
ਸਮੁੱਚੇ ਵਿਸ਼ਵ ਦੀ ਤਰ੍ਹਾਂ ਭਾਰਤ ਵਿਚ ਵੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਸਮੁੱਚੇ ਕਾਰੋਬਾਰ
ਸਮੁੱਚੇ ਵਿਸ਼ਵ ਦੀ ਤਰ੍ਹਾਂ ਭਾਰਤ ਵਿਚ ਵੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਸਮੁੱਚੇ ਕਾਰੋਬਾਰ ਬੰਦ ਪਏ ਹਨ। ਇਨ੍ਹਾਂ ਹਾਲਾਤ ਵਿਚ ਭਾਰਤੀ ਉਦਯੋਗ ਜਗਤ ਕੇਂਦਰ ਸਰਕਾਰ ਤੋਂ 200 ਤੋਂ 300 ਬਿਲੀਅਨ ਡਾਲਰ ਦਾ ਰਾਹਤ ਦੀ ਪੈਕੇਜ ਮੰਗ ਰਿਹਾ ਹੈ। ਇਕ ਪਾਸੇ ਜਿਥੇ ਇਸ ਸੰਕਟ ਸਮੇਂ ਦੇਸ਼ ਦੀਆਂ ਕੰਪਨੀਆਂ ਦੇ ਆਰਥਕ ਤੌਰ ਉਤੇ ਪੈਰ ਹਿੱਲ ਗਏ ਹਨ ਤਾਂ ਦੂਜੇ ਪਾਸੇ ਭਾਰਤ ਦੇ ਪ੍ਰਿੰਟ ਮੀਡੀਆ ਨੂੰ ਵੀ ਆਰਥਕ ਤੌਰ ਉਤੇ ਵੱਡੇ ਝਟਕੇ ਲੱਗੇ ਹਨ। ਝਟਕਾ ਇਲੈਕਟ੍ਰਾਨਿਕ ਮੀਡੀਆ ਨੂੰ ਵੀ ਲੱਗਾ ਹੈ, ਪਰ ਪ੍ਰਿੰਟ ਮੀਡੀਆ ਦੀਆਂ ਮੁਸ਼ਕਲਾਂ ਇਲੈਕਟ੍ਰਾਨਿਕ ਮੀਡੀਆਂ ਨਾਲੋਂ ਜ਼ਿਆਦਾ ਗੰਭੀਰ ਹਨ।
ਪ੍ਰਿੰਟ ਮੀਡੀਆ ਖ਼ਾਸ ਕਰ ਕੇ ਖੇਤਰੀ ਭਾਸ਼ਾਈ ਅਖ਼ਬਾਰਾਂ ਇਸ ਸੰਕਟ ਸਮੇਂ ਵੀ ਕੇਂਦਰ ਤੇ ਸੂਬਾ ਸਰਕਾਰਾਂ ਵਲੋਂ ਕੋਰੋਨਾ ਵਾਇਰਸ ਵਿਰੁਧ ਲੜੀ ਜਾ ਰਹੀ ਲੜਾਈ ਵਿਚ ਹਰ ਪੱਖੋਂ ਸਾਥ ਦੇ ਰਿਹੈ ਜਦਕਿ ਤਾਲਾਬੰਦੀ ਕਾਰਨ ਸਮੁੱਚਾ ਸਿਸਟਮ ਜਾਮ ਹੋ ਕੇ ਰਹਿ ਗਿਆ ਹੈ। ਖੇਤਰੀ ਭਾਸ਼ਾਵਾਂ ਦੀਆਂ ਅਖ਼ਬਾਰਾਂ ਕਿਉਂਕਿ ਸਥਾਨਕ ਲੋਕਾਂ ਨਾਲ ਵਧੇਰੇ ਨੇੜਤਾ ਨਾਲ ਜੁੜੀਆਂ ਹੁੰਦੀਆਂ ਹਨ, ਇਸ ਲਈ ਖੇਤਰੀ ਭਾਸ਼ਾਈ ਅਖ਼ਬਾਰਾਂ ਨੇ ਵਿੱਤੀ ਵਸੀਲੇ ਸੀਮਤ ਹੋਣ ਦੇ ਬਾਵਜੂਦ ਲੋਕਾਂ ਨੂੰ ਜਾਗਰੂਕ ਕਰਨ ਵਿਚ ਅਪਣੀ ਅਹਿਮ ਡਿਊਟੀ ਹਰ ਖ਼ਤਰੇ ਦਾ ਮੁਕਾਬਲਾ ਸਹਿ ਕੇ ਨਿਭਾਈ ਹੈ।
ਇਸ ਸਮੇਂ ਦੌਰਾਨ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਖੇਤਰੀ ਭਾਸ਼ਾਈ ਅਖ਼ਬਾਰਾਂ ਨੂੰ ਹਰ ਤਰ੍ਹਾਂ ਦੀ ਵਿੱਤੀ ਮਦਦ ਜਿਵੇਂ ਇਸ਼ਤਿਹਾਰ ਤੇ ਪ੍ਰਿੰਟਿੰਗ ਸਮੱਗਰੀ ਉਪਰ ਲਗਦੇ ਟੈਕਸ, ਜੀ.ਐੱਸ.ਟੀ. ਆਦਿ ਘਟਾਉਣ ਦੇ ਰੂਪ ਵਿਚ ਦੇ ਕੇ ਉਨ੍ਹਾਂ ਦੀ ਇਸ ਸੰਕਟ ਸਮੇਂ ਮਦਦ ਕਰਨੀ
ਚਾਹੀਦੀ ਹੈ।
-ਹਰਪ੍ਰੀਤ ਸਿੰਘ ਲੇਹਿਲ, ਸੰਪਰਕ : 9814853861,
ਕਿਸਾਨ, ਕੋਰੋਨਾ ਤੇ ਕਣਕ
ਭਾਰਤ ਇਕ ਖੇਤੀ ਪ੍ਰਧਾਨ ਦੇਸ਼ ਹੈ ਤੇ ਇਸ ਦੀ ਅਰਥ ਵਿਵਸਥਾ ਖੇਤੀ ਉਤੇ ਨਿਰਭਰ ਕਰਦੀ ਹੈ। ਪੰਜਾਬ ਵੀ ਦੇਸ਼ ਦੇ ਅੰਨ ਭੰਡਾਰ ਵਿਚ ਪੂਰਾ ਯੋਗਦਾਨ ਪਾਉਂਦਾ ਆਇਆ ਹੈ। ਵਿਸਾਖ ਮਹੀਨੇ ਦੀ ਆਮਦ ਨਾਲ ਪੰਜਾਬ ਵਿਚ ਹਾੜੀ ਦੀ ਫ਼ਸਲ ਕਣਕ ਦੀ ਵਢਾਈ ਦਾ ਕੰਮ ਚੱਲ ਰਿਹਾ ਹੈ। ਇਸ ਸਮੇਂ ਪੰਜਾਬ ਸਰਕਾਰ ਅੱਗੇ ਸੱਭ ਤੋਂ ਵੱਡੀ ਸਮੱਸਿਆ ਇਸ ਫ਼ਸਲ ਦੀ ਖ਼ਰੀਦ ਬਣੀ ਹੋਈ ਹੈ ਕਿਉਂਕਿ ਜਿਥੇ ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਲਈ ਭੀੜ ਇਕੱਠਾ ਨਾ ਹੋਣ ਦੇ ਨਿਰਦੇਸ਼ ਦਿਤੇ ਜਾ ਰਹੇ ਹਨ, ਉਥੇ ਇਸ ਫ਼ਸਲ ਦੇ ਰੱਖ ਰਖਾਉ ਲਈ ਮੰਡੀਆਂ ਵਿਚ ਵੱਡੇ ਪੱਧਰ ਤੇ ਮਜ਼ਦੂਰਾਂ ਦੀ ਲੋੜ ਪੈਂਦੀ ਹੈ। ਪ੍ਰਵਾਸੀ ਮਜ਼ਦੂਰਾਂ ਤੇ ਤਾਂ ਪੂਰਨ ਪਾਬੰਦੀ ਲੱਗੀ ਹੋਈ ਹੈ, ਮੰਡੀਆਂ ਵਿਚ ਮਜ਼ਦੂਰਾਂ ਦੀ ਭੀੜ ਵੀ ਇਕੱਠੀ ਹੋ ਸਕਦੀ ਹੈ।
ਸਰਕਾਰ ਦੁਆਰਾ ਬੇਸ਼ਕ ਠੋਸ ਕਦਮ ਚੁੱਕੇ ਜਾ ਰਹੇ ਹਨ। ਬਹੁਤ ਸਾਰੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ। ਹਰ ਰੋਜ਼ ਇਕ ਕਿਸਾਨ ਨੂੰ ਇਕ ਟਰਾਲੀ ਮੰਡੀ ਵਿਚ ਲਿਆਉਣ ਦੇ ਨਿਰਦੇਸ਼ ਦਿਤੇ ਜਾ ਰਹੇ ਹਨ ਪਰ ਇਸ ਤਰ੍ਹਾਂ ਕਰਨ ਨਾਲ ਹਾੜ੍ਹੀ ਦਾ ਸ਼ੀਜ਼ਨ ਬਹੁਤ ਲੰਮਾਂ ਚੱਲ ਸਕਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੀ ਨੀਤੀ ਬਣਾਵੇ ਕਿ ਕਿਸਾਨ ਸਿੱਧਾ ਅਪਣੀ ਫ਼ਸਲ ਸ਼ੈਲਰਾਂ ਵਿਚ ਲਾਹ ਸਕਣ। ਇਸ ਨਾਲ ਮੰਡੀਆਂ ਵਿਚ ਹੋਣ ਵਾਲੀ ਭੀੜ ਨੂੰ ਰੋਕਿਆ ਜਾ ਸਕਦਾ ਹੈ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਸੁੱਕੀ ਫ਼ਸਲ ਸ਼ੈਲਰਾਂ ਵਿਚ ਲੈ ਕੇ ਜਾਣ। ਹਾਲੇ ਤਾਂ ਕਣਕ ਦੀ ਫ਼ਸਲ ਦਾ ਆਗ਼ਾਜ਼ ਹੋਇਆ ਹੈ, ਅੱਗੇ ਜਾ ਕੇ ਬਹੁਤ ਸਾਰੀਆਂ ਸਮੱਸਿਆਵਾਂ ਆ ਸਕਦੀਆਂ ਹਨ। ਇਸ ਲਈ ਸਰਕਾਰ ਤੇ ਕਿਸਾਨਾਂ ਨੂੰ ਆਪਸੀ ਤਾਲਮੇਲ ਬਣਾਉਣ ਦੀ ਲੋੜ ਹੈ ਤਾਕਿ ਕਿਸਾਨ ਅਪਣੀ ਫ਼ਸਲ ਸਹੀ ਤਰੀਕੇ ਨਾਲ ਵੇਚ ਸਕਣ ਤੇ ਕੋਰੋਨਾ ਵਾਇਰਸ ਉਤੇ ਵੀ ਕਾਬੂ ਪਾਇਆ ਜਾ ਸਕੇ।
-ਕਮਲ ਬਰਾੜ, ਸੰਪਰਕ : 73077-36899