
ਵਿਦਵਾਨਾਂ ਦਾ ਕਹਿਣਾ ਹੈ ਕਿ, ‘‘ਜੇਕਰ ਕਿਸੇ ਕੌਮ ਨੂੰ ਖ਼ਤਮ ਕਰਨਾ ਹੋਵੇ ਤਾਂ ਪਹਿਲਾਂ ਉਸ ਦੀ ਮਾਂ ਬੋਲੀ ਨੂੰ ਖ਼ਤਮ ਕਰ ਦਿਉ।
ਮਨੁੱਖ ਨੇ ਸਾਲ ਨਹੀਂ, ਸਦੀਆਂ ਨਹੀਂ ਬਲਕਿ ਯੁਗਾਂ ਦੇ ਅਭਿਆਸ ਨਾਲ ਬੋਲਣਾ ਸਿਖਿਆ। ਪਹਿਲਾਂ ਮਨੁੱਖ ਜਾਨਵਰਾਂ ਵਾਂਗ ਯੁਗਾਂ-ਯੁਗਾਂਤਰਾਂ ਤਕ ਚੀਕਾਂ ਹੀ ਮਾਰਦਾ ਰਿਹਾ। ਹੌਲੀ ਹੌਲੀ ਮਨੁੱਖ ਦੀ ਘੰਡੀ ਵਿਕਸਿਤ ਹੋਈ ਅਤੇ ਚੀਕਾਂ ਵੀ ਅਲੱਗ ਅਲੱਗ ਕਿਸਮ ਦੀਆਂ ਮਾਰਨ ਲੱਗਾ। ਫਿਰ ਵੱਖ-ਵੱਖ ਚੀਕਾਂ ਦੀ ਪਛਾਣ ਤੇ ਨਿਸ਼ਾਨਦੇਹੀ ਕਰ ਕੇ ਅਪਣੇ ਭਾਵ ਦੂਸਰਿਆਂ ਤਕ ਪਹੁੰਚਾਣ ਲੱਗਾ। ਪਹਿਲਾਂ ਪਹਿਲਾਂ ਮਨੁੱਖੀ ਦਿਮਾਗ਼ ਤੇ ਬੋਲੀ ਦੇ ਵਿਕਾਸ ਦੀ ਗਤੀ ਬਹੁਤ ਹੀ ਧੀਮੀ ਸੀ। ਇਸ ਤਰ੍ਹਾਂ ਦੀ ਧੀਮੀ ਗਤੀ ਸਦੀਆਂ ਤਕ ਰਹੀ। ਜਦੋਂ ਮਨੁੱਖ ਨੇ ਅੱਗ ਬਾਲਣੀ ਸਿਖ ਲਈ ਤੇ ਉਹ ਅਪਣੀ ਖੁਰਾਕ ਅੱਗ ਉਪਰ ਪਕਾ ਕੇ ਖਾਣ ਲੱਗਾ ਤਾਂ ਇਨ੍ਹਾਂ ਦੋਹਾਂ ਦੇ ਵਿਕਾਸ ਦੀ ਗਤੀ ਵਿਚ ਬਹੁਤ ਵਾਧਾ ਹੋਇਆ। ਇਸ ਤਰ੍ਹਾਂ ਮਨੁੱਖ ਨੇ ਅਪਣੀ ਬੋਲੀ ਵਿਕਸਤ ਕਰ ਲਈ। ਉਸ ਦਰਮਿਆਨ ਇਕ ਸਮਾਂ ਉਹ ਵੀ ਆਇਆ ਜਦੋਂ ਮਨੁੱਖ ਨੇ ਚਿੱਤਰ ਬਣਾ ਕੇ ਅਤੇ ਇਸ਼ਾਰੇ ਕਰ ਕੇ ਅਪਣੇ ਮਨ ਦੇ ਭਾਵ ਪ੍ਰਗਟ ਕਰਨੇ ਸ਼ੁਰੂ ਕੀਤੇ। ਸੋ ਹਰ ਖ਼ਿੱਤੇ ਵਿਚ ਰਹਿੰਦੇ ਮਨੁੱਖ ਨੇ ਯੁਗਾਂ ਵਿਚ ਅਭਿਆਸ ਕਰਦਿਆਂ ਅਪਣੇ ਅਪਣੇ ਖ਼ਿੱਤੇ ’ਚ ਅਪਣੀ ਅਪਣੀ ਬੋਲੀ ਵਿਕਸਿਤ ਕਰ ਲਈ। ਇਸੇ ਲਈ ਦੁਨੀਆਂ ਵਿਚ ਹਜ਼ਾਰਾਂ ਬੋਲੀਆਂ ਇਨਸਾਨ ਬੋਲਣ ਲੱਗੇ।
Punjabi Language
ਪਰ ਅੱਜ ਦੇ ਦੌਰ ਵਿਚ ਬਹੁਤ ਸਾਰੀਆਂ ਬੋਲੀਆਂ ਅਲੋਪ ਹੋ ਗਈਆਂ ਹਨ। ਕੁੱਝ ਨੂੰ ਨਾਲ ਲਗਦੀਆਂ ਵੱਡੀਆਂ ਬੋਲੀਆਂ ਨੇ ਅਪਣੇ ਵਿਚ ਸਮਾ ਲਿਆ। ਭਾਸ਼ਾ ਵਿਗਿਆਨੀਆਂ ਦੇ ਮੱਤ ਅਨੁਸਾਰ ਦੁਨੀਆਂ ਵਿਚ ਦਸ ਹਜ਼ਾਰ ਦੇ ਲਗਭਗ ਬੋਲੀਆਂ ਹਨ। ਇਸ ਦਾ ਭਾਵ ਹੈ ਕਿ ਉਸ ਸਮੇਂ ਮਨੁੱਖ ਦਸ ਹਜ਼ਾਰ ਦੇ ਲਗਭਗ ਖ਼ਿੱਤਿਆਂ ਵਿਚ ਰਹਿੰਦਾ ਹੋਵੇਗਾ। ਹੁਣ ਤਾਂ ਉਨ੍ਹਾਂ ਵਿਚੋਂ 2792 ਹੀ ਮੁੱਖ ਬੋਲੀਆਂ ਰਹਿ ਗਈਆਂ ਹਨ। ਇਨ੍ਹਾਂ ਵਿਚੋਂ ਵੀ ਭਵਿੱਖ ਵਿਚ ਵੱਡੀਆਂ ਮੱਛੀਆਂ ਨੇ ਛੋਟੀਆਂ ਨੇ ਅਪਣੇ ਵਿਚ ਸਮੋ ਲੈਣਾ ਹੈ। ਦੁਨੀਆਂ ਦੇ 250 ਤੋਂ ਵੱਧ ਮੁਲਕਾਂ ਦੇ ਤਕਰੀਬਨ ਸੱਤ ਅਰਬ ਵਸਨੀਕ ਤਕਰੀਬਨ ਸੱਤ ਹਜ਼ਾਰ ਭਾਸ਼ਾਵਾਂ ਬੋਲਦੇ ਹਨ। ਇਨ੍ਹਾਂ ਸਾਰੀਆਂ ਵਿਚੋਂ ਅੱਧ ਤੋਂ ਵੱਧ ਉਪ ਭਾਸ਼ਾਵਾਂ ਹਨ। ਭਾਰਤ ਵਿਚ ਭਾਸ਼ਾਵਾਂ ਤੇ ਉਪ ਭਾਸ਼ਾਵਾਂ ਦੀ ਗਿਣਤੀ ਕੁਲ ਮਿਲਾ ਕੇ 3000 ਦੇ ਲਗਭਗ ਮੰਨੀ ਜਾ ਰਹੀ ਹੈ। ਭਾਰਤ ਵਿਚ 22 ਭਾਸ਼ਾਵਾਂ ਸੰਵਿਧਾਨਕ ਤੌਰ ’ਤੇ ਕੌਮੀ ਭਾਸ਼ਾਵਾਂ ਦਾ ਦਰਜਾ ਰਖਦੀਆਂ ਹਨ ਅਤੇ 24 ਭਾਸ਼ਾਵਾਂ ਸਾਹਿਤਕ ਭਾਸ਼ਾਵਾਂ ਦੇ ਤੌਰ ਤੇ ਮਾਨਤਾ ਪ੍ਰਾਪਤ ਹਨ।
Punjabi Language
ਸਹਿਤਕ ਅਕਾਦਮੀ ਇਨ੍ਹਾਂ 24 ਭਾਸ਼ਾਵਾਂ ਦੇ ਲੇਖਕਾਂ ਨੂੰ ਹਰ ਸਾਲ ਇਨਾਮ ਨਾਲ ਸਤਿਕਾਰਦੀ ਹੈ। ਵਿਸ਼ਵ ਦੇ ਤਮਾਮ 250 ਦੇਸ਼ਾਂ ਤੋਂ ਵੀ ਵੱਧ ਇਤਨੀਆਂ ਭਾਸ਼ਾਵਾਂ ਹੋਣ ਤੇ ਵੀ 60 ਦੇਸ਼ਾਂ ਤੋਂ ਵੀ ਵੱਧ ਦੇਸ਼ਾਂ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਹੈ ਅਤੇ 40 ਤੋਂ ਵੀ ਵੱਧ ਦੇਸ਼ਾਂ ਦੀ ਫ਼ਰਾਂਸੀਸੀ ਭਾਵ ਦੁਨੀਆਂ ਦੇ 100 ਮੁਲਕਾਂ ਤੋਂ ਵੀ ਵੱਧ ਸਰਕਾਰੀ ਕੰਮ ਕਾਜ ਦੀ ਭਾਸ਼ਾ ਦਾ ਦਰਜਾ ਸਿਰਫ਼ ਦੋ ਹੀ ਭਾਸ਼ਾਂਵਾਂ ਕੋਲ ਹੈ। ਤਕਰੀਬਨ 20 ਮੁਲਕਾਂ ਦੀ ਸਰਕਾਰੀ ਭਾਸ਼ਾ ਸਪੇਨੀ ਅਤੇ 20 ਤੋਂ ਵੱਧ ਮੁਲਕਾਂ ਦੀ ਸਰਕਾਰੀ ਭਾਸ਼ਾ ਅਰਬੀ ਹੈ। ਸਾਡੇ ਲਈ ਸਾਰੀਆਂ ਕੌਮਾਂ ਦੀਆਂ ਬੋਲੀਆਂ ਅਕਾਸ਼ ਵਿਚਲੇ ਸਿਤਾਰਿਆਂ ਵਾਂਗ ਹਨ। ਅਸੀ ਨਹੀਂ ਚਾਹੁੰਦੇ ਕਿ ਸਾਰੇ ਸਿਤਾਰੇ ਇਕ ਵੱਡੇ ਸਿਤਾਰੇ ਵਿਚ ਮਿਲ ਕੇ ਇਕ ਹੋ ਜਾਣ, ਜਿਸ ਨੇ ਅਕਾਸ਼ ਦਾ ਬਹੁਤ ਸਾਰਾ ਹਿੱਸਾ ਘੇਰ ਰਖਿਆ ਹੋਵੇ, ਜਿਸ ਨੂੰ ਸੂਰਜ (ਅੰਗਰੇਜ਼ੀ ਬੋਲੀ) ਕਹਿ ਸਕਦੇ ਹਾਂ। ਇਸ ਲਈ ਅਕਾਸ਼ ਵਿਚ ਅਜ਼ਾਦ, ਅਲੱਗ ਅਲੱਗ ਕਿਸਮਾਂ, ਰੰਗਾਂ ਅਤੇ ਕੱਦਾਂ ਦੇ ਸਿਤਾਰੇ ਵੀ ਚਮਕਣੇ ਚਾਹੀਦੇ ਹਨ। ਹਰ ਕੌਮ ਨੂੰ ਅਪਣੀ ਸਿਤਾਰਾ ਰੂਪੀ ਬੋਲੀ ਰੱਖਣ ਦਾ ਬੁਨਿਆਦੀ ਅਧਿਕਾਰ ਹੈ ਅਤੇ ਉਸ ਨੂੰ ਬਿਨਾਂ ਰੋਕ ਟੋਕ ਤੋਂ ਰੱਖਣ ਦਿਉ।
Punjabi Language
ਹਰ ਇਕ ਨੂੰ ਅਪਣਾ ਸਿਤਾਰਾ ਪਿਆਰਾ ਹੋਣਾ ਚਾਹੀਦਾ ਹੈ ਪਰ ਹੁਣ ਸੂਰਜ (ਅੰਗਰੇਜ਼ੀ ਬੋਲੀ) ਦੀ ਚਕਾਚੌਂਧ ਵਿਚ ਭਟਕੇ ਹੋਏ ਨੌਜਵਾਨ ਅਪਣੀ ਸਿਤਾਰਾ ਰੂਪੀ ਮਾਂ ਬੋਲੀ ਪੰਜਾਬੀ ਨੂੰ ਛੱਡ ਕੇ 14 ਹਜ਼ਾਰ ਮੀਲ ਦੂਰ ਦੀ ਬੋਲੀ ਨੂੰ ਅਪਣਾ ਰਹੇ ਹਨ ਭਾਵ ਅਪਣੀ ਮਾਂ ਦੀ ਨਿੱਘੀ ਬੁੱਕਲ ’ਚੋਂ ਨਿਕਲ ਕੇ ਮਤਰੇਈ ਮਾਂ ਦੇ ਗੋਡਿਆਂ ਨੂੰ ਜਾ ਚਿੰਬੜੇ ਹਨ। ਉਨ੍ਹਾਂ ਭੁੱਲੜਾਂ ਨੂੰ ਪਤਾ ਨਹੀਂ ਜੋ ਕੁੱਝ ਸਾਨੂੰ ਸਾਡੀ ਮਾਂ ਸਿਖਾ ਸਕਦੀ ਹੈ, ਉਹੋ ਮਤਰੇਈ ਨਹੀਂ ਸਿਖਾ ਸਕਦੀ। ਉਸ ਮਤਰੇਈ ਨੇ ਉਨ੍ਹਾਂ ਨੂੰ ਉਹ ਪਿਆਰ ਦੁਲਾਰ ਵੀ ਨਹੀਂ ਦੇਣਾ, ਜੋ ਅਪਣੀ ਮਾਂ ਬੋਲੀ ਨੇ ਦੇਣਾ ਹੈ। ਜੋ ਲੋਕ ਬਾਹਰ ਚਲੇ ਗਏ, ਉਨ੍ਹਾਂ ਦੀ ਤਾਂ ਮਜਬੂਰੀ ਹੈ। ਉਨ੍ਹਾਂ ਸਾਰਿਆਂ ਨੂੰ ਵੀ ਬੇਨਤੀ ਹੈ ਕਿ ਉਹ ਅਪਣੇ ਬੱਚਿਆਂ ਨੂੰ ਪੰਜਾਬੀ ਜ਼ਰੂਰ ਪੜ੍ਹਾਉਣ ਅਤੇ ਪੰਜਾਬੀ ਸੱਭਿਆਚਾਰ ਨਾਲ ਜੋੜੀ ਰੱਖਣ।
Punjabi Language
ਵਿਦਵਾਨਾਂ ਦਾ ਕਹਿਣਾ ਹੈ ਕਿ, ‘‘ਜੇਕਰ ਕਿਸੇ ਕੌਮ ਨੂੰ ਖ਼ਤਮ ਕਰਨਾ ਹੋਵੇ ਤਾਂ ਪਹਿਲਾਂ ਉਸ ਦੀ ਮਾਂ ਬੋਲੀ ਨੂੰ ਖ਼ਤਮ ਕਰ ਦਿਉ।” ਮਾਂ ਬੋਲੀ ਜਾਤਾਂ, ਬਰਾਦਰੀਆਂ ਤੇ ਧਰਮਾਂ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਹੀ ਮੌਜੂਦ ਸੀ। ਆਰੀਆਂ ਦੇ ਆਉਣ ਤੋਂ ਪਹਿਲਾਂ ਪੰਜਾਬ ਵਿਚ ‘ਮੁੰਡਾ ਬੋਲੀ’ ਬੋਲੀ ਜਾਂਦੀ ਸੀ। ਹੁਣ ਦੀ ਪੰਜਾਬੀ ਮੁੰਡਾ ਬੋਲੀ ਦੇ ਤੇ ਹੋਰ ਕਈਆਂ ਦਾ ਮਿਸ਼ਰਣ ਹੈ। ਅਸਲੀ ਮੁੰਡਾ ਬੋਲੀ ਬੋਲਣ ਵਾਲੇ ਪੂਰਬ ਦੇ ਆਦੀ ਵਾਸੀ ਹਨ, ਜੋ ਪਹਿਲਾਂ ਪੰਜਾਬ ਵਿਚ ਵਸਦੇ ਸਨ। ਉਸ ਸਮੇਂ ਪੰਜਾਬ ਵਿਚ ਕੋਈ ਧਰਮ ਜਾਂ ਜਾਤ ਮੌਜੂਦ ਨਹੀਂ ਸੀ। ਇਸ ਲਈ ਕਿਸੇ ਵੀ ਬੋਲੀ ਦੀ ਜਾਤ ਬਿਰਾਦਰੀ, ਨਸਲ ਜਾਂ ਧਰਮ ਨਹੀਂ ਹੁੰਦਾ ਪਰ ਭਾਰਤ ਵਿਚ ਖਾਸ ਕਰ ਕੇ ਪੰਜਾਬ ਵਿਚ ਧਾਰਮਕ ਮੂਲ ਵਾਦੀਆਂ ਨੇ ਬੋਲੀਆਂ ਨੂੰ ਜਬਰਦਸਤੀ ਮਜ਼੍ਹਬੀ ਚੋਲੇ ਪਵਾ ਦਿਤੇ ਹਨ ਜਦੋਂ ਕਿ ਉਨ੍ਹਾਂ ਅਪਣੀ ਮਾਂ ਤੋਂ ਸੱਭ ਤੋਂ ਪਹਿਲਾਂ ਸ਼ਬਦ ਪੰਜਾਬੀ ਵਿਚ ਬੋਲਣਾ ਸਿਖਿਆ।
Punjabi language
1947 ਤੋਂ ਪਹਿਲਾਂ ਪੰਜਾਬ ਦੇ ਸਾਰੇ ਸਕੂਲਾਂ ਵਿਚ ਉਰਦੂ ਪੜ੍ਹਾਇਆ ਜਾਂਦਾ ਸੀ ਪਰ ਸੱਤਾ ਬਦਲੀ ਪਿਛੋਂ ਉਰਦੂ ਨੂੰ ਮੁਸਲਮਾਨਾਂ ਦੀ ਬੋਲੀ ਕਹਿ ਕੇ ਪੰਜਾਬ ਦੇ ਸਕੂਲਾਂ ਵਿਚੋਂ ਬੰਦ ਕਰਵਾ ਦਿਤਾ ਗਿਆ। ਮੈਨੂੰ ਯਾਦ ਹੈ ਕਿ ਜਦੋਂ ਅਸੀ 1947 ਦੇ ਸ਼ੁਰੂ ਵਿਚ ਸਕੂਲ ’ਚ ਦਾਖ਼ਲ ਹੋਏ ਤਾਂ ਸਾਨੂੰ ਉਰਦੂ ਦੇ ਕਾਇਦੇ ਲੈ ਕੇ ਦਿਤੇ ਗਏ ਸਨ। ਉਸ ਪਿਛੋਂ ਜਦੋਂ ਸੱਤਾ ਬਦਲੀ ਹੋਈ ਤਾਂ ਉਹ ਸਾਡੇ ਕਾਇਦੇ ਵੀ ਬਦਲ ਦਿਤੇ ਗਏ ਅਤੇ ਉਰਦੂ ਨੂੰ ਮੁਸਲਮਾਨਾਂ ਦੀ ਬੋਲੀ ਬਣਾ ਦਿਤਾ ਗਿਆ। ਇਸੇ ਤਰ੍ਹਾਂ ਪੰਜਾਬੀ ਨੂੰ ਸਿੱਖਾਂ ਦੀ ਬੋਲੀ ਬਣਾ ਦਿਤਾ ਗਿਆ ਕਿਉਂਕਿ ਪੰਜਾਬੀ ਲਿਪੀ ਨੂੰ ਗੁਰਮੁਖੀ ਕਿਹਾ ਜਾਂਦਾ ਸੀ ਜਿਸ ਕਾਰਨ ਗੁਰਮੁਖੀ ਲਿਪੀ ਦੇ ਨਾਲ ਨਾਲ ਪੰਜਾਬੀ ਬੋਲੀ ਨੂੰ ਵੀ ਅਪਣੀ ਨਫ਼ਰਤ ਦਾ ਸ਼ਿਕਾਰ ਇਹ ਕਹਿ ਕੇ ਬਣਾ ਦਿਤਾ ਕਿ ਇਹ ਸਿੱਖਾਂ ਦੀ ਬੋਲੀ ਹੈ।
Punjabi Language
ਅਸਲ ਵਿਚ ਉਨ੍ਹਾਂ ਲੋਕਾਂ ਨੂੰ ਇਸ ਦਾ ਪਤਾ ਨਹੀਂ ਸੀ ਕਿ ਗੁਰਮੁਖੀ ਲਿਪੀ ਇਕ ਦਿਨ ਵਿਚ ਵਿਕਸਤ ਨਹੀਂ ਹੋਈ ਸਗੋਂ ਦਹਾਕੇ ਜਾਂ ਸਦੀਆਂ ਲੱਗੀਆਂ ਸਨ। ਇਸੇ ਤਰ੍ਹਾਂ ਗੁਰਮੁਖੀ ਲਿਪੀ ਦਾ ਵਿਗੜਿਆ ਹੋਇਆ ਤੇ ਅਧੂਰਾ ਰੂਪ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਵੀ ਮੌਜੂਦ ਸੀ। ਗੁਰੂ ਜੀ ਨੇ ਇਸ ਵਿਚ ਬਹੁਤ ਸਾਰੀਆਂ ਸੋਧਾਂ ਕਰ ਕੇ ਇਸ ਦਾ ਮੌਜੂਦਾ ਸਰੂਪ ਬੜੀ ਮਿਹਨਤ ਕਰ ਕੇ ਤਿਆਰ ਕੀਤਾ ਅਤੇ ਸੰਗਤ ਨੂੰ ਹੁਕਮ ਕੀਤਾ ਕਿ ਇਸ ਨੂੰ ਅਪਣਾਉ। ਇਹ ਲਿਪੀ ਪੰਜਾਬੀ ਬੋਲੀ ਲਈ ਢੁਕਵੀਂ ਹੈ। ਅਸੀ ਵੇਖਦੇ ਹਾਂ ਕਿ ਪੰਜਾਬੀ ਬੋਲੀ ਨੂੰ ਹੋਰ ਕਿਸੇ ਵੀ ਲਿਪੀ ਵਿਚ ਠੀਕ ਤਰ੍ਹਾਂ ਨਾਲ ਨਹੀਂ ਲਿਖਿਆ ਜਾ ਸਕਦਾ। ਸਿੱਖ ਮੂਲਵਾਦੀਆਂ ਨੇ ਵੀ ਪੰਜਾਬੀ ਬੋਲੀ ਨੂੰ ਸਿੱਖ ਧਰਮ ਨਾਲ ਜੋੜਨ ਦਾ ਵਿਰੋਧ ਨਾ ਕੀਤਾ, ਸਗੋਂ ਇਸ ਦੀ ਪ੍ਰੋੜ੍ਹਤਾ ਹੀ ਕੀਤੀ।
ਸਾਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ 1951 ਵਿਚ ਅਸੀ ਪ੍ਰਾਇਮਰੀ ਪਾਸ ਕਰ ਕੇ ਪੰਜਵੀਂ ਜਮਾਤ ਲਈ ਹਾਈ ਸਕੂਲ ’ਚ ਦਾਖ਼ਲ ਹੋਏ ਤਾਂ ਸਰਕਾਰੀ ਸਕੂਲਾਂ ਵਿਚ ਸਿੱਖਾਂ ਦੇ ਬੱਚਿਆਂ ਨੇ ਪੰਜਾਬੀ ਮੀਡੀਅਮ ਦੀਆਂ ਕਿਤਾਬਾਂ ਲਈਆਂ ਤੇ ਹਿੰਦੂਆਂ ਦੇ ਬੱਚਿਆਂ ਨੇ ਹਿੰਦੀ ਦੀਆਂ। ਪੰਜਾਬੀ ਮਾਂ ਬੋਲੀ ਪੁਕਾਰਦੀ ਹੀ ਰਹਿ ਗਈ, ‘‘ਵੇ ਮੈਂ ਤੁਹਾਡੀ ਮਾਂ ਹਾਂ, ਮੈਂ ਹੀ ਤੁਹਾਨੂੰ ਬੋਲਣਾ ਸਿਖਾਇਆ ਤੇ ਹੁਣ ਤੁਸੀ ਕਿਸੇ ਦੇ ਸਿੱਖੇ ਸਿਖਾਏ ਕਿਸੇ ਹੋਰ ਨੂੰ ਅਪਣੀ ਮਾਂ ਕਹਿੰਦੇ ਹੋ? ਮੈਂ ਹੀ ਤੁਹਾਡੀ ਮਾਂ ਹਾਂ ਜਰਾ ਹੋਸ਼ ਕਰੋ।” ਪਰ ਅਫਸੋਸ ਅਪਣੀ ਸਕੀ ਮਾਂ ਦੀ ਪੁਕਾਰ ਕਿਸੇ ਨੇ ਨਾ ਸੁਣੀ। ਉਹ ਸੱਭ ਲੋਕ ਅਜੇ ਵੀ ਨਹੀਂ ਸਮਝੇ ਜੋ ਬਚਪਨ ਤੋਂ ਹੀ ਪੰਜਾਬੀ ਬੋਲਦੇ ਆਏ ਹਨ ਪਰ ਜਦੋਂ ਮਰਦਮਸ਼ੁਮਾਰੀ ਆਉਂਦੀ ਹੈ ਤਾਂ ਉਸ ਸਮੇਂ ਅਪਣੀ ਮਾਂ ਬੋਲੀ ਪੰਜਾਬੀ ਨਹੀਂ ਲਿਖਾਉਂਦੇ।
ਯੂ.ਏ.ਈ. (ਯੂਨਾਈਟਡ ਅਰਬ ਅਮੀਰਾਤ) ਦੇ ਸ਼ਹਿਰ ਆਬੂ ਧਾਬੀ ਦੀ ਨੀਮ ਸਰਕਾਰੀ ਕੰਪਨੀ, ‘‘ਆਬੂ ਧਾਬੀ ਨੈਸ਼ਨਲ ਹੋਟਲਜ਼ ਕੰਪਨੀ” ਵਲੋਂ ਚਲਾਈ ਜਾ ਰਹੀ, ‘‘ਆਬੂ ਧਾਬੀ ਟੂਰਿਸਟ ਕਲੱਬ” ਵਿਚ ਕੰਮ ਕਰਨ ਸਮੇਂ ਉਥੇ ਵਲਦੀਆ (ਮਿਊਂਸੀਪੈਲਟੀ ਵਿਚ) ਕੰਮ ਕਰ ਰਿਹਾ ਇਕ ਪਾਕਿਸਤਾਨੀ ਹਮੇਸ਼ਾ ਮੇਰੇ ਨਾਲ ਕਦੇ ਉਰਦੂ ਬੋਲੀ ਵਿਚ, ਕਦੇ ਅਰਬੀ ਅਤੇ ਕਦੇ ਅੰਗਰੇਜ਼ੀ ਵਿਚ ਗੱਲਾਂ ਕਰਦਾ ਸੀ। ਉਸ ਦੇ ਉਰਦੂ ਬੋਲਣ ਦੇ ਲਹਿਜੇ ਤੋਂ ਮੈਂ ਜਾਣਿਆ ਕਿ ਉਹ ਪੰਜਾਬੀ ਹੈ ਕਿਉਂਕਿ ਪੰਜਾਬੀ ਭਾਵੇਂ ਉਹ ਹਿੰਦੀ ਬੋਲੇ ਜਾਂ ਉਰਦੂ ਪਰ ਉਸ ਦੇ ਬੋਲਣ ਦਾ ਲਹਿਜਾ ਅਲੱਗ ਹੀ ਹੁੰਦਾ ਹੈ ਅਤੇ ਗ਼ੌਰ ਕਰਨ ਤੇ ਪਛਾਣਿਆ ਜਾਂਦਾ ਹੈ। ਇਕ ਦਿਨ ਮੈਂ ਉਸ ਨੂੰ ਪੁਛਿਆ, ‘‘ਭਾਈ ਸਾਹਬ! ਤੇਰਾ ਜ਼ਿਲ੍ਹਾ ਕਿਹੜਾ ਹੈ?”
ਉਸ ਨੇ ਉੱਤਰ ਦਿਤਾ, ‘‘ਲਾਹੌਰ।”
ਮੈਂ ਕਿਹਾ, ‘‘ਭਲੇ ਮਾਣਸ, ਤੈਨੂੰ ਭਲੀਭਾਂਤ ਪਤੈ ਕਿ ਮੈਂ ਪੰਜਾਬੀ ਹਾਂ ਅਤੇ ਤੂੰ ਵੀ ਪੰਜਾਬੀ ਹੈਂ। ਜਦੋਂ ਦੋ ਪੰਜਾਬੀ ਭਾਈ ਇਕੱਠੇ ਹੋਣ ਤਾਂ ਪੰਜਾਬੀ ਬੋਲੀ ਵਿਚ ਹੀ ਗੱਲ ਹੋਣੀ ਚਾਹੀਦੀ ਹੈ। ਤੂੰ ਕਿੰਨੀ ਦੇਰ ਤੋਂ ਕਦੇ ਉਰਦੂ, ਕਦੇ ਅਰਬੀ ਤੇ ਕਦੇ ਅੰਗਰੇਜ਼ੀ ਵਿਚ ਗੱਲਾਂ ਕਰ ਰਿਹੈਂ। ਕੀ ਤੈਨੂੰ ਕਦੇ ਤੇਰੀ ਮਾਂ ਨੇ ਪੰਜਾਬੀ ਬੋਲਣੀ ਨਹੀਂ ਸਿਖਾਈ?”ਉਸ ਨੇ ਕਿਹਾ, ‘‘ਉਰਦੂ ਸਾਡੀ ਕੌਮੀ ਜ਼ੁਬਾਨ ਹੈ। ਉਰਦੂ ਬੋਲ ਕੇ ਮੈਂ ਕੋਈ ਮਾੜਾ ਨਹੀਂ ਕਰ ਦਿਤਾ।”ਮੈਂ ਕਿਹਾ, ਠੀਕ ਹੈ ਉਰਦੂ ਤੁਹਾਡੀ ਕੌਮੀ ਜ਼ੁਬਾਨ ਹੈ ਪਰ ਕੌਮੀ ਜ਼ੁਬਾਨ ਨਾਲੋਂ ਮਾਂ ਬੋਲੀ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ। ਜੋ ਕੁੱਝ ਅਸੀ ਅਪਣੀ ਮਾਂ ਬੋਲੀ ਵਿਚ ਲਿਖ, ਪੜ੍ਹ ਤੇ ਸਿੱਖ ਸਕਦੇ ਹਾਂ ਅਤੇ ਅਪਣੇ ਮਨ ਦੇ ਭਾਵ ਪ੍ਰਗਟ ਕਰ ਸਕਦੇ ਹਾਂ ਉਹ ਅਸੀ ਦੂਸਰੀ ਕਿਸੇ ਵੀ ਬੋਲੀ ਵਿਚ ਨਹੀਂ ਕਰ ਸਕਦੇ। ਉਸ ਨੇ ਇਸ ਗੱਲ ਨੂੰ ਠੀਕ ਮੰਨਿਆ ਤੇ ਕਿਹਾ, ‘‘ਹਾਂ ਤੁਹਾਡੀ ਗੱਲ ਠੀਕ ਹੈ ਪਰ ਸਾਡੇ ਪੰਜਾਬ ਵਿਚ ਇਕ ਫ਼ੈਸ਼ਨ ਜਿਹਾ ਬਣਾ ਗਿਆ ਹੈ ਉਰਦੂ ਬੋਲਣ ਦਾ। ਪੰਜਾਬੀ ਬੋਲਣ ਵਾਲੇ ਨੂੰ ਅਨਪੜ੍ਹ ਤੇ ਗਵਾਰ ਸਮਝਿਆ ਜਾਂਦਾ ਹੈ ਸਾਡੇ ਪੰਜਾਬ ਦੇ ਸਭਿਆਚਾਰ ਵਿਚ।”
ਮੈਂ ਕਿਹਾ, ‘‘ਇਸ ਦਾ ਮਤਲਬ ਹੈ ਕਿ ਪੰਜਾਬੀ ਬੋਲੀ ਅਨਪੜ੍ਹ ਗਵਾਰਾਂ ਦੀ ਬੋਲੀ ਹੈ? ਭਾਈ ਭੋਲੇ ਬੰਦੇ! ਪੰਜਾਬੀ ਬੋਲੀ ਜਿੰਨੀ ਅਮੀਰ ਤੇ ਤਹਿਜ਼ੀਬ ਵਾਲੀ ਬੋਲੀ ਹੋਰ ਕੋਈ ਨਹੀਂ। ਜੇਕਰ ਤੁਸੀ ਮਾਂ ਬੋਲੀ ਨੂੰ ਇਸ ਤਰ੍ਹਾਂ ਸਮਝਦੇ ਹੋ ਤਾਂ ਅਪਣੀ ਮਾਂ ਨੂੰ ਕਿਸ ਤਰ੍ਹਾਂ ਦੀ ਸਮਝਦੇ ਹੋਵੋਗੇ? ਜੇਕਰ ਪੰਜਾਬੀ ਬੋਲੀ ਪ੍ਰਤੀ ਤੁਹਾਡਾ ਇਸੇ ਤਰ੍ਹਾਂ ਦਾ ਵਤੀਰਾ ਰਿਹਾ ਤਾਂ ਇਕ ਦਿਨ ਪਾਕਿਸਤਾਨੀ ਪੰਜਾਬੀ ਕੌਮ ਖ਼ਤਮ ਹੋ ਜਾਵੇਗੀ ਅਤੇ ਤੁਹਾਡਾ ਇਹ ਫ਼ੈਸ਼ਨ ਬਹੁਤ ਮਹਿੰਗਾ ਪੈ ਜਾਵੇਗਾ।” ਲਗਦਾ ਹੈ ਕਿ ਹੁਣ ਪਾਕਿਸਤਾਨੀ ਪੰਜਾਬੀਆਂ ਨੇ ਮੋੜਾ ਕੱਟ ਲਿਆ ਹੈ। ਹੌਲੀ ਹੌਲੀ ਪੰਜਾਬੀ ਮਾਂ ਬੋਲੀ ਨੂੰ ਉਸ ਦਾ ਅਸਲ ਦਰਜਾ ਦਿਤਾ ਜਾ ਰਿਹਾ ਹੈ। ਇਹ ਸੱਭ ਪੰਜਾਬੀ ਮਾਂ ਬੋਲੀ ਦੇ ਅਸਲ ਸਪੂਤਾਂ ਦੀ ਮਿਹਨਤ ਦਾ ਸਿੱਟਾ ਹੀ ਹੈ। ਸਾਡੇ ਪੰਜਾਬ ਵਿਚ ਵੀ ਮਾਂ ਬੋਲੀ ਨਾਲ ਇਸੇ ਤਰ੍ਹਾਂ ਦਾ ਵਰਤਾਉ ਹੋ ਰਿਹਾ ਹੈ। ਕਿਸੇ ਵੇਲੇ ਸਾਡੀ ਪੰਜਾਬੀ ਮਾਂ ਬੋਲੀ ਉੱਤਰੀ ਭਾਰਤ ਦੀ ਪਟਰਾਣੀ ਸੀ ਤੇ ਕਈ ਬੋਲੀਆਂ ਇਸ ਦੀਆਂ ਉਪ ਭਾਸ਼ਾਵਾਂ ਸਨ। ਅੱਜ ਅਸੀ ਪੰਜਾਬੀਆਂ ਨੇ ਹੀ ਅਪਣੀ ਮਾਂ ਬੋਲੀ ਨੂੰ ਅੰਗਰੇਜ਼ੀ ਦੀ ਬਾਂਦੀ ਬਣਾ ਰਖਿਆ ਹੈ। ਮੰਨਿਆ ਅੰਗਰੇਜ਼ੀ ਭਾਸ਼ਾ ਅਪਣੀ ਥਾਂ ’ਤੇ ਮਹੱਤਵਪੂਰਨ ਹੈ ਪਰ ਅਸੀ ਅਪਣੀ ਮਾਂ ਬੋਲੀ ਨੂੰ ਕਿਉਂ ਵਿਸਾਰ ਰਹੇ ਹਾਂ?
ਦੱਖਣੀ ਭਾਰਤ ਦੇ ਲੋਕਾਂ ਨੂੰ ਵੇਖੋ ਉਹ ਅਪਣੀ ਮਾਂ ਬੋਲੀ ਨੂੰ ਕਿੰਨਾ ਪਿਆਰ ਕਰਦੇ ਹਨ। ਉਹ ਹਮੇਸ਼ਾ ਪਹਿਲਾਂ ਅਪਣੀ ਮਾਂ ਬੋਲੀ ਵਿਚ ਗੱਲ ਕਰਨਗੇ, ਉਸ ਪਿਛੋਂ ਹੀ ਕਿਸੇ ਹੋਰ ਭਾਸ਼ਾ ਵਿਚ ਬੋਲਣਗੇ। ਪਰ ਸਾਡੇ ਅੱਜ ਕੱਲ੍ਹ ਦੇ ਨੌਜਵਾਨ ਅਪਣੀ ਮਾਂ ਨਾਲ ਧੋਖਾ ਤੇ ਗ਼ੱਦਾਰੀ ਕਰ ਰਹੇ ਹਨ। ਇਹ ਕੁਦਰਤੀ ਵਰਤਾਰਾ ਨਹੀਂ ਸਗੋਂ ਇਕ ਸਾਜ਼ਸ਼ ਤਹਿਤ ਹੋ ਰਿਹਾ ਹੈ। ਪੰਜਾਬ ਦੇ 80 ਫ਼ੀ ਸਦੀ (ਸ਼ਾਇਦ ਇਸ ਤੋਂ ਵੀ ਵੱਧ ਨੌਜਵਾਨ) ਅਪਣੀ ਮਾਂ ਬੋਲੀ ਦੇ ਕਪੂਤ ਸਾਬਤ ਹੋ ਰਹੇ ਹਨ। ਅਸੀ ਇਸ ਮਾਮਲੇ ਵਿਚ ਇਕੱਲੇ ਨੌਜਵਾਨਾਂ ਨੂੰ ਹੀ ਦੋਸ਼ੀ ਨਹੀਂ ਸਮਝਦੇ, ਬਲਕਿ ਸਰਕਾਰਾਂ ਖਾਸ ਤੌਰ ਤੇ ਸਿਖਿਆ ਅਦਾਰੇ ਵੀ ਗੁਨਾਹਗਾਰ ਹਨ ਕਿਉਂਕਿ ਅਜੇ ਤਕ ਉਨ੍ਹਾਂ ਨੇ ਵਿਗਿਆਨ ਦੇ ਵਿਸ਼ਿਆਂ ਦੀਆਂ ਕਿਤਾਬਾਂ ਸਾਡੀ ਮਾਂ ਬੋਲੀ ਵਿਚ ਪੇਸ਼ ਨਹੀਂ ਕੀਤੀਆਂ ਤੇ ਨਾ ਹੀ ਇੰਜਨੀਅਰਿੰਗ ਤੇ ਐਮ.ਬੀ.ਬੀ.ਐਸ. ਦੇ ਕੋਰਸ ਸਾਡੀ ਮਾਂ ਬੋਲੀ ਵਿਚ ਪੇਸ਼ ਕੀਤੇ ਹਨ ਜਦਕਿ ਸਾਰੇ ਵਿਕਸਿਤ ਤੇ ਵਿਕਾਸਸ਼ੀਲ ਮੁਲਕਾਂ ਨੇ ਵਿਗਿਆਨ ਨੂੰ ਅਪਣੀ ਅਪਣੀ ਮਾਂ ਬੋਲੀ ਵਿਚ ਪੇਸ਼ ਕਰ ਦਿਤਾ ਹੈ।
ਜਦੋਂ ਕੋਈ ਵਿਦਿਆਰਥੀ ਕਿਸੇ ਵਿਗਿਆਨਕ ਵਿਸ਼ੇ ਦੀ ਚੋਣ ਕਰਨ ਬਾਰੇ ਸੋਚਦਾ ਹੈ ਤਾਂ ਉਹ ਸੱਭ ਤੋਂ ਪਹਿਲਾਂ ਇਹ ਵੇਖਦਾ ਹੈ ਕਿ ਉਸ ਨੂੰ ਅੰਗਰੇਜ਼ੀ ਆਉਂਦੀ ਹੈ ਜਾਂ ਨਹੀਂ? ਕਿਉਂਕਿ ਵਿਗਿਆਨ ਦੀ ਸਾਰੀ ਪੜ੍ਹਾਈ ਅੰਗਰੇਜੀ ਵਿਚ ਹੀ ਹੈ। ਇਸੇ ਕਰ ਕੇ ਉਹ ਅਪਣੀ ਮਾਂ ਬੋਲੀ ਨੂੰ ਛੱਡ ਕੇ ਅੰਗਰੇਜ਼ੀ ਦੇ ਲੜ ਲਗਦਾ ਹੈ। ਜੇਕਰ ਸਾਰੀ ਵਿਗਿਆਨਕ ਪੜ੍ਹਾਈ ਮਾਂ ਬੋਲੀ ਵਿਚ ਹੋਵੇ ਤਾਂ ਇਕ ਵੀ ਵਿਦਿਆਰਥੀ ਅੰਗਰੇਜ਼ੀ ਵੱਲ ਮੂੰਹ ਤਕ ਨਾ ਕਰੇ। ਇਕ ਦਾਗ਼ਸਤਾਨੀ ਮਾਂ ਦੇ ਅਪਣੀ ਮਾਂ ਬੋਲੀ ਨਾਲ ਪਿਆਰ ਦੀ ਕਹਾਣੀ ਦਾ ਰਸੂਲ ਹਮਜ਼ਾਤੋਵ ਨੇ ਅਪਣੀ ਕਿਤਾਬ, ‘‘ਮੇਰਾ ਦਾਗ਼ਸਤਾਨ’’ ਵਿਚ ਬਾਖ਼ੂਬੀ ਜ਼ਿਕਰ ਕੀਤਾ ਹੈ। ਉਹ ਜਦੋਂ ਪੈਰਿਸ ਗਿਆ ਤਾਂ ਉਸ ਨੂੰ ਇਕ ਦਾਗਸਤਾਨੀ ਕੌਮੀਅਤ ਦਾ ਚਿੱਤਰਕਾਰ ਮਿਲਿਆ, ਉਹ ਸੋਵੀਅਤ ਇਨਕਲਾਬ ਤੋਂ ਥੋੜੀ ਦੇਰ ਪਿਛੋਂ ਪੜ੍ਹਾਈ ਕਰਨ ਇਟਲੀ ਚਲਾ ਗਿਆ। ਉਥੇ ਇਟਲੀ ਦੀ ਕੁੜੀ ਨਾਲ ਵਿਆਹ ਕਰਵਾ ਲਿਆ ਤੇ ਉਥੇ ਹੀ ਰਹਿ ਗਿਆ। ਫਿਰ ਉਹ ਪੈਰਿਸ ਚਲਾ ਗਿਆ। ਉਸ ਦੇ ਚਿੱਤਰਾਂ ਵਿਚ ਅਪਣੇ ਮੁਲਕ ਲਈ ਉਦਰੇਵਾਂ ਝਲਕਾਂ ਮਾਰਦਾ ਸੀ। ਜਦੋਂ ਰਸੂਲ ਹਮਜ਼ਾਤੋਵ ਦਾਗ਼ਸਤਾਨ ਵਾਪਸ ਪਰਤਿਆ ਤਾਂ ਉਹ ਉਸ ਚਿੱਤਰਕਾਰ ਦੇ ਸਾਕ ਸਬੰਧੀਆਂ ਦਾ ਪਤਾ ਕਰ ਕੇ ਉਨ੍ਹਾਂ ਪਾਸ ਗਿਆ। ਖ਼ੁਸ਼ਕਿਸਮਤੀ ਨਾਲ ਉਸ ਚਿੱਤਰਕਾਰ ਦੀ ਮਾਂ ਅਜੇ ਜਿਊਂਦੀ ਸੀ।
ਉਦਾਸ ਚਿਹਰਿਆਂ ਨਾਲ ਇਕੱਠੇ ਹੋਏ ਉਸ ਦੇ ਰਿਸ਼ਤੇਦਾਰਾਂ ਨੇ ਉਸ ‘ਸਪੂਤ’ ਬਾਰੇ ਕਹਾਣੀ ਸੁਣੀ ਜਿਹੜਾ ਅਪਣੀ ਮਾਤ ਭੂਮੀ ਨੂੰ ਛੱਡ ਕੇ ਪਰਦੇਸ ਜਾ ਵਸਿਆ ਸੀ। ਉਸ ਨੂੰ ਲਗਿਆ ਕਿ ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਮੁਆਫ਼ ਕਰ ਦਿਤਾ ਸੀ। ਇਹ ਜਾਣ ਕੇ ਉਨ੍ਹਾਂ ਨੂੰ ਖ਼ੁਸ਼ੀ ਵੀ ਹੋਈ ਕਿ ਉਹ ਅਜੇ ਜਿਉਂਦਾ ਹੈ। ਅਚਾਨਕ ਉਸ ਦੀ ਮਾਂ ਨੇ ਪੁਛਿਆ, ‘‘ਰਸੂਲ ਤੁਸੀ ਗੱਲਾਂ ਅਵਾਰ ਬੋਲੀ ਵਿਚ ਕੀਤੀਆਂ?” ‘‘ਨਹੀਂ! ਅਸੀ ਦੁਭਾਸ਼ੀਏ ਰਾਹੀਂ ਗੱਲਾਂ ਕੀਤੀਆਂ। ਮੈਂ ਰੂਸੀ ਬੋਲਦਾਂ ਸਾਂ ਤੇ ਤੁਹਾਡਾ ਪੁੱਤਰ ਫ਼ਰਾਂਸੀਸੀ।” ਰਸੂਲ ਨੇ ਜਵਾਬ ਦਿਤਾ।ਮਾਂ ਨੇ ਅਪਣਾ ਮੂੰਹ ਕਾਲੇ ਘੁੰਡ ਹੇਠ ਢੱਕ ਲਿਆ। ਜਿਵੇਂ ਦਾਗ਼ਸਤਾਨੀ ਔਰਤਾਂ ਅਪਣੇ ਪੁੱਤਰ ਦੀ ਮੌਤ ਬਾਰੇ ਪਤਾ ਲੱਗਣ ਤੇ ਮੂੰਹ ਢੱਕ ਲੈਂਦੀਆਂ ਹਨ। ਬਹੁਤ ਦੇਰ ਚੁੱਪ ਰਹਿਣ ਪਿਛੋਂ ਮਾਂ ਨੇ ਕਿਹਾ, ‘‘ਤੈਨੂੰ ਗ਼ਲਤੀ ਲੱਗੀ ਹੈ ਰਸੂਲ। ਮੇਰਾ ਪੁੱਤਰ ਮਰ ਚੁਕਾ ਹੈ। ਉਹ ਮੇਰਾ ਪੁੱਤਰ ਨਹੀਂ ਹੋ ਸਕਦਾ। ਮੇਰਾ ਕੋਈ ਵੀ ਪੁੱਤਰ ਉਹ ਬੋਲੀ ਨਹੀਂ ਭੁੱਲ ਸਕਦਾ ਜਿਹੜੀ ਮੈਂ ਉਸ ਨੂੰ ਇਕ ਅਵਾਰ ਮਾਂ ਵਜੋਂ ਸਿਖਾਈ ਸੀ।” ਸੋ ਅਸੀ ਸਾਰੇ ਇਹ ਕਹਿ ਕਿ ਕਸਮ ਖਾਈਏ ਕਿ ‘‘ਮੈਂ ਹਮੇਸ਼ਾ ਕਾਮਨਾ ਕਰਦਾ ਹਾਂ ਕਿ ਕੋਈ ਵੀ ਪ੍ਰਸਿਥਿਤੀ ਮੈਨੂੰ ਮੇਰੀ ਮਾਂ ਬੋਲੀ ਤੋਂ ਵਾਂਝਾ ਨਾ ਕਰ ਸਕੇ। ਮੈਂ ਇਸ ਤਰ੍ਹਾਂ ਲਿਖਣਾ ਬੋਲਣਾ ਚਾਹੁੰਦਾ ਹਾਂ ਕਿ ਮੈਂ ਜੋ ਕੁੱਝ ਵੀ ਲਿਖਾਂ ਜਾਂ ਬੋਲਾਂ ਮੇਰੀ ਮਾਂ, ਭੈਣ, ਰਿਸ਼ਤੇਦਾਰਾਂ ਅਤੇ ਪੰਜਾਬੀ ਕੌਮ ਦੇ ਹਰ ਬੰਦੇ ਨੂੰ ਮੇਰਾ ਲਿਖਿਆ ਤੇ ਬੋਲਿਆ ਇਕ-ਇਕ ਸ਼ਬਦ ਸਮਝ ’ਚ ਆਵੇ ਅਤੇ ਪਿਆਰਾ ਲੱਗੇ। ਮੇਰੀ ਕਿਸੇ ਮਾਂ ਨੂੰ ਕਾਲੇਘੁੰਡ ਹੇਠ ਅਪਣਾ ਮੂੰਹ ਨਾ ਛੁਪਾਉਣਾ ਪਵੇ।”
ਸਰੂਪ ਸਿੰਘ ਸਹਾਰਨ ਮਾਜਰਾ, ਪਿੰਡ ਤੇ ਡਾਕਖਾਨਾ ’ਸਹਾਰਨ ਮਾਜਰਾ’ (ਲੁਧਿਆਣਾ)
ਸੰਪਰਕ:-09855863288
sarupsinghsaharanmajra 0 gmail.com