
ਅੱਖਰਾਂ ਵਿਚ 'ਮਾਂ' ਤੋਂ ਕੋਈ ਛੋਟਾ ਸ਼ਬਦ ਹੈ ਹੀ ਨਹੀਂ ਪਰ ਇਸ ਤੋਂ ਉੱਚਾ ਤੇ ਵੱਡਾ ਸ਼ਬਦ ਵੀ ਹੋਰ ਕੋਈ ਨਹੀਂ। ਅਪਣੀ ਮਾਂ ਜੀ ਨੂੰ ਜਿਨ੍ਹਾਂ ਨੂੰ ਸਤਿਕਾਰ ਸਹਿਤ ਬੀਬੀ ....
ਅੱਖਰਾਂ ਵਿਚ 'ਮਾਂ' ਤੋਂ ਕੋਈ ਛੋਟਾ ਸ਼ਬਦ ਹੈ ਹੀ ਨਹੀਂ ਪਰ ਇਸ ਤੋਂ ਉੱਚਾ ਤੇ ਵੱਡਾ ਸ਼ਬਦ ਵੀ ਹੋਰ ਕੋਈ ਨਹੀਂ। ਅਪਣੀ ਮਾਂ ਜੀ ਨੂੰ ਜਿਨ੍ਹਾਂ ਨੂੰ ਸਤਿਕਾਰ ਸਹਿਤ ਬੀਬੀ ਜੀ ਕਹਿੰਦੇ ਸਾਂ, ਅੱਜ ਤੋਂ ਪੂਰੇ ਪੰਜ ਸਾਲ ਪਹਿਲਾਂ ਇਸ ਫ਼ਾਨੀ ਸੰਸਾਰ ਨੂੰ ਤਿਆਗ ਕੇ ਸਾਨੂੰ ਸਾਰਿਆਂ ਨੂੰ ਸਦੀਵੀਂ ਵਿਛੋੜਾ ਦੇ ਗਏ। ਪਿਛਲੇ ਸਾਲਾਂ ਵਿਚ ਕੋਈ ਇਕ ਵੀ ਅਜਿਹਾ ਦਿਨ ਨਹੀਂ ਜਿਸ ਦਿਨ ਬੀਬੀ ਜੀ ਨੂੰ ਯਾਦ ਨਹੀਂ ਕੀਤਾ। ਕੋਈ ਤਾਂ ਇਹ ਆਖੇਗਾ ਕਿ ਕਿਹੜੀ ਇਹੋ ਜਿਹੀ ਗੱਲ ਸੀ ਜਿਸ ਕਰ ਕੇ ਅਪਣੀ ਬਜ਼ੁਰਗ ਮਾਂ ਨੂੰ ਏਨਾ ਯਾਦ ਕਰਦੇ ਹੋ ਤੇ ਨਾਲ ਹੀ ਬੋਲ ਦੇਣਾ ਕਿ 95 ਸਾਲ ਬਹੁਤ ਵਡੇਰੀ ਉਮਰ ਹੁੰਦੀ ਹੈ ਤੇ ਹਰ ਇਕ ਨੇ ਆਖਰ ਜਾਣਾ ਹੀ ਹੈ।
ਇਹ ਕਹਿਣ ਵਾਲਿਆਂ ਨੂੰ ਕੀ ਪਤਾ ਹੈ ਕਿ ਸਾਡੀ ਇਹ ਪਵਿੱਤਰ ਰੂਹ ਕਿਹੋ ਜਿਹੀ ਸੀ। ਕੇਵਲ 30 ਸਾਲ ਦੀ ਉਮਰ ਵਿਚ ਪਤੀ ਦਾ ਸਿਰ ਤੋਂ ਸਾਇਆ ਹਟ ਜਾਣਾ, ਚਾਰ ਬਚਿਆਂ ਦੀ ਪਰਵ੍ਰਿਸ਼, ਉਨ੍ਹਾਂ ਨੂੰ ਜ਼ਿੰਦਗੀ ਵਿਚ ਕਿਵੇਂ ਪ੍ਰਵਾਨ ਚਾੜ੍ਹਨਾ ਹੈ। ਇਸ ਦੀ ਤਾਂ ਸ਼ਾਇਦ ਕੋਈ ਕਲਪਨਾ ਹੀ ਕਰ ਸਕਦਾ ਹੈ।ਸਾਰੀ ਉਮਰ ਆਪ ਬਾਣੀ ਪੜ੍ਹਨੀ ਤੇ ਸਾਨੂੰ ਸਾਰਿਆਂ ਨੂੰ ਇਸ ਪਾਸੇ ਲਾਉਣਾ, ਗੁਰੂ ਤੇ ਸੰਪੂਰਨ ਭਰੋਸਾ ਰਖਣਾ ਤੇ ਫਿਰ ਖ਼ੁਦ ਬਤੌਰ ਅਧਿਆਪਕਾ ਨੌਕਰੀ ਕਰਨੀ ਜਿਹੜੀ ਪ੍ਰਵਾਰਕ ਨਿਰਬਾਹ ਲਈ ਜ਼ਰੂਰੀ ਸੀ।
ਪਾਕਿਸਤਾਨ ਵਿਚੋਂ ਆ ਕੇ ਕਈ ਤੰਗੀਆਂ, ਤੁਰਟੀਆਂ ਦੇ ਬਾਵਜੂਦ ਕਦੇ ਵੀ ਨਾ ਡੋਲਣ ਵਾਲੇ, ਸਦਾ ਗੁਰੂ ਦੀ ਰਜ਼ਾ ਵਿਚ ਰਹਿ ਕੇ ਪ੍ਰਵਾਰ ਚਲਾਇਆ ਤੇ ਹੁਣ ਪ੍ਰਵਾਰ ਵਿਚ ਗੁਰੂ ਮਹਾਰਾਜ ਦੀ ਰੱਜ-ਰੱਜ ਰਹਿਮਤ ਬਰਸ ਰਹੀ ਹੈ। ਇਕ ਹੋਰ ਵੱਡੀ ਗੱਲ ਕਿ ਹਰ ਵੇਲੇ ਗੁਰੂ ਦਾ ਸ਼ੁਕਰ ਕਰਨਾ, ਸੁਭਾਅ ਦਾ ਹਿੱਸਾ ਬਣ ਗਿਆ ਸੀ ਮਾਂ ਜੀ ਦਾ। ਜੇ ਕੋਈ ਕੰਮ ਨਹੀਂ ਵੀ ਹੋਇਆ ਜਾਂ ਕਿਸੇ ਕੰਮ ਵਿਚ ਸਫ਼ਲਤਾ ਨਹੀਂ ਮਿਲੀ ਤਾਂ ਇਕੋ ਗੱਲ ਕਹਿਣੀ ਕਿ ਜੋ ਗੁਰੂ ਨੇ ਕੀਤਾ ਹੈ ਠੀਕ ਹੀ ਹੋਇਆ ਹੈ ਤੇ ਇਸੇ ਵਿਚ ਕੋਈ ਚੰਗਿਆਈ ਹੋਵੇਗੀ।
ਨਰਮ, ਸੁਹਿਰਦਤਾ, ਸੰਤੁਸ਼ਟੀ ਤੇ ਸਕੂਨ ਦੀ ਸਾਖ਼ਸ਼ਾਤ ਮੂਰਤ ਸਨ ਬੀਬੀ ਜੀ! ਕਦੇ ਕੋਈ ਸ਼ਿਕਵਾ ਨਹੀਂ, ਈਰਖਾ ਨਹੀਂ, ਕੋਈ ਲਾਲਚ ਨਹੀਂ। ਬੱਸ ਕਹਿ ਸਕਦਾ ਹਾਂ ਕਿ ਇਹ ਮਾਂ ਪੂਰੀ ਤਰ੍ਹਾਂ ਰੱਜੀ ਰੂਹ ਵਾਲੀ ਸੀ। ਜੀਵਨ ਦੀ ਹਰ ਪ੍ਰਾਪਤੀ ਤੇ ਖ਼ੁਸ਼ੀ ਦੀ ਬੁਨਿਆਦੀ ਸਰੋਤ, ਹਰ ਦੁੱਖ ਦਰਦ ਤੇ ਪੀੜ ਵਿਚ ਬਹੁਤ ਵੱਡਾ ਢਾਰਸ ਹੈ ਮਾਂ ਦੀ ਅਸੀਸ। ਜਦੋਂ ਬੀਬੀ ਜੀ ਸਿਰ ਪਲੋਸ ਕੇ ਅਸੀਸ ਦਿੰਦੇ ਤੇ ਜਿਹੜੇ ਸ਼ਬਦ ਉਨ੍ਹਾਂ ਦੇ ਮੁਖਾਰਬਿੰਦ ਤੋਂ ਨਿਕਲਦੇ ਸੀ ਉਹ ਤਾਂ ਸ਼ਾਇਦ ਰੱਬ ਦੇ ਬੋਲ ਹੀ ਹੁੰਦੇ ਸਨ, ਪਾਰ ਉਤਾਰਾ ਕਰਨ ਵਾਲੇ ਇਲਾਹੀ ਅਲਫ਼ਾਜ਼। 'ਪੂਤਾ ਮਾਤਾ ਕੀ ਅਸੀਸ।' ਕਿ ਤੈਨੂੰ ਵਾਹਿਗੁਰੂ ਦਾ ਨਾਂ ਨਾ ਭੁੱਲੇ।
Mother & Son
ਮੈਨੂੰ ਕੋਈ ਦਿਨ ਯਾਦ ਨਹੀਂ ਜਦੋਂ ਸਵੇਰ ਦਾ ਨਾਸ਼ਤਾ, ਬਿਨਾਂ ਪਾਠ ਕੀਤੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਬਿਨਾਂ ਸਾਨੂੰ ਮਿਲਿਆ ਹੋਵੇ। ਹਰ ਸਾਲ ਵਿਚ ਚਾਰ-ਚਾਰ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਆਪ ਕਰ ਲੈਣੇ, ਇਹ ਗੁਰੂ ਘਰ ਉਤੇ ਅਟੁਟ ਵਿਸ਼ਵਾਸ਼ ਦੀ ਇਕ ਝਲਕ ਸੀ ਉਨ੍ਹਾਂ ਦੀ। ਗੁਰੂ ਮਹਾਰਾਜ ਦਾ ਪਲ-ਪਲ ਸ਼ੁਕਰਾਨਾ ਕਰਨਾ ਤੇ ਅਰਦਾਸ ਅਰਜੋਈ ਕਿ ਗੁਰੂ ਬੱਚਿਆਂ ਨੂੰ ਸੋਹਣੀ ਸਿਹਤ, ਤਰੱਕੀਆਂ, ਖ਼ੁਸ਼ੀਆਂ ਬਖ਼ਸ਼ੇ। ਇਹ ਵਾਹਿਗੁਰੂ ਨੂੰ ਸਿੱਧੀ ਅਰਜੋਈ ਸੀ। ਸਾਨੂੰ ਕਹਿੰਦੇ ਸਨ ਕਿ ''ਫਲ ਨੀਵਿਆਂ ਰੁਖਾਂ ਨੂੰ ਲਗਦੇ ਹਨ'' ਤੇ ਹਰ ਵੇਲੇ ਨਿਮਾਣਾ ਬਣ ਕੇ ਰਹਿਣਾ ਚਾਹੀਦਾ ਹੈ
ਤੇ ਜਿੰਨੀ ਵੀ ਹੋ ਸਕੇ ਗ਼ਰੀਬ ਦੀ ਮਦਦ ਕਰਨੀ ਚਾਹੀਦੀ ਹੈ। ਕਿਉਂ ਕਿ ਉਨ੍ਹਾਂ ਵਿਚ ਹੀ ਰੱਬ ਵਸਦਾ ਹੈ। ਵਾਰੀ-ਵਾਰੀ ਕਹਿਣਾ ਮੈਂ ਸਦਕੇ ਜਾਵਾਂ-ਮੈਂ ਵਾਰੀ ਜਾਵਾਂ। ਇਹ ਮਿਠੜੇ ਬੋਲ ਕੇਵਲ ਮਾਂ ਦੇ ਮੁਖਾਰਬਿੰਦ ਤੋਂ ਹੀ ਨਿਕਲ ਸਕਦੇ ਹਨ।ਇਕ ਗੱਲ ਯਾਦ ਹੈ ਮੈਨੂੰ, ਜਦੋਂ ਮੈਂ ਬੈਂਕ ਤੋਂ ਅਸਤੀਫ਼ਾ ਦੇ ਕੇ ਇੰਡੀਅਨ ਐਕਸਪ੍ਰੈਸ ਅਖ਼ਬਾਰ ਵਿਚ ਨੌਕਰੀ ਲਈ ਤਾਂ ਪੁੱਛਣ ਲੱਗੇ ਕਿ ਤਨਖ਼ਾਹ ਤਾਂ ਪਹਿਲਾਂ ਨਾਲੋਂ ਵਧ ਹੀ ਹੋਵੇਗੀ। ਮੇਰੇ ਹੁੰਗਾਰਾ ਭਰਨ ਤੇ ਕਹਿਣ ਲੱਗੇ ਕਿ ਦਸਵੰਧ ਕਢਣਾ-ਕਦੇ ਨਹੀਂ ਛੱਡਣਾ ਤੇ ਫਿਰ ਮੇਰੇ ਲਈ ਤਾਂ ਇਹ ਇਸ ਨੇਕ ਮਾਂ ਦਾ ਇਲਾਹੀ ਹੁਕਮ ਸੀ ਜਿਸ ਨੂੰ ਹੁਣ ਤਕ ਪੱਲੇ ਬੰਨ੍ਹੀਂ ਰਖਿਆ ਹੈ।
ਅਪਣੀ ਵੱਡੀ ਉਮਰ ਵਿਚ ਆ ਕੇ ਵੀ, ਆਏ ਗਏ ਦਾ ਸਤਿਕਾਰ ਤੇ ਪ੍ਰਵਾਰਕ ਫ਼ਰਜ਼ ਨਿਭਾਉਂਦੇ ਰਹੇ। ਅਪਣੇ ਹਰ ਸਬੰਧੀ ਦੂਰੋਂ ਜਾਂ ਨੇੜੇ ਵਾਲੇ, ਉਨ੍ਹਾਂ ਦੀ ਹਰ ਸੰਭਵ ਮਾਇਕ ਮਦਦ ਕੀਤੀ। ਸਾਡੇ ਇਕ ਭੂਆ ਜੀ 1957 ਵਿਚ ਗੁਜ਼ਰ ਗਏ ਤੇ ਉਸ ਪ੍ਰਵਾਰ ਦਾ ਛੋਟਾ ਜਿਹਾ ਜ਼ਿੰਮੀਦਾਰਾ ਸੀ। ਬੀਬੀ ਜੀ ਅਪਣੀ 93 ਸਾਲ ਦੀ ਉਮਰ ਤਕ ਵੀ, ਅਪਣੀ ਨਿਨਾਣ ਦੇ ਬੱਚਿਆਂ ਨੂੰ ਵਿਤੋਂ ਵੱਧ ਦਿੰਦੇ ਸਨ ਤੇ ਇਹ ਕਹਿ ਕੇ ਕਿ ਇਹ ਤਾਂ ਅਪਣੇ ਪ੍ਰਵਾਰ ਦੀ ਧੀ ਦੇ ਬੱਚੇ ਹਨ। ਜਦੋਂ ਅਪਣਾ ਘਰ ਦਾ ਸਾਂਈ ਨਾ ਹੋਵੇ ਤਾਂ ਸਹੁਰਿਆਂ ਦੇ ਪ੍ਰਵਾਰ ਨਾਲ ਤਾਂ ਰਿਸ਼ਤਾ ਘੱਟ ਵੱਧ ਹੀ ਲੋਕ ਰਖਦੇ ਹਨ।
ਮਾਂ ਜੀ ਨੇ ਰਿਸ਼ਤਾ ਕੇਵਲ ਰਖਿਆ ਹੀ ਨਹੀਂ ਬਲਕਿ ਬਹੁਤ ਬਾਖ਼ੂਬੀ ਤਰੀਕੇ ਨਾਲ ਨਿਭਾਇਆ ਤੇ ਇਹ ਤਾਂ ਟੂਕ ਮਾਤਰ ਇਕ ਸੱਚੀ ਮਿਸਾਲ ਦਿਤੀ ਹੈ, ਉਨ੍ਹਾਂ ਦੀ ਸੱਚੀ ਸਖ਼ਸ਼ੀਅਤ ਦੀ। ਇਹੋ ਜਿਹੀ ਜ਼ਬਤ, ਜ਼ਾਬਤੇ ਤੇ ਗੁਰਸਿੱਖੀ ਵਿਚ ਰਹਿਣ ਵਾਲੀ ਨੇਕ ਰੂਹ (ਅੱਜ ਤੋਂ ਪੰਜ ਸਾਲ ਪਹਿਲਾਂ, 95 ਸਾਲ ਦੀ ਉਮਰ ਵਿਚ) ਗੁਰੂ ਗੋਦ ਵਿਚ ਜਾ ਬਿਰਾਜੀ। ਹਰ ਵੇਲੇ ਇਹ ਕਹਿਣ ਨੂੰ ਜੀਅ ਕਰਦਾ ਹੈ-
ਮਾਂ ਨੀ ਮਾਂ, ਤੈਥੋਂ ਸਦਕੇ ਜਾਂ, ਤੇਰੇ ਚਰਨਾਂ ਵਿਚ ਹਰ ਪਲ ਮੇਰੀ ਥਾਂ।
ਸੰਪਰਕ : 8872006924