
ਬਾਪਸੀ ਸਿੱਧਵਾ ਦੇ ਨਾਵਲ ਕ੍ਰੈਂਕਿੰਗ ਇੰਡੀਆ (ਆਈਸ ਕੈਂਡੀ ਮੈਨ) ਤੇ ਅਧਾਰਿਤ ਦੀਪਾ ਮਹਿਤਾ ਦੀ ਇਕ ਫ਼ਿਲਮ ਆਈ ਸੀ। ਇਹ ਫ਼ਿਲਮ ਆਮਿਰ ਖ਼ਾਨ, ਨੰਦਿਤਾ ਦਾਸ ਦੀ '1947 ਅਰਥ' ਸੀ।
ਬਾਪਸੀ ਸਿੱਧਵਾ ਦੇ ਨਾਵਲ ਕ੍ਰੈਂਕਿੰਗ ਇੰਡੀਆ (ਆਈਸ ਕੈਂਡੀ ਮੈਨ) ਤੇ ਅਧਾਰਿਤ ਦੀਪਾ ਮਹਿਤਾ ਦੀ ਇਕ ਫ਼ਿਲਮ ਆਈ ਸੀ। ਇਹ ਫ਼ਿਲਮ ਆਮਿਰ ਖ਼ਾਨ, ਨੰਦਿਤਾ ਦਾਸ ਦੀ '1947 ਅਰਥ' ਸੀ। ਇਸ ਫ਼ਿਲਮ ਦਾ ਸੰਵਾਦ ਹੈ, ''ਦੇਸ਼ ਦੇ ਦੋ ਟੁਕੜੇ ਕਰ ਦਿਤੇ, ਕਹਿੰਦੇ ਨੇ ਇੰਡੀਪੈਂਡੈਂਸ!''
ਭਾਰਤ-ਪਾਕਿਸਤਾਨ ਵੰਡ ਅਤੇ ਸਰਹੱਦ ਨੂੰ ਵੇਖਣ ਦੇ ਦੋ ਨਜ਼ਰੀਏ ਹਨ। ਜਿਹੜੇ ਲੋਕਾਂ ਦਾ ਸਿੱਧਾ ਸਬੰਧ ਇਸ ਭੂਗੋਲਿਕ ਖ਼ਿੱਤੇ ਨਾਲ ਨਹੀਂ ਉਨ੍ਹਾਂ ਲਈ ਤਾਂ ਇਹ ਭਾਰਤ-ਪਾਕਿਸਤਾਨ ਦੀ ਸਰਹੱਦ ਹੈ ਪਰ ਜਿਹੜੇ ਲੋਕ ਇਸ ਵੰਡ ਦੇ ਗਵਾਹ ਬਣੇ, ਉਜੜੇ, ਬੇਗ਼ਾਨੀ ਧਰਤੀ ਦੇ ਵਸਨੀਕ ਬਣ ਗਏ ਉਨ੍ਹਾਂ ਲਈ ਇਹਦੇ ਅਰਥ ਹੋਰ ਹਨ। ਉਨ੍ਹਾਂ ਲਈ ਇਹ ਦੇਸ਼ ਪੰਜਾਬ ਹੈ। ਉਨ੍ਹਾਂ ਲਈ ਵੰਡਿਆ ਪੰਜਾਬ ਹੈ ਅਤੇ ਉਨ੍ਹਾਂ ਲਈ ਸਾਂਝਾ ਪੰਜਾਬ ਹੈ। ਲਹਿੰਦੇ ਤੇ ਚੜ੍ਹਦੇ ਪੰਜਾਬ 'ਚ ਲਟਕਦਾ ਵਜੂਦ ਬਾਰਡਰਾਂ ਨੂੰ ਤੋੜ ਦੇਣਾ ਚਾਹੁੰਦਾ ਹੈ। ਲੋਕ ਕਹਿੰਦੇ ਹਨ ਕਿ ਬੇਸ਼ੱਕ ਭਾਰਤ ਅਤੇ ਪਾਕਿਸਤਾਨ ਦੋ ਦੇਸ਼ ਹੋ ਗਏ ਹਨ ਅਤੇ ਬੇਸ਼ੱਕ ਇਹ ਇੰਜ ਹੀ ਰਹਿਣ ਪਰ ਕੀ ਇਕ ਦੂਜੇ ਦੇ ਦੇਸ਼ ਆਉਣ ਜਾਣ ਦੀ ਖੁੱਲ੍ਹ ਨਹੀਂ ਹੋ ਸਕਦੀ ਤਾਕਿ ਜਦੋਂ ਦਿਲ ਆਵੇ ਅਸੀ ਅਪਣੇ ਬਾਬੇ ਨਾਨਕ ਦੀ ਧਰਤੀ ਵੇਖ ਆਈਏ।
ਪਰ ਤਵਾਰੀਖ਼ ਦੀ ਕਾਲੀ ਚਾਦਰ ਥੱਲੇ ਬਹੁਤ ਕੁੱਝ ਅਜਿਹਾ ਦਫ਼ਨ ਹੈ ਜੋ ਨਾ ਭਲਾਉਣਯੋਗ ਹੈ। ਇਸ ਅਰਥ ਦੀ ਬਿਹਤਰ ਤਰਜ਼ਮਾਨੀ ਪੰਜਾਬੀ ਫ਼ਿਲਮ 'ਅੰਗਰੇਜ਼' ਦੇ ਇਕ ਸੰਵਾਦ ਰਾਹੀਂ ਸਮਝੀਏ ਤਾਂ:
“ਫੇਰ ਅਜ਼ਾਦੀ ਫੈਲ ਗਈ।''
''ਅਜ਼ਾਦੀ ਫੈਲ ਗਈ? ਅਜ਼ਾਦੀ ਫੈਲੀ ਨੀ ਬਾਪੂ ਮਿਲੀ ਸੀ।''
''ਪੁੱਤਰਾ ਸਾਡੇ ਲਈ ਤਾਂ ਫੈਲੀ ਹੀ ਸੀ।”
ਆਖ਼ਰ ਇਹ ਆਜ਼ਾਦੀ ਬਹੁਤ ਸਾਰੇ ਲੋਕਾਂ ਲਈ ਕਿਸੇ ਰੋਗ ਦੇ ਫੈਲਣ ਵਰਗੀ ਹੀ ਸੀ। ਬਹੁਤੇ ਦਿਲਾਂ 'ਚ ਇਹ ਭਾਰਤ-ਪਾਕਿਸਤਾਨ ਨਹੀਂ ਹੈ। ਉਨ੍ਹਾਂ ਲਈ ਇਹ ਤਾਂ ਪੰਜਾਬ ਦੀ ਵੰਡ ਹੋਈ ਹੈ। ਇਸੇ ਸਰਹੱਦਾਂ ਦੀ ਕਹਾਣੀ ਹਰ ਫ਼ਿਲਮਸਾਜ਼ ਨੇ ਅਪਣੇ ਨਜ਼ਰੀਏ ਮੁਤਾਬਕ ਕਹੀ ਹੈ। ਰਾਜ ਕਪੂਰ ਨੇ ਇਸ ਦੀ ਕਲਪਨਾ ਫ਼ਿਲਮ 'ਹੀਨਾ' ਦੇ ਰੂਪ 'ਚ ਕੀਤੀ ਸੀ ਅਤੇ ਦੋਸਤੀ ਭਰੇ ਸਬੰਧ ਖੜੇ ਕਰਨ ਦੀ ਕੋਸ਼ਿਸ਼ ਕੀਤੀ ਸੀ। ਕਾਰਗਿਲ ਜੰਗ ਦੌਰਾਨ ਭਾਰਤ ਪਾਕਿਸਤਾਨ ਸਬੰਧ ਕਾਫ਼ੀ ਨਾਜ਼ੁਕ ਸਨ ਤਾਂ ਉਨ੍ਹਾਂ ਸਮਿਆਂ 'ਚ ਜੇ.ਪੀ ਦੱਤਾ ਦੀ ਆਈ ਫ਼ਿਲਮ 'ਰਿਫ਼ਿਊਜੀ' ਅਸਫ਼ਲ ਰਹੀ ਕਿਉਂਕਿ ਲੋਕਾਂ ਦੇ ਦਿਲਾਂ ਅੰਦਰ ਦੋਸਤੀ ਪਹੁੰਚਾਉਣ ਵਾਲਾ ਨੁਕਤਾ ਨਹੀਂ ਰਿਹਾ ਸੀ।
ਸਮਾਜ ਅਤੇ ਸਿਨੇਮਾ ਇਕ-ਦੂਜੇ ਦਾ ਅਸਰ ਇੰਜ ਕਬੂਲਦੇ ਹਨ। ਪਰ ਲੋਕ ਮਨਾਂ ਅੰਦਰ ਇਹ ਪ੍ਰੋਪੇਗੰਡਾ ਖੜਾ ਕਿੰਜ ਹੁੰਦਾ ਹੈ? ਇਸ ਨੂੰ ਕੌਣ ਕਾਬੂ ਕਰ ਰਿਹਾ ਹੈ ਅਤੇ ਨਿਰਦੇਸ਼ਤ ਕਰ ਰਿਹਾ ਹੈ ਇਸ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਕੂਟਨੀਤਕ ਜਾਂ ਸਿਆਸੀ ਦਾਅ-ਪੇਚ ਦੇਸ਼ਾਂ ਦੀ ਬੁਨਿਆਦ ਹੋ ਸਕਦੇ ਹਨ ਪਰ ਲੋਕਮਨਾਂ ਨੂੰ ਮਨੋਵਿਗਿਆਨਕ ਤੌਰ ਤੇ ਬਾਰਡਰ ਤੋੜਣੇ ਪੈਣਗੇ।
ਬਾਰਡਰ ਇਕ ਲਕੀਰ ਹੈ ਜੋ ਦੇਸ਼ ਸਿਰਫ਼ ਇਕ ਖ਼ਿਆਲ ਦੇ ਤੌਰ ਤੇ ਲੋਕ ਮਨਾਂ ਅੰਦਰ ਖੜਾ ਕਰ ਕੇ ਬਹੁਤ ਵੱਡੀ ਵਪਾਰਕ ਇਕਾਈ ਨੂੰ ਖੜਾ ਕਰਦਾ ਹੈ। ਬਾਰਡਰ ਦਾ ਹੋਣਾ ਸਿਰਫ਼ ਵਿੱਤੀ ਅਤੇ ਮੰਡੀ ਦੇ ਹਿੱਤ ਹਨ। ਇਸ ਨੂੰ ਬਹੁਤ ਖ਼ੂਬਸੂਰਤੀ ਨਾਲ ਗੁਰਦਾਸਪੁਰ ਦਾ ਲੇਖਕ ਨਿਰਮਲ ਨਿੰਮਾ ਲੰਗਾਹ ਅਪਣੀ ਸਵੈ-ਜੀਵਨੀ ਨੁਮਾ ਨਾਵਲ 'ਹਿੰਦ ਪਾਕਿ ਬਾਰਡਰਨਾਮਾ' 'ਚ ਪੇਸ਼ ਕਰਦਾ ਹੈ। ਬਾਰਡਰ ਤੋਂ ਪਾਰ ਮਾਨਸਿਕਤਾ ਨੂੰ ਸਮਝੀਏ ਤਾਂ ਬਾਰਡਰ ਭੂਗੋਲਿਕ ਤੌਰ ਤੇ ਤਾਂ ਇਕ ਨੁਕਤਾ ਹੈ ਪਰ ਉਹ ਹੋ ਚੁੱਕੀ ਵੰਡ ਸਾਡੇ ਅੰਦਰ ਕਈ ਤਰ੍ਹਾਂ ਦੀ ਵੰਡ ਪਾ ਗਈ ਹੈ।
ਇਹ ਨਜ਼ਰੀਆ ਸਿਨੇਮਾ ਅੰਦਰ ਜਿੱਥੇ ਗਰਮ ਹਵਾ, ਛਲੀਆ, ਮੰਟੋ, ਤਮਸ, 1947 ਅਰਥ, ਪਿੰਜਰ, ਭਾਗ ਮਿਲਖਾ ਭਾਗ, ਕਿਆ ਦਿੱਲੀ ਕਿਆ ਲਾਹੌਰ, ਖ਼ਾਮੋਸ਼ ਪਾਨੀ ਅਤੇ ਅਜਿਹੀਆਂ ਹੋਰ ਕਈ ਫ਼ਿਲਮਾਂ ਰਾਹੀਂ ਸਮਝ ਆਉਂਦਾ ਹੈ, ਉਥੇ ਦੂਜੇ ਪਾਸੇ ਏ ਵੇਡਨੇਸਡੇ, ਏਜੰਟ ਵਿਨੋਦ, ਬੇਬੀ ਅਤੇ ਫੈਂਟਮ ਵਰਗੀਆਂ ਹੋਰ ਕਈ ਫ਼ਿਲਮਾਂ ਹਨ।
ਅਜਿਹੇ 'ਚ ਸਮਾਜ ਦਾ ਉਹ ਸੰਦਰਭ ਜੋ ਜਜ਼ਬਾਤ ਨਾਲ ਸਰਾਬੋਰ ਹੈ, ਉਸ ਨੂੰ ਡੇਰਾ ਬਾਬਾ ਨਾਨਕ ਦੀ ਥਾਂ ਜਾ ਕੇ ਵੇਖਣ ਤਾਂ ਸਹੀ ਜਿੱਥੇ ਇਹ ਹੋਰ ਸੰਵੇਦਨਸ਼ੀਲ ਹੋ ਜਾਂਦਾ ਹੈ ਜਦੋਂ ਲੋਕ ਕਰਤਾਰਪੁਰ ਨੂੰ ਮੂੰਹ ਕਰ ਕੇ ਦੂਰਬੀਨਾਂ ਰਾਹੀਂ ਗੁਰਦਵਾਰਾ ਸਾਹਿਬ ਵੇਖਦੇ ਹਨ। ਪੰਜਾਬ ਨੂੰ ਇਕ ਵੇਖਣ ਦੀ ਇੱਛਾ ਪਾਲਣ ਵਾਲਿਆਂ ਲਈ ਰਾਵੀ ਦੇ ਕੰਢੇ ਅੱਥਰੂ ਨਿਕਲਣੇ ਸੁਭਾਵਕ ਗੱਲ ਹੈ। ਪਿਛਲੇ ਦਿਨਾਂ 'ਚ ਮਹਾਰਾਜਾ ਦਲੀਪ ਸਿੰਘ ਬਾਰੇ ਲਿਖਦੇ ਹੋਏ ਜਦੋਂ ਮੈਂ ਅਪਣੇ ਪਿਛੋਕੜ ਲਾਇਲਪੁਰ ਦਾ ਜ਼ਿਕਰ ਕੀਤਾ ਤਾਂ ਬਹੁਤੇ ਫ਼ੋਨ ਇਹੋ ਜਹੇ ਹੀ ਆਏ ਸਨ ਕਿ ਉਨ੍ਹਾਂ ਦਾ ਬਾਬਾ ਕਿੰਝ ਆਖਰੀ ਵਰ੍ਹੇ ਅਪਣੇ ਪਿੱਛੇ ਰਹਿ ਗਏ ਪਿੰਡ ਨੂੰ ਜਾਣ ਦੀ ਤਾਂਘ ਦਿਲ 'ਚ ਰੱਖੀ ਦੁਨੀਆਂ ਤੋਂ ਵਿਦਾ ਹੋ ਗਿਆ। ਜਿਵੇਂ ਗੁਲਜ਼ਾਰ ਸਾਹਬ ਕਹਿੰਦੇ ਨੇ:
ਕਿੱਸੇ ਲੰਮੇ ਨੇ ਲਕੀਰਾਂ ਦੇ
ਗੋਲੀ ਨਾਲ ਗੱਲ ਕਰਦੇ
ਬੋਲ ਚੁੱਭਦੇ ਨੇ ਵੀਰਾਂ ਦੇ
ਜੰਗ ਇਸ ਦੌਰ ਦੀ ਸੱਚਾਈ ਹੈ। ਇਹ ਸੱਚ ਹੈ ਹਿੰਸਾ ਹੁੰਦੀ ਰਹੇਗੀ। ਇਸ ਦਾ ਨਿੱਕੇ ਨਿੱਕੇ ਹਿੱਸਿਆਂ ਅੰਦਰ ਪਸਾਰਾ ਹੈ। ਬੰਦੇ ਦੇ ਅੰਦਰ, ਬੱਚੇ ਦੇ ਅੰਦਰ ਕਿੰਨੀ ਤਰ੍ਹਾਂ ਦੀ ਟੁੱਟ-ਭੱਜ ਹੈ। ਤਾਰੀਖ਼ਾਂ ਅੰਦਰ ਤਾਰੀਕਾਂ ਹਿੰਸਾ ਦੀ ਦੇਣ ਹਨ ਅਤੇ ਤਾਰੀਖ਼ਾਂ ਅੰਦਰ ਨਵੀਂਆਂ ਸਭਿਅਤਾਵਾਂ ਵੀ ਹਿੰਸਾ 'ਚੋਂ ਹੀ ਉਪਜੀਆਂ ਹਨ। ਹਿੰਸਾ ਨੂੰ ਅਣਗੋਲਿਆ ਕਰਨਾ ਸੰਭਵ ਨਹੀਂ ਰਿਹਾ। ਪਰ ਹਿੰਸਾ ਦਰ ਹਿੰਸਾ ਦੇ ਮਾਇਨੇ ਵੱਖੋ-ਵਖਰੇ ਹਨ। ਇਸ ਨੂੰ ਪਰਭਾਸ਼ਤ ਕਰਨ ਦੇ ਆਪੋ-ਅਪਣੇ ਅਧਾਰ ਹਨ। ਜ਼ਿੰਦਗੀ 'ਚ ਜੇ ਦਿਨ ਹੈ ਤਾਂ ਰਾਤ ਵੀ ਹੈ। ਕਾਲਾ ਹੈ ਤਾਂ ਚਿੱਟਾ ਵੀ ਹੈ। ਹਿੰਸਾ ਹੈ ਤਾਂ ਪਿਆਰ ਵੀ ਹੈ। ਇਥੇ ਇਕ ਸੰਕਲਪ ਇਹ ਵੀ ਹੈ ਕਿ ਜੇ ਕੋਈ ਰਾਹ ਨਾ ਬਚੇ ਤਾਂ ਹਥਿਆਰ ਚੁਕਣਾ ਵੀ ਪੁੰਨ ਦਾ ਕੰਮ ਹੁੰਦਾ ਹੈ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ। ਮੌਰੀਆ ਸਾਮਰਾਜ ਤੋਂ ਪਹਿਲਾਂ ਗਣਰਾਜ ਦੇ ਦੌਰ ਅੰਦਰ ਮਹਾਤਮਾ ਬੁੱਧ ਦੇ ਰਾਹ ਅੰਦਰ ਬੁੱਧ ਵੀ ਇਹੋ ਕਹਿੰਦੇ ਹਨ ਕਿ ਪਹਿਲਾ ਵਾਰ ਤੁਹਾਡਾ ਨਾ ਹੋਵੇ। ਕੋਸ਼ਿਸ਼ ਕਰੋ ਕਿ ਇਸ ਤੋਂ ਬਚਿਆ ਜਾਵੇ ਪਰ ਜਦੋਂ ਕੋਈ ਰਾਹ ਨਾ ਹੋਵੇ ਤਾਂ ਰਾਜ ਧਰਮ ਇਹੋ ਹੈ ਕਿ ਹਥਿਆਰ ਚੁੱਕੇ ਜਾਣ। ਇਹ ਹਵਾਲਾ ਪੰਡਿਤ ਜਵਾਹਰ ਲਾਲ ਨਹਿਰੂ ਅਪਣੀ ਕਿਤਾਬ 'ਡਿਸਕਵਰੀ ਆਫ ਇੰਡੀਆ' 'ਚ ਦਿੰਦੇ ਹਨ। ਪਰ ਹਿੰਸਾ ਦੇ ਨਾਲ ਨਾਲ ਪਿਆਰ ਵੀ ਹੈ। ਪਿਆਰ ਨਾਲ ਮਨੁੱਖਤਾ ਅਮਰ ਹੁੰਦੀ ਹੈ। ਰੱਬ ਮਿਲਦਾ ਹੈ। ਦੋਵੇਂ ਨੁਕਤੇ ਨਾਲੋ ਨਾਲ ਹੀ ਚਲਣਗੇ। ਸੋ ਇਹ ਫ਼ੈਸਲਾ ਸਾਡਾ ਹੈ ਕਿ ਅਸੀ ਕੀ ਕਰਨਾ ਹੈ। ਪਿਆਰ ਦੀ ਗੱਲ ਕਰਦੇ ਹੋਏ ਮਨੁੱਖਤਾ ਦਾ ਗਾਇਨ ਕਰਦੇ ਜਾਈਏ। ਪਰ ਸਿਆਸਤ ਏਨਾ ਫ਼ਲਸਫ਼ਾਨਾ ਨਹੀਂ ਸੋਚਦੀ। ਸੋ ਅਸੀ ਲੋਕ ਤਾਂ ਸੋਚ ਸਕਦੇ ਹਾਂ।
ਇਨ੍ਹਾਂ ਤ੍ਰਾਸਦੀਆਂ ਨੂੰ ਬਿਆਨ ਕਰਦੀਆਂ ਫ਼ਿਲਮਾਂ ਵੀ ਕੁੱਝ ਟਪਲਾ ਖਾ ਜਾਂਦੀਆਂ ਹਨ। ਇਹ ਸੋਚਿਆ ਸਮਝਿਆ ਹੈ ਜਾਂ ਇਤਫਾਕਨ ਇਸ ਬਹਿਸ ਤੋਂ ਪਾਰ ਮੈਂ ਅਪਣੀ ਗੱਲ ਰਖਣਾ ਚਾਹੁੰਦਾ ਹਾਂ। ਵੰਡ ਨੇ ਜੋ ਖ਼ੂਨੀ ਹੋਲੀ ਖੇਡੀ ਉਸ 'ਚ ਭੁਗਤਣਾ ਤਾਂ ਹਰ ਬੰਦੇ ਨੂੰ ਹੀ ਪਿਆ ਹੈ ਪਰ ਤ੍ਰਾਸਦੀਆਂ ਦੀ ਮੋਹਰ ਜਨਾਨੀਆਂ ਦੇ ਪਿੰਡੇ ਤੇ ਵਧੇਰੇ ਲੱਗੀ ਹੈ। ਅਜਿਹਾ ਦੁਨੀਆਂ ਦੀ ਹਰ ਨੁੱਕਰੇ, ਹਰ ਦੌਰ ਅੰਦਰ ਹੋਇਆ ਹੈ। 1947 ਵੀ ਇਸ ਤੋਂ ਬਚੀ ਨਹੀਂ ਸੀ। ਅਪਣੇ ਅੰਦਰ ਦਾ ਗੁੱਸਾ ਠੰਢਾ ਕਰਨ ਦਾ ਇਹੋ ਜ਼ਰੀਆ ਸੀ ਕਿ ਬੰਦਿਆਂ ਨੇ ਕੁੜੀਆਂ ਦੀ ਅਸਮਤ ਨੂੰ ਹੱਥ ਪਾਇਆ। ਉਨ੍ਹਾਂ ਦੇ ਅੰਦਰ ਦੇ ਜਾਨਵਰ ਨੂੰ ਠੰਢ ਕੁੜੀਆਂ ਦੀ ਇੱਜ਼ਤ ਲੁੱਟ ਕੇ ਹੀ ਮਿਲ ਰਹੀ ਸੀ। ਉਹ ਕੁੜੀਆਂ ਉਧਾਲ ਕੇ ਲੈ ਜਾਂਦੇ ਰਹੇ।
ਫ਼ਿਲਮ 1947 ਅਰਥ 'ਚ ਇਕ ਦ੍ਰਿਸ਼ ਹੈ ਜਿਥੇ ਦਿਲਨਵਾਜ਼ ਦੀਆਂ ਭੈਣਾਂ ਦਾ ਰੇਲਗੱਡੀ 'ਚ ਬਲਾਤਕਾਰ ਕੀਤਾ ਗਿਆ ਹੈ। ਉਹ ਮਰ ਗਈਆਂ ਹਨ। ਅਜਿਹੇ ਦੁੱਖ ਭਰੇ ਸਮੇਂ 'ਚ ਦਿਲਨਵਾਜ਼ ਕੋਲ ਅਫ਼ਸੋਸ ਕਰਨ ਆਈ ਹਿੰਦੂ ਕੁੜੀ ਚਾਂਦ ਬੀਬੀ ਨੂੰ ਦਿਲਨਵਾਜ਼ ਕਹਿੰਦਾ ਹੈ ਕਿ 'ਹਰ ਬੰਦੇ ਦੇ ਅੰਦਰ ਇਕ ਜਾਨਵਰ ਹੈ। ਉਹ ਜਾਨਵਰ ਬਾਹਰ ਨਾ ਆਵੇ ਇਸ ਲਈ ਉਸ ਨੂੰ ਪਹਿਲਾਂ ਹੀ ਠੰਢਾ ਕਰ ਦਿਉ।' ਇਹ ਕਹਿੰਦਾ ਦਿਲਨਵਾਜ਼ ਕੁੜੀ ਨੂੰ ਵਿਆਹ ਕਰਨ ਲਈ ਕਹਿੰਦਾ ਹੈ। ਪਰ ਕੁੜੀ ਕਿਸੇ ਹੋਰ ਮੁੰਡੇ ਨੂੰ ਚਾਹੁੰਦੀ ਹੈ ਸੋ ਉਹ ਦਿਲਨਵਾਜ਼ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਅਤੇ ਦਿਲਨਵਾਜ਼ ਉਸ ਮੁੰਡੇ ਨੂੰ ਵੀ ਮਾਰਦਾ ਹੈ ਅਤੇ ਕੁੜੀ ਨੂੰ ਭੀੜ ਦਾ ਆਗੂ ਬਣ ਕੇ ਚੁੱਕ ਲੈਂਦਾ ਹੈ। ਇਹ ਉਹੀ ਦਿਲਨਵਾਜ਼ ਹੈ ਜੋ ਉਸ ਮੁੰਡੇ ਅਤੇ ਕੁੜੀ ਨਾਲ ਪਹਿਲਾਂ ਹਸਦਾ ਖੇਡਦਾ ਮਿਲ ਕੇ ਰਹਿੰਦਾ ਹੈ ਪਰ ਉਸ ਦੀਆਂ ਭੈਣਾਂ ਦਾ ਅਤੇ ਮਾਪਿਆਂ ਦਾ ਅੰਮ੍ਰਿਤਸਰ ਤੋਂ ਮਰਿਆ ਆਉਣ ਮਗਰੋਂ ਉਹ ਬਦਲੇ ਦੀ ਭਾਵਨਾ 'ਚ ਚਲੇ ਗਿਆ ਅਤੇ ਉਹ ਅਪਣੇ ਮਿਲਵਰਤਣ ਵਾਲੇ ਪਿਛੋਕੜ ਤਕ ਨੂੰ ਭੁੱਲ ਗਿਆ ਹੈ।
(ਬਾਕੀ ਸਫ਼ਾ 2 ਤੇ)