ਅਜੀਬ ਦਾਸਤਾਨ ਹੈ ਅਪਣੇ ਹੀ ਵਿਹੜੇ 'ਚ ਬੇਗ਼ਾਨੀ ਹੋਈ ਮਾਂ-ਬੋਲੀ ਪੰਜਾਬੀ ਦੀ
Published : Apr 25, 2018, 4:20 am IST
Updated : Apr 25, 2018, 4:20 am IST
SHARE ARTICLE
Punjabi Language
Punjabi Language

ਸਕੂਲਾਂ-ਕਾਲਜਾਂ ਵਿਚ ਵਧੀਆ ਗਾਇਕੀ ਨੂੰ ਉਤਸ਼ਾਹਿਤ ਕਰਨ ਲਈ ਸੈਮੀਨਾਰ ਕਰਵਾਏ ਜਾਣ

ਕਿਸੇ ਵੇਲੇ ਪੰਜਾਬ ਦੇ ਝੰਡੇ ਕਾਬਲ-ਕੰਧਾਰ ਤੋਂ ਲੈ ਕੇ ਤਿੱਬਤ ਦੀਆਂ ਚੋਟੀਆਂ ਤਕ ਝੁਲਿਆ ਕਰਦੇ ਸਨ। ਅੰਗਰੇਜ਼ਾਂ ਦੇ ਰਾਜ ਵੇਲੇ ਪੰਜਾਬ ਦੇ 39 ਜ਼ਿਲ੍ਹੇ ਸਨ। ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਵੀ ਵੰਡਿਆ ਗਿਆ ਤਾਂ ਚੜ੍ਹਦੇ ਪੰਜਾਬ ਦੇ ਹਿੱਸੇ 12 ਅਤੇ ਲਹਿੰਦੇ ਪੰਜਾਬ ਨੂੰ 27 ਜ਼ਿਲ੍ਹੇ ਦੇ ਕੇ ਸਮੇਂ ਦਾ ਹਾਕਮ ਅਪਣੇ ਮਨ ਦੀ ਪੂਰਤੀ ਨੂੰ ਵੰਡ ਵਿਚ ਬਦਲ ਕੇ ਚਲਿਆ ਗਿਆ। ਹੌਲੀ ਹੌਲੀ ਇਸ ਖ਼ਿੱਤੇ ਨੂੰ ਖ਼ਤਮ ਕਰਨ ਲਈ ਸਮੇਂ ਦੀਆਂ ਸਰਕਾਰਾਂ ਨੇ ਵੀ ਕੋਈ ਕਸਰ ਨਾ ਛੱਡੀ। ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ 85 ਫ਼ੀ ਸਦੀ ਕੁਰਬਾਨੀਆਂ ਦਿਤੀਆਂ, ਉਸ ਹੀ ਖ਼ਿੱਤੇ ਦੇ ਲੋਕਾਂ ਨੂੰ ਅਪਣੀ ਮਾਂ-ਬੋਲੀ ਨੂੰ ਭੁਲਾਉਣ ਲਈ ਜਾਂ ਮਾਂ-ਬੋਲੀ ਤੋਂ ਨਿਖੇੜਨ ਲਈ ਸਿਰਤੋੜ ਕੋਸ਼ਿਸ਼ਾਂ ਹੋਣ ਲੱਗੀਆਂ, ਜੋ ਅੱਜ ਵੀ ਜਾਰੀ ਹਨ। ਪੰਜਾਬੀ ਭਾਸ਼ਾ ਦੀ ਗਿਣਤੀ ਦੁਨੀਆਂ ਦੀਆਂ ਮਹਾਨ ਭਾਸ਼ਾਵਾਂ ਵਿਚ ਹੁੰਦੀ ਹੈ, ਜਿਸ ਵਿਚ ਜੋ ਸੋਚਿਆ ਹੋਵੇ, ਉਹੀ ਬੋਲਿਆ ਜਾਂਦਾ ਹੈ ਕਿਉਂਕਿ ਦੁਨੀਆਂ ਭਰ ਵਿਚੋਂ ਪੰਜਾਬੀ ਉਨ੍ਹਾਂ ਪੰਜ ਭਾਸ਼ਾਵਾਂ ਵਿਚੋਂ ਇਕ ਹੈ ਜਿਸ ਵਿਚ ਇਨਸਾਨ ਜੋ ਸੋਚਦਾ ਹੈ, ਉਹ ਬੋਲ ਵੀ ਸਕਦਾ ਹੈ। ਪੰਜਾਬੀ ਦੇ ਮੁਕਾਬਲੇ ਬਾਕੀ ਭਾਸ਼ਾਵਾਂ ਵਿਚ ਕਈ ਵਾਰ ਸੋਚਿਆ ਤਾਂ ਜਾ ਸਕਦਾ ਹੈ ਪਰ ਬੋਲਿਆ ਨਹੀਂ। ਇਸ ਤੋਂ ਇਲਾਵਾ ਕਈ ਪਛਮੀ ਦੇਸ਼ਾਂ ਅੰਦਰ ਵੀ ਪੰਜਾਬੀ ਨੂੰ ਦੂਜੀ ਅਤੇ ਤੀਜੀ ਭਾਸ਼ਾ ਦਾ ਰੁਤਬਾ ਮਿਲ ਚੁਕਿਆ ਹੈ।ਹੈਰਾਨੀ ਉਦੋਂ ਹੁੰਦੀ ਹੈ ਜਦੋਂ ਅਪਣੇ ਹੀ ਸੂਬੇ ਵਿਚ ਇਸ ਦੇ ਅਪਣੇ ਲੋਕ ਇਸ ਨੂੰ ਵਿਸਾਰਨ ਦੇ ਰਾਹ ਪੈ ਜਾਣ। ਚਿੰਤਾ ਕਰਨੀ ਵਾਜਬ ਹੈ ਕਿਉਂਕਿ ਅੱਜ ਪੰਜਾਬੀ ਭਾਸ਼ਾ ਵੀ ਲੁਪਤ ਹੋਣ ਦੇ ਪਹਿਲੇ ਪੜਾਅ ਵਿਚ ਦਾਖ਼ਲ ਹੋ ਚੁੱਕੀ ਹੈ। ਇਹ ਚਿੰਤਾ ਉਸ ਵੇਲੇ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ ਜਦੋਂ ਸੰਸਾਰ ਭਰ ਦੀਆਂ ਸੱਤ ਹਜ਼ਾਰ ਭਾਸ਼ਾਵਾਂ ਵਿਚੋਂ ਦੋ ਸੌ ਭਾਸ਼ਾਵਾਂ ਅਲੋਪ ਹੋ ਜਾਣ ਦੇ ਕੰਢੇ ਪਹੁੰਚ ਚੁਕੀਆਂ ਹਨ। ਦੋਸ਼ੀ ਕਿਤੇ ਨਾ ਕਿਤੇ ਅਸੀ ਸਾਰੇ ਅਤੇ ਸਮੇਂ ਦੀਆਂ ਸਰਕਾਰਾਂ ਹਨ। ਇਨਸਾਨ ਦੇ ਇਸ ਧਰਤੀ ਉਤੇ ਜਨਮ ਲੈਣ ਦੇ ਸਮੇਂ ਤੋਂ ਜਵਾਨ ਹੋਣ ਤਕ ਪ੍ਰਵਾਰ ਅਤੇ ਸੰਗਤ ਦਾ ਰੋਲ ਵੱਡਾ ਹੁੰਦਾ ਹੈ, ਉਸ ਦੀ ਪਰਵਰਿਸ਼ ਕਿਸ ਤਰ੍ਹਾਂ ਦੀ ਹੋਈ ਹੈ ਜਾਂ ਉਸ ਨੇ ਕਿਸ ਤਰ੍ਹਾਂ ਦੀ ਸੰਗਤ ਮਾਣੀ ਹੈ। ਸਿਤਮ ਦੀ ਗੱਲ ਹੈ ਕਿ ਅੱਜ ਬਹੁਤੇ ਪ੍ਰਵਾਰਾਂ ਵਿਚ ਬੱਚੇ ਨੂੰ ਅਪਣੀ ਮਾਤ ਭਾਸ਼ਾ ਵਲੋਂ ਬੇਮੁੱਖ ਕਰਨ ਦੀ ਕਵਾਇਦ ਜ਼ੋਰ ਫੜਦੀ ਜਾ ਰਹੀ ਹੈ।
ਇਕ ਵਰਤਾਰਾ ਇਹ ਵੀ ਤੁਰ ਪਿਆ ਹੈ ਕਿ ਪੰਜਾਬੀ ਸਮਾਜ ਵਿਚ ਪਲੀ ਅਤੇ ਵੱਡੀ ਹੋਈ ਇਕ ਦਾਦੀ ਮਾਂ, ਜੋ ਆਪ ਸ਼ਾਇਦ ਪੜ੍ਹੀ-ਲਿਖੀ ਘੱਟ ਵੀ ਹੋਵੇ, ਅਪਣੇ ਪੋਤਰੇ ਨੂੰ ਸਰੀਰ ਦੇ ਵੱਖ-ਵੱਖ ਅੰਗਾਂ ਦੇ ਨਾਂ ਪੰਜਾਬੀ ਦੀ ਬਜਾਏ ਅੰਗਰੇਜ਼ੀ ਵਿਚ ਸਿਖਾਉਂਦੀ ਹੈ। ਉਸ ਤੋਂ ਬਾਅਦ ਅਗਲਾ ਸਿਲਸਿਲਾ ਸ਼ੁਰੂ ਹੁੰਦਾ ਹੈ-ਸੰਗਤ ਅਤੇ ਸਕੂਲ ਸਮੇਂ ਦਾ। ਹੁਣ ਤਾਂ ਇਹ ਵੀ ਸੁਰੱਖਿਅਤ ਨਹੀਂ। ਕਿੰਨੇ ਪ੍ਰਵਾਰ ਹੋਣਗੇ ਪੰਜਾਬ ਅੰਦਰ ਜੋ ਅਪਣੇ ਵਿਆਹ-ਸ਼ਾਦੀਆਂ ਅਤੇ ਹੋਰ ਸਮਾਗਮਾਂ ਦੇ ਕਾਰਡ ਪੰਜਾਬੀ ਵਿਚ ਛਪਵਾਉਣ ਨੂੰ ਪਹਿਲ ਦਿੰਦੇ ਨੇ? ਇਹ ਗੱਲ ਅਲੱਗ ਹੈ ਕਿ ਭਾਵੇਂ ਖ਼ੁਦ ਉਨ੍ਹਾਂ ਦੇ ਅਪਣੇ ਹੀ ਪ੍ਰਵਾਰਾਂ ਦੇ ਇਕ-ਦੋ ਜੀਆਂ ਤੋਂ ਸਿਵਾ ਬਾਕੀਆਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਹੁੰਦੀ। ਸ਼ਹਿਰਾਂ ਵਿਚ ਵੀ ਇਹ ਧਾਰਣਾ ਦਿਨੋ-ਦਿਨ ਅਮਰ ਵੇਲ ਵਾਂਗ ਵੱਧ ਰਹੀ ਹੈ। ਆਮ ਬੋਲਚਾਲ ਸਮੇਂ ਸ਼ਹਿਰੀਏ ਅੰਗਰੇਜ਼ੀ ਜਾਂ ਹਿੰਦੀ ਵਿਚ ਗੱਲ ਕਰਨ ਨੂੰ ਤਰਜੀਹ ਦੇਣ ਲੱਗੇ ਹਨ। ਤੋਹਫ਼ਿਆਂ, ਕਾਰਡਾਂ, ਗੀਤ-ਸੰਗੀਤ ਸੱਭ ਵਿਚੋਂ ਪੰਜਾਬੀ ਨੂੰ ਮਨਫ਼ੀ ਕਰ ਅੰਗਰੇਜ਼ੀ ਦਾ ਦਬਦਬਾ ਬਣਾਇਆ ਜਾ ਰਿਹਾ ਹੈ। ਸ਼ਾਇਦ ਅੰਗਰੇਜ਼ੀ ਨੂੰ ਸਟੇਟਸ-ਸਿੰਬਲ ਸਮਝ ਕੇ ਅਪਣੀ ਹੀ ਮਾਂ-ਬੋਲੀ ਨੂੰ ਅੱਖੋਂ-ਪਰੋਖੇ ਕਰਨ ਦੀ ਘਿਨਾਉਣੀ ਹਰਕਤ ਅਸੀ ਸਹਿਜੇ ਹੀ ਕਰੀ ਜਾ ਰਹੇ ਹਾਂ। 
ਠੀਕ ਹੈ, ਬਾਕੀ ਬੋਲੀਆਂ ਵੀ ਸਿਖਣੀਆਂ ਚਾਹੀਦੀਆਂ ਹਨ, ਇਹ ਕੋਈ ਮਾੜੀ ਗੱਲ ਨਹੀਂ ਪਰ ਪਹਿਲ ਹਮੇਸ਼ਾ ਮਾਂ-ਬੋਲੀ ਨੂੰ ਹੀ ਦੇਣੀ ਚਾਹੀਦੀ ਹੈ। ਦਿਨੋ-ਦਿਨ ਅੰਗਰੇਜ਼ੀ ਸਾਡੇ ਆਲੇ-ਦੁਆਲੇ ਅਜਗਰ ਵਾਂਗ ਲਪੇਟਾ ਮਾਰ ਸਾਡੀ ਮਾਂ-ਬੋਲੀ ਨੂੰ ਸਾਡੇ ਸਾਹਮਣੇ ਹੀ ਨਿਗਲ ਰਹੀ ਹੈ। ਜੇਕਰ ਬਾਕੀ ਬਚਦੇ ਹਨ ਤਾਂ ਸਿਰਫ਼ ਮਾਂ-ਬੋਲੀ ਦੇ ਚਿੰਨ੍ਹ। ਸਰਕਾਰਾਂ ਦੀਆਂ ਫ਼ਾਈਲਾਂ ਅੰਦਰੋਂ ਪੰਜਾਬੀ ਦਾ ਗ਼ਾਇਬ ਹੋਣਾ ਕੋਈ ਆਮ ਗੱਲ ਨਹੀਂ। ਇਹ ਅਲਜਬਰਾ ਸਾਡੀ ਸਮਝ ਤੋਂ ਬਾਹਰ ਦਾ ਹੈ। ਇਕ ਇਕ ਕਰ ਕੇ ਪੰਜਾਬੀ ਨੂੰ ਹਾਸ਼ੀਏ ਉਤੇ ਧੱਕ ਦਿਤਾ ਹੈ।
ਮਾਹੌਲ ਹੀ ਅਜਿਹਾ ਸਿਰਜ ਦਿਤਾ ਗਿਆ ਹੈ ਕਿ ਪੰਜਾਬੀਆਂ ਦੀ ਮਜਬੂਰੀ ਬਣ ਗਈ ਹੈ। ਉਨ੍ਹਾਂ ਨੂੰ ਅਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਉੱਚ-ਕੋਟੀ ਦੇ ਅੰਗਰੇਜ਼ੀ ਮੀਡੀਅਮ ਵਾਲੇ ਸਕੂਲਾਂ ਵਿਚ ਜਾਣਾ ਹੀ ਪਵੇਗਾ। ਕਾਰਪੋਰੇਟ ਜਗਤ ਦੀ ਚਕਾਚੌਂਧ ਭਰੀ ਜ਼ਿੰਦਗੀ ਨੇ ਵੀ ਹੱਥੀਂ ਕਿਰਤ ਕਰਨ ਵਾਲੇ ਪੰਜਾਬੀਆਂ ਨੂੰ ਮਾਂ-ਬੋਲੀ ਅਤੇ ਵਿਰਸੇ ਨਾਲੋਂ ਤੋੜਨ ਵਿਚ ਭਰਵਾਂ ਯੋਗਦਾਨ ਪਾਇਆ ਹੈ। ਸਰਕਾਰਾਂ ਦੀਆਂ ਨੀਤੀਆਂ ਦੀ ਅਜਿਹੀ ਮਾਰ ਵਗੀ ਕਿ ਪੰਜਾਬ ਦੀ ਜਵਾਨੀ ਅੱਜ ਖੰਭ ਲਾ ਕੇ ਵਿਦੇਸ਼ੀਂ ਉਡਣਾ ਲੋਚਦੀ ਹੈ। ਉਸ ਲਈ ਨੌਜਵਾਨਾਂ ਦੇ ਮਾਪਿਆਂ ਵਲੋਂ ਹਾਈ-ਫ਼ਾਈ ਅਤੇ ਵੱਡੀਆਂ ਇਮਾਰਤਾਂ ਵਾਲੇ ਅੰਗਰੇਜ਼ੀ ਸਕੂਲਾਂ ਦੀ ਚੋਣ ਕੀਤੀ ਜਾਂਦੀ ਹੈ। 
ਹਰ ਖੇਤਰ ਵਿਚ, ਥੋੜਾ ਭਾਵੇਂ ਬਹੁਤਾ, ਪੰਜਾਬੀ ਨੂੰ ਨਜ਼ਰਅੰਦਾਜ਼ ਜ਼ਰੂਰ ਕੀਤਾ ਜਾ ਰਿਹਾ ਹੈ। ਸਵਾਲ ਇਹ ਉਠਦਾ ਹੈ ਕਿ ਜਦ ਹੋਰਨਾਂ ਮੁਲਕਾਂ ਵਿਚ ਸਾਡੀ ਮਾਂ-ਬੋਲੀ ਨੂੰ ਵਿਸ਼ੇਸ਼ ਪਛਾਣ ਦਿਤੀ ਜਾ ਰਹੀ ਹੈ ਤਾਂ ਇਸ ਦੇ ਅਪਣੇ ਵਿਹੜੇ ਅੰਦਰ ਇਸ ਨੂੰ ਕਿਉਂ ਇਕਹਿਰੀ ਅੱਖ ਨਾਲ ਵੇਖਿਆ ਜਾ ਰਿਹੈ? ਕਿਉਂ ਸਾਨੂੰ ਸ਼ਰਮ ਮਹਿਸੂਸ ਹੋ ਰਹੀ ਹੈ ਅਪਣੀ ਮਾਤ ਭਾਸ਼ਾ ਵਿਚ ਗੱਲ ਕਰਦਿਆਂ? ਇਹ ਸਾਡੀ ਜ਼ੁਬਾਨ ਹੈ। ਜੇਕਰ ਇਤਿਹਾਸ ਨੂੰ ਘੋਖੀਏ ਤਾਂ ਲਾਹੌਰ ਦੇ ਕਿਲ੍ਹੇ ਦੀ ਕੰਧ ਉਤੇ ਚੜ੍ਹ ਕੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਜ਼ਮਾਨ ਨੂੰ ਲਲਕਾਰਿਆ ਸੀ ਕਿ 'ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਤੈਨੂੰ ਸਰਦਾਰ ਚੜ੍ਹਤ ਸਿੰਘ ਦਾ ਪੋਤਰਾ ਉਡੀਕ ਰਿਹੈ। ਆ, ਦੋ-ਦੋ ਹੱਥ ਕਰੀਏ।' ਮਾਣ ਨਾਲ ਸਿਰ ਉੱਚਾ ਹੋ ਜਾਂਦਾ ਹੈ ਕਿ ਇਕ ਸਿੱਖ ਮਹਾਰਾਜੇ ਵਲੋਂ ਜੰਗ ਦੇ ਮੈਦਾਨ ਵਿਚ ਇਹ ਜ਼ੋਰਦਾਰ ਬੜ੍ਹਕ ਵੀ ਪੰਜਾਬੀ ਵਿਚ ਮਾਰੀ ਗਈ ਸੀ। ਸਮੁੱਚੀ ਮਨੁੱਖਤਾ ਦੀ ਭਲਾਈ ਦੀ ਗੱਲ ਕਰਨ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਪੰਜਾਬੀ ਵਿਚ ਨੇ ਜਿਨ੍ਹਾਂ ਅੱਗੇ ਅਸੀ ਸ਼ਾਮ ਸਵੇਰੇ ਨਤਮਸਤਕ ਹੁੰਦੇ ਹਾਂ। ਫਿਰ ਸਾਨੂੰ ਕਿਉਂ ਤਰੇਲੀਆਂ ਆਉਂਦੀਆਂ ਨੇ ਮਾਂ ਬੋਲੀ ਦੀ ਕਦਰ ਕਰਦਿਆਂ, ਜੋ ਸਾਡਾ ਇਖ਼ਲਾਕੀ ਫ਼ਰਜ਼ ਵੀ ਬਣਦਾ ਹੈ? 
ਗੀਤ-ਸੰਗੀਤ ਦੇ ਬਦਲੇ ਦੌਰ ਨੇ ਵੀ ਪੰਜਾਬੀ ਦੀ ਰੂਹ ਨੂੰ ਉਸ ਦੇ ਪੁਤਰਾਂ ਨਾਲੋਂ ਤੋੜਨ ਦਾ ਕੰਮ ਕੀਤਾ ਹੈ। ਉਥੇ ਵੀ ਵਪਾਰਕ ਪੱਖ ਮਾਤਭਾਸ਼ਾ ਉਤੇ ਭਾਰੀ ਪਿਆ ਹੋਇਆ ਹੈ। ਪੰਜਾਬੀ ਕਲਾਕਾਰ ਜੋ ਵੀ ਪੰਜਾਬੀ ਵਿਚ ਗਾਉਂਦੇ ਨੇ, ਭਾਵੇਂ ਖਿਚੜੀ ਬਣਾ ਕੇ ਹੀ ਗਾਉਂਦੇ ਹਨ, ਉਨ੍ਹਾਂ ਵਲੋਂ ਅਜਿਹੇ ਬੇਹਯਾ ਅਤੇ ਮਾੜੀ ਸ਼ਬਦਾਵਲੀ ਵਾਲੇ ਗੀਤ ਪੇਸ਼ ਕਰਨੇ ਵੀ ਨਿੰਦਣਯੋਗ ਵਰਤਾਰਾ ਹੈ। 'ਜੱਟ ਉਸ ਪਿੰਡ ਨੂੰ ਬਲੌਂਗ ਕਰਦੈ ਜਿਥੇ ਬੰਦਾ ਮਾਰ ਕੇ ਕਸੂਰ ਪੁੱਛੀਦੈ', 'ਜੇਲਾਂ ਵਿਚੋਂ ਫ਼ੋਨ ਆਉਣਗੇ', 'ਕੁੜੀ ਅਫ਼ਗਾਨੀ 'ਫ਼ੀਮ ਵਰਗੀ'। ਹੁਣ ਤਾਂ ਹੱਦ ਹੀ ਹੋ ਚੁੱਕੀ ਹੈ, ਇਕ ਕਹਿੰਦਾ ਹੈ ਕਿ ਜੇਕਰ ਭਾਖੜਾ ਨਹਿਰ ਵਿਚ ਪਾਣੀ ਦੀ ਥਾਂ ਸ਼ਰਾਬ ਹੁੰਦੀ ਤਾਂ ਪੰਜਾਬੀਆਂ ਨੇ ਉਹ ਵੀ ਖੂੰਜੇ ਲਾ ਦੇਣੀ ਸੀ। ਕੀ ਇਹ ਲੋਕ ਪੰਜਾਬੀ ਮਾਂ-ਬੋਲੀ ਦੇ ਪੁੱਤਰ ਨਹੀਂ? ਜਾਂ ਇਨ੍ਹਾਂ ਦਾ ਕੋਈ ਫ਼ਰਜ਼ ਨਹੀਂ ਕਿ ਇਹ ਵੀ ਅਪਣੀ ਜ਼ਿੰਮੇਵਾਰੀ ਨਿਭਾਉਣ? ਕਿਉਂ ਨਹੀਂ ਇਨ੍ਹਾਂ ਲੋਕਾਂ ਵਿਰੁਧ ਸਰਕਾਰ ਵੱਡੀ ਕਾਰਵਾਈ ਕਰਦੀ ਅਤੇ ਸਾਹਿਤਕ ਜਥੇਬੰਦੀਆਂ ਅਪਣੀ ਅੰਗੜਾਈ ਨੂੰ ਭੰਨ ਕੇ ਇਸ ਵਲ ਮੁੜਦੀਆਂ? ਇਹ ਲੋਕ ਸ਼ਰੇਆਮ ਪੰਜਾਬੀਆਂ ਦੀਆਂ ਧੀਆਂ ਦੇ ਜਿਸਮ ਦੀ ਨੁਮਾਇਸ਼ ਲਾ ਕੇ ਅਪਣਾ ਵਪਾਰ ਕਰਦੇ ਹਨ, ਜੋ ਚਿੱਟੇ ਦਿਨ ਮਾਂ-ਬੋਲੀ ਦਾ ਘਾਣ ਹੈ। ਹਾਂ, ਮਾਣ ਨਾਲ ਕਹਿ ਸਕਦੇ ਹਾਂ ਕਿ ਹੁਣ ਜਰਨੈਲ ਘੁਮਾਣ, ਹਰਿੰਦਰ ਸੰਧੂ, ਪੰਮਾ ਡੂੰਮੇਵਾਲ, ਸੁਖਵਿੰਦਰ ਸੁੱਖੀ, ਰਾਜ ਕਾਕੜਾ, ਹਰਜੀਤ ਹਰਮਨ, ਮੰਗਤ ਖ਼ਾਨ, ਗਗਨਦੀਪ ਕੌਰ ਬਠਿੰਡਾ, ਦੁਰਗਾ ਰੰਗੀਲਾ ਵਰਗੇ ਕਲਾਕਾਰ ਜ਼ਰੂਰ ਮਾਂ-ਬੋਲੀ ਦੇ ਹੱਕ ਵਿਚ ਅਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀ ਇਨ੍ਹਾਂ ਫ਼ਨਕਾਰਾਂ ਨੂੰ ਉਤਸ਼ਾਹਤ ਕਰੀਏ।ਪੰਜਾਬ ਦੇ ਤਿੰਨਾਂ ਖੇਤਰਾਂ ਮਾਲਵਾ, ਦੁਆਬਾ ਅਤੇ ਮਾਝਾ ਅੰਦਰ ਤਕਰੀਬਨ ਮਾਂ-ਬੋਲੀ ਵਿਰੋਧੀ ਵਿਕਾਰਾਂ ਨੇ ਅਪਣੇ ਪੈਰ ਪੱਕੇ ਕਰਨੇ ਸ਼ੁਰੂ ਕਰ ਦਿਤੇ ਹਨ। ਚੰਡੀਗੜ੍ਹ ਤੇ ਨਾਲ ਲਗਦੇ ਸੂਬਿਆਂ ਵਿਚ ਤਾਂ ਇਹ ਵਰਤਾਰਾ ਲੰਮੇ ਸਮੇਂ ਤੋਂ ਚਲਿਆ ਆ ਰਿਹਾ ਹੈ। ਲੋੜ ਹੈ ਸਾਨੂੰ ਅਪਣੇ ਅੰਦਰ ਝਾਤ ਮਾਰਨ ਦੀ। ਬਾਕੀ ਦੀਆਂ ਗੱਲਾਂ ਤਾਂ ਛੱਡੋ ਪੰਜਾਬ ਵਿਚ ਤਾਂ ਇਸ ਸਾਰੇ ਘਟਨਾਕ੍ਰਮ ਉਤੇ ਅਸੀ ਖ਼ੁਦ ਹੀ ਕਟਹਿਰੇ ਵਿਚ ਖੜੇ ਨਜ਼ਰ ਆਉਂਦੇ ਹਾਂ ਕਿ ਇਥੇ ਕੋਈ ਬਾਹਰੋਂ ਆ ਕੇ ਸਾਨੂੰ ਮਾਂ-ਬੋਲੀ ਤੋਂ ਦੂਰ ਕਰ ਰਿਹਾ ਹੈ। ਕਿਤੇ ਨਾ ਕਿਤੇ ਅਸੀ ਖ਼ੁਦ ਹੀ ਇਸ ਦੇ ਦੋਸ਼ੀ ਹਾਂ। ਸੋ ਲੋੜ ਹੈ ਅੱਜ ਵੱਡੇ ਉਪਰਾਲਿਆਂ ਦੇ ਨਾਲ ਨਾਲ ਪੰਜਾਬੀਆਂ ਨੂੰ ਜਾਗਰੂਕ ਕਰਨ ਲਈ ਅਤੇ ਅਪਣੀ ਜ਼ੁਬਾਨ ਨੂੰ ਬਚਾਉਣ ਖ਼ਾਤਰ, ਜ਼ਿਲ੍ਹੇ, ਤਹਿਸੀਲਾਂ ਅਤੇ ਪਿੰਡ ਪੱਧਰ ਉਤੇ ਅਤੇ ਉਸ ਤੋਂ ਬਾਅਦ ਸਕੂਲਾਂ, ਕਾਲਜਾਂ ਵਿਚ 'ਮਾਂ-ਬੋਲੀ' ਵਿਸ਼ੇ ਉਤੇ ਸੈਮੀਨਾਰ ਸ਼ੁਰੂ ਕਰਨ ਦੀ। ਫਿਰ ਹੀ ਅਸੀ ਮਾਂ-ਬੋਲੀ ਦੇ ਸੱਚੇ ਸਪੂਤ ਅਖਵਾ ਸਕਦੇ ਹਾਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement