ਗਣਤੰਤਰ ਦਿਵਸ ਮੌਕੇ ਵਿਸ਼ੇਸ਼ : 26 ਜਨਵਰੀ ਦੀ ਮਹੱਤਤਾ ਦੇ ਕੁੱਝ ਅਹਿਮ ਪਹਿਲੂ

By : KOMALJEET

Published : Jan 25, 2023, 7:03 pm IST
Updated : Jan 25, 2023, 7:03 pm IST
SHARE ARTICLE
Representational Image
Representational Image

ਡਾ. ਬੀ.ਆਰ. ਅੰਬੇਦਕਰ ਅਤੇ ਉਨ੍ਹਾਂ ਦੀ ਅਗਵਾਈ ਹੇਠਲੀ ਟੀਮ ਨੂੰ ਭਾਰਤੀ ਸੰਵਿਧਾਨ ਤਿਆਰ ਕਰਨ ਲਈ ਕਿਹਾ ਗਿਆ ਸੀ।

26 ਜਨਵਰੀ ਨੂੰ ਸਾਡੇ ਦੇਸ਼ ਵਿਚ ਬੜੇ ਖ਼ੁਸ਼ੀਆਂ ਭਰੇ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਇਹ ਮਨਾਇਆ ਵੀ ਜਾਣਾ ਚਾਹੀਦਾ ਹੈ। ਆਖ਼ਰ ਇਸ ਦਿਨ ਇਸ ਮੁਲਕ ਦਾ ਸੰਵਿਧਾਨ ਲਾਗੂ ਹੋਇਆ ਸੀ। ਉਹ ਸੰਵਿਧਾਨ ਜਿਸ ਨੂੰ ਅਪਣੇ ਸਮਿਆਂ ਦੇ ਇਕ ਕਾਨੂੰਨਦਾਨ ਤੇ ਬੁਧੀਜੀਵੀ ਡਾ. ਬੀ.ਆਰ. ਅੰਬੇਦਕਰ ਨੇ ਅਪਣੀ ਟੀਮ ਨਾਲ ਰਲ ਕੇ ਬੜੀ ਮਿਹਨਤ ਅਤੇ ਸੂਝ-ਬੂਝ ਨਾਲ ਤਿਆਰ ਕੀਤਾ ਸੀ।

ਭਾਰਤੀ ਸੰਵਿਧਾਨ ਦੀ ਖ਼ੂਬੀ ਇਹ ਹੈ ਕਿ ਇਹ ਸਖ਼ਤ ਵੀ ਹੈ ਅਤੇ ਲਚਕਦਾਰ ਵੀ। ਸ਼ਾਇਦ ਇਸੇ ਲਈ ਲੋਕਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਇਸ ਵਿਚ ਕਈ ਸੋਧਾਂ ਹੋ ਚੁਕੀਆਂ ਹਨ। ਦਰਅਸਲ ਭਾਰਤ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਆਜ਼ਾਦ ਤਾਂ 15 ਅਗਸਤ 1947 ਨੂੰ ਹੀ ਹੋ ਗਿਆ ਸੀ ਅਤੇ ਉਸੇ ਸਮੇਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਸ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ। ਉਸ ਉਪਰੰਤ ਡਾ. ਬੀ.ਆਰ. ਅੰਬੇਦਕਰ ਅਤੇ ਉਨ੍ਹਾਂ ਦੀ ਅਗਵਾਈ ਹੇਠਲੀ ਟੀਮ ਨੂੰ ਭਾਰਤੀ ਸੰਵਿਧਾਨ ਤਿਆਰ ਕਰਨ ਲਈ ਕਿਹਾ ਗਿਆ ਸੀ।

ਸੰਵਿਧਾਨ ਦੀ ਮੁਕੰਮਲਤਾ ਤੋਂ ਬਾਅਦ ਇਸ ਦੇ ਲਾਗੂ ਹੋਣ ਨਾਲ ਇਸ ਦੇਸ਼ ਇਕ ਗਣਰਾਜ ਬਣ ਗਿਆ ਸੀ। ਲੋਕਤੰਤਰ ਦੇਸ਼ ਯਾਨੀ ਕਿ ਇੰਗਲੈਂਡ ਪਿਛੋਂ ਦੁਨੀਆਂ ਦਾ ਸੱਭ ਤੋਂ ਵੱਡਾ ਲੋਕਰਾਜੀ ਦੇਸ਼। ਅੱਜ ਭਾਰਤ ਆਪਣਾ 74 ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਹੁਣ ਪਹਿਲੀ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਗਣਰਾਜ ਦੇਸ਼ ਐਵੇਂ ਹੀ ਨਹੀਂ ਬਣਿਆ। ਇਸ ਲਈ ਭਾਰਤ ਵਾਸੀਆਂ ਨੂੰ ਇਸ ਦੀ ਬੜੀ ਵੱਡੀ ਕੀਮਤ ਦੇਣੀ ਪਈ ਹੈ ਅਤੇ ਇਹ ਕੀਮਤ ਕੋਈ ਇਕ ਅੱਧੇ ਸਾਲ ਤਕ ਨਹੀਂ ਸਗੋਂ ਲੰਮੇਂ ਵਰ੍ਹਿਆਂ ਤਕ ਤਾਰਨੀ ਪਈ ਹੈ। ਦੂਜੇ ਤੇ ਸਿੱਧੇ ਸ਼ਬਦਾਂ ਵਿਚ ਭਾਰਤ ਨੂੰ ਇਕ ਗਣਰਾਜ ਦਾ ਰੁਤਬਾ ਹਾਸਲ ਕਰਨ ਲਈ ਵਰ੍ਹਿਆਂ ਬੱਧੀ ਸੰਘਰਸ਼ ਕਰਨਾ ਪਿਆ ਹੈ ਅਤੇ ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂ ਹਨ। ਯਾਨੀ ਇਹ ਕੁੱਝ ਇਸ ਨੂੰ ਐਵੇਂ ਨਹੀਂ ਮਿਲ ਗਿਆ।

ਇਸ ਲਈ ਭਾਰਤੀਆਂ ਨੂੰ ਬਹੁਤ ਕੁੱਝ ਗੁਆਉਣਾ ਵੀ ਪਿਆ ਹੈ। ਇਹ ਇਕ ਲੰਮਾ ਇਤਿਹਾਸ ਹੈ। ਅਸਲ ਵਿਚ ਇਸੇ ਇਤਿਹਾਸ ਨੂੰ ਇਸ ਛੱਬੀ ਜਨਵਰੀ ਵਾਲੇ ਦਿਨ ਚੇਤੇ ਕੀਤਾ ਜਾਂਦਾ ਹੈ। ਉਂਝ ਵੀ ਮੁਸੀਬਤਾਂ ਦੇ ਪਹਾੜ ਸਰ ਕਰਨ ਤੋਂ ਬਾਅਦ ਪ੍ਰਾਪਤ ਹੋਈ ਜਿੱਤ ਤੁਹਾਨੂੰ ਸਰੂਰ ਤਾਂ ਦਿੰਦੀ ਹੀ ਹੈ ਨਾਲ ਹੀ ਅੱਗੋਂ ਵੀ ਇਸ ਰਾਹ ਉਤੇ ਤੁਰਨ ਲਈ ਹੌਸਲਾ ਵਿਖਾਉਂਦੀ ਹੈ। ਇਸ ਵਿਚ ਦੋ ਰਾਵਾਂ ਨਹੀਂ ਕਿ ਪਹਿਲਾਂ ਭਾਰਤ ਉਤੇ ਮੁਗ਼ਲ ਰਾਜੇ ਹਕੂਮਤ ਕਰਦੇ ਰਹੇ ਅਤੇ ਫਿਰ ਅੰਗਰੇਜ਼ਾਂ ਨੇ ਇਸ ਨੂੰ ਹਥਿਆ ਲਿਆ। 

ਅੰਗਰੇਜ਼ ਕੂਟਨੀਤਕਾਂ ਨਾਲੋਂ ਚਤਰ ਚਲਾਕ ਅਤੇ ਵਪਾਰੀ ਵਧੇਰੇ ਸਨ। ਉਹ ਭਾਰਤ ਵਿਚ ਆਏ ਤਾਂ ਈਸਟ ਇੰਡੀਆ ਕੰਪਨੀ ਰਾਹੀਂ ਚਾਹ ਵੇਚਣ ਸਨ ਪਰ ਜਦੋਂ ਉਨ੍ਹਾਂ ਨੇ ਭਾਰਤ ਨੂੰ ਹਰ ਪੱਖੋਂ ਭਰਾ-ਭਰਪੂਰ ਵੇਖਿਆ ਤਾਂ ਲਾਲਚਵੱਸ ਉਥੇ ਹੀ ਟਿਕ ਗਏ। ਗੱਲ ਬੜੀ ਦਰੁਸਤ ਸੀ। ਇਕ ਤਾਂ ਭਾਰਤ ਬੜਾ ਬਾਹੂਬਲੀ ਸੀ। ਇਸ ਦੇ ਸੂਰਬੀਰ ਯੋਧਿਆਂ ਨੇ ਹਮੇਸ਼ਾ ਮੁਗ਼ਲਾਂ ਨਾਲ ਟੱਕਰ ਲਈ। ਦੂਜਾ ਇਸ ਦੇ ਬਹੁਤ ਸਾਰੇ ਇਲਾਕੇ ਬੜੇ ਉਪਜਾਊ ਸਨ ਅਤੇ ਖੇਤ ਸੋਨਾ ਉਗਲਦੇ ਸਨ। ਤੀਜਾ ਭਾਰਤੀ ਲੋਕ ਬੜੇ ਮਿਹਨਤੀ ਅਤੇ ਦ੍ਰਿੜ ਤਾਂ ਸਨ ਹੀ ਸਗੋਂ ਮਰ ਮਿਟਣ ਵਾਲੇ ਵੀ ਅਤੇ ਲੋੜ ਵੇਲੇ ਵਫ਼ਾਦਾਰੀ ਵਿਖਾਉਣ ਵਾਲੇ ਸਨ।

ਅੰਗਰੇਜ਼ਾਂ ਨੇ ਹੌਲੀ-ਹੌਲੀ ਇਸ ਦੇਸ਼ ਉਤੇ ਕਬਜ਼ਾ ਕਰਨਾ ਸ਼ੁਰੂ ਕਰ ਦਿਤਾ। ਮਹਾਰਾਜਾ ਰਣਜੀਤ ਸਿੰਘ ਨਾਲ ਹੋਈ ਸੰਧੀ ਮੁਤਾਬਕ ਉਨ੍ਹਾਂ ਨੇ ਉਸ ਵੇਲੇ ਦੇਸ਼ ਪੰਜਾਬ ਨੂੰ ਨਹੀਂ ਸੀ ਛੇੜਿਆ। ਚੇਤੇ ਰਹੇ ਉਸ ਵੇਲੇ ਪੰਜਾਬ ਸੱਚੀ-ਮੁੱਚੀ ਦੇਸ਼ ਹੀ ਸੀ। ਇਸ ਵਿਚ ਪਾਕਿਸਤਾਨ, ਅਫ਼ਗ਼ਾਨਿਸਤਾਨ ਅਤੇ ਦਿੱਲੀ ਤਕ ਦੇ ਇਲਾਕੇ ਸ਼ਾਮਲ ਸਨ। ਅੰਗਰੇਜ਼ ਅੰਦਰੋ-ਅੰਦਰੀ ਇਸ ਇਲਾਕੇ ਉਤੇ ਕਬਜ਼ਾ ਕਰਨ ਲਈ ਚਾਲਾਂ ਵੀ ਖੇਡ ਰਹੇ ਸਨ ਅਤੇ ਇਸ ਵਿਚ ਉਹ ਉਦੋਂ ਕਾਮਯਾਬ ਹੋਏ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ। 

ਕਹਿ ਲਉ ਕਿ ਇਸ ਵੇਲੇ ਤਕ ਪੂਰਾ ਮੁਲਕ ਉਨ੍ਹਾਂ ਦੇ ਜੂਲੇ ਹੇਠ ਆ ਗਿਆ ਸੀ। ਉਨ੍ਹਾਂ ਨੇ ਇਸ ਅਮੀਰ ਮੁਲਕ ਨੂੰ ਹਰ ਪੱਖੋਂ ਲੁਟਿਆ ਵੀ ਤੇ ਕੁਟਿਆ ਵੀ ਅਤੇ ਕੁੱਝ ਪਹਿਲੂਆਂ ਤੇ ਜ਼ਲੀਲ ਵੀ ਕਰਨਾ ਸ਼ੁਰੂ ਕੀਤਾ, ਜਿਸ ਤੋਂ ਇਨ੍ਹਾਂ ਅੰਗਰੇਜ਼ਾਂ ਨੂੰ ਇਥੋਂ ਕੱਢਣ ਦੀ ਭਾਵਨਾ ਪਨਪਣ ਲੱਗੀ। ਇਸ ਵੇਲੇ ਤਕ ਕਾਂਗਰਸ ਨੇ ਵੀ ਅਪਣੇ ਪੈਰ ਕਾਫ਼ੀ ਹੱਦ ਤਕ ਜਮਾਂ ਲਏ ਸਨ।

1857 ਦੀ ਬਗ਼ਾਵਤ ਭਾਵੇਂ ਅੰਗਰੇਜ਼ਾਂ ਨੇ ਫ਼ੇਲ੍ਹ ਕਰ ਦਿਤੀ ਸੀ ਪਰ ਇਸ ਤੋਂ ਘੱਟੋ-ਘੱਟ ਉਨ੍ਹਾਂ ਨੂੰ ਇਹ ਅੰਦਾਜ਼ਾ ਲੱਗ ਗਿਆ ਸੀ ਕਿ ਉਨ੍ਹਾਂ ਨੂੰ ਇਕ ਦਿਨ ਦੇਰ-ਸਵੇਰ ਇਥੋਂ ਜਾਣਾ ਹੀ ਪਵੇਗਾ। ਆਜ਼ਾਦੀ ਦੇ ਪ੍ਰਵਾਨਿਆਂ ਵਿਚ ਦੇਸ਼ ਪਿਆਰ ਲਈ ਜੋਸ਼ ਇਸ ਤਰ੍ਹਾਂ ਵਧਣ ਲੱਗਾ ਸੀ ਕਿ ਉਨ੍ਹਾਂ ਸਾਹਮਣੇ ਇਕੋ-ਇਕ ਟੀਚਾ ਅੰਗਰੇਜ਼ ਦਾ ਇਥੋਂ ਬੋਰੀਆ ਬਿਸਤਰਾ ਗੋਲ ਕਰਨਾ ਬਣ ਗਿਆ ਇਸ ਲਈ ਭਾਵੇਂ ਉਨ੍ਹਾਂ ਨੂੰ ਅਪਣੀਆਂ ਜਾਨਾਂ ਵੀ ਕਿਉਂ ਨਾ ਵਾਰਨੀਆਂ ਪੈਣ।

ਇਸ ਦਾ ਸਿੱਟਾ ਇਹ ਹੋਣ ਲੱਗਾ ਕਿ ਜਿਉਂ ਜਿਉਂ ਦੇਸ਼ ਵਿਚ ਜੰਗੇ-ਆਜ਼ਾਦੀ ਦਾ ਮਾਹੌਲ ਉਸਰਨ ਲੱਗਾ ਤਿਉਂ ਤਿਉਂ ਅੰਗਰੇਜ਼ਾਂ ਨੇ ਅਪਣੀਆਂ ਵਧੀਕੀਆਂ ਦਾ ਦੌਰ ਵਧਾਉਣਾ ਸ਼ੁਰੂ ਕਰ ਦਿਤਾ ਪਰ ਦੇਸ਼ਭਗਤਾਂ ਨੂੰ ਇਸ ਦੀ ਕੋਈ ਫ਼ਿਕਰ ਨਹੀਂ ਸੀ। ਉਨ੍ਹਾਂ ਤਾਂ ਆਜ਼ਾਦੀ ਲਈ ਸਿਰਾਂ ਉਤੇ ਕੱਫਣ ਬੰਨ੍ਹੇ ਹੋਏ ਸਨ। ਉਹ ਅੰਗਰੇਜ਼ਾਂ ਨੂੰ ਪੈਰ ਪੈਰ ਉਤੇ ਵੰਗਾਰ ਰਹੇ ਸਨ। 1919 ਦੇ ਜਲਿਆਂ ਵਾਲੇ ਬਾਗ਼ ਦੀ ਘਟਨਾ ਅਤੇ 1923 ਵਿਚ ਭਗਤ ਸਿੰਘ ਨੂੰ ਫਾਂਸੀ ਨੇ ਬਲਦੀ ਉਤੇ ਘਿਉ ਦਾ ਕੰਮ ਕੀਤਾ।

ਸ਼ਹੀਦ ਊਧਮ ਸਿੰਘ ਵਰਗੇ ਜਾਂਬਾਜ਼ਾਂ ਨੇ ਜਦੋਂ ਲੰਦਨ ਜਾ ਕੇ ਭਰੇ ਹਾਲ ਵਿਚ ਜਲ੍ਹਿਆਂ ਵਾਲਾ ਬਾਗ਼ ਕਾਂਡ ਦੇ ਦੋਸ਼ੀ ਜਨਰਲ ਡਾਇਰ ਨੂੰ ਪਿਸਤੌਲ ਦੀਆਂ ਗੋਲੀਆਂ ਨਾਲ ਭੁੰਨਿਆ ਸੀ ਤਾਂ ਅੰਗਰੇਜ਼ਾਂ ਨੂੰ ਹੋਰ ਵੀ ਕੰਨ ਹੋ ਗਏ ਸਨ। ਆਖ਼ਰ ਉਕਤ ਨੇ ਭਾਰਤੀਆਂ ਅੱਗੇ ਹਥਿਆਰ ਸੁੱਟ ਦਿਤੇ ਸਨ ਅਤੇ ਇਹ ਦੇਸ਼ 70 ਵਰ੍ਹੇ ਪਹਿਲਾਂ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਮੁਕਤ ਹੋ ਗਿਆ ਸੀ। ਇਹ ਗੱਲ ਵਖਰੀ ਹੈ ਕਿ ਸਾਡੇ ਅਪਣੇ ਨੇਤਾਵਾਂ ਦੇ ਲਾਲਚ ਕਰ ਕੇ ਮੁਸਲਮਾਨਾਂ ਨੂੰ ਪਾਕਿਸਤਾਨ ਵਖਰਾ ਦੇਸ਼ ਦੇ ਦਿਤਾ ਗਿਆ।

ਦੂਜਾ ਇਸ ਦੀ ਕੀਮਤ ਦੇਸ਼ ਦੀ ਵੰਡ ਕਾਰਨ ਲੋਕਾਂ ਦੇ ਤਬਾਦਲੇ ਵੇਲੇ ਲਗਭਗ 10 ਲੱਖ ਜਾਨਾਂ ਇਕੋ ਵੇਲੇ ਕੁਰਬਾਨ ਕਰ ਕੇ ਚੁਕਾਉਣੀ ਪਈ। ਬਿਨਾਂ ਸ਼ੱਕ ਇਸ ਵਿਚ ਸਿੱਖ ਵੀ ਸਨ ਅਤੇ ਮੁਸਲਮਾਨ ਵੀ ਅਤੇ ਹੋਰ ਵੀ ਪਰ ਇਹ ਤਬਾਦਲਾ ਇਸ ਵੰਡ ਦੇ ਨਾਂ ਉਤੇ ਇਕ ਵੱਡਾ ਕਲੰਕ ਹੈ ਕਿਉਂਕਿ ਇਸ ਤਰ੍ਹਾਂ ਦਾ ਮਨੁੱਖੀ ਘਾਣ ਕਦੇ ਵੀ ਅਤੇ ਕਿਸੇ ਵੀ ਥਾਂ ਨਾ ਇਸ ਤੋਂ ਪਹਿਲਾਂ ਹੋਇਆ ਅਤੇ ਨਾ ਬਾਅਦ ਵਿਚ। 

ਇਹ ਇਕ ਵਖਰੀ ਕਹਾਣੀ ਹੈ ਪਰ ਯਕੀਨਨ ਦੇਸ਼ ਦੀ ਆਜ਼ਾਦੀ ਲਈ ਭਾਰਤੀਆਂ ਨੂੰ ਇਹ ਸੱਭ ਤੋਂ ਵੱਡੀ ਕੀਮਤ ਚੁਕਾਉਣੀ ਪਈ। ਇਸ ਕੀਮਤ ਵਿਚ ਇਹ ਕੁਰਬਾਨੀਆਂ ਵੀ ਸ਼ਾਮਲ ਹਨ ਜਿਨ੍ਹਾਂ ਵਿਚ ਦੇਸ਼ ਭਗਤਾਂ ਨੂੰ ਅਪਣੀਆਂ ਜਾਇਦਾਦਾਂ ਕੁਰਕ ਕਰਾਉਣੀਆਂ ਪਈਆਂ ਤੇ ਘਰ-ਬਾਰ ਛਡਣੇ ਪਏ। ਅਨੇਕਾਂ ਤਸੀਹੇ ਝਲਣੇ ਪਏ ਹਨ। ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿਚ ਦਿਨ ਲੰਘਾਉਣੇ ਪਏ ਹਨ। ਮਾਰਾਂ ਝਲੀਆਂ ਹਨ, ਮੁਕੱਦਮੇ ਲੜੇ ਹਨ, ਸ਼ਹਾਦਤਾਂ ਵੀ ਪ੍ਰਾਪਤ ਕੀਤੀਆਂ ਹਨ।

ਸਪੱਸ਼ਟ ਹੈ ਕਿ ਇਸ ਮੁਲਕ ਨੂੰ ਅੰਗਰੇਜ਼ਾਂ ਤੋਂ ਮੁਕਤੀ ਮਿਲ ਗਈ ਹੈ। ਹੁਣ ਸੱਭ ਆਜ਼ਾਦ ਭਾਰਤੀ ਹਨ। ਹਰ ਇਕ ਨੂੰ ਉਮਰ ਮੁਤਾਬਕ ਵੋਟ ਦਾ ਹੱਕ ਹੈ। ਪ੍ਰਗਟਾਵੇ ਦੀ ਆਜ਼ਾਦੀ ਹੈ, ਦੇਸ਼ ਉਤੇ ਪੜ੍ਹਾਈ ਦਾ ਅਧਿਕਾਰ ਹੈ, ਰੁਜ਼ਗਾਰ ਦਾ ਭਰੋਸਾ ਹੈ। ਅੰਗਰੇਜ਼ਾਂ ਵਲੋਂ ਲੁੱਟੇ-ਪੁੱਟੇ ਇਸ ਦੇਸ਼ ਨੂੰ ਬਿਨਾਂ ਸ਼ੱਕ ਆਜ਼ਾਦੀ ਪਿਛੋਂ ਨਵ-ਉਸਾਰੀ ਦੀ ਲੋੜ ਸੀ। ਉਸ ਵੇਲੇ ਦੇ ਨੇਤਾਵਾਂ ਦੇ ਮਨਾਂ ਵਿਚ ਦੇਸ਼ ਲਈ ਕੁੱਝ ਕਰ ਗੁਜ਼ਰਨ ਦੀ ਭਾਵਨਾ ਸੀ ਅਤੇ ਬਿਨਾਂ ਸ਼ੱਕ ਇਹ ਉਨ੍ਹਾਂ ਨੇ ਕੀਤਾ ਵੀ ਅਤੇ ਕਾਫ਼ੀ ਹੱਦ ਤਕ ਇਮਾਨਦਾਰੀ ਨਾਲ ਕੀਤਾ। 

ਸਮੇਂ ਦੀ ਤੋਰ ਨਾਲ ਭਾਰਤ ਵੀ ਦੂਜੇ ਦੇਸ਼ਾਂ ਵਿਚ ਵੀ ਥਾਂ ਬਣਨ ਲੱਗੀ। ਭਾਵੇਂ ਪਹਿਲੇ ਦਿਨੋਂ ਅਮਰੀਕਾ, ਚੀਨ ਅਤੇ ਪਾਕਿਸਤਾਨ ਨਾਲ ਅਸੀ ਅਪਣੀ ਸਾਂਝ ਨਹੀਂ ਬਣਾ ਸਕੇ। ਪਾਕਿਸਤਾਨ ਤੇ ਚੀਨ ਨਾਲ ਤਾਂ ਪਹਿਲੇ ਦਿਨੋਂ ਹੀ ਇੱਟ ਖੜਕਦੀ ਰਹੀ ਹੈ। ਫਿਰ ਵੀ ਸਮੇਂ-ਸਮੇਂ ਦੇ ਭਾਰਤੀ ਨੇਤਾਵਾਂ ਨੇ ਅਪਣੀ ਵਿਦੇਸ਼, ਸਨਅਤੀ ਅਤੇ ਹੋਰ ਯੋਜਨਾਵਾਂ ਸਦਕਾ ਮੁਲਕ ਨੂੰ ਤਰੱਕੀ ਦੇ ਰਾਹ 'ਤੇ ਤੋਰ ਦਿਤਾ ਹੈ। ਸ਼ਾਇਦ ਇਹੀਉ ਕਾਰਨ ਹੈ ਕਿ ਪਿਛਲੇ ਕੁੱਝ ਵਰ੍ਹਿਆਂ ਤੋਂ ਵਿਸ਼ਵ ਦੇ ਸੱਭ ਤੋਂ ਤਾਕਤਵਰ ਮੰਨੇ ਜਾਂਦੇ ਦੇਸ਼ ਅਮਰੀਕਾ ਨੇ ਵੀ ਭਾਰਤ ਵਲ ਕੁੱਝ ਜ਼ਿਆਦਾ ਹੀ ਦੋਸਤੀ ਦਾ ਹੱਥ ਵਧਾਉਣਾ ਸ਼ੁਰੂ ਕੀਤਾ ਹੈ।

ਬਹੁਤ ਸਾਰੇ ਵਿਕਸਤ ਮੁਲਕ ਭਾਰਤ ਨੂੰ ਅਪਣੇ ਬਰਾਬਰ ਦਾ ਮੰਨਣ ਲੱਗੇ ਹਨ ਅਤੇ ਇਸ ਵਿਚ ਕੋਈ ਦੋ ਰਾਵਾਂ ਵੀ ਨਹੀਂ। ਭਾਰਤ ਨੇ ਅਪਣੀ ਵਿਗਿਆਨਕ ਆਰਥਕ ਤੇ ਸਨਅਤੀ ਤਰੱਕੀ ਨਾਲ ਦਰਸਾ ਦਿਤਾ ਹੈ ਕਿ ਅੱਜ ਉਹ ਕਿਸੇ ਤੋਂ ਪਿਛੇ ਨਹੀਂ। ਇਹ ਵਖਰੀ ਗੱਲ ਹੈ ਕਿ ਜਦੋਂ ਵਿਕਾਸ ਤੇਜ਼ੀ ਨਾਲ ਹੋਣ ਲਗਦਾ ਹੈ ਤਾਂ ਉਸ ਦੇ ਨਾਲ ਨਾਲ ਕਈ ਤਰੁਟੀਆਂ ਵੀ ਖ਼ੁਦ-ਬ-ਖ਼ੁਦ ਪਨਪਣ ਲਗਦੀਆਂ ਹਨ ਜਿਵੇਂ ਤਰੱਕੀ ਦੀ ਲੀਹ ਤੁਰਦਾ ਤੁਰਦਾ ਇਹ ਮੁਲਕ ਸਿਰਫ਼ ਸੱਤਰ ਸਾਲ ਵਿਚ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਿਆ ਹੈ। 

ਸਿਆਸਤ ਪੈਸੇ ਦੀ ਖੇਡ ਬਣ ਗਈ ਹੈ। ਇਸ ਵਿਚ ਸੇਵਾ ਭਾਵਨਾ ਦੀ ਕੋਈ ਵੁੱਕਤ ਨਹੀਂ ਰਹਿ ਗਈ। ਵਸੋਂ ਉਤੇ ਕਾਬੂ ਨਹੀਂ ਪੈ ਰਿਹਾ। ਵੱਧ ਰਹੀ ਲਗਾਤਾਰ ਵਸੋਂ ਸਿਖਿਆ, ਸਿਹਤ ਤੇ ਰੁਜ਼ਗਾਰ ਵਰਗੀਆਂ ਸਹੂਲਤਾਂ ਵਿਚ ਵੱਡਾ ਰੋੜਾ ਬਣ ਗਈ ਹੈ। ਇਕ ਵੇਲੇ ਦੇ ਇਸ ਸ਼ਾਂਤ ਖਿੱਤੇ ਨੂੰ ਅਤਿਵਾਦ, ਮਾਉਵਾਦ ਨੇ ਗਰੱਸ ਲਿਆ ਹੈ। ਉਤਰ ਵਾਲੇ ਪਾਸੇ ਹਿਮਾਲਿਆ ਪਰਬਤ ਦੀ ਚੋਟੀ ਤੇ 24 ਘੰਟੇ ਫ਼ੌਜੀ ਜਵਾਨਾਂ ਦੇ ਪਹਿਰੇ ਹਨ। ਇਹ ਉਹ ਥਾਵਾਂ ਹਨ ਜਿਥੇ ਪੈਦਾ ਕੁੱਝ ਨਹੀਂ ਹੋਣਾ ਸਗੋਂ ਇਹ ਥਾਵਾਂ ਆਏ ਦਿਨ ਮਾਵਾਂ ਦੇ ਪੁੱਤਰ ਖਾ ਰਹੀਆਂ ਹਨ। ਸਿਆਸਤਦਾਨਾਂ ਦੀਆਂ ਅਪਣੀਆਂ ਖੇਡਾਂ ਹਨ।

ਦੇਸ਼ ਵਿਚ ਪੜ੍ਹੇ ਲਿਖੇ ਬੇਰੁਜ਼ਗਾਰਾਂ ਦੀ ਫ਼ੌਜ ਵਿਚ ਵਾਧਾ ਹੋ ਰਿਹਾ ਹੈ। ਦੇਸ਼ ਦੀ ਇਕ ਚੌਥਾਈ ਹਿੱਸੇ ਤੋਂ ਵੱਧ ਆਬਾਦੀ ਅੱਜ ਵੀ ਅਨਪੜ੍ਹ ਹੈ। ਡਰ ਭੈਅ ਦਾ ਮਾਹੌਲ ਪੈਦਾ ਹੋਣ ਲੱਗਾ ਹੈ। ਆਪਾ-ਧਾਪੀ ਵੱਧ ਰਹੀ ਹੈ। ਕਿਸੇ ਨੂੰ ਦੇਸ਼ ਦਾ ਫ਼ਿਕਰ ਨਹੀਂ। ਹਰ ਕੋਈ ਅਪਣੇ ਉਤੇ ਹੀ ਕੇਂਦਰਤ ਹੈ ਹਾਲਾਂਕਿ ਇਹ ਇਸ ਦੇਸ਼ ਦੀ ਸੰਸਕ੍ਰਿਤੀ ਹੀ ਨਹੀਂ ਸੀ। ਇਥੇ ਤਾਂ ਆਪਸੀ ਮੇਲ ਮਿਲਾਪ ਦੀ ਭਾਵਨਾ ਪ੍ਰਬਲ ਸੀ। 

ਦੂਜਿਆਂ ਦਾ ਦੁਖ-ਦਰਦ ਅਪਣਾ ਦੁਖ-ਦਰਦ ਲਗਦਾ ਸੀ। ਅਪਣਾ ਦੁੱਖ ਹੁੰਦੇ ਹੋਏ ਵੀ ਦੂਜਿਆਂ ਦਾ ਦੁੱਖ-ਦਰਦ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਕ ਭਾਈਚਾਰਕ ਸਾਂਝ ਸੀ, ਜਜ਼ਬਾ ਸੀ। ਸ਼ਾਇਦ ਇਸੇ ਜਜ਼ਬੇ ਨੇ ਹੀ ਇਸ ਦੇਸ਼ ਨੂੰ ਅੰਗਰੇਜ਼ਾਂ ਦੀ ਪੀਡੀ ਪਕੜ ਤੋਂ ਮੁਕਤ ਕਰਵਾਇਆ। ਅੱਜ ਇਹ ਸੱਭ ਕਿਥੇ ਹੈ? ਲਗਦਾ ਹੈ ਕਿ ਆਜ਼ਾਦੀ ਲੈ ਕੇ ਅਤੇ ਏਨੀ ਤਰੱਕੀ ਕਰ ਕੇ ਵੀ ਤੇ ਵਿਕਸਤ ਦੇਸ਼ਾਂ ਵਿਚ ਵੀ ਅਪਣੀ ਪੈਂਠ ਬਣਾ ਕੇ ਕਿਤੇ ਵੀ ਖੜੇ ਨਹੀਂ। ਜਦੋਂ ਕੋਈ ਬੰਦਾ ਅਪਣੇ ਆਪ ਨੂੰ ਸੁਰੱਖਿਅਤ ਹੀ ਨਹੀਂ ਸਮਝਦਾ ਤਾਂ ਇਹ ਕਾਹਦੀ ਆਜ਼ਾਦੀ?

ਉਸ ਦਾ ਸੱਚ ਪੁੱਛੋ ਕੁੱਝ ਵੀ ਸੁਰੱਖਿਅਤ ਨਹੀਂ। ਹੁਣ ਤਾਂ ਉਸ ਨੂੰ ਬੈਂਕ ਵਿਚ ਪਈ ਅਪਣੀ ਰਕਮ ਵੀ ਸੁਰੱਖਿਅਤ ਨਹੀਂ ਲਗਦੀ ਜਿਵੇਂ ਪਿਛਲੇ ਦਿਨੀਂ ਸਰਕਾਰ ਬੈਂਕਾਂ ਦੀ ਸੁਰੱਖਿਆ ਸਬੰਧੀ ਇਕ ਬਿਲ ਬਾਰੇ ਵਿਚਾਰ ਕਰ ਰਹੀ ਹੈ। ਬਿਨਾਂ ਸ਼ੱਕ ਅੱਜ ਦੇਸ਼ ਦੇ ਮਹਾਂਨਗਰਾਂ, ਨਗਰਾਂ ਅਤੇ ਛੋਟੇ ਛੋਟੇ ਸ਼ਹਿਰਾਂ ਵਿਚ ਗਗਨ ਛੂੰਹਦੀਆਂ ਇਮਾਰਤਾਂ ਹਨ। ਵਪਾਰਕ ਅਦਾਰੇ ਹਨ, ਫ਼ੈਕਟਰੀਆਂ ਹਨ, ਸਨਅਤਾਂ ਹਨ, ਫ਼ਲੈਟਾਂ, ਕੋਠੀਆਂ ਦਾ ਕੋਈ ਹੱਦ ਬੰਨਾ ਨਹੀਂ। ਛੋਟੀਆਂ ਵੱਡੀਆਂ ਸੜਕਾਂ ਤੇ ਕਾਰਾਂ, ਟਰੱਕ, ਬੱਸਾਂ ਤੇ ਹੋਰ ਵਹੀਕਲ ਦਨਦਨਾ ਚਲ ਰਹੇ ਹਨ। 

ਸੁਪਰ ਐਕਸਪ੍ਰੈੱਸ ਗੱਡੀਆਂ ਮੁਸਾਫ਼ਰ ਢੋ ਰਹੀਆਂ ਹਨ। ਹਵਾਈ ਕੰਪਨੀਆਂ ਦੇ ਬੇੜਿਆਂ ਵਿਚ ਜਹਾਜ਼ਾਂ ਦੀ ਗਿਣਤੀ ਬੜੀ ਵੱਧ ਗਈ ਹੈ। ਇਸ ਸੱਭ ਕੁੱਝ ਨੇ ਜੀਵਨ ਦੀ ਗਤੀਸ਼ੀਲਤਾ ਬਹੁਤ ਤੇਜ਼ ਕਰ ਦਿਤੀ ਹੈ ਬਲਕਿ ਸੱਚ ਪੁੱਛੋ ਤਾਂ ਇਹ ਬੇਲੋੜੀ ਦੌੜ-ਭੱਜ ਹੈ। ਪੈਸੇ ਅਤੇ ਪਦਾਰਥਾਂ ਦੀ ਲੋੜ ਹੈ। ਇਸ ਨੇ ਬੇਟੇ ਦਾ ਸਕੂਨ ਪੈਸੇ ਵਿਚ ਰੋਲ ਦਿਤਾ ਹੈ। ਸਵਾਲ ਸਿਰਫ਼ ਇਹ ਹੈ ਕਿ ਆਜ਼ਾਦੀ ਅਸੀ ਇਸ ਲਈ ਪ੍ਰਾਪਤ ਕੀਤੀ ਸੀ ਤਾਕਿ ਸਿਰਫ਼, ਸੱਤਰਾਂ ਸਾਲਾਂ ਵਿਚ ਅਸੀ ਆਜ਼ਾਦੀ ਦੀ ਭਾਵਨਾ ਹੀ ਗੁਆ ਬੈਠੀਏ? ਲਗਦੈ ਅਸੀ ਕੁੱਝ ਇਹੋ ਜਹੇ ਦੌਰ ਵਿਚੋਂ ਦੀ ਵਿਚਰ ਰਹੇ ਹਾਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement
Advertisement

Khalsa ਰਾਜ ਦੀ ਬਾਤ ਪਾਉਂਦਾ ਇਹ ਸਰਪੰਚ, Maharaja Ranjit Singh ਦੀ ਸਰਕਾਰ ਵਾਂਗ ਚਲਾਉਂਦਾ ਹੈ ਆਪਣਾ Pind....

26 May 2023 4:02 PM

Punjab 'ਚ 1st Rank ਲਿਆ Sujan Kaur ਨੇ ਮਾਰੀਆਂ ਮੱਲਾਂ, CM Mann ਵੱਲੋਂ 51000 Rs ਦਾ ਐਲਾਨ, ਸੁਣੋ ਸੁਜਾਨ ਤੇ...

26 May 2023 4:00 PM

SGPC ਪ੍ਰਧਾਨ ਨੂੰ CM Mann ਦਾ ਮੋੜਵਾਂ ਜਵਾਬ, 'ਤੁਸੀਂ ਕਿਉਂ ਤੱਕੜੀ ਲਈ ਜਲੰਧਰ ਜਾ ਕੇ ਮੰਗੀਆਂ ਸਨ ਵੋਟਾਂ?' Live News

22 May 2023 7:17 PM

2000 ਦਾ ਨੋਟ ਹੋਇਆ ਬੰਦ! RBI ਨੇ ਉਡਾਈ ਵਪਾਰੀਆਂ ਦੀ ਨੀਂਦ!

20 May 2023 2:34 PM

ਵੇਖੋ ਪੁਲਸੀਏ ਦਾ ਚੋਰਾਂ ਨੂੰ ਫੜਨ ਦਾ ਨਵਾਂ ਤਰੀਕਾ! ਲੋਕਾਂ ਦੇ ਸੁੱਕ ਗਏ ਸਾਹ, ਹੁਣ ਕੱਟਣਗੇ ਇਸ ਤਰ੍ਹਾਂ ਚਲਾਨ!

20 May 2023 2:31 PM