
ਡੀਜੇ ਤੋਂ ਇਕੋ ਗੀਤ ਵਾਰ-ਵਾਰ ਲੱਗ ਰਿਹੈ। ਨੌਜੁਆਨੀ ਸੱਭ ਕੁੱਝ ਭੁੱਲ ਭੁਲਾ ਉਸ ਗੀਤ ਉਤੇ ਨੱਚ ਕੇ ਇੰਝ ਦਰਸਾਉਣ ਦੀ ਕੋਸ਼ਿਸ਼ ਵਿਚ ਹੈ ਕਿ ਜਿਵੇਂ ਉਹ ਜੰਗ ਜਿੱਤ...
ਡੀਜੇ ਤੋਂ ਇਕੋ ਗੀਤ ਵਾਰ-ਵਾਰ ਲੱਗ ਰਿਹੈ। ਨੌਜੁਆਨੀ ਸੱਭ ਕੁੱਝ ਭੁੱਲ ਭੁਲਾ ਉਸ ਗੀਤ ਉਤੇ ਨੱਚ ਕੇ ਇੰਝ ਦਰਸਾਉਣ ਦੀ ਕੋਸ਼ਿਸ਼ ਵਿਚ ਹੈ ਕਿ ਜਿਵੇਂ ਉਹ ਜੰਗ ਜਿੱਤ ਕੇ ਆਏ ਹੋਣ। ਕਿਸੇ ਗੱਭਰੂ ਮਾਂ ਦਾ ਪੁੱਤਰ ਪਿਸਤੌਲ ਹੱਥ ਵਿਚ ਫੜ, ਨਾਲ ਦਿਆਂ ਲੜਕਿਆਂ ਅਤੇ ਲੜਕੀ ਨੂੰ ਇਹ ਵਿਖਾਉਂਦਾ ਪ੍ਰਤੀਤ ਹੁੰਦੈ ਕਿ ਜਿਵੇਂ ਅੱਜ ਦੀ ਘੜੀ ਉਸ ਨੇ ਸੱਭ ਕੁੱਝ ਫ਼ਨਾਹ ਕਰ ਦੇਣਾ ਹੋਵੇ। ਵੱਜ ਰਹੇ ਗੀਤ ਦੇ ਇਹ ਬੋਲ ਕਿ 'ਸਹੇਲੀਆਂ ਵੀ ਰਹਿੰਦੀਆਂ ਨੇ ਡਰ-ਡਰ ਕੇ ਕਿ ਜੱਟੀ ਵੈਲੀ ਨਾਲ ਮੰਗੀ ਹੋਈ ਆ।' ਲਗਾਤਾਰ ਕਈ ਵਾਰ ਇਹ ਗੀਤ ਵੱਜ ਕੇ ਸਾਡੇ ਖੋਖਲੇ ਹੋ ਚੁੱਕੇ ਤਾਣੇ-ਬਾਣੇ ਦੀ ਦਾਸਤਾਨ ਬਿਆਨ ਕਰਦਾ ਹੈ।
ਇਨ੍ਹਾਂ ਕਲਾਕਾਰਾਂ ਦੀ ਸੋਚ ਇਥੋਂ ਤਕ ਡਿੱਗ ਚੁੱਕੀ ਹੈ ਕਿ ਵੈਲੀ ਨੂੰ ਵੀ ਹੀਰੋ ਤੇ ਬਹਾਦਰ ਬਣਾ ਕੇ ਪੇਸ਼ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਕੋਈ ਪੁੱਛਣ ਵਾਲਾ ਹੋਵੇ ਕਿ ਫਿਰ ਵੈਲੀ ਬਦਮਾਸ਼ ਤੇ ਬਹਾਦਰ ਸੂਰਮੇ ਵਿਚ ਫ਼ਰਕ ਕੀ ਰਹਿ ਗਿਆ ਹੈ। ਸ਼ਾਇਦ ਸੱਭ ਕੁੱਝ ਤਹਿਸ ਨਹਿਸ ਕਰਨ ਦੀ ਕਸਮ ਖਾਈ ਹੋਈ ਹੈ। ਇਹ ਲੋਕ ਚਿੱਟੇ ਦਿਨ ਪੰਜਾਬੀ ਸਭਿਆਚਾਰ ਦੀਆਂ ਧੱਜੀਆਂ ਉੱਡ ਰਹੇ ਹਨ।
ਸਭਿਆਚਾਰ ਨਾਂ ਦੇ ਜਾਨਵਰ ਨੂੰ ਇਨ੍ਹਾਂ ਛਾਂਗ-ਛਾਂਗ ਕੇ ਅਪਾਹਜ ਬਣਾ ਦਿਤਾ ਹੈ। ਕਹਿੰਦੇ ਕਹਾਉਂਦੇ ਕਲਾਕਾਰ ਨੇ ਇਹ ਲੋਕ ਪਰ ਹਰਕਤਾਂ ਅਤੇ ਮੋਢੇ ਚੁਕੀਆਂ ਬੰਦੂਕਾਂ ਤੋਂ ਇਉਂ ਜਾਪਦਾ ਹੈ ਕਿ ਜਿਵੇਂ ਡਾਕੂ ਹੋਣ। ਭਾਵੇਂ ਇਨ੍ਹਾਂ ਲੋਕਾਂ ਦੀ ਸੋਸ਼ਲ ਮੀਡੀਆ ਉਤੇ ਚੰਗੀ ਖ਼ਾਤਰਦਾਰੀ ਹੁੰਦੀ ਹੈ। ਖ਼ੌਰੇ ਇਨ੍ਹਾਂ ਨੇ ਸ਼ਰਮ ਵਾਲਾ ਖ਼ਾਨਾ ਹੀ ਲਾਹ ਕੇ ਪਾਸੇ ਰੱਖ ਦਿਤਾ ਹੈ। ਕੋਈ ਸੁਰਤਾਲ ਨਹੀਂ, ਬਿਨਾਂ ਤੁਕਬੰਦੀ ਤੋਂ ਕੱਚ-ਘਰੜ ਸ਼ਬਦਾਂ ਨਾਲ ਇਹ ਅਖੌਤੀ ਕਲਾਕਾਰ ਸਮਾਜ ਅੰਦਰ ਬਖੇੜੇ ਖੜੇ ਕਰਦੇ ਨੇ, ਉੱਥੇ ਨਵੀਂ ਪੀੜ੍ਹੀ ਦੇ ਜੜ੍ਹੀਂ ਤੇਲ ਵੀ ਦਿੰਦੇ ਹਨ।
ਪੁਛਣਾ ਬਣਦਾ ਹੈ ਇਸ ਕਲਾਕਾਰ ਬੀਬਾ ਨੂੰ ਕਿ ਪੂਰੇ ਪੰਜਾਬ ਅੰਦਰ ਕਿਹੜੀ ਅਜਿਹੀ ਧੀ ਹੋਵੇਗੀ, ਜੋ ਬਾਂਹ ਕੱਢ ਕੇ ਸ਼ਰ੍ਹੇਆਮ ਆਖੇਗੀ ਕਿ 'ਮੈਂ ਵੈਲੀ ਨਾਲ ਮੰਗੀ ਹੋਈ ਹਾਂ।' ਸ਼ਾਇਦ ਇਨ੍ਹਾਂ ਨੂੰ ਇਸ ਗੱਲ ਦਾ ਇਲਮ ਨਹੀਂ ਕਿ ਤੁਹਾਡੇ ਵਲੋਂ ਗੀਤਾਂ ਰਾਹੀਂ ਮਾਰੀਆਂ ਯਭਲੀਆਂ ਕਿੰਨੀਆਂ ਹੀ ਅਣ-ਜੰਮੀਆਂ ਧੀਆਂ ਦਾ ਕੁੱਖ ਵਿਚ ਕਤਲ ਕਰਾਉਣਗੀਆਂ। ਫਿਰ ਅਸੀ ਆਖਦੇ ਹਾਂ ਕਿ ਲੜਕੀਆਂ ਨਾਲ ਅਪਰਾਧ ਵੱਧ ਰਹੇ ਹਨ।
ਕੰਡਿਆਂ ਭਰਿਆ ਥੋਹਰ ਬੀਜ ਕੇ ਅਮਲਤਾਸ ਦੇ ਰੁੱਖ ਦੀ ਆਸ ਰਖਣਾ ਮੂਰਖ਼ਤਾ ਹੀ ਹੈ। ਜਿਹਾ ਬੀਜੋਗੇ, ਉਹੀ ਵਢਣਾ ਪੈਣਾ ਹੈ। ਯਾਦ ਰਖਿਉ, ਜੋ ਤੁਸੀ ਅੱਜ ਦੇ ਬਹੁਤੇ ਕਲਾਕਾਰ ਤੇ ਗੀਤਕਾਰ ਗੀਤ ਲਿਖ ਰਹੇ ਹੋ, ਉਸ ਨੂੰ ਗੀਤ ਨਹੀਂ ਗੀਤਾਂ ਰਾਹੀਂ ਨਸ਼ਾ ਤੇ ਬਰੂਦ ਭਰ ਕੇ ਵੇਚਣਾ ਆਖਦੇ ਹਨ। ਹੈਰਾਨੀ ਹੁੰਦੀ ਹੈ ਸਾਡੇ ਲੋਕਾਂ ਉਤੇ ਕਿ ਅਸੀ ਕਿਹੋ ਜਿਹੇ ਗੀਤਾਂ ਨੂੰ ਮਾਣਤਾ ਦੇ ਰਹੇ ਹਾਂ।
ਇਕ ਕਲਾਕਾਰ ਕਹਿੰਦੈ, 'ਪੈੱਗ ਦੀ ਵਾਸਨਾ ਆਉਂਦੀ ਜੱਟਾਂ ਦੇ ਨਾ ਨੇੜੇ ਲਗਦੀ..।'' ਕੂਕ-ਕੂਕ ਕੇ ਕਹਿ ਰਿਹੈ ਇਹ ਗੀਤ ਕਿ ਜੱਟ ਸਿਰੇ ਦੇ ਸ਼ਰਾਬੀ ਹੁੰਦੇ ਹਨ। ਪਰ ਅਫ਼ਸੋਸ ਇਸ ਗੀਤ ਨੂੰ ਵੀ ਸੁਣਨ ਵਾਲਿਆਂ ਦੀ ਗਿਣਤੀ ਲੱਖਾਂ ਵਿਚ ਹੈ। ਅਪਣੇ ਹੀ ਦਰਸ਼ਕਾਂ ਦੇ ਸਿਰੋਂ ਥੱਬੇ ਰੁਪਈਆਂ ਦੇ ਕਮਾ ਕੇ ਇਹ ਲੋਕ ਇਨ੍ਹਾਂ ਵਿਚੋਂ ਹੀ ਮੁਸ਼ਕ ਮੰਨਦੇ ਹਨ। ਸਮਝਦੇ ਅਸੀ ਫਿਰ ਵੀ ਨਹੀਂ।ਕਦੇ ਸੋਚਿਆ ਹੈ ਕਿ ਆਉਣ ਵਾਲੀ ਨਸਲ ਨੂੰ ਅਸੀ ਵਿਰਸੇ ਵਿਚ ਜੋ ਜ਼ਹਿਰ ਵੰਡ ਰਹੇ ਹਾਂ, ਉਸ ਨੇ ਬਖ਼ਸ਼ਣਾ ਸਾਨੂੰ ਵੀ ਨਹੀਂ ਜੇ। ਕੀ ਹੋ ਗਿਐ ਕਲਾਕਾਰਾਂ ਦੀ ਸੋਚ ਨੂੰ? ਜਿਵੇਂ ਨਸ਼ਾ, ਅਸਲਾ, ਬਦਮਾਸ਼ੀ, ਲੰਡੀਆਂ ਜੀਪਾਂ ਤੇ ਅਯਾਸ਼ੀ ਇਨ੍ਹਾਂ ਦੀ ਪਹਿਲੀ ਪਸੰਦ ਬਣ ਗਈ ਹੋਵੇ।
ਬੀਤੇ ਦਿਨੀਂ ਇਕ ਗੀਤ ਟੀ.ਵੀ. ਉਤੇ ਚਲਦਾ ਕੰਨੀਂ ਪਿਆ ਕਿ 'ਕੱਲ ਰੋਂਦਾ-ਰੋਂਦਾ ਮੁੜਿਆ ਨੀ ਤੇਰਾ ਯਾਰ ਜਲੰਧਰ ਤੋਂ, ਤੂੰ ਲਵਲੀ ਵਿਚੋਂ ਡਿਗਰੀ ਕਰ ਗਈ..।' ਇਸ ਨੂੰ ਕੋਈ ਪੁਛਣ ਵਾਲਾ ਹੋਵੇ ਕਿ ਕੀ ਗੱਲ ਉੱਥੇ ਯਾਰੀਆਂ ਦਾ ਮੇਲਾ ਲਗਿਆ ਹੈ? ਉਹ ਕੋਈ ਆਸ਼ਕਾਂ ਦਾ ਅੱਡਾ ਹੈ? ਜਿਥੇ ਆਸ਼ਕੀ ਕਰਨ ਹੀ ਜਾਣੈ? ਇਨ੍ਹਾਂ ਲੋਕਾਂ ਦੀ ਛੋਟੀ ਸੋਚ ਸਦਕਾ ਅੱਜ ਮਾਂ-ਪਿਉ ਅਪਣੇ ਬੱਚਿਆਂ ਨੂੰ ਸਕੂਲ, ਕਾਲਜ ਤੇ ਯੂਨੀਵਰਸਟੀਆਂ ਵਿਚ ਭੇਜਦੇ ਸਮੇਂ ਦਿਲੋਂ ਹੌਕੇ ਭਰਦੇ ਹਨ ਕਿ ਕਿਤੇ ਕੋਈ ਅਣਹੋਣੀ ਨਾ ਵਾਪਰ ਜਾਵੇ।
ਜਿਹੜੇ ਕੁੱਝ ਵਧੀਆ ਗਾਉਣ ਤੇ ਚੰਗਾ ਮਾਹੌਲ ਸਿਰਜਣ ਦੇ ਸਮਰੱਥ ਹਨ, ਉਹ ਅਪਣੀ ਸਰਦਲ ਤੋਂ ਅੰਦਰ ਬੈਠੇ ਇਸ ਮਾੜੇ ਸਮੇਂ ਉਤੇ ਝੂਰਦੇ ਰਹਿੰਦੇ ਹਨ।
ਕਮਾਲ ਦੀ ਗਾਇਕੀ ਹੈ ਉਨ੍ਹਾਂ ਕਲਾਕਾਰਾਂ ਦੀ, ਭਾਵੇਂ ਉਨ੍ਹਾਂ ਵਿਚੋਂ ਕਈਆਂ ਨੇ, ਕਈ ਵਾਰ ਕੁੱਝ ਮਾੜਾ ਵੀ ਗਾਇਆ ਹੋਵੇ ਤੇ ਉਸ ਸਮੇਂ ਉਤੇ ਪਛਤਾਵਾ ਵੀ ਕੀਤਾ ਹੋਵੇ, ਕਿਹਾ ਇਸ ਨੂੰ ਕਲਾ ਹੀ ਜਾਂਦਾ ਹੈ। ਜੋ ਲੋਕ ਸਮਾਜ ਨੂੰ ਪਰਣਾਏ ਹੁੰਦੇ ਨੇ, ਉਹ ਕਦੇ ਵੀ ਸਮਾਜਕ ਬਖੇੜਾ ਖੜਾ ਨਹੀਂ ਕਰਦੇ।
ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਕੁੱਝ ਵਧੀਆ ਕੀਤਾ ਜਾਵੇ ਪਰ ਸਿਤਮ ਦੀ ਗੱਲ ਇਹ ਹੈ ਕਿ ਇਨ੍ਹਾਂ ਕਲਾਕਾਰਾਂ ਵਲੋਂ ਘਰ ਫੂਕ ਕੇ ਲਗਾਏ ਪੈਸੇ ਨਾਲ ਤਿਆਰ ਕੀਤੇ ਗੀਤਾਂ ਨੂੰ ਅਸੀ ਅਪਣੇ ਵਿਹੜੇ ਦਾ ਗੇਟ ਵੀ ਨਹੀਂ ਟੱਪਣ ਦਿੰਦੇ ਕਿ ਕਿਤੇ ਕੋਈ ਸਾਡੇ ਜਵਾਕਾਂ ਦੇ ਕੰਨੀਂ ਵਧੀਆ ਲਫ਼ਜ਼ ਹੀ ਨਾ ਪੈ ਜਾਵੇ।ਗੁਰਪ੍ਰੀਤ ਬਿੱਲਾ ਘੁਡਾਣੀ, ਬਾਵਾ ਗੋਲਡੀ, ਜੇ. ਐਸ. ਬਾਲੀ, ਮੰਗਤ ਖ਼ਾਨ, ਗੀਤਕਾਰ ਗੁਰਜੰਟ ਪਟਿਆਲਾ ਤੇ ਮਲਵਿੰਦਰ ਉਕਸੀ ਵਰਗੇ ਫ਼ਨਕਾਰ ਲੋਕ ਜਿਨ੍ਹਾਂ ਨੇ ਕਦੇ ਵੀ ਸਮਝੌਤਾ ਨਹੀਂ ਕੀਤਾ ਤੇ ਘਰ ਬੈਠ ਚੰਗੇ ਸਮੇਂ ਨੂੰ ਉਡੀਕਣਾ ਬਿਹਤਰ ਮੰਨਿਆ ਹੈ,
ਸਾਡਾ ਵੀ ਕੁੱਝ ਫ਼ਰਜ਼ ਬਣਦਾ ਹੈ ਕਿ ਅਸੀ ਵੀ ਇਨ੍ਹਾਂ ਨੂੰ ਕੁੱਝ ਮਾਣ ਦਈਏ। ਮਾੜਿਆਂ ਕੋਲੋਂ ਲੁੱਟ ਵੀ ਕਰਾਉਂਦੇ ਹਾਂ ਤੇ ਮਾਂ-ਬੋਲੀ ਦਾ ਚੀਰ-ਹਰਣ ਵੀ।
ਪਿਛੇ ਜਹੇ ਸਰਕਾਰ ਨੇ ਭਾਵੇਂ ਮਾੜਾ ਗਾਉਣ ਵਾਲਿਆਂ ਨੂੰ ਸਖ਼ਤਾਈ ਨਾਲ ਵਰਜਿਆ ਵੀ ਸੀ, ਪਰ ਕੀ ਸਮਝਿਆ ਇਨ੍ਹਾਂ ਲੋਕਾਂ ਨੇ? ਧੜਾਧੜ ਅਸਲੇ ਨਾਲ ਲਬਰੇਜ਼ ਨਸ਼ੇ ਦੀਆਂ ਬਾਤਾਂ ਪਾਉਂਦੇ ਗੀਤ ਟੀ.ਵੀ. ਉਤੇ ਚਲਦੇ ਹਨ। ਕਦੋਂ ਰੋਕ ਲੱਗੂ ਇਨ੍ਹਾਂ ਬੇਹਿਆਈਆਂ ਉਤੇ?
ਉੱਭਰਦੇ ਕਲਾਕਾਰ ਗੈਰੀ ਬਾਵਾ ਦਾ ਇਹ ਕਹਿਣਾ ਕਿੰਨਾ ਕੁ ਵਾਜਬ ਹੈ ਕਿ ਲੱਖਾਂ ਰੁਪਏ ਖ਼ਰਚ ਕੇ, ਵਧੀਆ ਗਾ ਕੇ, ਜੇਕਰ ਘਾਟਾ ਹੀ ਸਹਿਣਾ ਹੈ ਤਾਂ ਕੋਈ ਵੀ ਕਲਾਕਾਰ ਇਹ ਰਿਸਕ ਨਹੀਂ ਲਵੇਗਾ ਬਸ਼ਰਤੇ ਸਰੋਤੇ ਉਸ ਦੀ ਕਦਰ ਕਰਨ, ਉਸ ਦਾ ਲਗਿਆ ਮੁੱਲ ਮੁੜੇ। ਫਿਰ ਹੀ ਕੁੱਝ ਹੋ ਸਕਦਾ ਹੈ। ਹੁਣ ਸੋਚਣਾ ਪੰਜਾਬੀਆਂ ਨੇ ਹੈ ਕਿ ਉਨ੍ਹਾਂ ਨੇ ਅਪਣੇ ਹੀ ਧੀਆਂ ਪੁਤਰਾਂ ਦੀ ਦਿਨ ਦਿਹਾੜੇ ਬੇਇੱਜ਼ਤੀ ਕਰਦੇ ਗੀਤਾਂ ਨੂੰ ਪਹਿਲ ਦੇਣੀ ਹੈ,
ਜਾਂ ਰੂਹ ਨੂੰ ਸਕੂਨ ਦੇਣ ਤੇ ਸਮਾਜਕ ਭਾਈਚਾਰੇ ਦੀ ਗੱਲ ਕਰਨ ਵਾਲਿਆਂ ਨੂੰ ਪਸੰਦ ਕਰਨਾ ਹੈ? ਸਰਕਾਰ ਤਾਂ ਗੋਗਲੂਆਂ ਤੋਂ ਮਿਟੀ ਝਾੜ ਥੱਕ ਚੁੱਕੀ ਹੈ। ਸਾਹਿਤ ਅਕਾਦਮੀਆਂ ਵਾਲੇ ਸਰਕਾਰੀ ਰੁਤਬਿਆਂ ਦਾ ਆਨੰਦ ਮਾਣਨ ਵਿਚ ਮਸਰੂਫ਼ ਹਨ। ਆਉ ਦੁਆ ਕਰੀਏ ਕਿ ਪੰਜਾਬੀਆਂ ਦਾ ਮਾੜੀ ਗਾਇਕੀ ਦੇ ਇਸ ਭੂਤਰੇ ਜਿੰਨ ਤੋਂ ਛੇਤੀ ਖਹਿੜਾ ਛੁੱਟ ਜਾਵੇ।
ਸਪਰਕ : 94634-63136