
ਅੱਜ ਮੈਂ ਅਪਣੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ।
ਅੱ ਜ ਮੈਂ ਅਪਣੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ। ਮੈਂ ਇਕ ਕਾਮਰੇਡ ਘਰਾਣੇ ਵਿਚ ਜਨਮਿਆ। ਮੇਰੇ ਨਾਨਾ ਜੀ ਸੁਤੰਤਰਤਾ ਸੰਗਰਾਮੀ ਸਨ। ਉਨ੍ਹਾਂ ਨੇ ਜਲਿਆਂ ਵਾਲੇ ਬਾਗ਼ ਵਿਚ ਡਾਂਗਾਂ ਵੀ ਖਾਧੀਆਂ ਸਨ ਤੇ ਉਸ ਤੋਂ ਪਹਿਲਾਂ ਜੈਤੋਂ ਦੇ ਮੋਰਚੇ ਵਿਚ ਵੀ ਕੈਦ ਕੱਟ ਕੇ ਆਏ ਸਨ। ਮੇਰੇ ਪਿਤਾ ਜੀ ਕਾਮਰੇਡ ਪਾਰਟੀ ਨਾਲ ਜੁੜੇ ਹੋਏ ਸਨ ਤੇ ਇਸੇ ਤਰ੍ਹਾਂ ਮੈਂ ਵੀ 1981 ਵਿਚ ਪਾਰਟੀ ਦੀ ਪੱਕੀ ਮੈਂਬਰਸ਼ਿਪ ਲੈ ਲਈ ਸੀ ਤੇ ਕਈ ਸੰਘਰਸ਼ਾਂ ਵਿਚ ਸ਼ਾਮਲ ਹੁੰਦਾ ਰਹਿੰਦਾ ਸੀ।
jalewala bagh
ਮੈਂ ਪਾਰਟੀ ਵਿਚ ਇਕ ਵਰਕਰ ਦੇ ਤੌਰ ਉਤੇ ਕੰਮ ਕਰਦਾ ਸੀ ਨਾ ਕਿ ਲੀਡਰ ਵਜੋਂ। ਉਸ ਤੋਂ ਬਾਅਦ ਅਤਿਵਾਦ ਦਾ ਸਮਾਂ ਆ ਚੁੱਕਾ ਸੀ। ਕਾਮਰੇਡਾਂ ਦੇ ਲੀਡਰਾਂ ਨੂੰ ਬੜੀਆਂ ਮੁਸ਼ਕਲਾਂ ਵਿਚੋਂ ਲੰਘਣਾ ਪੈ ਰਿਹਾ ਸੀ। ਕਈ ਤਾਂ ਲੁੱਕ-ਛਿਪ ਕੇ ਦਿਨ ਕਟੀ ਕਰ ਰਹੇ ਸਨ ਅਤੇ ਕਈ ਅਤਿਵਾਦ ਵਿਰੁਧ ਅਪਣੇ ਘਰਾਂ ਉਤੇ ਮੋਰਚੇ ਬਣਾ ਕੇ ਡਟ ਗਏ ਸੀ। ਪਾਰਟੀ ਦੇ ਕੰਮਾਂ-ਕਾਰਾਂ ਵਿਚ ਖੜੋਤ ਆ ਗਈ ਸੀ।
darbar sahib
ਇਕ ਦੂਜੇ ਨਾਲ ਛੋਟੇ ਵਰਕਰਾਂ ਦਾ ਸੰਪਰਕ ਟੁਟ ਗਿਆ ਸੀ, ਪਾਰਟੀ ਅੰਦਰ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ। ਮੈਂ ਕਲੀਨ ਸ਼ੇਵ ਸੀ ਤੇ ਮੈਂ ਕਾਮਰੇਡਾਂ ਨਾਲ ਪੂਰੀ ਤਰ੍ਹਾਂ ਮਿਲ ਚੁਕਿਆ ਸੀ। ਸਾਲ 1984 ਵਿਚ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਉਤੇ ਹਮਲਾ ਹੋ ਚੁੱਕਾ ਸੀ। ਪਿੰਡਾਂ ਵਿਚ ਅਤਿਵਾਦ ਦੀ ਚਰਚਾ ਆਮ ਚਲਦੀ ਰਹਿੰਦੀ ਸੀ। 1 ਅਕਤੂਬਰ 1984 ਵਾਲੇ ਦਿਨ ਮੈਂ ਸਵੇਰੇ ਟਰਾਲੀ ਦਾ ਬੈਰਿੰਗ ਠੀਕ ਕਰਵਾਉਣ ਲਈ ਅੰਮ੍ਰਿਤਸਰ ਰਵਾਨਾ ਹੋਇਆ।
File Photo
ਮੇਰੇ ਕੋਲ ਟਰਾਲੀ ਦੇ ਟਾਇਰ ਦੀ ਹੱਬ ਸੀ ਜਿਸ ਵਿਚ ਬੈਰਿੰਗ ਸਾਈਜ਼ ਕਰਨੇ ਸਨ। ਮੈਂ ਸਵੇਰੇ 9 ਕੁ ਵਜੇ ਆਰਾਮ ਬਾਗ ਦੁਆਬੇ ਵਾਲਿਆਂ ਦੀ ਵਰਕਸ਼ਾਪ ਉਤੇ ਪਹੁੰਚਿਆ। ਮਕੈਨਿਕ ਨੇ ਮੈਨੂੰ ਕਿਹਾ ਕਿ ਕਾਕਾ ਇਸ ਨੂੰ ਠੀਕ ਕਰਨ ਲਈ 2 ਘੰਟੇ ਦਾ ਸਮਾਂ ਲੱਗੇਗਾ। ਤੂੰ ਕੋਈ ਜਲ ਪਾਣੀ ਛਕਣਾ ਹੈ ਜਾਂ ਕੋਈ ਬਜ਼ਾਰ ਦਾ ਕੰਮ ਕਰਨਾ ਹੈ ਤਾਂ ਕਰ ਲੈ। ਉਸ ਦੀ ਗੱਲ ਸੁਣ ਕੇ ਵਰਕਸ਼ਾਪ ਤੋਂ ਬਾਹਰ ਚਾਹ ਪੀਣ ਲਈ ਸੜਕ ਉਤੇ ਦੁਕਾਨ ਦੀ ਭਾਲ ਵਿਚ ਤੁਰ ਪਿਆ।
Police
ਜਦ ਮੈਂ ਚਾਹ ਦੀ ਦੁਕਾਨ ਲੱਭ ਰਿਹਾ ਸੀ ਤਾਂ ਮੇਰੇ ਉਪਰ ਅਚਾਨਕ ਪੁਲਿਸ ਨਾਕੇ ਵਾਲਿਆਂ ਦੀ ਨਿਗ੍ਹਾ ਪਈ। ਉਨ੍ਹਾਂ ਨੇ ਮੈਨੂੰ ਹੱਥ ਨਾਲ ਇਸ਼ਾਰਾ ਕਰ ਕੇ ਅਪਣੇ ਕੋਲ ਬੁਲਾਇਆ। ਜਦੋਂ ਮੈਂ ਉਨ੍ਹਾਂ ਕੋਲ ਗਿਆ ਤਾਂ ਪੁਲਿਸ ਵਾਲਿਆਂ ਨੇ ਮੈਥੋਂ ਪੁੱਛਗਿਛ ਸ਼ੁਰੂ ਕਰ ਦਿਤੀ ਕਿ ਕਿਥੋਂ ਆਇਐਂ, ਕਿਥੇ ਜਾਣੈ, ਕੀ ਕੰਮ ਕਰਦੈਂ, ਕਿਹੜਾ ਪਿੰਡ ਐ ਤੇਰਾ? ਮੈਂ ਇਹ ਸੁਣ ਕੇ ਸੱਭ ਕੁੱਝ ਦਸ ਦਿਤਾ ਕਿ ਮੈਂ ਕੌਣ ਹਾਂ, ਮੇਰੇ ਪਿੰਡ ਦਾ ਸਰਪੰਚ ਕੌਣ ਹੈ, ਕਿਹੜੇ ਪੰਚਾਇਤ ਮੈਂਬਰ ਹਨ, ਕੀ ਕੰਮ ਕਰਦਾ ਹਾਂ, ਕਿਹੜੀ ਪਾਰਟੀ ਨਾਲ ਸਬੰਧ ਰਖਦਾ ਹਾਂ।
Sikh
ਪਰ ਪੁਲਿਸ ਨੇ ਮੇਰੀ ਇਕ ਨਾ ਸੁਣੀ ਅਤੇ ਮੈਨੂੰ ਜੀਪ ਵਿਚ ਬਿਠਾ ਲਿਆ। ਮੈਂ ਡਰਦਾ ਜੀਪ ਵਿਚ ਬੈਠ ਗਿਆ। ਉਨੇ ਚਿਰ ਨੂੰ ਮੇਰੇ ਵਰਗੇ ਰਸਤੇ ਵਿਚ ਜਾਂਦੇ ਦੋ ਹੋਰ ਨੌਜੁਆਨ ਆ ਗਏ। ਉਨ੍ਹਾਂ ਨੂੰ ਆਵਾਜ਼ ਦੇ ਕੇ ਮੇਰੇ ਨਾਲ ਹੀ ਜੀਪ ’ਚ ਬਿਠਾ ਲਿਆ। ਪੁਲਿਸ ਵਾਲਿਆਂ ਨੇ ਕਿਸੇ ਦੀ ਕੋਈ ਗੱਲ ਨਾ ਸੁਣੀ। ਜੀਪ ਵਿਚ ਪੁਲਿਸ ਹਿਰਾਸਤ ਵਿਚ ਬੈਠਿਆਂ ਮੇਰੇ ਦਿਲ ਵਿਚ ਕਈ ਖਿਆਲ ਆ ਰਹੇ ਸਨ।
File Photo
ਥੋੜਾ ਸਮਾਂ ਬਾਅਦ ਸਾਨੂੰ ਤਿੰਨਾਂ ਨੂੰ ਥਾਣੇ ਲੈ ਗਏ। ਥਾਣੇ ਵਿਚ ਜਾਂਦਿਆਂ ਹੀ ਐਸ.ਐਸ.ਪੀ. ਪੁਛਗਿੱਛ ਕਰਨ ਲਈ ਬੈਠੇ ਸਨ। ਸਾਨੂੰ ਉਨ੍ਹਾਂ ਅੱਗੇ ਪੇਸ਼ ਕੀਤਾ ਗਿਆ। ਮੈਂ ਅਪਣਾ ਘਰ ਦਾ ਪਤਾ ਦਸਿਆ ਤੇ ਸਾਹਬ ਨੇ ਮੈਨੂੰ ਪੁਛਿਆ, ‘ਕਿਹੜੀ ਪਾਰਟੀ ਨੂੰ ਵੋਟਾਂ ਪਾਉਂਦੇ ਹੋ?’ ਮੈਂ ਉੱਤਰ ਦਿਤਾ ਕਿ ‘‘ਅਸੀ ਤਾਂ ਸ਼ੁਰੂ ਤੋਂ ਹੀ ਕਾਮਰੇਡ ਹਾਂ। ਤਿੰਨ ਪੁਸ਼ਤਾਂ ਤੋਂ ਕਾਮਰੇਡਾਂ ਨੂੰ ਹੀ ਵੋਟਾਂ ਪਾਉਂਦੇ ਆ ਰਹੇ ਹਾਂ।’’
Sikh
ਉਨ੍ਹਾਂ ਕਿਹਾ ਕਿ ‘‘ਕਾਕਾ ਮੈਂ ਤਾਂ ਤੈਨੂੰ ਛੱਡ ਦਿੰਦਾ, ਮੈਨੂੰ ਪਤੈ ਕਿ ਤੂੰ ਨਿਰਦੋਸ਼ ਹੈਂ। ਪਰ ਮੇਰੇ ਉਪਰ ਅਫ਼ਸਰ ਹੈ ਜੋ ਬਹੁਤ ਸਖ਼ਤ ਹੈ। ਥਾਣੇ ਅੰਦਰ ਬੈਠੋ ਥੋੜੇ ਸਮੇਂ ਬਾਅਦ ਤੈਨੂੰ ਛੱਡ ਦੇਵਾਂਗੇ।’’ ਇਸ ਤਰ੍ਹਾਂ ਦੂਸਰਿਆਂ ਦੀ ਵੀ ਪੁੱਛ-ਪੜਤਾਲ ਕਰ ਕੇ ਮੇਰੇ ਨਾਲ ਹੀ ਥਾਣੇ ਅੰਦਰ ਡੱਕ ਦਿਤਾ। ਇਸ ਤਰ੍ਹਾਂ ਹੌਲੀ-ਹੌਲੀ ਥਾਣੇ ਅੰਦਰ ਬਜ਼ਾਰਾਂ ਵਿਚੋਂ ਕਈ ਸਿੱਖ ਨੌਜੁਆਨ ਫੜ ਕੇ ਲਿਆਂਦੇ ਗਏ।
Punjab Police
ਸਵੇਰੇ ਤੋਂ ਸ਼ਾਮ ਤਕ ਤਿੰਨ ਸੋ ਨੌਜੁਆਨ ਥਾਣੇ ਡੱਕ ਦਿਤੇ ਗਏ। ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਉਨ੍ਹਾਂ ਕੀ ਕਸੂਰ ਹੈ ਤੇ ਉਨ੍ਹਾਂ ਨਾਲ ਕੀ ਵਾਪਰਨ ਵਾਲਾ ਹੈ। ਏਨੇ ਨੂੰ ਸ਼ਾਮ ਹੋ ਗਈ। ਕਿਸੇ ਨੂੰ ਚਾਹ, ਰੋਟੀ, ਪਾਣੀ ਕੁੱਝ ਨਾ ਦਿਤਾ ਗਿਆ ਤੇ ਰਾਤ ਨੂੰ ਸਿਰਫ਼ ਇਕ ਥਾਣੇ ਦੇ ਹਾਲ ਵਿਚ ਬੰਦ ਕਰ ਦਿਤਾ ਗਿਆ। ਅਸੂ ਦਾ ਮਹੀਨਾ ਸੀ। ਨਾ ਗਰਮੀ ਸੀ ਨਾ ਠੰਢ। ਰਾਤ ਬੜੀ ਚਿੰਤਾ ਵਿਚ ਲੰਘੀ।
Police
ਸਵੇਰੇ ਹੋਈ ਤਾਂ ਸਾਰਿਆਂ ਨੂੰ ਥਾਣੇ ਦੇ ਵਿਹੜੇ ਵਿਚ ਬਿਠਾ ਕੇ ਲਿਸਟਾਂ ਬਣਨੀਆਂ ਸ਼ੁਰੂ ਹੋ ਗਈਆਂ। ਉਥੇ ਡਿਊਟੀ ਅਫ਼ਸਰ ਤਾਂ ਅਨਪੜ੍ਹ ਵਰਗੇ ਸੀ। ਲਿਖਦੇ ਸਮੇਂ ਕਦੇ ਨਾਂ ਗ਼ਲਤ ਤੇ ਕਦੇ ਪਿੰਡ ਦਾ ਨਾਂ ਗ਼ਲਤ ਸਾਰਾ ਦਿਨ ਲਿਸ਼ਟਾਂ ਉਤੇ ਕੱਟਾ-ਵੱਢੀ ਹੁੰਦੀ ਰਹੀ। ਅਖ਼ੀਰ ਇਕ ਬੁੱਢਾ ਜਿਹਾ ਇੰਸਪੈਕਟਰ ਸਾਡੇ ਕੋਲ ਆਇਆ ਤੇ ਕਹਿਣ ਲੱਗਾ, ‘‘ਸਾਨੂੰ ਪਤਾ ਹੈ ਤੁਸੀ ਬੇਕਸੂਰ ਹੋ ਅਤੇ ਕੱਲ੍ਹ ਤੋਂ ਭੁੱਖੇ ਹੋ। ਅੱਜ ਮੈਂ ਤੁਹਾਨੂੰ ਰੋਟੀ ਜ਼ਰੂਰ ਖੁਆਵਾਂਗਾ ਭਾਵੇਂ ਮੈਨੂੰ ਅਪਣੇ ਪਲਿਉਂ ਪੈਸੇ ਖ਼ਰਚਣੇ ਪੈਣ।’’
Baba Kharak Singh
ਉਸ ਇੰਸਪੈਕਟਰ ਨੇ ਸਾਡੇ ਉਤੇ ਰਹਿਮ ਕੀਤਾ ਅਤੇ ਬਾਬਾ ਖੜਕ ਸਿੰਘ ਨੂੰ ਸੁਨੇਹਾ ਭੇਜਿਆ ਕਿ ਸਾਡੇ ਕੋਲ ਤਿੰਨ ਸੌ ਸਿੱਖ ਨੌਜੁਆਨ ਕੱਲ੍ਹ ਤੋਂ ਭੁੱਖੇ ਹਨ। ਲੰਗਰ ਛਕਾਉ। ਬਾਬਾ ਖੜਕ ਸਿੰਘ ਜੀ ਅੰਮ੍ਰਿਤਸਰ ਲੰਗਰ ਹਾਲ ਦੀ ਉਸਾਰੀ ਦੀ ਸੇਵਾ ਕਰਵਾ ਰਹੇ ਸਨ। ਉਨ੍ਹਾਂ ਨੇ ਸਾਡੇ ਲਈ ਗੁਰੂ ਘਰੋਂ ਲੰਗਰ ਲਿਆ ਕੇ ਪਹੁੰਚਾਇਆ ਤੇ ਸਾਨੂੰ ਥਾਣੇ ਅੰਦਰ ਲਾਈਨਾਂ ਲਗਾ ਕੇ ਛਕਾਇਆ।
Langar
ਉਨ੍ਹਾਂ ਕਿਹਾ ਕਿ ਜਿੰਨਾ ਮਰਜ਼ੀ ਛੱਕ ਲਉ, ਤੁਹਾਨੂੰ ਲੰਗਰ ਅੱਜ ਜੇਲ ਵਿਚ ਪਹੁੰਚ ਕੇ ਨਹੀਂ ਮਿਲੇਗਾ ਕਿਉਂਕਿ ਜੇਲ ਛੱਡ ਕੇ ਆਉਂਦਿਆਂ ਸਾਨੂੰ ਹਨ੍ਹੇਰਾ ਹੋ ਜਾਣਾ ਹੈ। ਜੇਲ ਵਿਚ ਖਾਣੇ ਦਾ ਸਮਾਂ ਲੰਘ ਜਾਣਾ ਹੈ। ਸਾਰੇ ਬੰਧਕਾਂ ਨੇ ਰੱਜ ਕੇ ਲੰਗਰ ਛੱਕ ਲਿਆ। ਪੁਲਿਸ ਨੇ ਰੋਡਵੇਜ਼ ਦੀਆਂ 5 ਬਸਾਂ ਲਿਆ ਕੇ ਥਾਣੇ ਦੇ ਗੇਟ ਅੱਗੇ ਖੜੀਆਂ ਕਰ ਦਿਤੀਆਂ। ਥਾਣੇ ਅੰਦਰੋਂ ਨੌਜੁਆਨਾਂ ਨੂੰ ਲਿਆ ਕੇ ਬਸਾਂ ਤੁੰਨ ਕੇ ਭਰ ਲਈਆਂ ਤੇ ਜੇਲ ਵਲ ਤੋਰ ਦਿਤੀਆਂ। ਸਾਨੂੰ ਉਸ ਸਮੇਂ ਪਤਾ ਲਗਾ ਜਦੋਂ ਅਸੀ ਸੈਂਟਰਲ ਜੇਲ ਅੰਮ੍ਰਿਤਸਰ ਦੇ ਦਰਵਾਜੇ ਅੱਗੇ ਜਾ ਉਤਰੇ।
Darbar Sahib
ਅਸੀ ਬੜੇ ਸਹਿਮੇ ਹੋਏ ਸੀ ਕਿ ਪਤਾ ਨਹੀਂ ਰਾਤ ਵੇਲੇ ਸਾਨੂੰ ਕਿਥੇ ਲੈ ਕੇ ਜਾ ਰਹੇ ਹਨ। ਸਾਰੇ ਨੌਜੁਆਨ 20 ਤੋਂ 30 ਸਾਲ ਉਮਰ ਤਕ ਦੇ ਸਨ ਤੇ ਵੱਖ-ਵੱਖ ਸੂਬਿਆਂ ਤੋਂ ਆਏ ਹੋਏ ਸਨ। ਕਈ ਤਾਂ ਰੋਂਦੇ ਕੁਰਲਾਉਂਦੇ ਵੀ ਸਨ ਤੇ ਕਾਫ਼ੀ ਡਰੇ ਹੋਏ ਸਨ। ਅਗਲੇ ਦਿਨ ਅਸੀ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿਚ ਪੜਿ੍ਹਆ ਕਿ ਸ੍ਰੀ ਹਰਿਮੰਦਰ ਸਾਹਿਬ ਅੰਦਰੋਂ 300 ਨੌਜੁਆਨ ਅਤਿਵਾਦੀ ਖ਼ਾਲਿਸਤਾਨੀ ਝੰਡਾ ਲਹਿਰਾਉਂਦੇ ਖ਼ਾਲਿਸਤਾਨ ਪੱਖੀ ਨਾਹਰੇ ਲਗਾਉਂਦੇ ਫੜੇ ਗਏ ਹਨ ਜਦੋਂ ਕਿ ਅਜਿਹਾ ਕੁੱਝ ਵੀ ਨਹੀਂ ਹੋਇਆ ਸੀ।
Darbar Sahib
ਪਤਾ ਨਹੀਂ ਅਖ਼ਬਾਰ ਨੇ ਸਾਡੇ ਹੱਥਾਂ ਵਿਚ ਝੰਡੇ ਦੀਆਂ ਫ਼ੋਟੋਆਂ ਕਿਵੇਂ ਵਿਖਾਈਆਂ ਜਦੋਂ ਕਿ ਫ਼ੋਟੋਆਂ ਤਾਂ ਥਾਣੇ ਦੇ ਅੰਦਰ ਸਾਰੇ ਮੁੰਡਿਆਂ ਨੂੰ ਲਾਈਨ ਵਿਚ ਬਿਠਾ ਕੇ ਲਈਆਂ ਗਈਆਂ ਸਨ। ਪਰ ਸਾਡੇ ਕੋਲ ਝੰਡੇ ਦਾ ਤਾਂ ਕੋਈ ਨਿਸ਼ਾਨ ਹੀ ਨਹੀਂ ਸੀ ਤੇ ਨਾ ਹੀ ਇਹ ਨੌਜੁਆਨ ਕਿਸੇ ਇਕ ਪਾਰਟੀ ਵਿਚ ਹੀ ਸ਼ਾਮਲ ਸਨ ਤੇ ਨਾ ਸਾਰਿਆਂ ਦੀ ਆਪਸ ਕੋਈ ਸੁਰ ਸਲਾਹ ਸੀ। ਜਦੋਂ ਅਗਲੇ ਦਿਨ ਜੇਲ ਵਿਚ ਭਾਰਤ ਦੇ ਵੱਖ-ਵੱਖ ਸ਼ਹਿਰਾਂ ਤੋਂ ਨੌਜੁਆਨਾਂ ਦੇ ਮਾਪੇ ਅਪਣੇ ਬਚਿਆਂ ਦੀ ਭਾਲ ਵਿਚ ਜੇਲ ਦੇ ਦਰਵਾਜ਼ੇ ਅੱਗੇ ਮੁਲਾਕਾਤਾਂ ਕਰਨ ਲਈ ਵਿਲਕ ਰਹੇ ਸੀ ਤਾਂ ਬੜਾ ਅਜੀਬ ਮਾਹੌਲ ਸੀ
Sikh
ਕਿਉਂਕਿ ਮਾਵਾਂ, ਭੈਣਾਂ, ਬਿਰਧ ਮਾਪੇ, ਔਰਤਾਂ, ਛੋਟੇ ਬੱਚੇ ਅਪਣਿਆਂ ਨੂੰ ਮਿਲਣ ਲਈ ਵਿਲਕ ਰਹੇ ਸਨ। ਉਸ ਤੋਂ ਬਾਅਦ 13 ਅਕਤੂਬਰ 1984 ਨੂੰ ਇਕ ਇਨਕੁਆਰੀ ਜੇਲ ਵਿਚੋਂ ਕੀਤੀ ਗਈ ਤੇ 113 ਨੌਜੁਆਨ ਜਿਹੜੇ ਪਹਿਚਾਣ ਪੱਤਰਾਂ ਵਾਲੇ ਸਨ ਤੇ ਨੌਕਰੀਆਂ ਕਰਦੇ ਸਨ, ਉਨ੍ਹਾਂ ਨੂੰ ਛੱਡ ਦਿਤਾ ਗਿਆ। ਸਾਰਿਆਂ ਉਪਰ 295ਏ, 153, 124 ਦਾ ਪਰਚਾ ਕਰਜ਼ ਕੀਤਾ ਹੋਇਆ ਸੀ। ਉਸ ਤੋਂ ਬਾਅਦ ਫਿਰ ਦੂਜੀ ਇਨਕੁਆਰੀ 26 ਅਕਤੂਬਰ 1984 ਨੂੰ ਕੀਤੀ ਗਈ, ਜਿਨ੍ਹਾਂ ਵਿਚੋਂ ਸਿਫ਼ਾਰਸ਼ੀ ਜਾਂ ਫਿਰ ਪੈਸਾ ਧੇਲਾ ਲੈ ਕੇ 142 ਨੌਜੁਆਨ ਜੇਲ ਵਿਚੋਂ ਰਿਹਾਅ ਕਰ ਦਿਤੇ ਤੇ ਬਾਕੀ ਉਹ 45 ਨੌਜੁਆਨ ਰਹਿ ਗਏ
jail
ਜਿਨ੍ਹਾਂ ਦਾ ਕੋਈ ਪੈਰਵੀ ਕਰਨ ਵਾਲਾ ਨਹੀਂ ਸੀ। ਉਨ੍ਹਾਂ ਨੌਜਵਾਨਾਂ ਨੂੰ 6 ਮਹੀਨੇ ਤਕ ਤਰੀਕਾਂ ਪੈਂਦੀਆਂ ਰਹੀਆਂ ਤੇ 45 ਦਿਨ ਜੇਲ ਦੀ ਹਵਾ ਛਕਣੀ ਪਈ। ਉਹ 45 ਨੌਜੁਆਨ ਜ਼ਮਾਨਤਾਂ ਕਰਵਾ ਕੇ ਜੇਲ ਤੋਂ ਬਾਹਰ ਆਏ। ਇਸ ਤਰ੍ਹਾਂ ਕਿਸੇ ਦੀ ਕੋਈ ਸੁਣਵਾਈ ਨਹੀਂ ਸੀ ਤੇ ਉਮਰ ਵੇਖ ਕੇ ਸਿੱਖ ਨੌਜੁਆਨਾਂ ਨੂੰ ਅਤਿਵਾਦੀ ਬਣਾ ਕੇ ਪੇਸ਼ ਕੀਤਾ ਜਾਂਦਾ ਸੀ। ਇਹ ਸੀ ਮੇਰੀ ਹੱਡਬੀਤੀ ਯਾਦ। ਇਸ ਤਰ੍ਹਾਂ ਵੇਖਿਆ ਅਸੀ ਕਾਲੇ ਦਿਨਾਂ ਦਾ ਦੌਰ ਕਿ ਕਿਵੇਂ ਸਿੱਖ ਨੌਜੁਆਨਾਂ ਨੂੰ ਅਤਿਵਾਦੀ ਬਣਾਇਆ ਜਾਂਦਾ ਸੀ। ਸੰਪਰਕ : 99153-01246