ਬਾਬਾ ਨਾਨਕ ਤਾਂ ਸਾਰੀ ਮਾਨਵਤਾ ਦਾ 'ਬਾਬਾ-ਇ-ਆਜ਼ਮ' ਹੈ!
Published : Nov 22, 2018, 5:27 pm IST
Updated : Nov 22, 2018, 5:27 pm IST
SHARE ARTICLE
Ek Onkar
Ek Onkar

'ਉੱਚਾ ਦਰ ਬਾਬੇ ਨਾਨਕ ਦਾ' ਦੇ ਰੂਹਾਨੀ ਮਿਊਜ਼ੀਅਮ ਵਿਚ ਹੁਣ ਤਕ ਹੋਏ ਅਤੇ ਅਨੁਭਵ ਤੋਂ ਉਪਜੇ ਸਾਰੇ ਮਹਾਂਪੁਰਸ਼ਾਂ ਬਾਰੇ ਮੁਕੰਮਲ ਜਾਣਕਾਰੀ ਦਿਤੀ ਜਾਵੇਗੀ ਜਿਨ੍ਹਾਂ ਨੇ ...

'ਉੱਚਾ ਦਰ ਬਾਬੇ ਨਾਨਕ ਦਾ' ਦੇ ਰੂਹਾਨੀ ਮਿਊਜ਼ੀਅਮ ਵਿਚ ਹੁਣ ਤਕ ਹੋਏ ਅਤੇ ਅਨੁਭਵ ਤੋਂ ਉਪਜੇ ਸਾਰੇ ਮਹਾਂਪੁਰਸ਼ਾਂ ਬਾਰੇ ਮੁਕੰਮਲ ਜਾਣਕਾਰੀ ਦਿਤੀ ਜਾਵੇਗੀ ਜਿਨ੍ਹਾਂ ਨੇ ਮਨੁੱਖਤਾ ਨੂੰ ਇਕ ਰੱਬ ਦੇ ਬੱਚੇ ਮੰਨ ਕੇ, ਸਾਰਿਆਂ ਨੂੰ ਇਕੋ ਜਹੀ ਅਗਵਾਈ ਦਿਤੀ ਤੇ ਆਪ ਵੀ ਮਨੁੱਖ ਅਤੇ ਦੁਨੀਆਂ ਦੇ ਮਾਲਕ ਵਿਚਕਾਰ ਖੜੇ ਨਾ ਹੋਏ....।

ਪਿਛਲੇ ਹਫ਼ਤੇ ਅਸੀ ਚਰਚਾ ਕੀਤੀ ਸੀ, ਉੁਨ੍ਹਾਂ 'ਧਰਮੀ ਪੁਰਸ਼ਾਂ' ਦੀ ਜੋ ਸਾਧਾਂ ਸੰਤਾਂ ਵਾਲੇ ਕਪੜੇ ਪਾ ਕੇ ਤੇ ਧਰਮ ਦੀ ਡਿਕਸ਼ਨਰੀ ਦੇ ਕੇਵਲ 500 ਅੱਖਰਾਂ ਨੂੰ, ਜ਼ਬਾਨ ਦੇ ਚਰਖੇ ਤੇ ਚੜ੍ਹਾ ਕੇ, ਮਾਂਗਵੇਂ ਗਿਆਨ ਦੀਆਂ ਪੂਣੀਆਂ ਕਤਦੇ ਰਹਿੰਦੇ ਹਨ ਪਰ ਉਂਜ ਧਰਮ ਦਾ ਅਨੁਭਵ ਉੁਨ੍ਹਾਂ ਕੋਲ ਬਿਲਕੁਲ ਨਹੀਂ ਹੁੰਦਾ ਤੇ ਜੋ ਉਹ ਕਹਿ ਰਹੇ ਹੁੰਦੇ ਹਨ, ਉਸ ਦੇ ਸੱਚ ਝੂਠ  ਬਾਰੇ ਵੀ ਉਨ੍ਹਾਂ ਨੂੰ ਕੁੱਝ ਵੀ ਪਤਾ ਨਹੀਂ ਹੁੰਦਾ ਕਿਉਂਕਿ ਉਹ ਤਾਂ ਅੱਖਰਾਂ ਦਾ ਚਰਖਾ ਚਲਾਉਣਾ ਹੀ ਜਾਣਦੇ ਹਨ, ਉੁਨ੍ਹਾਂ ਦੇ ਅਪਣੇ ਅੰਦਰੋਂ ਅਰਥਾਤ ਅਪਣੇ ਰੂਹਾਨੀ ਅਨੁਭਵ 'ਚੋਂ ਕੁੱਝ ਨਹੀਂ ਨਿਕਲਿਆ ਹੁੰਦਾ।

ਧਰਮ ਦੇ ਨੌਟੰਕੀਬਾਜ਼, ਇਨ੍ਹਾਂ 500 ਅੱਖਰਾਂ ਵਾਲੇ ਸੰਤਾਂ ਸਾਧਾਂ ਦੇ ਮੁਕਾਬਲੇ, ਸੰਸਾਰ ਉਤੇ ਕੁੱਝ ਅਜਿਹੇ ਮਹਾਂਪੁਰਸ਼ ਵੀ ਪੈਦਾ ਹੋਏ ਹਨ ਜਿਨ੍ਹਾਂ ਨੇ, ਪਹਿਲਾਂ ਤੋਂ ਮੰਨੇ ਜਾਂਦੇ ਕਿਸੇ ਵੀ ਝੂਠ ਨੂੰ ਜਾਂ ਗ਼ਲਤ ਰਸਮ ਨੂੰ ਚੁਪਚਾਪ ਪ੍ਰਵਾਨ ਕਰਨ ਤੋਂ ਨਾਂਹ ਕਰ ਦਿਤੀ ਅਤੇ ਨਾਲ ਹੀ ਅਪਣੇ ਅੰਦਰ ਦੇ ਰੂਹਾਨੀ ਅਨੁਭਵ ਨਾਲ ਦਸਿਆ ਕਿ ਸੱਚ ਕੀ ਹੈ ਜਾਂ ਠੀਕ ਕੀ ਹੈ।

ਮਨੁੱਖਤਾ ਦੇ ਇਹੀ ਗਿਣਤੀ ਦੇ ਕੁੱਝ ਥੰਮ੍ਹ ਹੋਏ ਹਨ ਜਿਨ੍ਹਾਂ ਸਦਕਾ, ਮਨੁੱਖ ਅੱਗੇ ਤੋਂ ਅੱਗੇ ਚਲਦਾ ਆ ਰਿਹਾ ਹੈ ਵਰਨਾ ਮਨੁੱਖਾਂ ਦੀ ਬਹੁਗਿਣਤੀ ਤਾਂ ਸਦਾ ਇਹੀ ਚਾਹੁੰਦੀ ਰਹੀ ਹੈ ਕਿ ''ਜੋ ਵਿਚਾਰ ਪਿੱਛੇ ਤੋਂ ਚਲਦੇ ਆ ਰਹੇ ਹਨ, ਉਨ੍ਹਾਂ ਨੂੰ ਚਲਦੇ ਰਹਿਣ ਦਿਉ ਤੇ ਨਵੀਂ ਗੱਲ ਕੋਈ ਨਾ ਕਰੋ। ਜੇ ਬੀਤੇ ਸਮੇਂ ਦਾ ਝੂਠ ਵੀ ਚਲ ਰਿਹਾ ਹੈ ਤਾਂ ਹੁਣ ਵੀ ਚਲਣ ਦਿਉ।'' ਆਮ ਆਦਮੀ ਦੀ ਇਸੇ ਸੋਚ ਕਾਰਨ, ਜਦ ਵੀ ਕਿਸੇ ਨੇ ਕੋਈ ਨਵੀਂ ਗੱਲ ਛੇੜੀ ਤਾਂ ਲੋਕ ਉਸ ਉਤੇ ਡੰਡਾ ਲੈ ਕੇ ਝਪਟ ਪਏ।

ਪੁਰਾਤਨਤਾ ਦੇ ਝੂਠ ਅਤੇ ਰਸਮਾਂ ਦੀ ਰੱਸੀ ਨਾਲ ਮਨੁੱਖ ਨੂੰ ਬੰਨ੍ਹੀ ਰੱਖਣ ਦਾ ਕੰਮ ਸਰਅੰਜਾਮ ਦੇਣ ਲਈ, ਮਨੁੱਖਾਂ ਦੀ ਇਕ ਸ਼੍ਰੇਣੀ ਪੈਦਾ ਹੋ ਗਈ ਜਿਸ ਨੂੰ 'ਪੁਜਾਰੀ ਸ਼੍ਰੇਣੀ' ਕਿਹਾ ਜਾਂਦਾ ਹੈ। ਇਸ ਪੁਜਾਰੀ ਸ਼੍ਰੇਣੀ ਨੇ ਮਨੁੱਖਾਂ ਨੂੰ ਨਵੀਂ ਸੋਚ ਅਪਨਾਉਣ ਤੋਂ ਸਦਾ ਹੀ ਵਰਜਿਆ ਹੈ ਅਤੇ ਰਸਮਾਂ, ਰੀਤਾਂ, ਕਰਮ-ਕਾਂਡਾਂ ਤੇ ਅੰਧ-ਵਿਸ਼ਵਾਸਾਂ ਵਿਚ ਉਲਝਾਈ ਰੱਖਣ ਨੂੰ, ਅਪਣੀ ਰੋਜ਼ੀ ਰੋਟੀ ਦਾ ਸਾਧਨ ਬਣਾਉਣ ਵਿਚ ਵੀ ਸਫ਼ਲਤਾ ਪ੍ਰਾਪਤ ਕੀਤੀ ਹੈ।

ਰਾਜਿਆਂ ਤੋਂ ਲੈ ਕੇ, ਦੋ ਵੇਲੇ ਦੀ ਰੋਟੀ ਜਿੰਨੀ ਕਮਾਈ ਨਾ ਕਰ ਸਕਣ ਵਾਲਾ ਆਮ ਆਦਮੀ ਵੀ, ਇਸ ਪੁਜਾਰੀ ਸ਼੍ਰੇਣੀ ਅੱਗੇ ਸਿਰ ਝੁਕਾਉਂਦਾ ਚਲਿਆ ਜਾ ਰਿਹਾ ਸੀ ਕਿਉਂਕਿ ਇਹ ਧਰਮ ਦਾ ਨਾਂ ਲੈ ਕੇ, ਸਰਾਪ ਦਾ ਡਰ ਵੀ ਮਨਾਂ ਵਿਚ ਪੈਦਾ ਕਰ ਦੇਂਦੀ ਸੀ ਤੇ ਵਰ ਦਾ ਲਾਲਚ ਵੀ। ਇਸ ਪੁਜਾਰੀ ਸ਼੍ਰੇਣੀ ਦਾ ਅਪਣਾ ਰੁਜ਼ਗਾਰ ਧੰਦਾ ਚਲਾਣ ਦਾ ਢੰਗ ਇਹੀ ਸੀ ਕਿ ਪਹਿਲਾਂ ਲੋਕਾਂ ਅੰਦਰ ਡਰ ਪੈਦਾ ਕਰਦੀ ਸੀ ਤੇ ਫਿਰ ਕਹਿੰਦੀ ਸੀ, ''ਜੋ ਅਸੀ ਕਹੀਏ, ਕਰੀ ਜਾਉਗੇ ਤਾਂ ਇਥੇ ਵੀ ਖ਼ੁਸ਼ ਰਹੋਗੇ ਤੇ ਮਰ ਕੇ ਵੀ ਬੇਫ਼ਿਕਰ ਹੋ ਕੇ ਸਵਰਗ ਵਿਚ ਜਾਉਗੇ।''

ਲੋਕ ਇਨ੍ਹਾਂ ਦੀਆਂ ਗੱਲਾਂ ਵਿਚ ਆ ਜਾਂਦੇ ਸਨ ਤੇ ਇਨ੍ਹਾਂ ਦੇ ਹਲਵੇ ਮਾਂਡੇ ਦਾ ਪ੍ਰਬੰਧ ਕਰੀ ਰਖਦੇ ਸਨ। ਉਹ ਇਸ ਖ਼ੁਸ਼ਫ਼ਹਿਮੀ ਵਿਚ ਰਹਿੰਦੇ ਸਨ ਕਿ ਥੋੜੀ ਜਹੀ ਰਕਮ ਲੈ ਕੇ, ਪੁਜਾਰੀ ਉੁਨ੍ਹਾਂ ਦੀ ਹਰ ਕੁਦਰਤੀ ਮੁਸੀਬਤ ਨੂੰ ਵੀ ਰੋਕੀ ਰਖਦੇ ਹਨ ਤੇ ਮਰਨ ਪਿੱਛੋਂ, ਸਵਰਗ ਵਿਚ ਥਾਂ ਵੀ ਲੈ ਹੀ ਦੇਣਗੇ। ਉਧਰ ਪੁਜਾਰੀ ਵੀ ਖ਼ੁਸ਼ ਸਨ ਕਿ ਪਾਠ-ਮੰਤਰ ਸੁਣ ਕੇ ਹੀ ਲੋਕ ਉਨ੍ਹਾਂ ਦੇ ਜਾਲ ਵਿਚ ਫੱਸ ਜਾਂਦੇ ਹਨ ਤੇ ਉੁਨ੍ਹਾਂ ਦੀ ਰੋਟੀ ਰੋਜ਼ੀ ਤੇ ਹਲਵੇ ਮਾਂਡੇ ਦਾ ਪ੍ਰਬੰਧ ਆਪੇ ਕਰੀ ਰਖਦੇ ਹਨ।

ਪਰ ਇਸ 500 ਅੱਖਰੀ ਪੁਜਾਰੀ ਸ਼੍ਰੇਣੀ ਨੇ ਮਨੁੱਖਤਾ ਦਾ ਸਵਾਰਿਆ ਕੁੱਝ ਨਹੀਂ, ਉਜਾੜਿਆ ਹੀ ਹੈ ਤੇ ਮਨੁੱਖ ਨੂੰ ਪਿਛਾਂਹ-ਖਿਚੂ, ਰੂੜੀਵਾਦੀ, ਅੰਧਵਿਸ਼ਵਾਸੀ ਤੇ ਕਰਮ ਕਾਂਡੀ ਹੀ ਬਣਾਇਆ ਹੈ ਤੇ ਇਸ ਤਰ੍ਹਾਂ ਮਾਨਵਤਾ ਦਾ ਭਾਰੀ ਨੁਕਸਾਨ ਹੀ ਕੀਤਾ ਹੈ। ਇਸੇ ਲਈ ਜਦ ਵੀ ਕੋਈ ਰੂਹਾਨੀ ਅਨੁਭਵ ਵਾਲਾ ਮਹਾਂਪੁਰਸ਼ ਇਸ ਧਰਤੀ ਤੇ ਆਇਆ ਤਾਂ ਉਸ ਨੇ ਹੋਰ ਤਾਂ ਜੋ ਵੀ ਕਿਹਾ ਜਾਂ ਨਾ ਕਿਹਾ ਪਰ ਇਹ ਕਹਿਣਾ ਨਾ ਭੁਲਿਆ ਕਿ ਪੁਜਾਰੀ ਸ਼੍ਰੇਣੀ, ਮਨੁੱਖਾਂ ਦੀ ਬੜੀ ਖ਼ਤਰਨਾਕ ਕਿਸਮ ਹੈ ਤੇ ਇਸ ਦੀ ਕੋਈ ਗੱਲ ਨਹੀਂ ਸੁਣਨੀ ਚਾਹੀਦੀ।

ਈਸਾ ਤੋਂ ਲਗਭਗ ਪੌਣੇ ਪੰਜ ਸੌ ਸਾਲ ਪਹਿਲਾਂ ਹੋਏ ਅਨੁਭਵੀ ਮਹਾਂਪੁਰਸ਼ ਸੁਕਰਾਤ ਨੂੰ ਪੜ੍ਹੋ ਤਾਂ ਉਹ ਵੀ ਪੁਜਾਰੀ ਸ਼੍ਰੇਣੀ ਨੂੰ ਰੱਜ ਕੇ ਕੋਸਦਾ ਹੈ। ਫਿਰ ਹਜ਼ਰਤ ਈਸਾ, ਹਜ਼ਰਤ ਮੁਹੰਮਦ, ਜ਼ੋਰਾਐਸਟਰ ਤੋਂ ਹੁੰਦਾ ਹੋਇਆ ਬਾਬੇ ਨਾਨਕ ਤਕ, ਜਿਸ ਵੀ ਮਹਾਂਪੁਰਸ਼ ਨੂੰ ਪਾੜ੍ਹ ਕੇ ਵੇਖ ਲਉੇ, ਸਾਰੇ ਹੀ, ਪੁਜਾਰੀ ਸ਼੍ਰੇਣੀ ਲਈ ਮਾੜੀ ਤੋਂ ਮਾੜੀ ਸ਼ਬਦਾਵਲੀ ਵਰਤਦੇ ਹਨ। ਹਜ਼ਰਤ ਈਸਾ, ਇਸ ਸ਼੍ਰੇਣੀ ਲਈ 'ਵੇਸਵਾਵਾਂ' ਸ਼ਬਦ ਪ੍ਰਯੋਗ ਕਰਦੇ ਹਨ।

ਬਾਬਾ ਨਾਨਕ ਤਾਂ ਇਸ ਪੁਜਾਰੀ ਸ਼੍ਰੇਣੀ ਨੂੰ ਮਾਨਤਾ ਦੇਣ ਨੂੰ ਹੀ ਤਿਆਰ ਨਹੀਂ ਤੇ ਇਸ ਨੂੰ ਮੁਢੋਂ ਸੁਢੋਂ ਹੀ ਰੱਦ ਕਰਦੇ ਹਨ। ਪਰ ਵੇਖ ਲਉ, ਇਸ ਸ਼੍ਰੇਣੀ ਦੀ ਚੁਸਤੀ ਕਿ ਜਿਹੜਾ ਕੋਈ ਮਹਾਂਪੁਰਸ਼, ਇਸ ਦੀ ਨਿੰਦਿਆ ਕਰਦਾ ਹੈ, ਚੋਲਾ ਬਦਲ ਕੇ ਉਸੇ ਦੀ ਪ੍ਰਚਾਰਕ ਬਣ ਜਾਂਦੀ ਹੈ ਤੇ ਉਸ ਦੇ ਧਰਮ ਤੇ ਕਬਜ਼ਾ ਕਰ ਕੇ ਹੀ ਸਾਹ ਲੈਂਦੀ ਹੈ। ਸਿੱਖ ਧਰਮ ਦਾ ਹੀ ਹਾਲ ਵੇਖ ਲਉ।

ਪੁਜਾਰੀ ਸ਼੍ਰੇਣੀ ਨੂੰ ਜਿਸ ਧਰਮ ਵਿਚ ਪੂਰੀ ਤਰ੍ਹਾਂ ਰੱਦ ਕੀਤਾ ਗਿਆ ਹੋਵੇ, ਉਹ ਵੀ ਪਤਾ ਨਹੀਂ ਕਿਹੜੇ ਦਰਵਾਜ਼ਿਉਂ ਦਾਖ਼ਲ ਹੋ ਕੇ ਸਿੱਖੀ ਉਤੇ ਪੂਰੀ ਤਰ੍ਹਾਂ ਕਾਬਜ਼ ਹੋ ਚੁੱਕੀ ਹੈ ਤੇ 'ਹੁਕਮਨਾਮੇ' ਤਕ ਜਾਰੀ ਕਰ ਰਹੀ ਹੈ ਜਦਕਿ ਸਾਰੇ ਪੁਰਾਣੇ ਧਰਮਾਂ ਨੇ ਅਪਣੇ ਪੁਜਾਰੀਆਂ ਕੋਲੋਂ ਇਹ ਤਾਕਤ ਵਾਪਸ ਲੈ ਲਈ ਹੋਈ ਹੈ। ਗੁਰਦਵਾਰਿਆਂ ਵਲ ਹੀ ਵੇਖ ਲਉ, ਬਾਬੇ ਨਾਨਕ ਨੂੰ ਤਾਂ ਬਾਹਰ ਕੱਢ ਦਿਤਾ ਗਿਆ ਹੈ ਤੇ ਗੁਰਦਵਾਰਿਆਂ ਅੰਦਰ ਕਰਮ-ਕਾਂਡ, ਅੰਧ-ਵਿਸ਼ਵਾਸ ਤੇ ਝੂਠੀਆਂ ਸਾਖੀਆਂ 'ਸਤਿਕਾਰ ਯੋਗ' ਥਾਂ ਮੱਲ ਬੈਠੀਆਂ ਹਨ। ਸਿੱਖੀ ਦੇ ਬਾਨੀ ਦੀ ਬਾਣੀ ਨਾਲ, ਅੱਜ ਦੇ ਕਿਸੇ ਵੀ ਗੁਰਦਵਾਰੇ ਦੀ 'ਮਰਿਆਦਾ' ਨੂੰ ਮਿਲਾ ਕੇ ਵੇਖ ਲਉ, ਸੱਭ ਕੁੱਝ ਬਾਬੇ ਨਾਨਕ ਦੀ ਸਿਖਿਆ ਦੇ ਉਲਟ ਹੋ ਰਿਹਾ ਦਿੱਸੇਗਾ।

ਇਸ ਸਮੱਸਿਆ ਦਾ ਹਲ ਕੀ ਹੈ? ਇਹੀ ਕਿ ਮਰਿਆਦਾਵਾਂ, ਅੰਧ-ਵਿ²ਸ਼ਵਾਸਾਂ ਤੇ ਕਰਮ-ਕਾਂਡਾਂ ਦਾ ਪ੍ਰਚਾਰ ਕਰਨ ਵਾਲੀ ਪੁਜਾਰੀ ਸ਼੍ਰੇਣੀ ਨੂੰ ਛੱਡ ਕੇ, ਅਨੁਭਵ ਨਾਲ ਲੈਸ, ਉੁਨ੍ਹਾਂ ਮਹਾਂਪੁਰਸ਼ਾਂ ਨਾਲ ਜੁੜੋ ਅਥਵਾ ਉੁਨ੍ਹਾਂ ਦੀਆਂ ਲਿਖ਼ਤਾਂ ਨੂੰ ਪੜ੍ਹੋ ਤੇ '500 ਅੱਖਰੀ' ਪੁਜਾਰੀ ਸ਼੍ਰੇਣੀ ਨੂੰ ਵਗਾਹ ਕੇ ਬਾਹਰ ਕੱਢ ਸੁੱਟੋ। ਅਨੁਭਵੀ ਮਹਾਂਪੁਰਸ਼ ਰੋਜ ਰੋਜ਼ ਜਨਮ ਨਹੀਂ ਲੈਂਦੇ ਸਗੋਂ ਹਜ਼ਾਰ ਸਾਲ ਮਗਰੋਂ, ਜਾ ਕੇ ਕੋਈ ਇਕ ਅਨੁਭਵੀ ਮਹਾਂਪੁਰਸ਼ ਪੈਦਾ ਹੁੰਦਾ ਹੈ।

ਇਤਿਹਾਸ ਨੇ ਉੁਨ੍ਹਾਂ ਮੁਢਲੇ ਅਨੁਭਵੀ ਮਹਾਂਪੁਰਸ਼ਾਂ ਦੇ ਨਾਂ ਤਾਂ ਰੀਕਾਰਡ ਨਹੀਂ ਕੀਤੇ ਜਿਨ੍ਹਾਂ ਨੇ ਖਾ ਪੀ ਕੇ ਸੌਂ ਜਾਣ, ਸ਼ਿਕਾਰ ਖੇਡਣ ਤੇ ਫਿਰ ਸੌਂ ਜਾਣ ਵਾਲੇ ਮਨੁੱਖਾਂ ਨੂੰ ਪਹਿਲੀ ਵਾਰ ਦਸਿਆ ਕਿ ਬਾਹਰ ਦੀ ਦੁਨੀਆਂ ਵਲ ਤਕਦੇ ਰਹਿਣ ਦੀ ਬਜਾਏ, ਇਕ ਅੰਦਰ ਦੀ ਦੁਨੀਆਂ ਵੀ ਹੈ ਜਿਸ ਵਲ ਧਿਆਨ ਦਿਉਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਸੀ ਆਏ ਕਿਥੋਂ ਹੋ, ਇਹ ਸ੍ਰੀਰ ਇਸੇ ਧਰਤੀ ਤੇ ਛੱਡ ਕੇ, ਵਾਪਸ ਕਿਥੇ ਚਲੇ ਜਾਣਾ ਹੈ ਤੇ ਇਥੇ ਆਉਣ ਦਾ ਪ੍ਰਯੋਜਨ ਕੀ ਸੀ? ਧਰਮ ਜਾਂ ਰੂਹਾਨੀਅਤ ਦਾ ਅਰੰਭ ਇਨ੍ਹਾਂ ਅਨੁਭਵੀ ਮਨੁੱਖਾਂ ਵਲੋਂ, ਅਪਣੇ ਅੰਦਰ ਝਾਤ ਪਾਉਣ ਮਗਰੋਂ ਹੀ ਤੇ 'ਪਰਮ ਸੱਚ' ਦਾ ਅਨੁਭਵ ਹੋਣ ਮਗਰੋਂ ਹੀ ਕੀਤਾ ਗਿਆ।

ਪਰ ਉੁਨ੍ਹਾਂ ਦੇ ਦੱਸੇ ਸੱਚ ਨੂੰ, ਰਾਹ ਵਿਚ ਹੀ ਪੁਜਾਰੀਆਂ, ਤਾਂਤਰਿਕਾਂ ਤੇ ਜਾਦੂ ਟੂਣੇ, ਝਾੜਾ ਕਰਨ ਵਾਲਿਆਂ ਨੇ ਝੜੱਪ ਲਿਆ। ਰੂਹਾਨੀਅਤ ਵਲ ਜਾਂਦਾ ਰਾਹ, ਧਰਮ ਦੀਆਂ ਵੱਖ-ਵੱਖ ਅਤੇ ਇਕ ਦੂਜੇ ਦੀਆਂ ਗਰਦਨਾਂ ਕੱਟਣ ਵਾਲੀਆਂ ਗੱਦੀਆਂ ਨੇ ਮਲ ਲਿਆ। ਰੂਹਾਨੀਅਤ ਹਾਰ ਗਈ ਤੇ ਪਖੰਡ ਫੈਲਦਾ ਗਿਆ। ਇਸ ਹਾਲਤ ਨੂੰ ਚੁਨੌਤੀ ਦੇਣਾ ਹਾਰੀ ਸਾਰੀ ਦਾ ਕੰਮ ਨਹੀਂ ਸੀ। ਲੋਕ ਝੂਠ ਨੂੰ ਮੰਨ ਕੇ, ਉਸ ਦੇ ਮਗਰ ਲੱਗੇ ਰਹਿਣ ਵਿਚ ਹੀ ਮਸਤ ਰਹੇ।

ਵਿਰਲੇ ਵਿਰਲੇ ਕਿਸੇ ਅਨੁਭਵੀ ਮਹਾਂਪੁਰਸ਼ ਨੇ ਇਹ ਕਹਿਣ ਦੀ ਜੁਰਅਤ ਕੀਤੀ ਕਿ ਝੂਠ, ਪਖੰਡ ਅਤੇ ਅੰਧ-ਵਿਸ਼ਵਾਸ ਅੱਗੇ ਗਰਦਨਾਂ ਝੁਕਾਈ ਰੱਖ ਕੇ, ਅਸੀ ਜਾਨਵਰਾਂ ਵਾਂਗ ਮਰ ਜਾਵਾਂਗੇ ਪਰ ਮਾਨਵਤਾ ਦੇ ਕਿਸੇ ਵੱਡੇ ਟੀਚੇ ਨੂੰ ਸਰ ਨਹੀਂ ਕਰ ਸਕਾਂਗੇ। 

ਪਹਿਲਾ ਮਹਾਂਪੁਰਸ਼ ਸੁਕਰਾਤ - ਸਾਡੇ ਕੋਲ ਜਿੰਨਾ ਵੀ ਲਿਖਤੀ ਇਤਿਹਾਸ ਮੌਜੂਦ ਹੈ, ਉਸ ਮੁਤਾਬਕ, ਸੁਕਰਾਤ ਉਹ ਪਹਿਲਾ ਅਨੁਭਵੀ ਮਹਾਂਪੁਰਸ਼ ਸੀ ਜਿਸ ਨੇ ਪੁਰਾਤਨਤਾ ਦੇ ਪੁਜਾਰੀਆਂ ਨੂੰ ਕਿਹਾ ਕਿ ਪੂਰਨ ਸੱਚ ਉਹ ਨਹੀਂ ਜਿਸ ਨੂੰ ਉਹ ਸੱਚ ਸਮਝ ਰਹੇ ਹਨ---

ਸਗੋਂ ਉਹ ਤਾਂ ਉੁਨ੍ਹਾਂ ਦੀ ਸਮਝ ਤੋਂ ਉਪਰ ਵਾਲੀ ਚੀਜ਼ ਹੈ। ਪੁਜਾਰੀਆਂ ਨੇ ਸੁਕਰਾਤ ਉਤੇ ਇਲਜ਼ਾਮ ਲਾਇਆ ਕਿ ਉਹ ਧਰਮ ਵਿਰੁਧ ਬੋਲਦਾ ਹੈ, ਦੇਵਤਿਆਂ ਵਿਰੁਧ ਬੋਲਦਾ ਹੈ ਤੇ ਆਦਿਕਾਲ ਤੋਂ ਚਲੇ ਆ ਰਹੇ ਵਿਚਾਰਾਂ ਨੂੰ 'ਝੂਠੇ' ਕਹਿੰਦਾ ਹੈ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਪੀਣ ਦੀ ਸਜ਼ਾ ਪੂਰੀ ਕਰਨ ਜਾਂ ਅਪਣੇ ਲਫ਼ਜ਼ ਵਾਪਸ ਲੈ ਕੇ ਮਾਫ਼ੀ ਮੰਗ ਲੈਣ ਲਈ ਕਿਹਾ ਗਿਆ।

ਸੁਕਰਾਤ ਨੇ ਜ਼ਹਿਰ ਦਾ ਪਿਆਲਾ ਚੁਣਿਆ। ਮੌਤ ਕਬੂਲਣ ਕਰ ਕੇ ਵੀ ਸੁਕਰਾਤ ਮਹਾਨ ਹੈ ਪਰ ਉਸ ਤੋਂ ਵੀ ਵੱਡੀ ਗੱਲ ਜੋ ਉਸ ਨੂੰ ਮਹਾਂਪੁਰਸ਼ ਬਣਾਉਂਦੀ ਹੈ, ਉਹ ਇਹ ਸੀ ਕਿ ਰੂਹਾਨੀ ਅਨੁਭਵ ਰਾਹੀਂ ਸੁਕਰਾਤ ਨੇ ਉਹ ਰੱਬੀ ਭੇਤ ਜਾਂ ਸੱਚ ਲੱਭ ਲਿਆ ਸੀ ਜਿਸ ਨੂੰ ਦੂਜੇ ਲੋਕ ਪ੍ਰਵਾਨ ਕਰਨ ਲਈ ਵੀ ਤਿਆਰ ਨਹੀਂ ਸਨ। ਸੁਕਰਾਤ ਨੇ ਫ਼ੈਸਲਾ ਕੀਤਾ ਕਿ ਇਹ ਸੱਚ ਉਹ ਸੁਣਾ ਕੇ ਰਹੇਗਾ–--ਭਾਵੇਂ ਕੋਈ ਇਸ ਨੂੰ ਮੰਨੇ ਜਾਂ ਨਾ ਮੰਨੇ ਤੇ ਭਾਵੇਂ ਲੋਕ ਉਸ ਨੂੰ ਮਾਰ ਹੀ ਦੇਣ। ਇਸ ਤਰ੍ਹਾਂ ਸੁਕਰਾਤ, ਰੂਹਾਨੀਅਤ ਦਾ ਪਹਿਲਾ ਵੱਡਾ ਮਹਾਂਪੁਰਸ਼ ਸੀ ਜਿਸ ਨੇ ਪੁਜਾਰੀ ਸ਼੍ਰੇਣੀ ਅੱਗੇ ਗੋਡੇ ਨਾ ਟੇਕੇ ਪਰ ਜੋ ਜਾਂਦਾ ਜਾਂਦਾ ਸੱਚ ਦਾ ਪ੍ਰਚਮ ਉੱਚਾ ਜ਼ਰੂਰ ਲਹਿਰਾ ਗਿਆ।

ਉਸ ਤੋਂ ਬਾਅਦ, ਚਾਰ ਪੰਜ ਹੀ ਉਹ ਮਹਾਂਪੁਰਸ਼ ਸਾਹਮਣੇ ਆਏ ਹਨ ਜਿਨ੍ਹਾਂ ਨੇ ਰੂਹਾਨੀਅਤ ਅਤੇ ਸੱਚ ਦਾ ਅਨੁਭਵ ਆਪ ਕਰ ਕੇ, ਮਨੁੱਖਤਾ ਨੂੰ ਪੁਜਾਰੀ ਸ਼੍ਰੇਣੀ ਦੀਆਂ 'ਮਰਿਆਦਾਵਾਂ' ਤੋਂ ਆਜ਼ਾਦ ਹੋ ਕੇ ਸੋਚਣ ਦਾ ਹੋਕਾ ਦਿਤਾ। ਇਨ੍ਹਾਂ ਸੱਭ ਦਾ ਜ਼ਿਕਰ ਅਸੀ ਅਜੇ ਨਹੀਂ ਕਰਾਂਗੇ ਕਿਉਂਕਿ ਇਹ ਫ਼ੈਸਲਾ ਅਜੇ ਕੀਤਾ ਜਾਣਾ ਬਾਕੀ ਹੈ ਕਿ 'ਉੱਚਾ ਦਰ ਬਾਬੇ ਨਾਨਕ ਦਾ' ਵਿਚਲੇ 'ਰੂਹਾਨੀਅਤ ਦੇ ਮਿਊਜ਼ੀਅਮ' ਵਿਚ ਕਿਹੜੇ ਕਿਹੜੇ ਮਹਾਂਪੁਰਸ਼ ਨੂੰ ਸਤਿਕਾਰ ਵਾਲੀ ਥਾਂ ਦੇਣੀ ਹੈ। ਇਸ ਮਿਊਜ਼ੀਅਮ ਵਿਚ, ਸਤਿਕਾਰ ਵਾਲੀ ਥਾਂ ਉੁਨ੍ਹਾਂ ਮਹਾਂਪੁਰਸ਼ਾਂ ਨੂੰ ਹੀ ਮਿਲੇਗੀ ਜਿਨ੍ਹਾਂ ਨੇ ਮਨੁੱਖ ਨੂੰ ਅਪਣੇ ਮਗਰ ਨਹੀਂ ਲਾਇਆ, ਅਪਣੀ ਪੂਜਾ ਨਹੀਂ ਕਰਵਾਈ ਤੇ ਅਪਣੇ ਆਪ ਨੂੰ ਰੱਬ ਅਤੇ ਉਸ ਦੇ ਭਗਤਾਂ ਵਿਚਕਾਰ ਨਹੀਂ ਆਉੁਣ ਦਿਤਾ। 

ਮਾਨਵਤਾ ਦਾ ਬਾਬਾਏ-ਆਜ਼ਮ  ਬਾਬਾ ਨਾਨਕ - ਇਸ ਵੇਲੇ ਅਸੀ ਕੇਵਲ ਅੰਤਮ ਅਨੁਭਵੀ ਮਹਾਂਪੁਰਸ਼ ਬਾਬਾ ਨਾਨਕ ਦੀ ਗੱਲ ਹੀ ਕਰਾਂਗੇ। ਬੜੀ ਨਿਰਪੱਖ ਨਜ਼ਰ ਨਾਲ ਵੇਖੀਏ ਤਾਂ ਰੂਹਾਨੀਅਤ ਦੇ ਇਤਿਹਾਸ ਵਿਚ ਬਾਬੇ ਨਾਨਕ ਵਰਗਾ ਮਹਾਂਪੁਰਸ਼ ਪਹਿਲਾਂ ਕੋਈ ਹੋਇਆ ਹੀ ਨਹੀਂ। ਹਰ ਗੱਲ ਖੁਲ੍ਹ ਕੀ ਕੀਤੀ, ਨਿਡੱਰ ਹੋ ਕੇ ਕੀਤੀ ਤੇ ਸੱਚ ਦਾ ਪੱਲਾ ਇਕ ਪਲ ਲਈ ਵੀ ਹੱਥੋਂ ਨਾ ਛਡਿਆ। ਜੀਵਨ ਦੇ ਅੰਤਮ 14 ਸਾਲ, ਆਪ ਕਰਤਾਰਪੁਰ ਵਿਚ ਹੀ ਰਹੇ ਜਿਥੇ ਆਪ ਇਕ ਕਿਸਾਨ ਵਾਂਗ ਹੱਲ ਵਾਹ ਕੇ ਤੇ ਦਸਾਂ ਨਹੁੰਆਂ ਦੀ ਕਿਰਤ ਕਰ ਕੇ, ਰੋਟੀ ਖਾਂਦੇ ਰਹੇ।

ਆਪ ਨੇ ਕਿਸੇ ਇਕ ਧਰਮ ਦਾ ਆਗੂ ਬਣਨਾ ਪ੍ਰਵਾਨ ਨਾ ਕੀਤਾ ਸਗੋਂ ਸਾਰੀ ਮਨੁੱਖਤਾ ਦੇ ਸੱਚੇ ਆਗੂ ਵਜੋਂ ਹੀ ਸਾਹਮਣੇ ਆਏ। ਧਰਤੀ ਉਤੇ ਪੈਦਾ ਹੋਏ ਮਨੁੱਖਾਂ ਵਿਚੋਂ ਆਪ ਇਕੋ ਇਕ ਮਨੁੱਖ ਹੋਏ ਹਨ ਜਿਸ ਨੇ ਸਾਬਤ ਕੀਤਾ ਹੈ ਕਿ ਰੂਹਾਨੀ ਅਨੁਭਵ ਨਾਲ ਕੇਵਲ ਪਰਮ ਸੱਚ ਦਾ ਗਿਆਨ ਹੀ ਨਹੀਂ ਪ੍ਰਾਪਤ ਕੀਤਾ ਜਾ ਸਕਦਾ ਸਗੋਂ ਸਾਇੰਸ ਅਤੇ ਭੌਤਿਕ (ਦਿਸਦੇ) ਸੰਸਾਰ ਦੇ ਸਾਰੇ ਸੱਚ ਵੀ, ਸਾਇੰਸਦਾਨਾਂ ਤੋਂ ਪਹਿਲਾਂ ਅਤੇ ਦੂਰਬੀਨਾਂ ਦੀ ਮਦਦ ਲਏ ਬਿਨਾਂ ਵੀ ਜਾਣੇ ਜਾ ਸਕਦੇ ਹਨ।

ਬਾਬਾ ਨਾਨਕ ਨੇ ਇਹ ਸਾਰੇ ਭੇਤ ਜਾਂ ਸੱਚ, ਸਾਇੰਸਦਾਨਾਂ ਤੋਂ ਪੰਜ ਸੌ ਸਾਲ ਪਹਿਲਾਂ ਲਿਖਤੀ ਰੂਪ ਵਿਚ ਪ੍ਰਗਟ ਕਰ ਦਿਤੇ  ਸਨ। ਅੱਜ ਤਕ ਬਾਬੇ ਨਾਨਕ ਦੀ ਆਖੀ (ਲਿਖੀ) ਹੋਈ ਇਕ ਵੀ ਗੱਲ ਗ਼ਲਤ ਸਾਬਤ ਨਹੀਂ ਕੀਤੀ ਜਾ ਸਕੀ। ਕਾਰਨ ਸਪੱਸ਼ਟ ਹੈ ਕਿ ਬਾਬੇ ਨਾਨਕ ਦਾ ਰੂਹਾਨੀ ਅਨੁਭਵ ਏਨਾ ਤਰੁਟੀ-ਰਹਿਤ ਸੀ ਕਿ ਉਸ ਵਿਚੋਂ ਸੱਚ ਤੋਂ ਬਿਨਾਂ ਹੋਰ ਕੁੱਝ ਨਿਕਲ ਹੀ ਨਹੀਂ ਸਕਦਾ। 

ਜੇ ਬਾਬੇ ਨਾਨਕ ਦੀ ਬਾਣੀ ਨੂੰ ਹੀ ਠੀਕ ਤਰ੍ਹਾਂ ਨਾਲ ਸਮਝ ਕੇ, ਦੁਨੀਆਂ ਦੇ ਲੋਕਾਂ ਤਕ ਪਹੁੰਚਾਇਆ ਜਾਂਦਾ ਤਾਂ 'ਪੰਜ ਸੌ ਅੱਖਰਾਂ ਵਾਲੇ' ਲੁਟੇਰੇ ਸਾਧਾਂ ਦੇ ਪਿੱਛੇ ਦੌੜਨ ਦੀ ਬਜਾਏ, ਦੁਨੀਆਂ ਹੁਣ ਤਕ ਰੂਹਾਨੀਅਤ ਦੇ ਉਸ ਦਰਵਾਜ਼ੇ ਉਤੇ ਦਸਤਕ ਦੇ ਰਹੀ ਹੁੰਦੀ ਜਿਸ ਤਕ ਪੁਜਣਾ, ਰੂਹਾਨੀਅਤ ਦੀ ਜਾਣਕਾਰੀ, ਅਪਣੇ ਅੰਦਰੋਂ, ਪ੍ਰਾਪਤ ਕਰਨ ਵਾਲੇ ਪਹਿਲੇ ਮਹਾਂਪੁਰਸ਼ਾਂ ਦਾ ਟੀਚਾ ਸੀ ਪਰ ਜਿਸ ਟੀਚੇ ਨੂੰ ਪੁਜਾਰੀ, ਜਾਦੂ ਟੂਣਿਆਂ ਵਾਲੇ ਤੇ ਝਾੜੇ ਦੇਣ ਵਾਲੇ, ਰਾਹ ਵਿਚੋਂ ਲੁਟ ਕੇ ਲੈ ਗਏ ਸਨ।

'ਉਚਾ ਦਰ ਬਾਬਾ ਨਾਨਕ ਦਾ' ਦੀ ਜ਼ਮੀਨ ਹਾਸਲ ਕਰਨ ਦਾ ਅੱਧਾ ਕੰਮ ਲਗਭਗ ਸਿਰੇ ਚੜ੍ਹ ਚੁੱਕਾ ਹੈ ਤੇ ਅਸੀ ਉਸ ਦਿਨ ਦੀ ਇੰਤਜ਼ਾਰ ਤੀਬਰਤਾ ਨਾਲ ਕਰ ਰਹੇ ਹਾਂ ਜਿਸ ਦਿਨ ਅਸੀ ਪਾਠਕਾਂ ਨੂੰ ਉਸ ਜ਼ਮੀਨ ਤੇ ਲਿਜਾ ਕੇ ਪਹਿਲੀ ਇਕੱਤਰਤਾ ਉਥੇ ਕਰਾਂਗੇ ਤੇ ਦੁਨੀਆਂ ਨੂੰ ਬਾਬੇ ਨਾਨਕ ਦੀ ਸੱਚੀ ਰੂਹਾਨੀਅਤ ਅਤੇ ਸਰਬ ਸਾਂਝੇ ਸੱਚੇ ਧਰਮ ਬਾਰੇ ਜਾਣਕਾਰੀ ਦੇਣ ਦਾ ਕੰਮ ਸ਼ੁਰੂ ਕਰ ਦਿਤਾ ਜਾਵੇਗਾ। ਮਨੁੱਖਤਾ ਦਾ ਜੋ ਸੱਭ ਤੋਂ ਉੱਤਮ ਤੇ ਸਰਬ-ਕਲਿਆਣਕਾਰੀ ਵਿਰਸਾ, ਬਾਬਾ ਨਾਨਕ ਸਾਡੇ ਹੱਥਾਂ ਵਿਚ ਫੜਾ ਗਏ ਹਨ, ਉਸ ਨੂੰ 'ਏਕ ਪਿਤਾ' ਦੇ, ਬਾਕੀ ਦੁਨੀਆਂ ਵਿਚ ਰਹਿੰਦੇ 'ਬਾਰਕਾਂ' (ਬੱਚਿਆਂ) ਨਾਲ ਸਾਂਝਾ ਕਿਉੁਂ ਨਾ ਕਰੀਏ?

ਜਿਵੇਂ ਕਿ ਮੈਂ ਉਪਰ ਦਸਿਆ ਹੈ, ਪੂਰੀ ਜ਼ਮੀਨ ਲੈਣ ਲਈ ਸਾਨੂੰ ਹੋਰ ਮਾਇਆ ਦੀ ਲੋੜ ਪੈ ਗਈ ਹੈ। ਜ਼ਮੀਨ ਸਾਰੀ ਲੈ ਲਈਏ ਤਾਂ ਫਿਰ ਉਪਰਲੀ ਉਸਾਰੀ ਲਈ ਬੈਂਕਾਂ ਕੋਲੋਂ ਵੀ ਮਦਦ ਮਿਲ ਜਾਵੇਗੀ। ਸੋ ਇਕ ਆਖ਼ਰੀ ਹੰਭਲਾ ਮਾਰੋ ਤੇ ਜਿਹੜੀ ਕਮੀ ਹੈ, ਉਹ ਛੇਤੀ ਤੋਂ ਛੇਤੀ ਪੂਰੀ ਕਰ ਦਿਉ। ਬਹੁਤ ਛੇਤੀ ਹੀ, ਅਸੀ ਸਾਰੇ 'ਉੱਚਾ ਦਰ ਬਾਬੇ ਨਾਨਕ ਦਾ' ਦੀ ਜ਼ਮੀਨ ਤੇ ਬੈਠ ਕੇ, ਅਗਲੀਆਂ ਵਿਚਾਰਾਂ ਕਰਿਆ ਕਰਾਂਗੇ

ਤੇ ਦੁਨੀਆਂ ਭਰ ਦੇ ਬਾਬਾ-ਏ-ਆਜ਼ਮ, ਬਾਬਾ ਨਾਨਕ ਦੀ ਕ੍ਰਿਪਾ ਦ੍ਰਿਸ਼ਟੀ ਦੀ ਠੰਢੀ ਛਾਂ ਰਲ ਕੇ ਮਾਣ ਸਕਾਂਗੇ। ਅਗਲੇ ਮਹੀਨੇ ਤੋਂ, 'ਏਕਸ ਕੇ ਬਾਰਕ' ਦੀਆਂ ਸਾਰੀਆਂ ਮੀਟਿੰਗਾਂ ਵੀ, ਉਥੇ ਹੀ ਹੋਇਆ ਕਰਨਗੀਆਂ। ਪੈਸੇ ਲਾਉਣ ਵਾਲੇ ਸੱਜਣ, ਆਖ਼ਰੀ ਹੰਭਲਾ ਝਟ ਪਟ ਮਾਰ ਦੇਣ ਤਾਕਿ ਜਿਹੜੀ ਦੇਰੀ ਹੁਣ ਤਕ ਰੋਕੀ ਨਹੀਂ ਸੀ ਜਾ ਸਕੀ, ਉਸ ਨੂੰ ਹੁਣ ਦੁਗਣੀ ਕਾਹਲੀ ਨਾਲ ਪੂਰ ਕੇ, ਇਕ ਅਚੰਭੇ ਵਰਗੀ ਪ੍ਰਾਪਤੀ ਕਰ ਕੇ ਵਿਖਾ ਸਕੀਏ। ਕੂਪਨ ਇਸੇ ਅੰਕ ਵਿਚ ਕਿਸੇ ਹੋਰ ਪੰਨੇ ਉਤੇ ਛਪਿਆ ਹੋਇਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪਿਛਲੇ 3 ਮਹੀਨਿਆਂ 'ਚ Punjab ਦੀਆਂ Jail 'ਚੋਂ ਮਿਲੇ 1274 ਫੋਨ, High Court ਹੋਇਆ ਸਖ਼ਤ, ਪੰਜਾਬ ਤੋਂ ਕਾਰਵਾਈ ਦੀ...

16 Apr 2024 2:27 PM

Ludhiana News: ਫਾਂਸੀ ਹੋਣੀ ਚਾਹੀਦੀ ਹੈ ਮੇਰੀ ਧੀ ਦੇ ਕਾਤਲ ਨੂੰ' - ਅਦਾਲਤ ਬਾਹਰ ਫੁੱਟ-ਫੁੱਟ ਰੋ ਪਏ ਮਾਸੂਮ..

16 Apr 2024 1:08 PM

Farmers Protest News: ਕਿਸਾਨਾਂ ਦੇ ਹੱਕ 'ਚ ਨਿੱਤਰਿਆ ਆਨੰਦ ਕਾਰਜ ਨੂੰ ਜਾਂਦਾ ਲਾੜਾ; ਕਿਹਾ - ਕਿਸਾਨਾਂ ਦਾ ਹੀ ਪੁੱਤ

16 Apr 2024 12:20 PM

Big Breaking : AAP ਦੀ ਉਮੀਦਵਾਰਾਂ ਵਾਲੀ ਨਵੀਂ ਸੂਚੀ 'ਚ ਪਵਨ ਟੀਨੂੰ ਤੇ ਪੱਪੀ ਪਰਾਸ਼ਰ ਦਾ ਨਾਂਅ!

16 Apr 2024 11:41 AM

ਭਾਜਪਾ ਦੇ ਅਪਰਾਧਿਕ ਵਿਧਾਇਕਾਂ-ਮੰਤਰੀਆਂ ਨੂੰ ਸੁਪਰੀਮ ਕੋਰਟ ਦੇ ਜੱਜ ਕੁਝ ਨਹੀਂ ਕਹਿੰਦੇ : ਕਾਂਗਰਸ

16 Apr 2024 11:19 AM
Advertisement