
Punjab v/s Jammu and Kashmir : ਸਿੱਖਾਂ ਤੇ ਮੁਸਲਮਾਨਾਂ ਨੂੰ ਅਤਿਵਾਦੀ ਤੇ ਵੱਖਵਾਦੀ ਕਹਿ ਕੇ ਕੀਤਾ ਜਾ ਰਿਹਾ ਬਦਨਾਮ
Punjab v/s Jammu and Kashmir : 29 ਮਾਰਚ 1849 ਤੋਂ ਪਹਿਲਾ ਜੰਮੂ-ਕਸ਼ਮੀਰ ਵੀ ਦੇਸ਼ ਪੰਜਾਬ ਦਾ ਹਿੱਸਾ ਹੁੰਦਾ ਸੀ। ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤੇ ਬਾਕੀ ਭਾਰਤ ’ਚ ਅੰਗਰੇਜ਼ਾਂ ਦਾ ਰਾਜ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਸਿੱਖ ਰਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੰਜ ਲੱਖ ਵੀਹ ਹਜ਼ਾਰ ਵਰਗ ਕਿਲੋਮੀਟਰ ਵਿਚ ਫੈਲਿਆ ਹੋਇਆ ਸੀ ਜਿਸ ਦੀ ਕੁਲ ਆਬਾਦੀ 1,20,00,000 ਦੇ ਲਗਭਗ ਸੀ। ਇਸ ’ਚੋਂ 84,00,000 ਮੁਸਲਮਾਨ, 29,00,000 ਹਿੰਦੂ ਅਤੇ 7,25000 ਸਿੱਖ ਸਨ। ਇਤਿਹਾਸਕਾਰ ਨੇ ਲਿਖਿਆ ਹੈ ਕਿ ਪੰਜਾਬ ਦੇ ਖ਼ਜ਼ਾਨੇ ’ਚ 18 ਕਰੋੜ ਨਕਦ ਤੇ 80 ਕਰੋੜ ਦੇ ਲਗਭਗ ਸੋਨਾ ਤੇ ਹੀਰੇ ਜਵਾਹਰਾਤ ਸਨ, ਸਿੱਖ ਰਾਜ ਦੇ। ਇਕ ਸਿੱਕੇ ਦੀ ਕੀਮਤ ਇੰਗਲੈਂਡ ਦੇ 13 ਪੌਂਡ ਦੇ ਬਰਾਬਰ ਸੀ। ਕੁੱਝ ਲੇਖਕ ਇਸ ਤੋਂ ਵੱਧ ਵੀ ਕਹਿੰਦੇ ਹਨ। ਮਹਾਰਾਜਾ ਰਣਜੀਤ ਸਿੰਘ ਨੂੰ ਪਿਛਲੇ ਤਿੰਨ ਸੌ ਸਾਲ ਦੇ ਰਾਜਿਆਂ ’ਚੋਂ ਸੱਭ ਤੋਂ ਮਹਾਨ ਰਾਜਾ ਤੇ ਸਰਦਾਰ ਹਰੀ ਸਿੰਘ ਨਲੂਏ ਨੂੰ ਸੱਭ ਤੋਂ ਮਹਾਨ ਜਰਨੈਲ ਹੋਣ ਦਾ ਸਨਮਾਨ ਪ੍ਰਾਪਤ ਹੈ। ਪਰ ਮਹਾਰਾਜ ਰਣਜੀਤ ਸਿੰਘ ਦਾ ਡੋਗਰਿਆਂ ’ਤੇ ਵਿਸ਼ਵਾਸ ਕਰਨਾ ਇੰਨਾ ਭਾਰੂ ਪਿਆ ਕਿ ਸਿੱਖ ਰਾਜ ਸਦਾ ਲਈ ਖ਼ਤਮ ਹੋ ਗਿਆ। ਜੇ ਇਹ ਕਹਿ ਲਿਆ ਜਾਵੇ ਕਿ 27 ਜੂਨ 1839 ਨੂੰ ਮੜ੍ਹੀ ’ਚ ਸਿਰਫ਼ ਮਹਾਰਾਜਾ ਰਣਜੀਤ ਸਿੰਘ ਦੀ ਦੇਹ ਦਾ ਸਸਕਾਰ ਨਹੀਂ ਹੋਇਆ ਸਗੋਂ ਸਿੱਖ ਕੌਮ ਦੀ ਬਰਬਾਦੀ ਦੀ ਸ਼ੁਰੂਆਤ ਵੀ ਹੋ ਗਈ ਸੀ ਤਾਂ ਸ਼ਾਇਦ ਇਸ ’ਚ ਕੋਈ ਅਤਿ-ਕਥਨੀ ਨਹੀਂ ਹੋਵੇਗੀ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਦਸ ਸਾਲ ਬਾਅਦ 29 ਮਾਰਚ 1849 ਨੂੰ ਪੰਜਾਬ ਉੱਤੇ ਅੰਗਰੇਜ਼ ਸਰਕਾਰ ਨੇ ਕਬਜ਼ਾ ਕਰ ਲਿਆ ਅਤੇ ਸਿੱਖ ਰਾਜ ਦਾ ਸਦਾ ਲਈ ਭੋਗ ਪੈ ਗਿਆ।
ਸਿੱਖ ਰਾਜ ਖ਼ਤਮ ਹੋਣ ਤੋਂ ਬਾਅਦ ਪੰਜਾਬ ਫਿਰ ਭਾਰਤ ਵਿਚ ਸ਼ਾਮਲ ਹੋ ਗਿਆ। ਜਿਹੜਾ ਪੰਜਾਬ ਕਦੀ ਦਿੱਲੀ ਤੋਂ ਲੈ ਕੇ ਸਿੰਧ ਦਰਿਆ ਤਕ ਸੀ, ਉਹ ਪੰਜਾਬ ਅੱਜ ਅਟਾਰੀ ਤੋਂ ਸ਼ੁਰੂ ਹੋ ਕੇ ਮੋਹਾਲੀ ਜਾ ਕੇ ਖ਼ਤਮ ਹੋ ਜਾਂਦਾ ਹੈ। ਜੇਕਰ ਲੁਧਿਆਣੇ ਨੂੰ ਪੰਜਾਬ ਦਾ ਕੇਂਦਰ ਮੰਨ ਲਿਆ ਜਾਵੇ ਤਾਂ ਪੰਜਾਬ ਦਾ ਘੇਰਾ ਸਿਰਫ਼ ਡੇਢ ਕੁ ਸੌ ਕਿਲੋਮੀਟਰ ਹੈ। ਪੰਜਾਬ ਇਕ ਇਹੋ ਜਿਹਾ ਰਾਜ ਹੈ ਜਿਸ ਦੀ ਕੋਈ ਰਾਜਧਾਨੀ ਨਹੀਂ ਹੈ। ਸਿੱਖ ਰਾਜ ’ਚ ਪੰਜਾਬ ਦਾ ਥੋੜਾ ਜਿਹਾ ਹਿੱਸਾ ਸ਼ਾਮਲ ਸੀ ਕਿਉਂਕਿ ਮਾਲਵਾ ਦੇ ਸਿੱਖ ਰਾਜਿਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ’ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿਤਾ ਸੀ ਅਤੇ ਉਨ੍ਹਾਂ ਨੇ ਅੰਗਰੇਜ਼ ਸਰਕਾਰ ਦੀ ਗ਼ੁਲਾਮੀ ਕਬੂਲ ਕਰ ਲਈ ਸੀ ਜਿਸ ਦਾ ਸਿੱਟਾ ਇਹ ਹੋਇਆ ਕਿ ਆਜ਼ਾਦੀ ਵੇਲੇ ਸਿੱਖ ਅਪਣਾ ਵਖਰਾ ਦੇਸ਼ ਲੈਣ ’ਚ ਅਸਫ਼ਲ ਰਹੇ ਅਤੇ ਅਪਣਾ ਰਲੇਵਾਂ ਭਾਰਤ ’ਚ ਕਰ ਕੇ ਸਦਾ ਲਈ ਹਿੰਦੂ ਬਹੁ-ਗਿਣਤੀ ਦੇ ਗ਼ੁਲਾਮ ਹੋ ਗਏ। ਜਦਕਿ ਦੇਸ਼ ਦੀ ਆਜ਼ਾਦੀ ਲਈ 85 ਪ੍ਰਤੀਸ਼ਤ ਸ਼ਹੀਦੀਆਂ ਅਤੇ ਹੋਰ ਕੁਰਬਾਨੀਆਂ ਸਿੱਖਾਂ ਵਲੋਂ ਕੀਤੀਆਂ ਗਈਆਂ ਪਰ ਅੱਜ ਰਾਜ ਉਹ ਲੋਕ ਕਰ ਰਹੇ ਹਨ ਜਿਨ੍ਹਾਂ ਦਾ ਆਜ਼ਾਦੀ ’ਚ ਬਹੁਤ ਥੋੜਾ ਯੋਗਦਾਨ ਸੀ। ਹਿੰਦੂਆਂ ਦੇ ਜਿਹੜੇ ਲੀਡਰ ਮੁਆਫ਼ੀਆਂ ਮੰਗਦੇ ਰਹੇ। ਅੱਜ ਉਨ੍ਹਾਂ ਨੂੰ ਭਾਰਤ ਰਤਨ ਦਿਤੇ ਜਾ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਨਾਮ ਤੇ ਸੰਸਥਾਵਾਂ ਅਤੇ ਸ਼ਹਿਰਾਂ ਦੇ ਨਾਮ ਰੱਖੇ ਜਾ ਰਹੇ ਹਨ। ਦੇਸ਼ ਵਿਚ ਹੁਣ ਤਕ ਕੋਈ ਪੰਜਾਹ ਤੋਂ ਉਪਰ ਭਾਰਤ ਰਤਨ ਦਿਤੇ ਗਏ ਪਰ ਉਨ੍ਹਾਂ ’ਚੋਂ ਇਕ ਵੀ ਸਿੱਖ ਨੂੰ ਭਾਰਤ ਰਤਨ ਨਹੀਂ ਦਿਤਾ ਗਿਆ। ਦੇਸ਼ ਦੀ ਆਜ਼ਾਦੀ ਦਾ ਸੱਭ ਤੋਂ ਵੱਧ ਨੁਕਸਾਨ ਸਿੱਖ ਕੌਮ ਨੂੰ ਹੋਇਆ ਹੈ। ਜੇ ਇਹ ਕਹਿ ਲਿਆ ਜਾਵੇ ਕਿ ਇਹ ਦੇਸ਼ ਦੀ ਵੰਡ ਨਹੀਂ ਸਗੋਂ ਪੰਜਾਬ ਦੀ ਵੰਡ ਸੀ ਤਾਂ ਇਸ ਵਿਚ ਕੋਈ ਝੂਠ ਨਹੀਂ ਹੈ। ਸਿੱਖ ਪਾਕਿਸਤਾਨ ਵਿਚ 67 ਲੱਖ ਹੈਕਟੇਅਰ ਜ਼ਮੀਨ ਛੱਡ ਕੇ ਆਏ ਅਤੇ ਇੱਥੇ ਉਨ੍ਹਾਂ ਨੂੰ ਸਿਰਫ਼ 47 ਲੱਖ ਹੈਕਟੇਅਰ ਜ਼ਮੀਨ ਮਿਲੀ। ਇਸ ਤੋਂ ਇਲਾਵਾ ਸਿੱਖ ਅਪਣੇ ਜਾਨਾਂ ਤੋਂ ਪਿਆਰੇ ਨਨਕਾਣਾ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ ਤੇ ਸੈਂਕੜੇ ਹੋਰ ਗੁਰਧਾਮ ਛੱਡ ਕੇ ਆਏ। ਆਜ਼ਾਦੀ ਪ੍ਰਾਪਤੀ ਲਈ ਲੱਖਾਂ ਸਿੱਖ ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਅਪਣੀਆਂ ਜਾਨਾਂ ਗੁਆਉਣੀਆਂ ਪਾਈਆਂ ਸਨ। ਸਿੱਖ ਨੇ ਸੋਚਿਆ ਸੀ ਕਿ ਸ਼ਾਇਦ ਆਜ਼ਾਦੀ ਤੋਂ ਬਾਅਦ ਉਨ੍ਹਾਂ ਨੂੰ ਵੀ ਸੁੱਖ ਸ਼ਾਂਤੀ ਨਾਲ ਰਹਿਣ ਦਾ ਮੌਕਾ ਮਿਲ ਜਾਵੇਗਾ। ਪਰ ਹੋਇਆ ਬਿਲਕੁਲ ਇਸ ਦੇ ਉਲਟ।
ਪਿਛਲੇ ਪਝੱਤਰ ਸਾਲ ਵਿਚ ਜਿਸ ਤਰ੍ਹਾਂ ਪੰਜਾਬ ਦੇ ਸਿੱਖਾਂ ਨੂੰ ਅਪਣੇ ਹੱਕ ਲੈਣ ਲਈ ਸ਼ਹਾਦਤਾਂ, ਪੁਲੀਸ ਤੇ ਫ਼ੌਜ ਦਾ ਤਸ਼ੱਦਦ ਸਹਿਣਾ ਪਿਆ ਅਤੇ ਸਹਿ ਰਹੇ ਹਨ, ਉਹ ਸਾਰੀ ਦੁਨੀਆਂ ਸਾਹਮਣੇ ਹੈ। ਅਸਲ ਵਿਚ ਦੇਸ਼ ਵਿਚ ਪੰਜਾਬ ਅਤੇ ਜੰਮੂ-ਕਸ਼ਮੀਰ ਦੋ ਐਸੇ ਰਾਜ ਹਨ ਜਿਨ੍ਹਾਂ ਵਿਚ ਸਿੱਖ ਅਤੇ ਮੁਸਲਮਾਨ ਵੱਧ ਗਿਣਤੀ ਵਿਚ ਰਹਿੰਦੇ ਹਨ। ਇਸੇ ਕਾਰਨ ਇਨ੍ਹਾਂ ਦੇ ਮੁੱਖ ਮੰਤਰੀ ਗ਼ੈਰ-ਹਿੰਦੂ ਬਣਦੇ ਹਨ। ਪੰਜਾਬ ਵਿਚ ਸਿੱਖ ਮੁੱਖ ਮੰਤਰੀ ਬਣਦਾ ਹੈ ਅਤੇ ਜੰਮੂ-ਕਸ਼ਮੀਰ ਵਿਚ ਮੁਸਲਮਾਨ ਬਣਦਾ ਹੈ। ਪਰ ਦੇਸ਼ ਦੀ ਬਹੁ-ਗਿਣਤੀ ਨੂੰ ਇਹ ਪਸੰਦ ਨਹੀਂ ਹੈ। ਇਹੋ ਕਾਰਨ ਹੈ ਕਿ ਇਨ੍ਹਾਂ ਦੋਵਾਂ ਰਾਜਾਂ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੇ ਤਸ਼ੱਦਦ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਕਿਉਂਕਿ ਦੇਸ਼ ਦੀ ਬਹੁ-ਗਿਣਤੀ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ। ਪਰ ਇਹ ਦੋਵੇਂ ਰਾਜ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਵਿਚ ਅੜਿੱਕਾ ਸਾਬਤ ਹੋ ਰਹੇ ਹਨ।
ਪੰਜਾਬੀ ਸੂਬਾ ਵੀ ਕਈ ਸਾਲ ਨਾ ਬਣਨ ਦੇਣ ਪਿੱਛੇ ਵੀ ਕੇਂਦਰ ਸਰਕਾਰ ਦੀ ਇਹੀ ਸੋਚ ਸੀ ਕਿ ਜੇ ਪੰਜਾਬੀ ਸੂਬਾ ਬਣਾਇਆ ਗਿਆ ਤਾਂ ਉਸ ਵਿਚ ਸਿੱਖ ਬਹੁ ਗਿਣਤੀ ਵਿਚ ਹੋ ਜਾਣਗੇ ਜਿਸ ਕਾਰਨ ਪੰਜਾਬ ਦਾ ਮੁੱਖ ਮੰਤਰੀ ਸਿੱਖ ਬਣਿਆ ਕਰੇਗਾ ਤੇ ਸਾਨੂੰ ਹਿੰਦੂ ਰਾਸ਼ਟਰ ਬਣਾਉਣਾ ਔਖਾ ਹੋਵੇਗਾ। ਪੰਜਾਬ ਵਿਚ ਹਿੰਦੂ ਮੁੱਖ ਮੰਤਰੀ ਬਣਾਉਣ ਲਈ ਭਾਜਪਾ ਵਲੋਂ ਅਪਣੀ ਵਖਰੀ ਪਾਰਟੀ ਨੂੰ ਤਕੜਾ ਕਰਨਾ ਸ਼ੁਰੂ ਕਰ ਦਿਤਾ ਹੈ। ਕਿਉਂਕਿ ਪੰਜਾਬ ਵਿਚ ਹੁਣ ਤਕ ਸਿੱਖ ਮੁੱਖ ਮੰਤਰੀ ਬਣਦਾ ਆ ਰਿਹਾ ਹੈ ਪਰ ਉਹ ਬੋਲੀ ਹਮੇਸ਼ਾ ਕੇਂਦਰ ਸਰਕਾਰ ਦੀ ਹੀ ਬੋਲਦਾ ਰਿਹਾ।
ਪੰਜਾਬ ’ਚ ਵੀਹ ਸਾਲ ਦੇ ਲਗਭਗ ਪ੍ਰਕਾਸ਼ ਸਿੰਘ ਬਾਦਲ ਤੇ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਰਹੇ ਪਰ ਉਹ ਹਮੇਸ਼ਾ ਭਾਜਪਾ ਤੇ ਕੇਂਦਰ ਸਰਕਾਰ ਦੇ ਇਸ਼ਾਰਿਆਂ ’ਤੇ ਨਚਦੇ ਰਹੇ ਹਨ। ਪੰਜਾਬ ’ਚ ਅਕਾਲੀ ਦਲ ਵੇਖਣ ਨੂੰ ਸਿੱਖਾਂ ਦੀ ਪਾਰਟੀ ਹੈ ਪਰ ਜਦੋਂ ਵੀ ਅਕਾਲੀ ਦਲ ਦੀ ਸਰਕਾਰ ਬਣੀ, ਉਸ ਨੇ ਸਿੱਖ ਕੌਮ ਦਾ ਘਾਣ ਕਰਨ ’ਚ ਕੋਈ ਕਸਰ ਨਾ ਛੱਡੀ। ਕਾਂਗਰਸ ਤੇ ਆਪ ਸਰਕਾਰ ਦੀ ਤਾਂ ਗੱਲ ਹੀ ਕੀ ਕਰਨੀ ਹੈ। ਇਸ ਤਰ੍ਹਾਂ ਹੀ ਜੰਮੂ-ਕਸ਼ਮੀਰ ’ਚ ਪੀਡੀਪੀ ਤੇ ਨੈਸ਼ਨਲ ਕਾਨਫ਼ਰੰਸ ਪਾਰਟੀਆਂ ਹਨ ਜਿਸ ਦੀ ਅਗਵਾਈ ਸ਼ੇਖ ਅਬਦੁਲਾ ਤੇ ਮੁਫ਼ਤੀ ਮੁਹੰਮਦ ਦਾ ਪ੍ਰਵਾਰ ਕਰਦਾ ਰਿਹਾ ਹੈ। ਇਨ੍ਹਾਂ ਪਾਰਟੀਆਂ ਦੇ ਲੀਡਰਾਂ ਨੇ ਵੀ ਹਮੇਸ਼ਾ ਮੁਸਲਮਾਨਾਂ ਦੇ ਹੱਕਾਂ ਲਈ ਲੜਨ ਦੀ ਬਜਾਏ ਹਮੇਸ਼ਾ ਕੇਂਦਰ ਸਰਕਾਰ ਦੇ ਇਸ਼ਾਰਿਆਂ ’ਤੇ ਕੰਮ ਕੀਤਾ ਹੈ। ਜੇ ਪੰਜਾਬ ’ਚ ਅਕਾਲੀ ਦਲ ਤੇ ਜੰਮੂ-ਕਸ਼ਮੀਰ ’ਚ ਪੀਡੀਪੀ ਤੇ ਨੈਸ਼ਨਲ ਕਾਨਫ਼ਰੰਸ ਅਪਣੇ ਰਾਜਾਂ ਦੇ ਹੱਕਾਂ ਲਈ ਲੜਾਈ ਲੜਦੇ ਤਾਂ ਕੇਂਦਰ ਸਰਕਾਰ ਕਦੇ ਵੀ ਇਨ੍ਹਾਂ ਰਾਜਾਂ ਦੇ ਲੋਕਾਂ ਤੇ ਤਸ਼ੱਦਦ ਕਰਨ ਦਾ ਹੌਸਲਾ ਨਾ ਕਰਦੀ। ਅਕਾਲੀ ਦਲ, ਪੀਡੀਪੀ ਅਤੇ ਨੈਸ਼ਨਲ ਕਾਨਫ਼ਰੰਸ ਦੇ ਲੀਡਰ ਸਿੱਖਾਂ ਅਤੇ ਮੁਸਲਮਾਨਾਂ ਦਾ ਨਾਮ ਵਰਤ ਕੇ ਸਰਕਾਰ ਬਣਾਉਂਦੇ ਰਹੇ ਤੇ ਸਰਕਾਰ ਬਣਨ ਤੋਂ ਬਾਅਦ ਅਪਣੇ ਪ੍ਰਵਾਰਾਂ, ਰਿਸ਼ਤੇਦਾਰਾਂ ਤੇ ਪਾਰਟੀ ਦੇ ਲੀਡਰਾਂ ਦੇ ਘਰ ਭਰਨ ਵਿਚ ਹੀ ਲੱਗੇ ਰਹੇ। ਇਨ੍ਹਾਂ ਪਾਰਟੀਆਂ ਦੇ ਲੀਡਰਾਂ ਨੇ ਕਦੇ ਵੀ ਕੌਮ ਲਈ ਕੁੱਝ ਨਹੀਂ ਕੀਤਾ ਹੈ। ਜਿਹੜੇ ਲੀਡਰ ਸਿੱਖ ਅਤੇ ਮੁਸਲਮਾਨਾਂ ਦਾ ਨਾਮ ਵਰਤ ਕੇ ਸਰਕਾਰਾਂ ਬਣਾਉਂਦੇ ਰਹੇ ਭਾਵੇਂ ਉਹ ਬਾਦਲ, ਸ਼ੇਖ ਅਬਦੁਲਾ ਜਾਂ ਮੁਫਤੀ ਮਹੁੰਮਦ ਸੀ, ਉਹ ਅਰਬਾਂ ਰੁਪਏ ਦੀ ਜਾਇਦਾਦਾਂ ਦੇ ਮਾਲਕ ਬਣ ਗਏ ਪਰ ਆਮ ਸਿੱਖ ਅਤੇ ਮੁਸਲਮਾਨ ਅੱਜ ਵੀ ਗ਼ਰੀਬੀ ਭੋਗ ਰਹੇ ਹਨ। ਇਹੋ ਕਾਰਨ ਹੈ ਕਿ ਲੋਕ ਸਭਾ ਦੀ ਚੋਣ ’ਚ ਸਿੱਖਾਂ ਤੇ ਮੁਸਲਮਾਨਾਂ ਨੇ ਖਾੜਕੂ ਬਿਰਤੀ ਵਾਲੇ ਭਾਈ ਅੰਮ੍ਰਿਤਪਾਲ ਸਿੰਘ, ਸਰਬਜੀਤ ਸਿੰਘ ਤੇ ਇੰਜੀਨੀਅਰ ਰਾਸ਼ਿਦ ਨੂੰ ਚੁਣ ਕੇ ਕੇਂਦਰ ਸਰਕਾਰ, ਪੰਜਾਬ ਅਤੇ ਜੰਮੂ-ਕਸ਼ਮੀਰ ਦੀਆਂ ਸਿਆਸੀ ਪਾਰਟੀ ਦੇ ਲੀਡਰਾਂ ਨੂੰ ਇਹ ਦੱਸ ਦਿਤਾ ਹੈ ਕਿ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਲੋਕ ਹੁਣ ਜਾਗਰੂਕ ਹੋ ਗਏ ਹਨ। ਭਾਈ ਅੰਮ੍ਰਿਤਪਾਲ ਸਿੰਘ ਐਨਐਸਏ ਅਧੀਨ ਡਿਬਰੂਗੜ ਪਿਛਲੇ ਸਵਾ ਸਾਲ ਤੋਂ ਬੰਦ ਅਤੇ ਇੰਜੀਨੀਅਰ ਰਾਸ਼ਿਦ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਪਿਛਲੇ ਪੰਜ ਸਾਲ ਤੋਂ ਬੰਦ ਹੈ। ਭਾਈ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਸਰਕਾਰ ਦੇ ਵਜ਼ੀਰ ਤੇ ਇੰਜਨੀਅਰ ਰਾਸ਼ਿਦ ਨੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁਲਾ ਨੂੰ ਦੋ ਦੋ ਲੱਖ ਵੋਟਾਂ ਨਾਲ ਹਰਾਇਆ ਹੈ। ਜੋ ਤਸ਼ੱਦਦ ਸਿੱਖ ਅਤੇ ਮੁਸਲਮਾਨ ਨੌਜਵਾਨਾਂ ਤੇ ਹੋਇਆ ਹੈ, ਇਹ ਜਿੱਤ ਉਸ ਦਾ ਹੀ ਸਿੱਟਾ ਹੈ।
ਜਿਸ ਤਰ੍ਹਾਂ ਸਿੱਖਾਂ ਤੇ ਮੁਸਲਮਾਨਾਂ ਨੂੰ ਅਤਿਵਾਦੀ ਤੇ ਵੱਖਵਾਦੀ ਕਹਿ ਕੇ ਦੁਨੀਆਂ ਭਰ ’ਚ ਬਦਨਾਮ ਕੀਤਾ ਜਾ ਰਿਹੈ। ਉਸ ਬਾਰੇ ਸਾਰੇ ਲੋਕ ਜਾਣੂ ਹਨ ਜਦਕਿ ਸਿੱਖ ਤੇ ਮੁਸਲਮਾਨਾਂ ਨੇ ਕਦੇ ਵੀ ਵੱਖ ਹੋਣ ਦੀ ਗੱਲ ਨਹੀਂ ਕੀਤੀ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਕੇਂਦਰ ਸਰਕਾਰ ਨੇ ਪਿਛਲੇ ਪਝੱਤਰ ਸਾਲ ’ਚ ਸਿੱਖਾਂ ਅਤੇ ਮੁਸਲਮਾਨਾਂ ਨੂੰ ਸੱਦ ਕੇ ਕਦੇ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਸਗੋਂ ਕੇਂਦਰ ਸਰਕਾਰ ਵਲੋਂ ਹਮੇਸ਼ਾ ਅਪਣੀ ਫ਼ੌਜ ਤੇ ਹੋਰ ਸੁਰੱਖਿਆ ਦਲਾਂ ਦੇ ਜ਼ੋਰ ਨਾਲ ਤਸ਼ੱਦਦ ਢਾਹੁਣ ਦਾ ਰਾਹ ਫੜਿਆ ਹੋਇਆ ਹੈ। ਇਥੋਂ ਤਕ ਕਿ ਜੰਮੂ-ਕਸ਼ਮੀਰ ਨੂੰ ਮਿਲਿਆ ਹੋਇਆ ਵਿਸ਼ੇਸ਼ ਅਧਿਕਾਰ ਵੀ ਖ਼ਤਮ ਕਰ ਦਿਤਾ ਗਿਆ ਹੈ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਵੰਡ ਦਿਤਾ ਗਿਆ ਹੈ। ਪੰਜਾਬ ਪਹਿਲਾਂ ਹੀ ਚਾਰ ਹਿੱਸਿਆਂ ’ਚ ਵੰਡਿਆ ਹੋਇਆ ਹੈ। ਜਿਸ ਤਰ੍ਹਾਂ ਕਾਂਗਰਸ ਦੇ ਐਮ.ਪੀ ਤਿਵਾੜੀ ਵਲੋਂ ਅਪਣੇ ਚੋਣ ਮਨੋਰਥ ਪੱਤਰ ’ਚ ਚੰਡੀਗੜ੍ਹ ਨੂੰ ਵਖਰਾ ਰਾਜ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ। ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ’ਚ ਚੰਡੀਗੜ੍ਹ ਦੇ ਨਾਲ ਲਗਦੇ ਇਲਾਕਿਆਂ ਨੂੰ ਚੰਡੀਗੜ੍ਹ ’ਚ ਮਿਲਾ ਕੇ ਇਕ ਨਵਾਂ ਰਾਜ ਬਣਾ ਦਿਤਾ ਜਾਵੇ। ਅੱਜ ਦੋਵੇਂ ਰਾਜ ਸਿਆਸਤ ਦਾ ਸ਼ਿਕਾਰ ਹਨ। ਆਉਣ ਵਾਲੇ ਸਮੇਂ ’ਚ ਕੀ ਹੁੰਦਾ ਹੈ, ਇਹ ਸਮੇਂ ਦੀ ਬੁੱਕਲ ਵਿਚ ਹੈ ਪਰ ਇਹ ਕਹਿਣ ’ਚ ਕੋਈ ਝਿਜਕ ਨਹੀਂ ਹੈ ਕਿ ਇਨ੍ਹਾਂ ਦੋਵਾਂ ਰਾਜਾਂ ਨੂੰ ਕੇਂਦਰ ਤੇ ਹਿੰਦੂ ਬਹੁਗਿਣਤੀ ਦੀ ਮਾਰ ਇਸ ਕਰ ਕੇ ਪੈ ਰਹੀ ਹੈ ਕਿ ਇੱਥੇ ਸਿੱਖ ਤੇ ਮੁਸਲਮਾਨ ਬਹੁ-ਗਿਣਤੀ ’ਚ ਵਸਦੇ ਹਨ। ਕੇਂਦਰ ਵਿਚ ਜਿਹੜੀ ਵੀ ਸਰਕਾਰ ਬਣੀ ਭਾਵੇਂ ਉਹ ਕਾਂਗਰਸ, ਭਾਜਪਾ ਜਾਂ ਕੋਈ ਹੋਰ ਸਰਕਾਰ ਰਹੀ, ਹਰ ਇਕ ਨੇ ਪੰਜਾਬ ਤੇ ਸਿੱਖਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਤੇ ਹੁਣ ਵੀ ਕੀਤਾ ਜਾ ਰਿਹਾ ਹੈ।
ਬਖ਼ਸ਼ੀਸ਼ ਸਿੰਘ ਸਭਰਾ
ਮੋਬਾਇਲ ਨੰਬਰ -94646-96083