
ਵੱਡੇ ਆਦਮੀ ਨੇ ਕਰਜ਼ਾ ਲੈਣਾ ਹੈ ਤਾਂ ਉਹ ਬੈਂਕ ਵਿਚ ਨਹੀਂ ਜਾਂਦਾ ਸਗੋਂ ਬੈਂਕ ਮੈਨੇਜਰ ਨੂੰ ਫ਼ੋਨ ਕਰਦਾ ਹੈ ਅਤੇ ਬੈਂਕ ਮੈਨੇਜਰ ਸਾਰੇ ਕਾਗ਼ਜ਼ ਪੱਤਰ
ਜਿਥੋਂ ਤਕ ਫ਼ਰਕ ਦਾ ਸਬੰਧ ਹੈ ਇਹ ਹੈ ਤਾਂ ਸਾਰੇ ਸੰਸਾਰ ਵਿਚ ਹੈ ਪਰ ਸਾਡੇ ਦੇਸ਼ ਵਿਚ ਤਾਂ ਇਹ ਕੁੱਝ ਜ਼ਿਆਦਾ ਹੀ ਹੈ। ਅੱਜ ਦੇਸ਼ ਵਿਚ ਹਰ ਕੋਈ ਵੱਡੇ ਨਾਲ ਖੜਾ ਹੋਣਾ ਚਾਹੁੰਦਾ ਹੈ, ਛੋਟੇ ਨਾਲ ਨਹੀਂ। ਇਕ ਬਾਬਾ ਨਾਨਕ ਹੀ ਹਨ ਜਿਹੜੇ ਛੋਟੇ ਨਾਲ ਖਲੋਤੇ। ਉਨ੍ਹਾਂ ਨੇ ਮਲਕ ਭਾਗੋ ਦੀ ਥਾਂ ਭਾਈ ਲਾਲੋ ਨੂੰ ਤਰਜੀਹ ਦਿਤੀ। ਉਨ੍ਹਾਂ ਨੇ ਖੀਰ ਪੂੜਿਆਂ ਦੀ ਥਾਂ ਬਾਜਰੇ ਦੀ ਰੋਟੀ ਨੂੰ ਪਸੰਦ ਕੀਤਾ ਅਤੇ ਨਾਲ ਹੀ ਗੁਰਬਾਣੀ ਵਿਚ ਵੀ ਲਿਖਿਆ
'ਨੀਚਾ ਅੰਦਰ ਨੀਚ ਜਾਤਿ ਨੀਚੀ ਹੂ ਅਤਿ ਨੀਚ£
ਨਾਨਕ ਤਿਨਕੇ ਸਾਥ ਸੰਗ ਵੱਡਿਆ ਸਿਉ ਕਿਆ ਚੀਸ£'
ਪਰ ਅਜਕਲ ਤਾਂ ਹਰ ਥਾਂ ਵੱਡੇ ਦੀ ਹੀ ਪੁਛਗਿੱਛ ਹੈ। ਛੋਟਾ ਤਾਂ ਸਿਰਫ਼ ਦਿਨ ਹੀ ਕੱਟ ਰਿਹਾ ਹੈ। ਜਿਸ ਤਰ੍ਹਾਂ ਵੱਡੀ ਮੱਛੀ ਛੋਟੀ ਮੱਛੀ ਨੂੰ ਖਾ ਜਾਂਦੀ ਹੈ, ਇਸੇ ਤਰ੍ਹਾਂ ਵੱਡਾ ਆਦਮੀ ਛੋਟੇ ਆਦਮੀ ਨੂੰ ਖਾ ਜਾਣਾ ਚਾਹੁੰਦਾ ਹੈ।
ਵੱਡੇ ਆਦਮੀ ਨੇ ਕਰਜ਼ਾ ਲੈਣਾ ਹੈ ਤਾਂ ਉਹ ਬੈਂਕ ਵਿਚ ਨਹੀਂ ਜਾਂਦਾ ਸਗੋਂ ਬੈਂਕ ਮੈਨੇਜਰ ਨੂੰ ਫ਼ੋਨ ਕਰਦਾ ਹੈ ਅਤੇ ਬੈਂਕ ਮੈਨੇਜਰ ਸਾਰੇ ਕਾਗ਼ਜ਼ ਪੱਤਰ ਅਤੇ ਅਪਣੇ ਅਮਲੇ ਨੂੰ ਲੈ ਕੇ ਉਸ ਦੇ ਘਰ ਪਹੁੰਚਦਾ ਹੈ। ਜਦੋਂ ਮੈਨੇਜਰ ਘਰ ਦੇ ਬਾਹਰ ਲੱਗੀ ਘੰਟੀ ਖੜਕਾਉਂਦਾ ਹੈ ਤਾਂ ਵੱਡਾ ਆਦਮੀ ਆਪ ਬਾਹਰ ਨਹੀਂ ਆਉਂਦਾ ਸਗੋਂ ਉਸ ਦਾ ਨੌਕਰ ਬਾਹਰ ਆਉਂਦਾ ਹੈ ਅਤੇ ਬਾਹਰ ਖੜੇ ਮੈਨੇਜਰ ਅਤੇ ਉਸ ਦੇ ਅਮਲੇ ਨੂੰ ਬਾਹਰ ਪਈਆਂ ਕੁਰਸੀਆਂ ਤੇ ਬੈਠਣ ਲਈ ਕਹਿ ਜਾਂਦਾ ਹੈ। ਫਿਰ ਬਾਅਦ ਵਿਚ ਆਪ ਆ ਕੇ ਅਪਣਾ ਹੁਕਮ ਸੁਣਾਉਂਦਾ ਹੈ ਕਿ ਮੈਨੂੰ ਏਨਾ ਕਰਜ਼ਾ ਚਾਹੀਦਾ ਹੈ। ਇਹ ਕਰਜ਼ਾ ਕੋਈ ਹਜ਼ਾਰਾਂ ਜਾਂ ਲੱਖਾਂ ਵਿਚ ਨਹੀਂ ਹੁੰਦਾ ਸਗੋਂ ਕਰੋੜਾਂ ਵਿਚ ਹੁੰਦਾ ਹੈ ਅਤੇ ਨਾਲ ਹੀ ਅਪਣਾ ਹੋਰ ਰੋਅਬ ਜਮਾਉਣ ਲਈ ਅਪਣੇ ਰਿਸ਼ਤੇਦਾਰਾਂ ਅਤੇ ਯਾਰਾਂ ਦੋਸਤਾਂ ਦੇ ਅਹੁਦਿਆਂ ਦਾ ਮਾਣ ਕਰਦਾ ਨਹੀਂ ਥਕਦਾ। ਮੈਨੇਜਰ ਸਾਰਾ ਕੇਸ ਤਿਆਰ ਕਰ ਕੇ ਉਸ ਦੇ ਕਰਜ਼ੇ ਦਾ ਚੈੱਕ ਤਿਆਰ ਕਰ ਕੇ ਘਰ ਦੇ ਕੇ ਆਉਂਦਾ ਹੈ। ਬਸ ਉਸ ਤੋਂ ਬਾਅਦ ਨਾ ਉਹ ਮੂਲ ਮੋੜਦਾ ਹੈ ਅਤੇ ਨਾ ਹੀ ਵਿਆਜ। ਜੇਕਰ ਕਦੇ ਕਦਾਈਂ ਕੋਈ ਉਸ ਤੋਂ ਕਿਸਤ ਲੈਣ ਦੀ ਗੱਲ ਕਰਦਾ ਵੀ ਹੈ ਤਾਂ ਉਹ ਅਪਣੀ ਬੇਇਜ਼ਤੀ ਕਰਵਾਉਂਦਾ ਹੈ ਅਤੇ ਨਾਲ ਹੀ ਉਸ ਨੂੰ ਘਰ ਭੇਜਣ ਦੇ ਦਬਕੇ ਮਾਰੇ ਜਾਂਦੇ ਹਨ। ਉਹ ਕਰੋੜਾਂ ਦੇ ਕਰਜ਼ੇ ਵਿਚ ਇਕ ਵੀ ਕਿਸਤ ਨਹੀਂ ਮੋੜਦਾ। ਇਸ ਦੇ ਬਾਵਜੂਦ ਵੀ ਨਾ ਕੋਈ ਉਸ ਦਾ ਵਾਰੰਟ ਨਿਕਲਦਾ ਹੈ ਅਤੇ ਨਾ ਹੀ ਉਸ ਦੀ ਕੁਰਕੀ ਕੀਤੀ ਜਾਂਦੀ ਹੈ ਸਗੋਂ ਉਲਟਾ ਉਸ ਦਾ ਕਰਜ਼ਾ ਮਾਫ਼ ਕਰਨ ਦੇ ਰਾਹ ਲੱਭੇ ਜਾਂਦੇ ਹਨ। ਉਹ ਚੋਣਾਂ ਵੀ ਲੜਦਾ ਹੈ, ਐਮ.ਐਲ.ਏ ਬਣਦਾ ਹੈ, ਮੰਤਰੀ ਬਣਦਾ ਹੈ ਜਾਂ ਹੋਰ ਕਈ ਉੱਚ ਅਹੁਦੇ ਪ੍ਰਾਪਤ ਕਰਦਾ ਹੈ। ਅਕਸਰ ਉਹ ਵੱਡਾ ਬਣਿਆ ਹੈ ਤਾਂ ਉਹ ਇਸ ਤਰ੍ਹਾਂ ਹੀ ਲੋਕਾਂ ਨਾਲ ਠੱਗੀਆਂ ਮਾਰ ਕੇ ਅਤੇ ਲੋਕਾਂ ਦਾ ਖ਼ੂਨ ਚੂਸ ਕੇ ਬਣਿਆ ਹੈ।
ਛੋਟੇ ਆਦਮੀ ਨੇ ਕਰਜ਼ਾ ਲੈਣਾ ਹੈ ਤਾਂ ਉਹ ਬੈਂਕ ਵਿਚ ਜਾਂਦਾ ਹੈ, ਬੈਂਕ ਵਾਲੇ ਦਬਕੇ ਮਾਰਦੇ ਹਨ। ਕਦੇ ਇਹ ਚੀਜ਼ ਲਿਆ ਕਦੇ ਉਹ ਚੀਜ਼ ਲਿਆ। ਉਸ ਦੇ ਕਈ ਗੇੜੇ ਮਰਵਾਏ ਜਾਂਦੇ ਹਨ, ਫਿਰ ਉਸ ਦੀ ਜੇਬ ਫਰੋਲੀ ਜਾਂਦੀ ਹੈ। ਉਸ ਨੇ ਕਰਜ਼ਾ ਵੀ ਪੰਜਾਹ ਹਜ਼ਾਰ ਲੈਣਾ ਹੈ, ਉਸ ਨੂੰ ਇਹ ਪੰਜਾਹ ਹਜ਼ਾਰ ਲੈਣ ਲਈ ਵੀ ਕਈਆਂ ਦੀਆਂ ਸਿਫ਼ਾਰਸ਼ਾਂ ਪਾਉਣੀਆਂ ਪੈਂਦੀਆਂ ਹਨ, ਫਿਰ ਜਾ ਕੇ ਉਸ ਦੇ ਪੱਲੇ ਸਿਰਫ਼ 40 ਹਜ਼ਾਰ ਹੀ ਪੈਂਦਾ ਹੈ। ਬਾਕੀ ਸਾਰਾ ਉਸ ਦਾ ਕਿਰਾਏ ਵਿਚ ਅਤੇ ਹੋਰ ਲੈਣ-ਦੇਣ ਵਿਚ ਲੱਗ ਜਾਂਦਾ ਹੈ। ਉਹ ਫਿਰ ਵੀ ਸ਼ੁਕਰ ਕਰਦਾ ਹੈ ਕਿ ਚਲੋ ਉਸ ਨੂੰ ਕਰਜ਼ਾ ਤਾਂ ਮਿਲ ਗਿਆ। ਉਹ ਅਪਣੀ ਸਮੇਂ ਸਿਰ ਕਿਸਤ ਵੀ ਦੇਂਦਾ ਹੈ, ਉਹ ਪੰਜਾਹ ਦੀ ਜਗ੍ਹਾ 40 ਹਜ਼ਾਰ ਲੈ ਕੇ 95 ਹਜ਼ਾਰ ਦੀਆਂ ਕਿਸਤਾਂ ਦੇ ਚੁੱਕਾ ਹੈ, ਸਿਰਫ਼ ਇਕ ਕਿਸਤ ਰਹਿ ਗਈ ਹੈ ਜੋ ਉਹ ਦੇ ਨਹੀਂ ਸਕਦਾ। ਉਸ ਦੇ ਵਾਰੰਟ ਨਿਕਲਦੇ ਹਨ, ਉਸ ਦੀ ਬੇਇਜ਼ਤੀ ਕੀਤੀ ਜਾਂਦੀ ਹੈ, ਉਸ ਦੀ ਜਾਇਦਾਦ ਕੁਰਕ ਕੀਤੀ ਜਾਂਦੀ ਹੈ। ਉਸ ਦੇ ਬੱਚੇ ਰੋਟੀ ਕਿਥੋਂ ਖਾਣਗੇ, ਉਹ ਕੀ ਕਰੇਗਾ, ਇਸ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਕਿਉਂਕਿ ਉਹ ਗ਼ਰੀਬ ਹੈ। ਉਸ ਨੇ ਲੋਕਾਂ ਦਾ ਗਲਾ ਨਹੀਂ ਘੁਟਿਆ, ਉਸ ਨੇ ਕਿਸੇ ਨਾਲ ਬੇਈਮਾਨੀ ਨਹੀਂ ਕੀਤੀ, ਜਿਸ ਕਾਰਨ ਉਹ ਵੱਡਾ ਨਹੀਂ ਬਣ ਸਕਿਆ।
ਕੋਈ ਵੱਡਾ ਕਿੰਨੀ ਵੀ ਘਟੀਆ ਗੱਲ ਕਰੇ, ਉਸ ਤੇ ਤਾੜੀਆਂ ਵਜਦੀਆਂ ਹਨ। ਉਸ ਦੀ ਬੱਲੇ-ਬੱਲੇ ਹੁੰਦੀ ਹੈ, ਉਸ ਨੂੰ ਕੁਰਸੀ ਦਿਤੀ ਜਾਂਦੀ ਹੈ। ਉਸ ਦੀ ਹਾਜ਼ਰੀ ਨਾਲ ਸਭਾ ਦੀ ਇੱਜ਼ਤ ਵਧਦੀ ਸਮਝੀ ਜਾਂਦੀ ਹੈ। ਛੋਟਾ ਆਦਮੀ ਜਿੰਨੀ ਮਰਜ਼ੀ ਵਧੀਆ ਗੱਲਾਂ ਕਰੀ ਜਾਵੇ ਉਸ ਦੀ ਗੱਲ ਵਲ ਧਿਆਨ ਹੀ ਨਹੀਂ ਦਿਤਾ ਜਾਂਦਾ। ਪਹਿਲੀ ਗੱਲ ਤਾਂ ਉਸ ਨੂੰ ਬੋਲਣ ਦਾ ਸਮਾਂ ਹੀ ਨਹੀਂ ਦਿਤਾ ਜਾਂਦਾ। ਉਸ ਨੂੰ ਸਮਾਂ ਦੇਣਾ ਸਮੇਂ ਦੀ ਬਰਬਾਦੀ ਸਮਝਿਆ ਜਾਂਦਾ ਹੈ। ਅਜਕਲ ਵੱਡਾ ਛੋਟਾ ਅਕਲ ਜਾਂ ਲਿਆਕਤ ਨਾਲ ਨਹੀਂ ਨਾਪਿਆ ਜਾਂਦਾ ਸਗੋਂ ਉਸ ਦੀ ਦੌਲਤ ਤੋਂ ਨਾਪਿਆ ਜਾ ਰਿਹਾ ਹੈ। ਦੁਨੀਆਂ ਸੋਚਦੀ ਹੈ ਜਿਸ ਕੋਲ ਵੱਧ ਦੌਲਤ ਹੈ, ਉਹੀ ਵੱਡਾ ਹੈ ਉਹੀ ਸਿਆਣਾ ਹੈ। ਵੱਡਾ ਆਦਮੀ ਮਰਦਾ ਹੈ, ਰੇਡੀਉ ਟੀ.ਵੀ. ਦੀਆਂ ਖ਼ਬਰਾਂ ਦਾ ਸ਼ਿੰਗਾਰ ਬਣ ਜਾਂਦਾ ਹੈ। ਅਖ਼ਬਾਰਾਂ ਵਿਚ ਖ਼ਬਰਾਂ ਛਪਦੀਆਂ ਹਨ। ਅਖ਼ਬਾਰ ਵਿਚ ਭੋਗ ਦੇ, ਕਿਰਿਆ ਦੇ ਇਸ਼ਤਿਹਾਰ ਛਪਦੇ ਨੇ। ਅਫ਼ਸੋਸ ਕਰਨ ਵਾਲਿਆਂ ਦੀਆਂ ਲਾਈਨਾਂ ਲੱਗ ਜਾਂਦੀਆਂ ਹਨ। ਉਸ ਦੇ ਨਾਂ ਤੇ ਸੜਕਾਂ ਦੇ ਸਕੂਲਾਂ ਦੇ ਕਾਲਜਾਂ ਦੇ ਨਾਂ ਰੱਖੇ ਜਾਂਦੇ, ਵਜ਼ੀਫ਼ੇ ਲਾਏ ਜਾਂਦੇ ਹਨ, ਵੱਡੇ ਸਮਾਰੋਹ ਕੀਤੇ ਜਾਂਦੇ ਹਨ। ਭੋਗ ਜਾਂ ਕਿਰਿਆ ਤੇ ਆਉਣ ਵਾਲੇ ਖ਼ਰਚੇ ਦੇ ਨਾਂ ਤੇ ਪੈਸੇ ਇਕੱਠੇ ਕੀਤੇ ਜਾਂਦੇ ਹਨ। ਹਰ ਕੋਈ ਵੱਧ ਚੜ੍ਹ ਕੇ ਇਸ ਤੋਂ ਆਉਣ ਵਾਲੇ ਖ਼ਰਚੇ ਵਿਚ ਹਿੱਸਾ ਪਾਉਣਾ ਚਾਹੁੰਦਾ ਹੈ। ਇਹ ਇਕੱਠ ਆਮਦਨ ਦਾ ਇਕ ਵਧੀਆ ਜ਼ਰੀਆ ਹੋ ਨਿਬੜਦਾ ਹੈ।
ਦੂਜੇ ਪਾਸੇ ਕੋਈ ਛੋਟਾ ਆਦਮੀ ਅਪਣੇ ਬੱਚਿਆਂ ਦਾ ਪੇਟ ਭਰਨ ਲਈ ਘਰੋਂ ਮਜ਼ਦੂਰੀ ਕਰਨ ਲਈ ਨਿਕਲਿਆ ਸੜਕ ਤੇ ਹਾਦਸੇ ਦਾ ਸ਼ਿਕਾਰ ਹੋ ਗਿਆ। ਕਿਸੇ ਨੂੰ ਕੋਈ ਪ੍ਰਵਾਹ ਨਹੀਂ। ਪੁਲਿਸ ਚੁੱਕ ਕੇ ਲੈ ਜਾਂਦੀ ਹੈ, ਉਸ ਨੂੰ ਲਾਵਾਰਿਸ ਕਹਿ ਕੇ ਫੂਕ ਦਿਤਾ ਜਾਂਦਾ ਹੈ। ਕੋਈ ਨਹੀਂ ਪਤਾ ਕਰਦਾ ਕਿ ਇਹ ਕੌਣ ਸੀ ਕਿਥੇ ਰਹਿੰਦਾ ਸੀ? ਨਾ ਕੋਈ ਭੋਗ ਜਾਂ ਕਿਰਿਆ ਦਾ ਇਸ਼ਤਿਹਾਰ ਛਪਿਆ ਨਾ ਕਿਤੇ ਕੋਈ ਖ਼ਬਰ ਆਈ ਨਾ ਕਿਸੇ ਅਫ਼ਸੋਸ ਕੀਤਾ। ਕਿਸੇ ਨੂੰ ਉਸ ਦੇ ਬੱਚਿਆਂ ਦਾ ਫ਼ਿਕਰ ਨਹੀਂ ਉਹ ਕੀ ਖਾਣਗੇ ਕਿਉਂਕਿ ਉਹ ਗ਼ਰੀਬ ਸੀ, ਉਹ ਪੈਦਲ ਤੁਰਿਆ ਜਾਂਦਾ ਸੀ ਉਸ ਦੇ ਕਪੜੇ ਚੰਗੇ ਨਹੀਂ ਸਨ।
ਅੱਜ ਨਵਾਂ ਸਾਲ ਹੈ ਵੱਡੇ ਆਦਮੀ ਦੀ ਕੋਠੀ ਸਜਾਈ ਜਾ ਰਹੀ ਹੈ, ਨਵਾਂ ਰੰਗ-ਰੋਗਨ ਕਰਵਾਇਆ ਗਿਆ ਹੈ। ਬਿਜਲੀ ਦੇ ਬਲਬਾਂ ਦੀਆਂ ਲੜੀਆਂ ਲਗਾਈਆਂ ਜਾ ਰਹੀਆਂ ਹਨ। ਮਹਿੰਗੇ ਤੋਂ ਮਹਿੰਗੇ ਕਾਰਡ ਨਵੇਂ ਸਾਲ ਦੀ ਵਧਾਈ ਦੇ ਆ ਰਹੇ ਹਨ। ਗੱਡੀਆਂ ਆ ਰਹੀਆਂ ਹਨ, ਜਿਨ੍ਹਾਂ ਵਿਚ ਫੁੱਲਾਂ ਦੇ ਗੁਲਦਸਤੇ ਅਤੇ ਹੋਰ ਤੋਹਫ਼ੇ ਰੱਖੇ ਹੋਏ ਹਨ। ਇਕ ਕਮਰੇ ਵਿਚ ਗੁਲਦਸਤੇ ਰੱਖੇ ਜਾ ਰਹੇ ਹਨ ਅਤੇ ਦੂਜੇ ਕਮਰੇ ਵਿਚ ਦੂਜੇ ਤੋਹਫ਼ੇ। ਤੋਹਫ਼ਿਆਂ ਦੇ ਡੱਬਿਆਂ ਤੇ ਅਪਣੀ ਪਛਾਣ ਲਈ ਪਰਚੀਆਂ ਲਗੀਆਂ ਹੋਈਆਂ ਹਨ। ਹਰ ਕੋਈ ਤੋਹਫ਼ੇ ਦੇ ਬਹਾਨੇ ਅਪਣੀ ਹਾਜ਼ਰੀ ਲਾਉਣੀ ਚਾਹੁੰਦਾ ਹੈ। ਕਈਆਂ ਵਿਚ ਕੀਮਤੀ ਚੀਜ਼ਾਂ ਹਨ ਅਤੇ ਕਈਆਂ ਨੇ ਬੜੇ ਤਰੀਕੇ ਨਾਲ ਨਵੇਂ ਨੋਟਾਂ ਦੀਆਂ ਥੱਦੀਆਂ ਭੇਟ ਕੀਤੀਆਂ ਹਨ।
ਛੋਟੇ ਆਦਮੀ ਵਾਸਤੇ ਤਾਂ ਨਵਾਂ ਪੁਰਾਣਾ ਸਾਲ ਇਕੋ ਜਿਹਾ ਹੀ ਹੁੰਦਾ ਹੈ, ਨਾ ਹੀ ਉਸ ਨੂੰ ਨਵੇਂ ਦੀ ਖ਼ੁਸ਼ੀ ਅਤੇ ਨਾ ਹੀ ਪੁਰਾਣੇ ਦਾ ਗ਼ਮ। ਉਸ ਨੂੰ ਨਾ ਕੋਈ ਵਧਾਈ ਦੇਣ ਆਉਂਦਾ ਹੈ ਅਤੇ ਨਾ ਹੀ ਉਹ ਕਿਸੇ ਨੂੰ ਦੇਣ ਜਾਂਦਾ ਹੈ। ਉਹ ਤਾਂ ਸਿਰਫ਼ ਅਪਣੀ ਤਾਣੀ ਵਿਚ ਹੀ ਉਲਝਿਆ ਰਹਿੰਦਾ ਹੈ। ਆਖ਼ਰਕਾਰ ਇਹ ਵੱਡੇ ਛੋਟੇ ਦਾ ਫ਼ਰਕ ਦੂਰ ਕਦੋਂ ਹੋਵੇਗਾ? ਉਹ ਇਹ ਸੋਚ ਕੇ ਹੀ ਗੁਜ਼ਾਰਾ ਕਰ ਲੈਂਦਾ ਹੈ ਕਿ ਸ਼ਾਇਦ ਕਦੇ ਵੀ ਨਹੀਂ। ਸੰਪਰਕ : 94646-96083