਣ ਦਾ ਹੁਕਮ ਦੇ ਦਿੱਤਾ, ਜਿਸ 'ਚ ਅਨੇਕਾਂ ਜਣੇ ਸ਼ਹੀਦ ਹੋ ਗਏ। ਸਿੱਖਾਂ 'ਚ ਰੋਸ ਹੋਰ ਵੀ ਪ੍ਰਚੰਡ ਹੋ ਗਿਆ, ਪਰ ਜੱਥੇ ਭੇਜਣ ਦਾ ਸਿਲਸਿਲਾ ਉਦੋਂ ਤੱਕ ਜਾਰੀ ਰਿਹਾ ਜਦੋਂ ਤੱਕ ਅੰਗਰੇਜ਼ ਸਰਕਾਰ ਨੇ ਸ੍ਰੀ ਅਖੰਡ ਪਾਠ ਕਰਨ ਦੀ ਇਜਾਜ਼ਤ ਨਾ ਦਿੱਤੀ।
ਸਿੱਖਾਂ ਦੇ ਸਬਰ ਅਤੇ ਸ਼ਾਂਤਮਈ ਸੰਘਰਸ਼ ਅੱਗੇ ਅੰਗਰੇਜ਼ ਹਕੂਮਤ ਨੂੰ ਝੁਕਣਾ ਪਿਆ। 21 ਜੁਲਾਈ 1925 ਨੂੰ ਅਖੰਡ ਪਾਠ ਸਾਹਿਬ ਦੀ ਲੜੀ ਆਰੰਭ ਕੀਤੀ ਗਈ। 21 ਫਰਵਰੀ 1924 ਨੂੰ ਸੰਘਰਸ਼ 'ਚ ਸ਼ਹੀਦ ਹੋਏ, ਮੋਰਚਾ ਗੰਗਸਰ ਜੈਤੋ ਦੇ ਸ਼ਹੀਦਾਂ ਦੀ ਕੁਰਬਾਨੀ ਨੂੰ ਦਿਲੋਂ ਨਮਨ।