
ਮੈਂ ਉਸ ਸਮੇਂ ਦੀ ਗੱਲ ਕਰ ਰਿਹਾ ਹਾਂ ਜਦੋਂ ਸਿੰਚਾਈ ਦੇ ਘੱਟ ਸਾਧਨ ਸਨ।
ਮੈਂ ਉਸ ਸਮੇਂ ਦੀ ਗੱਲ ਕਰ ਰਿਹਾ ਹਾਂ ਜਦੋਂ ਸਿੰਚਾਈ ਦੇ ਘੱਟ ਸਾਧਨ ਸਨ। ਸਾਡੇ ਦੇਖਦੇ ਟਿੰਡਾਂ ਵਾਲੇ ਖੂਹ ਆਏ। ਪਿੰਡਾਂ ਵਿਚ ਖੂਹਾਂ ਦੇ ਨਾਂ ਹੁੰਦੇ ਸੀ। ਸਾਡੇ ਪਿੰਡ ਐਤਲ ਵਾਲਾ ਖੂਹ, ਮੋਹਣ ਵਾਲਾ, ਤੂਤਾਂ ਵਾਲਾ, ਨਵੇਂ ਵਾਲਾ, ਜਾਮਨਾਂ ਵਾਲਾ, ਬਾਗ਼ ਵਾਲਾ ਖੂਹ ਹੁੰਦੇ ਸਨ। ਮੈਂ ਇਥੇ ਅਪਣੇ ਪਿੰਡ ਦੇ ਅੰਬ ਵਾਲੇ ਖੂਹ ਦੀ ਗੱਲ ਕਰ ਰਿਹਾ ਹਾਂ। ਜਿਥੇ ਖੂਹ ਦੇ ਨਾਲ ਅੰਬ ਤੇ ਜਾਮਨਾਂ ਦੇ ਦਰੱਖ਼ਤ ਹੁੰਦੇ ਸਨ। ਅਸੀਂ ਬੱਚੇ ਲੋਕ ਸਕੂਲੋਂ ਛੁੱਟੀ ਹੁੰਦੇ ਹੀ ਅੰਬ ਵਾਲੇ ਖੂਹ ਤੇ ਜਾ ਕੇ ਕੱਚੀਆਂ ਅੰਬੀਆਂ ਖਾਂਦੇ ਤੇ ਮਿੱਠੇ-ਮਿੱਠੇ ਅੰਬ ਤੋੜ ਖੂਹ ਦੇ ਠੰਢੇ ਪਾਣੀ ਨਾਲ ਧੋ ਕੇ ਚੂਪਦੇ ਤੇ ਨਹਾਉਂਦੇ।
ਜੋ ਢਿੰਡਾਂ ਵਾਲਾ ਖੂਹ ਬਲਦਾਂ ਦੀ ਜੋਗ ਨਾਲ ਵਗ ਰਿਹਾ ਹੁੰਦਾ ਸੀ। ਠੰਢਾ ਮਿੱਠਾ ਪਾਣੀ ਖੂਹ ਦਾ ਪੀਂਦੇ। ਬਲਦਾਂ ਦੀਆਂ ਟੱਲੀਆਂ ਜੋ ਖੂਹ ਗੇੜਦੇ ਵੱਜ ਰਹੀਆਂ ਹੁੰਦੀਆਂ ਸਨ। ਅੰਬ ਦੀਆਂ ਗਿੱਟਕਾਂ ਚੂਸ ਕੇ ਇਕ ਥਾਂ ਰੱਖਣ ਬਾਅਦ ਵਿਚ ਕੂੜੇ ਦੇ ਢੇਰ ’ਤੇ ਸੁੱਟ ਦਿੰਦੇ। ਜੋ ਕੱਚੇ ਅੰਬ ਹੁੰਦੇ ਸਨ, ਘਰ ਤੂੜੀ ਵਿਚ ਨੱਪ ਦਿੰਦੇ। ਜਦੋਂ ਅੰਬ ਪੱਕ ਜਾਂਦੇ ਫਿਰ ਤੂੜੀ ਵਿਚੋਂ ਕੱਢ ਕੇ ਚੂਪਦੇ।
ਹੁਣ ਨਾ ਹੀ ਉਹ ਖੂਹ ਰਹੇ ਹਨ ਤੇ ਨਾ ਹੀ ਅੰਬ ਅਤੇ ਜਾਮਨ। ਹੁਣ ਸਿੱਧੇ ਮੰਡੀਆਂ ਵਿਚ ਆਉਂਦੇ ਹਨ ਤੇ ਰੇਹੜੀਆਂ ਤੋਂ ਮਿਲ ਜਾਂਦੇ ਹਨ। ਪਰ ਜੋ ਅੰਬ, ਅੰਬਾਂ ਵਾਲੇ ਖੂਹ ਤੋਂ ਖਾਣ ਦਾ ਸਵਾਦ ਤੇ ਖੂਹ ਵਿਚੋਂ ਪੀਣ ਵਾਲੇ ਮਿੱਠੇ ਪਾਣੀ ਦਾ ਆਉਂਦਾ ਸੀ ਹੁਣ ਵਾਲੇ ਆਰੋ ਤੇ ਫ਼ਰਿਜ ਦੇ ਪਾਣੀ ਵਿਚੋਂ ਨਹੀਂ ਆਉਂਦਾ, ਨਾ ਹੀ ਹੁਣ ਵਾਂਗ ਨਾਮੁਰਾਦ ਬੀਮਾਰੀਆਂ ਸਨ। ਹੁਣ ਤਾਂ ਬੱਚੇ ਮੋਬਾਈਲ ਦੀ ਬੁਰੀ ਆਦਤ ਵਿਚ ਗਲਤਾਨ ਮਨੋਰੋਗੀ ਹੋ ਰਹੇ ਹਨ। ਕਾਸ਼ ਹੁਣ ਉਹ ਫਿਰ ਅੰਬਾਂ ਵਾਲੇ ਖੂਹ ਵਾਲੇ ਦਿਨ ਵਾਪਸ ਆ ਜਾਣ। ਫਿਰ ਕੱਚੀਆਂ ਅੰਬੀਆਂ ਖਾ ਖੂਹ ਦਾ ਲੁਤਫ਼ ਲਈਏ ਜੋ ਅਲੋਪ ਹੋ ਗਿਆ ਹੈ।
-ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸ਼ਨ। 98786-00221