ਵਿਚਾਰ   ਵਿਸ਼ੇਸ਼ ਲੇਖ  25 Nov 2020  ਬੋਹੜ ਦੇ ਰੁੱਖ ਦੀ ਕਾਲੀ ਸੰਘਣੀ ਛਾਂ ਰਾਗ ਮਾਲਾ ਦਾ ਸੱਚੋ ਸੱਚ 2

ਬੋਹੜ ਦੇ ਰੁੱਖ ਦੀ ਕਾਲੀ ਸੰਘਣੀ ਛਾਂ ਰਾਗ ਮਾਲਾ ਦਾ ਸੱਚੋ ਸੱਚ 2

ਸਪੋਕਸਮੈਨ ਸਮਾਚਾਰ ਸੇਵਾ
Published Nov 25, 2020, 8:04 am IST
Updated Nov 25, 2020, 8:04 am IST
ਰਾਗ ਮਾਲਾ ਬਾਰੇ ਇੰਨਾ ਭੁਲੇਕਾ ਕਿਉਂ?
Guru Granth sahib ji
 Guru Granth sahib ji

ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਮੁਹਾਲੀ: ਮੈਂ ਪ੍ਰੋਫ਼ੈਸਰ ਵੀਰ ਨੂੰ ਬੇਨਤੀ ਕਰਦਾ ਹਾਂ ਕਿ ਇਹ ਪੁਸਤਕ ਉਨ੍ਹਾਂ ਦੀ ਲਾਈਬ੍ਰੇਰੀ ਵਿਚ ਜ਼ਰੂਰ ਹੋਵੇਗੀ ਤੇ ਉਹ ਇਸ ਨੂੰ ਜ਼ਰੂਰ ਪੜ੍ਹਨ। ਇਸ ਪੁਸਤਕ ਨੂੰ ਪੜ੍ਹਨ ਲਈ ਮੈਂ ਗਿਆਨੀ ਗੁਰਬਚਨ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਬੇਨਤੀ ਕਰਾਂਗਾ। ਪਾਠਕਾਂ ਦੀ ਸੇਵਾ ਵਿਚ ਵੀ ਬੇਨਤੀ ਹੈ ਕਿ ਇਸ ਵਡਮੁੱਲੀ ਪੁਸਤਕ ਨੂੰ ਪੜ੍ਹਨ ਤੇ ਰਾਗ ਮਾਲਾ ਦੇ ਭੁਲੇਖੇ ਨੂੰ ਦੂਰ ਕਰਨ। ਇਸ ਪੁਸਤਕ ਵਿਚ ਪੰਨਾ ਨੰਬਰ 16 ਤੋਂ 32 ਤਕ ਪੁਰਾਤਨ ਬੀੜਾਂ ਦੇ ਚਿੱਤਰ ਦਿਤੇ ਗਏ ਹਨ ਜਿਨ੍ਹਾਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਭੋਗ ਮੰਦਾਵਣੀ ਉਤੇ ਪਿਆ, ਦਸਿਆ ਗਿਆ ਹੈ। ਪਾਠਕਾਂ ਵਿਚ ਇਸ ਰਾਗ ਮਾਲਾ ਦੇ ਪਏ ਭੁਲੇਖੇ ਨੂੰ ਦੂਰ ਕਰਨ ਲਈ ਇਹ ਦਸਣਾ ਜ਼ਰੂਰੀ ਹੈ ਕਿ ਰਾਗ ਮਾਲਾ ਸਿਰਫ਼ ਆਲਮ ਕਵੀ ਨੇ ਹੀ ਨਹੀਂ ਲਿਖੀ, ਹੋਰ ਵੀ ਕਈ ਵਿਦਵਾਨਾਂ ਨੇ ਰਾਗ ਮਾਲਾ ਲਿਖੀ ਹੈ। ਜਿਵੇਂ ਕਿ ਸ਼ਾਮ ਮਿਸ਼ਰਾ ਕਵੀ ਦੀ ਲਿਖੀ ਰਾਗ ਮਾਲਾ ਤਾਨਸੈੱਨ ਜੋ 15-1-1595 ਵਿਚ ਲਿਖੀ ਗਈ,

Sri Guru Granth Sahib jiSri Guru Granth Sahib ji

ਪੰਡਤ ਬਿਰੁਜ ਦੀ ਰਾਗ ਮਾਲਾ ਯਸ਼ੋਧਾ ਨੰਦ ਸ਼ੁਕਲ ਦੀ ਰਾਗ ਮਾਲਾ, ਗੋਵਿੰਦ ਦੀ ਰਾਮ ਮਾਲਾ, ਲੱਛਮਣ ਦਾਸ ਦੀ ਰਾਮ ਮਾਲਾ, ਅਨੰਦ ਜੀ ਦੀ ਰਾਮ ਮਾਲਾ, ਚੰਦਰ ਹਾਂਸ ਦੀ ਰਾਗ ਮਾਲਾ ਆਦਿ। ਗੁਰੂ ਗ੍ਰੰਥ ਸਾਹਿਬ ਵਿਚ ਲਿਖੀ ਰਾਗ ਮਾਲਾ ਬਾਰੇ ਵਿਦਵਾਨਾਂ ਦੇ ਵਿਚਾਰ ਕਵੀ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿਚ ਰਾਗ ਮਾਲਾ ਨੂੰ ਸਾਫ਼ ਤੌਰ ਉਤੇ ਆਲਮ ਕਵੀ ਦੀ ਰਚਨਾ ਲਿਖਿਆ ਹੈ ਤੇ ਕਿਹਾ ਹੈ ਕਿ ਇਹ ਕਿਸੇ ਗੁਰੂ ਜਾਂ ਭਗਤ ਦੀ ਰਚਨਾ ਨਹੀਂ। ਸੂਰਜ ਪ੍ਰਕਾਸ਼ ਰਾਸ 3 ਅੰਸ਼ੂ 48 ਪੰਨਾ 2127। ਗਿਆਨੀ ਗਿਆਨ ਸਿੰਘ ਗੁਰਬਿਲਾਸ ਪਾਤਸ਼ਾਹੀ-6 ਦੇ ਲੇਖਕ ਵੀ ਰਾਗ ਮਾਲਾ ਆਲਮ ਕਵੀ ਦੀ ਲਿਖਦੇ ਹਨ, ਭਾਈ ਜੋਧ ਸਿੰਘ ਤੇ ਭਾਈ ਵੀਰ ਸਿੰਘ ਵੀ ਕਈ ਸਾਲਾਂ ਤਕ ਆਲਮ ਕਵੀ ਦੀ ਰਚਨਾ ਦਸਦੇ ਰਹੇ। ਫਿਰ ਪਤਾ ਨਹੀਂ ਕੀ ਭਾਣਾ ਵਰਤਿਆ ਕਿ ਦੋਵੇਂ ਅਪਣੇ ਕਥਨ ਤੋਂ ਮੁਕਰ ਗਏ, ਪਤਾ ਨਹੀਂ ਕੋਈ ਲਾਲਚ ਸੀ ਜਾਂ ਡਰ?

Guru Granth sahib jiGuru Granth sahib ji

ਹਿੰਦੀ ਦੇ ਵਿਦਵਾਨਾਂ ਦੇ ਵਿਚਾਰ ਦਸਣੇ ਵੀ ਬਹੁਤ ਜ਼ਰੂਰੀ ਹਨ। ਵਿਸ਼ਵਨਾਥ ਪ੍ਰਸਾਦ ਅਪਣੀ ਪੁਸਤਕ 'ਹਿੰਦੀ ਸਾਹਿਤ ਕਾ ਅਤੀਤ' ਦੇ ਫੁੱਟ ਨੋਟ ਉਤੇ ਲਿਖਦੇ ਹਨ ਤੇ ਜ਼ੋਰਦਾਰ ਅੱਖਰਾਂ ਵਿਚ ਲਿਖਦੇ ਹਨ ਕਿ 'ਸਿੱਖੋਂ ਕੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਕੇ ਆਖ਼ਰ ਮੇਂ ਲਿਖੀ ਰਾਗ ਮਾਲਾ ਆਲਮ ਕਵੀ ਕੀ ਹੈ।' ਹਰ ਪ੍ਰਸਾਦ ਨਾਇਕ, ਡਾ. ਜਗਦੀਸ਼ ਨਾਰਾਇਣ, ਭਟ ਵਿਦਿਆਧਰ ਨਾਇਕ ਜੀ ਲਿਖਦੇ ਹਨ ਕਿ 'ਯਹਿ ਰਾਗ ਮਾਲਾ ਕਿਸੀ ਗੁਰੂ ਜੀ ਕੀ ਯਾ ਭਗਤ ਕੀ ਨਹੀਂ ਹੈ, ਆਲਮ ਕਵੀ ਕੀ ਰਚਨਾ ਸੇ ਕੁਛ ਹਿੱਸੇ ਲੀਏ ਗਏ ਹੈਂ, ਜੋ ਗੁਰੂ ਗ੍ਰੰਥ ਸਾਹਿਬ ਕੇ ਅੰਤ ਮੇਂ ਅੰਕਿਤ ਹੈਂ। ਜਿਸ ਮੇਂ ਰਾਗ ਰਾਗਨੀਆਂ ਵਾ ਉਨ ਕੇ ਬੱਚੋਂ ਕਾ ਭੀ ਵਰਨਣ ਹੈ ਜੋ ਮਾਧਵ ਨਲ ਕਾਮ ਕੰਦਲਾ ਕਿੱਸੇ ਸੇ ਲੀ ਗਈ ਹੈ।' ਡਾਕਟਰ ਸੰਤ ਰਾਮ ਭਿੰੜਰਾ ਐਮ.ਏ. ਪੀ.ਐਚ.ਡੀ. ਲਿਖਦੇ ਹਨ ਕਿ 'ਗੁਰੂ ਗ੍ਰੰਥ ਸਾਹਿਬ ਮੇਂ ਤੋ 31 ਰਾਗ ਹੈਂ, ਇਸ ਰਾਮ ਮਾਲਾ ਕੀ ਨੀਤੀ ਪਾਠਕੋਂ ਦਾ ਧਿਆਨ ਖੀਂਚਤੀ ਹੈ। ਯੇ ਰਾਗ ਮਾਲਾ ਅਥਵਾ ਕੰਦਵਾ ਨਾਮਕ ਪ੍ਰਬੰਧ ਭੇਟ ਨਹੀਂ ਹੈ। ਯੇ ਕਾਮ ਕੰਦਲਾ ਕਿੱਸੇ ਸੇ ਲੀ ਗਈ ਹੈ।'

Guru Granth sahib jiGuru Granth sahib ji

ਡਾ. ਜਗਦੀਸ਼ ਨਾਰਾਇਣ, ਪੰਡਤ ਤਾਰਾ ਸਿੰਘ, ਅਸ਼ੋਕ ਕੁਮਾਰ ਮਿਸ਼ਰਾ, ਮੁਨਸ਼ੀ ਦੇਵੀ ਪ੍ਰਸਾਦ ਰਾਜਸਥਾਨ ਵਾਲੇ, ਰਾਮ ਦੇਵ ਤ੍ਰਿਪਾਠੀ, ਪਦਮ ਭੂਸ਼ਣ ਰਾਮ ਕੁਮਾਰ ਵਰਮਾ, ਧਰਮਿੰਦਰ ਵਰਮਾ, ਨਾਗਰੀ ਪ੍ਰਸਾਰਣੀ ਸਭਾ, ਆਚਾਰੀਆ ਰਾਮ ਚੰਦ ਸ਼ੁਕਲਾ, ਪੰਡਤ ਦੱਤ ਬੜਥਵਾਲ, ਹਜ਼ਾਰੀ ਪ੍ਰਸਾਦ ਦਿਵੇਦੀ, ਪਰਸ਼ੂ ਰਾਮ ਚਤੁਰਵੇਦੀ, ਹਿੰਦੀ ਵਿਸ਼ਵ ਕੋਸ਼, ਭਾਰਤੀ ਸਾਹਿਤ ਕੋਸ਼, ਭਗੀਰਥ ਮਿਸ਼ਰਾ, ਭਾਈ ਕਾਨ੍ਹ ਸਿੰਘ ਨਾਭਾ (ਮਹਾਨਕੋਸ਼) ਪ੍ਰੋਫ਼ੈਸਰ ਮਜੂਮਦਾਰ ਆਦਿ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੇਠ ਲਿਖੀਆਂ ਸਾਰੀਆਂ ਹੱਥ ਲਿਖਤ ਅਤੇ ਪ੍ਰਿੰਟ ਬੀੜਾਂ ਵਿਚ ਭੋਗ ਮੁੰਦਾਵਣੀ ਉਤੇ ਪਾਇਆ ਗਿਆ ਹੈ। ਇਨ੍ਹਾਂ ਤੋਂ ਇਲਾਵਾ 1752 ਸੰਮਤ ਵਿਚ ਲਿਖੀ ਹੱਥ ਲਿਖਤ ਬੀੜ, ਪਟਨਾ ਸਾਹਿਬ ਵਾਲੀ ਬੀੜ ਜੋ ਉਥੋਂ ਦੇ ਤੋਸ਼ਾਖ਼ਾਨੇ ਵਿਚ ਸੁਰੱਖਿਅਤ ਰਖੀ ਗਈ ਹੈ, ਸਾਗਰੀ ਪਿੰਡ ਵਾਲੀ ਬੀੜ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਦਸਤਖ਼ਤਾਂ ਵਾਲੀ ਬੀੜ, ਗੋਦਲਾ ਵਾਲੀ ਬੀੜ, ਪਟਿਆਲਾ ਵਾਲੀ ਬੀੜ, ਦੇਹਰਾਦੂਨ ਵਾਲੀ ਬੀੜ, ਮੁੰਗੇਰ ਬਿਹਾਰ ਵਾਲੀ ਬੀੜ, ਬਰਮਿੰਗਟਨ ਲੰਡਨ ਵਾਲੀ ਬੀੜ, ਸ੍ਰੀ ਅਕਾਲ ਤਖ਼ਤ ਸਾਹਿਬ ਵਾਲੀ ਬੀੜ, ਕਰਤਾਰਪੁਰ ਵਾਲੀ ਬੀੜ, ਪਟਨਾ ਸਾਹਿਬ ਵਾਲੀ ਬੀੜ ਤੇ ਦਸਮੇਸ਼ ਪਿਤਾ ਦੇ ਦਸਤਖ਼ਤ ਹਨ। ਭਾਈ ਸਾਹਬ ਵਾਲੀ ਬੀੜ ਵਿਚ ਕੁੱਝ ਵਾਧੂ ਰਚਨਾਵਾਂ ਤਾਂ ਹਨ ਪਰ ਰਾਗ ਮਾਲਾ ਨਹੀਂ ਹੈ।

Akal Takht SahibAkal Takht Sahib

ਕਰਤਾਰਪੁਰ ਵਾਲੀ ਬੀੜ ਜੇ ਕਰਤਾਰਪੁਰ ਵਿਚ ਲਿਖੀ ਗਈ, ਹਜ਼ੂਰ ਸਾਹਿਬ ਵਾਲੀ ਬੀੜ, ਸਿੱਖ ਰੈਂਫ਼ਰੈਂਸ ਅ੍ਿਰਮੰਤਸਰ ਵਾਲੀ ਬੀੜ ਆਦਿ ਉਪਰੋਕਤ ਸਾਰੀਆਂ ਪਾਵਨ ਬੀੜਾਂ ਵਿਚ ਭੋਗ ਮੁੰਦਾਵਣੀ 'ਤੇ ਪਾਇਆ ਗਿਆ ਹੈ। ਪੁਸਤਕ ਵਿਚ ਕੁੱਝ ਹੋਰ ਬੀੜਾਂ ਨੂੰ ਚਿੱਤਰਾਂ ਰਾਹੀਂ ਵਿਖਾਇਆ ਗਿਆ ਹੈ ਜਿਨ੍ਹਾਂ ਵਿਚ ਕੁੱਝ ਵਾਧੂ ਬਾਣੀਆਂ ਤਾਂ ਹਨ ਪਰ ਰਾਗ ਮਾਲਾ ਨਹੀਂ ਹੈ। ਹੁਣ ਰਾਗ ਮਾਲਾ ਬਾਰੇ ਇਸੇ ਪੁਸਤਕ ਵਿਚੋਂ ਹਿੰਦੀ ਪੰਜਾਬੀ ਤੇ ਅੰਗੇਰਜ਼ੀ ਦੇ ਵਿਦਵਾਨਾਂ ਦੇ ਵਿਚਾਰ ਦਸਣਾ ਚਾਹਾਂਗਾ ਜੋ ਪੰਨਾ ਨੰਬਰ 117 ਤੋਂ 203 ਤਕ ਦਿਤੇ ਗਏ ਹਨ। ਪ੍ਰੋਫ਼ੈਸਰ ਤਾਰਾ ਸਿੰਘ ਹੋਰਾਂ ਦੇ ਇਕ ਲੇਖ ਜੋ ਮਾਰਚ 1994 ਵਿਚ ਸ਼੍ਰੋਮਣੀ ਕਮੇਟੀ ਦੀ ਮਾਸਕ ਪ੍ਰਤਿਕਾ 'ਅੰਮ੍ਰਿਤ ਕੀਰਤਨ' ਵਿਚ ਛਪਿਆ ਸੀ, ਉਹ ਵੀ ਰਾਗ ਮਾਲਾ ਨੂੰ ਗੁਰਬਾਣੀ ਨਹੀਂ ਮੰਨਦਾ। ਰਾਗ ਮਾਲਾ ਹੋਰ ਵੀ ਕਈ ਹਨ। ਇਨ੍ਹਾਂ ਵਿਚੋਂ ਬਹੁਤੀਆਂ ਹੱਥ ਲਿਖਤ ਬੀੜਾਂ ਦੇ ਟੀਕੇ ਵੀ ਕੀਤੇ ਗਏ ਹਨ ਤੇ ਵਿਦਵਾਨਾਂ ਨੇ ਅਪਣੀ ਰਾਏ ਵੀ ਦਿਤੀ ਹੈ। ਜਿਵੇਂ ਕਿ ਵਿਦਵਾਨ ਗਿਆਨੀ ਨਾਰਾਇਣ ਸਿੰਘ ਨੇ ਅਪਣੀ ਖੋਜ ਪੁਸਤਕ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਆਈ ਰਾਗ ਮਾਲਾ ਬਾਰੇ ਲਿਖਿਆ ਹੈ ਕਿ ਪਹਿਲਾਂ ਤਾਂ ਚੀਫ਼ ਖ਼ਾਲਸਾ ਦੀਵਾਨ ਵਾਲੇ ਵੀ ਰਾਗ ਮਾਲਾ ਪੜ੍ਹਨ ਦਾ ਵਿਰੋਧ ਕਰਦੇ ਸਨ ਤੇ ਕਹਿੰਦੇ ਸਨ ਕਿ ਰਾਗ ਮਾਲਾ ਪੜ੍ਹਨ ਨਾਲ ਨਾ ਤਾਂ ਕੋਈ ਪੁੰਨ ਹੈ ਅਤੇ ਨਾ ਹੀ ਪੜ੍ਹਨ ਦਾ ਪਾਪ ਹੈ। ਚੀਫ਼ ਖ਼ਾਲਸਾ ਦੀਵਾਨ ਜੋ 10 ਨਵੰਬਰ 1901 ਵਿਚ ਵਜੂਦ ਵਿਚ ਆਇਆ ਸੀ, ਉਸ ਵੇਲੇ ਉਸ ਦੇ ਪੁਰਾਣੇ ਸਮੇਂ ਇਹ ਮੱਤ ਸੀ ਕਿ ਰਾਗ ਮਾਲਾ ਗੁਰਬਾਣੀ ਨਹੀਂ ਹੈ। ਇਸ ਬਾਬਤ ਉਨ੍ਹਾਂ ਦਾ ਕਈ ਥਾਵਾਂ ਉਤੇ ਝਗੜਾ ਵੀ ਹੋਇਆ, ਤਲਵਾਰਾਂ ਤਕ ਚਲੀਆਂ, ਮੁਕੱਦਮੇ ਵੀ ਹੋਏ ਪਰ ਫ਼ੈਸਲਾ ਚੀਫ਼ ਖ਼ਾਲਸਾ ਦੀਵਾਨ ਦੇ ਹੱਕ ਵਿਚ ਹੀ ਹੋਇਆ ਕਿ ਰਾਗ ਮਾਲਾ ਗੁਰਬਾਣੀ ਨਹੀਂ ਹੈ। ਪੰਥ ਸੇਵਕ ਮਾਸਕ ਵਿਚ 1917 ਵਿਚ ਰੀਪੋਰਟ ਛਪੀ ਸੀ।

GurbaniGurbani

ਭਾਈ ਪਾਲ ਸਿੰਘ ਪ੍ਰਚਾਰਕ ਜੋ ਚੀਫ਼ ਖ਼ਾਲਸਾ ਦੀਵਾਨ ਵਲੋਂ ਹੀ ਮਲਾਇਆ ਵਿਚ ਸਿੰਘ ਸਭਾ ਦੇ ਪ੍ਰਚਾਰ ਲਈ ਭੇਜੇ ਗਏ ਸਨ, ਉਹ ਕਈ ਸਾਲ ਮਲਾਇਆ ਰਹੇ ਅਤੇ ਚੀਫ਼ ਖ਼ਾਲਸਾ ਦੀਵਾਨ ਦੀਆਂ ਹਦਾਇਤਾਂ ਉਤੇ ਪ੍ਰਚਾਰ ਕਰਦੇ ਰਹੇ ਸਨ, ਨੇ ਜ਼ੋਰ ਦੇ ਕੇ ਕਿਹਾ ਸੀ ਕਿ ਰਾਗ ਮਾਲਾ ਗੁਰਬਾਣੀ ਨਹੀਂ ਹੈ। ਪੰਥ ਸੇਵਕ ਜਾਂ ਹੋਰ ਦੀ 17-10-1917 ਦੀ ਰੀਪੋਰਟ ਨੈਰੋਬੀ ਦੇ ਗੁਰਦਵਾਰੇ ਦੀ ਸਿੰਘ ਸਭਾ 10-10-1917 ਨੂੰ ਰਾਗ ਮਾਲਾ ਬਾਰੇ ਇਕ ਮੁਕੱਦਮਾ ਵੀ ਚਲਾਇਆ ਤਾਂ ਹਾਂ ਪੱਖੀ ਤੇ ਨਾ ਪੱਖੀਆਂ ਵਿਚ ਜੰਗ ਦੀ ਨੌਬਤ ਆ ਗਈ ਸੀ ਤਾਂ ਚੀਫ਼ ਖ਼ਾਲਸਾ ਦੀਵਾਨ ਨੇ ਅਦਾਲਤ ਵਿਚ ਇਹ ਬਿਆਨ ਦਿਤਾ ਕਿ ਰਾਗ ਮਾਲਾ ਗੁਰਬਾਣੀ ਨਹੀਂ ਹੈ। ਉਨ੍ਹਾਂ ਨੇ ਇਸ ਬਾਰੇ ਇਕ ਪੁਸਤਕ ਵੀ ਛਾਪੀ ਸੀ। ਫਿਰ 1917 ਵਿਚ ਹੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਦੋ ਪਰਚੀਆਂ ਰੱਖ ਕੇ ਅਰਦਾਸ ਕੀਤੀ ਤੇ ਵਾਕ ਲਿਆ ਗਿਆ ਤੇ ਫ਼ੈਸਲਾ ਗੁਰੂ ਉਤੇ ਛੱਡ ਦਿਤਾ। ਭਾਈ ਗੁਰਮੁਖ ਸਿੰਘ ਉਪਦੇਸ਼ਕ ਲਾਹੌਰ ਵਾਲੇ, ਭਾਈ ਚਤਰ ਸਿੰਘ ਗ੍ਰੰਥੀ, ਲੰਡਨ ਦੀ ਸਿੰਘ ਸਭਾ ਦੇ ਭਾਈ ਦਿਆਲ ਸਿੰਘ, ਭਾਈ ਦੇਵਾ ਸਿੰਘ ਲਾਹੌਰ ਵਾਲੇ, ਰਾਜਿੰਦਰ ਸਿੰਘ, ਸਰਦਾਰ ਹੁਕਮ ਸਿੰਘ ਬਠਾਰ ਵਾਲੇ, ਪਰਚੀ ਕੱਢਣ ਵੇਲੇ ਮੌਜੂਦ ਸਨ। ਪਰਚੀਆਂ ਉਤੇ ਇਕ ਵਿਚ ਲਿਖਿਆ ਸੀ ਕਿ ਰਾਗ ਮਾਲਾ ਗੁਰਬਾਣੀ ਹੈ ਤੇ ਦੂਜੀ ਵਿਚ ਲਿਖਿਆ ਸੀ ਕਿ ਰਾਗ ਮਾਲਾ ਗੁਰਬਾਣੀ ਨਹੀਂ ਹੈ। ਭਾਈ ਸਾਹਬ ਨੇ ਉਨ੍ਹਾਂ ਦੋਹਾਂ ਪਰਚੀਆਂ ਵਿਚੋਂ ਇਕ ਨੂੰ ਖੋਲ੍ਹਿਆ ਤਾਂ ਉਸ ਉਤੇ ਲਿਖਿਆ ਸੀ ਕਿ ਰਾਗ ਮਾਲਾ ਗੁਰਬਾਣੀ ਨਹੀਂ ਹੈ। ਉਦੋਂ ਭਾਈ ਜੋਧ ਸਿੰਘ ਵੀ ਉਨ੍ਹਾਂ ਸੱਜਣਾਂ ਵਿਚ ਸ਼ਾਮਲ ਸਨ। ਉਸ ਵੇਲੇ ਇਹ ਫ਼ੈਸਲਾ ਲਿਆ ਗਿਆ ਕਿ ਰਾਗ ਮਾਲਾ ਗੁਰਬਾਣੀ ਨਹੀਂ ਹੈ। ਇਸ ਨੂੰ ਨਾ ਪੜ੍ਹਿਆ ਜਾਵੇ, ਇਸ ਤੋਂ ਮਗਰੋਂ ਰਾਗ ਮਾਲਾ ਦਾ ਝਗੜਾ ਉਦੋਂ ਫਿਰ ਉਠ ਪਿਆ, ਜਦੋਂ ਚੀਫ਼ ਖ਼ਾਲਸਾ ਦੀਵਾਨ ਦੇ ਬਾਨੀ ਭਾਈ ਵੀਰ ਸਿੰਘ ਜੀ ਨੇ ਕਿਸੇ ਲਾਲਚਵਸ ਜਾਂ ਡਰ ਕਾਰਨ ਅਪਣਾ ਪੈਂਤੜਾ ਬਦਲ ਲਿਆ ਤੇ ਅਪਣੇ ਮਾਸਕ ਪਤਰਾਂ ਵਿਚ ਰਾਗ ਮਾਲਾ ਦੇ ਹੱਕ ਵਿਚ ਲਿਖਣਾ ਸ਼ੁਰੂ ਕਰ ਦਿਤਾ ਤੇ ਅਪਣੇ ਪੁਰਾਣੇ ਬਿਆਨਾਂ ਤੋਂ ਮੂੰਹ ਫੇਰ ਲਿਆ।

ਇਸ ਲੇਖ ਵਿਚ ਅੰਗਰੇਜ਼ ਵਿਦਵਾਨਾਂ ਦਾ ਉਲੇਖ ਕੀਤੇ ਬਿਨਾਂ ਲੇਖ ਅਧੂਰਾ ਰਹਿ ਜਾਵੇਗਾ। ਅੰਗਰੇਜ਼ਾਂ ਨੇ ਜਦੋਂ ਭਾਰਤ ਤੇ ਪੰਜਾਬ ਉਤੇ ਕਬਜ਼ਾ ਕਰ ਲਿਆ ਤਾਂ ਉਨ੍ਹਾਂ ਨੇ ਭਾਰਤ ਤੇ ਹੋਰ ਸੂਬਿਆਂ ਦੇ ਖ਼ਾਸ ਕਰ ਕੇ ਪੰਜਾਬ ਦੇ ਲੋਕਾਂ ਦੇ ਸਭਿਆਚਾਰ, ਧਰਮ, ਇਤਿਹਾਸ ਤੇ ਰੀਤੀ ਰਿਵਾਜਾਂ ਨੂੰ ਸਮਝਣ ਲਈ ਵਿਦਵਾਨ ਲਗਾਏ ਤਾਕਿ ਰਾਜ ਪ੍ਰਬੰਧ ਠੀਕ ਚਲਾਇਆ ਜਾ ਸਕੇ। ਅੰਗਰੇਜ਼ਾਂ ਨੇ ਜਾਣਕਾਰੀ ਹਾਸਲ ਕਰਨ ਲਈ ਉਨ੍ਹਾਂ ਦੇ ਧਰਮ ਗ੍ਰੰਥਾਂ ਨੂੰ ਸਮਝਣ ਲਈ ਵੀ ਉਚੇਚੇ ਪ੍ਰਬੰਧ ਕੀਤੇ ਸਨ। ਉਨ੍ਹਾਂ ਵਿਦਵਾਨਾਂ ਨੂੰ ਜਿੰਨੀ ਜਾਣਕਾਰੀ ਮਿਲ ਸਕੀ, ਉਸ ਦੇ ਹਰ ਪੱਖ ਬਾਰੇ ਇਕ ਇੰਪੀਰੀਅਲ ਗੈਜ਼ਟਰੀ ਤਿਆਰ ਕੀਤੀ ਤੇ ਛਪਵਾਈ। ਹਿੰਦੂ ਧਰਮ ਤੇ ਸਿੱਖ ਧਰਮ ਦੇ ਗ੍ਰੰਥਾਂ ਬਾਰੇ ਲੋੜੀਂਦੀ ਜਾਣਕਾਰੀ ਹਾਸਲ ਕਰਨ ਲਈ ਅਤੇ ਲਿਖਣ ਲਈ ਜਰਮਨ ਤੋਂ ਵਿਦਵਾਨ ਡਾ. ਟਰੰਪ ਨੂੰ ਉਚੇਚੇ ਤੌਰ ਉਤੇ ਬੁਲਾਇਆ। ਉਸ ਨੇ ਜਨਮ ਸਾਖੀਆਂ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਦੇ ਕੁੱਝ ਹੀ ਹਿੱਸਿਆਂ ਨੂੰ ਅੰਗਰੇਜ਼ੀ ਵਿਚ ਅਨੁਵਾਦ ਕੀਤਾ। ਡਾ. ਟਰੰਪ ਦੇ ਇਸ ਅਨੁਵਾਦ ਵਿਚ ਬਹੁਤ ਸਾਰੀਆਂ ਤਰੁਟੀਆਂ ਰਹਿ ਗਈਆਂ।

ਕਿਤਾਬ ਜਦੋਂ ਛੱਪ ਕੇ ਸਾਹਮਣੇ ਆਈ ਤਾਂ ਉਸ ਵੇਲੇ ਇਸ ਗ੍ਰੰਥ ਦਾ ਜ਼ਬਰਦਸਤ ਵਿਰੋਧ ਹੋਇਆ। ਡਾ. ਟਰੰਪ ਨੇ ਇਸ ਦਾ ਦੋਸ਼ ਸਿੱਖ ਧਰਮ ਦੇ ਵਿਦਵਾਨਾਂ ਦੀ ਘਾਟ 'ਤੇ ਮੜ੍ਹ ਦਿਤਾ ਤੇ ਕਿਹਾ ਕਿ ਸਿੱਖ ਧਰਮ ਦੀ ਜਾਣਕਾਰੀ ਦੇਣ ਵਾਲੇ ਵਿਦਵਾਨ ਬਹੁਤ ਘੱਟ ਸਨ। ਜਿਨ੍ਹਾਂ ਵਿਦਵਾਨਾਂ ਨੇ ਜਾਣਕਾਰੀ ਦਿਤੀ, ਉਹ ਬਹੁਤੇ ਸਹਾਇਕ ਨਾ ਹੋ ਸਕੀ। ਦਰਅਸਲ ਸੱਚ ਤਾਂ ਇਹ ਹੈ ਕਿ ਡਾਕਟਰ ਟਰੰਪ ਨੇ ਵਿਦਵਾਨਾਂ ਦੀ ਭਾਲ ਹੀ ਨਾ ਕੀਤੀ, ਸੰਪਰਕ ਕਰਨ ਦੀ ਕੋਸ਼ਿਸ਼ ਹੀ ਨਾ ਕੀਤੀ ਜਦਕਿ ਭਾਈ ਕਾਨ੍ਹ ਸਿੰਘ ਨਾਭਾ, ਗਿਆਨੀ ਦਿੱਤ ਸਿੰਘ ਆਦਿ ਹੋਰ ਕਈ ਵਿਦਵਾਨ ਮੌਜੂਦ ਸਨ। ਸ਼ਾਇਦ ਉਹ ਸਿਰਫ਼ ਡੇਰੇਦਾਰਾਂ ਤੋਂ ਹੀ ਜੋ ਕੁੱਝ ਮਿਲਿਆ ਲਿਖ ਦਿਤਾ ਸੀ। ਰਾਗ ਮਾਲਾ ਨੂੰ ਤਾਂ ਉਸ ਵੇਖਿਆ ਤਕ ਨਹੀਂ ਸੀ, ਬਸ ਡੰਗ ਟਪਾਊ ਖੋਜ ਕਰ ਕੇ ਚਲਾ ਗਿਆ। ਡਾ. ਟਰੰਪ ਤੋਂ ਬਾਅਦ ਇਸ ਖੋਜ ਲਈ ਮੈਕਾਲਫ਼ ਸਾਹਬ ਸਾਹਮਣੇ ਆਏ ਜਿਨ੍ਹਾਂ ਨੇ ਪੂਰੀ ਸ਼ਿੱਦਤ, ਸਿਦਕ ਅਤੇ ਲਗਨ ਨਾਲ ਖੋਜ ਕੀਤੀ। ਮੈਕਾਲਫ਼ ਸਾਹਬ ਨੇ ਇਸ ਕੰਮ ਲਈ ਮੈਜਿਸਟ੍ਰੇਟ ਦੀ ਨੌਕਰੀ ਵੀ ਛੱਡ ਦਿਤੀ। ਕੁੱਝ ਤਕਲੀਫ਼ਾਂ ਤਾਂ ਉਨ੍ਹਾਂ ਨੂੰ ਵੀ ਮਹਿਸੂਸ ਹੋਈਆਂ ਜਿਸ ਦਾ ਜ਼ਿਕਰ ਉਨ੍ਹਾਂ ਨੇ ਅਪਣੀ ਪੁਸਤਕ ਵਿਚ ਕੀਤਾ ਹੈ।

 

ਇਨ੍ਹਾਂ ਦੀ ਹਰ ਤਰ੍ਹਾਂ ਨਾਲ ਮਦਦ ਮਹਾਰਾਜਾ ਪਟਿਆਲਾ, ਨਾਭਾ ਤੇ ਭਾਈ ਕਾਨ੍ਹ ਸਿੰਘ ਹੋਰਾਂ ਨੇ ਕੀਤੀ। ਸਿੱਖ ਧਰਮ ਦੀ ਠੀਕ ਠਾਕ ਜਾਣਕਾਰੀ ਲਈ ਕਾਫ਼ੀ ਮੁਸ਼ੱਕਤ ਕੀਤੀ ਤੇ ਚਾਰ ਵੱਡੀਆਂ ਜਿਲਦਾਂ ਤੇ ਕਈ ਹਿੱਸਿਆਂ ਵਿਚ ਸਿੱਖ ਧਰਮ ਦੀਆਂ ਪੁਸਤਕਾਂ ਲਿਖੀਆਂ। ਉਹ ਕਈ ਸਾਲ ਤਕ ਭਾਈ ਕਾਨ੍ਹ ਸਿੰਘ ਨਾਭਾ ਦੇ ਸੰਪਰਕ ਵਿਚ ਰਹੇ। ਉਪਰੋਕਤ ਪੁਸਤਕਾਂ ਛਪਣ ਵਿਚ ਕਾਫ਼ੀ ਸਮਾਂ ਲਗਿਆ। ਪਟਿਆਲਾ ਰਿਆਸਤ ਦੇ ਮਹਾਰਾਜੇ ਨੇ ਉਨ੍ਹਾਂ ਦੀ ਹਰ ਪ੍ਰਕਾਰ ਦੀ ਭਰਪੂਰ ਮਦਦ ਕੀਤੀ। ਮਹਾਰਾਜਾ ਪਟਿਆਲਾ ਨੇ ਸੰਗੀਤ ਦੀ ਸਵਰ ਲਿਪੀ ਸਮਝਣ ਲਈ ਉਚੇਚੇ ਤੌਰ 'ਤੇ ਸੰਗੀਤ ਦੇ ਮਹਾਨ ਵਿਦਵਾਨ ਨੂੰ ਜਰਮਨ ਤੋਂ ਇਨ੍ਹਾਂ ਦੀ ਮਦਦ ਲਈ ਬੁਲਾਇਆ। ਉਂਜ ਮੈਕਾਲਫ਼ ਆਪ ਵੀ ਸੰਗੀਤ ਤੋਂ ਜਾਣੂ ਦਸੇ ਜਾਂਦੇ ਹਨ। ਇਸ ਤੋਂ ਇਲਾਵਾ ਸੰਗੀਤ ਦੇ ਮਹਾਨ ਰਾਗੀ ਮਹੰਤ ਗੱਜਾ ਸਿੰਘ ਦੀਆਂ ਸੇਵਾਵਾਂ ਵੀ ਉਪਲੱਬਧ ਕਰਵਾਈਆਂ ਗਈਆਂ। ਅਪਣੀ ਖੋਜ ਪੁਸਤਕ ਵਿਚ ਮੈਕਾਲਫ਼ ਲਿਖਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਦੀ ਪੂਰਨਤਾ ਮਗਰੋਂ 1661 ਬਿਕ੍ਰਮੀ 1604 ਵਿਚ ਗ੍ਰੰਥ ਸਾਹਿਬ ਦੀ ਬੀੜ ਬੰਨ੍ਹਣ ਤੋਂ ਪਹਿਲਾਂ ਮੰਦਾਵਣੀ ਲਿਖ ਕੇ ਸਮਾਪਤੀ ਦੀ ਮੋਹਰ ਲਗਾ ਦਿਤੀ ਸੀ।

ਮੈਕਾਲਫ਼ ਲਿਖਦੇ ਹਨ ਕਿ ਇਹ ਰਾਗ ਮਾਲਾ ਕਦੋਂ, ਕਿਉਂ ਤੇ ਕਿਸ ਨੇ ਪਾ ਦਿਤੀ? ਜੋ ਕਿ ਆਲਮ ਕਵੀ ਦੀ ਅਸ਼ਲੀਲ ਰਚਨਾ ਦਾ ਇਕ ਹਿੱਸਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਕੁਲ 31 ਰਾਗ ਹਨ, ਕੋਈ ਰਾਗਨੀ ਨਹੀਂ ਪਰ ਰਾਗ ਮਾਲਾ ਦੇ ਰਾਗਾਂ ਦੀ ਗਿਣਤੀ 84 ਬਣਦੀ ਹੈ। ਇਨ੍ਹਾਂ ਵਿਚ ਕਈ ਰਾਗ ਅਜਿਹੇ ਹਨ ਜੋ ਗੁਰੂ ਗ੍ਰੰਥ ਸਾਹਿਬ ਵਿਚ ਤਾਂ ਹਨ ਪਰ ਰਾਗ ਮਾਲਾ ਵਿਚ ਨਹੀਂ ਹਨ। ਪੁਸਤਕਾਂ ਲਿਖਣ ਵਿਚ ਮਹਾਰਾਜਾ ਨਾਭਾ ਤੇ ਪਟਿਆਲਾ ਨੇ ਅਤੇ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਤਾਂ ਹਰ ਪ੍ਰਕਾਰ ਦਾ ਸਹਿਯੋਗ ਦਿਤਾ ਪਰ ਕਿਸੇ ਵੀ ਸਿੱਖ ਸੰਸਥਾ ਨੇ ਉਨ੍ਹਾਂ ਦਾ ਧਨਵਾਦ ਤਕ ਨਾ ਕੀਤਾ। ਅੰਤ ਵਿਚ ਮੈਂ ਪੂਰੀ ਦੁਨੀਆਂ ਦੇ ਵਿਦਵਾਨਾਂ, ਸਿੱਖ ਚਿੰਤਕਾਂ, ਆਮ ਗੁਰਸਿੱਖਾਂ ਨੂੰ ਬੇਨਤੀ ਕਰਦਾ ਹਾਂ ਕਿ ਸਾਰੇ ਮਤਭੇਦਾਂ ਨੂੰ ਛੱਡ ਕੇ ਸੱਭ ਤੋਂ ਪਹਿਲਾਂ ਗੁਰ ਸਿੱਖੀ ਦੇ ਇਕ ਝੰਡੇ ਥੱਲੇ ਇਕੱਠੇ ਹੋ ਜਾਉ ਤੇ ਤਖ਼ਤਾਂ ਦੇ ਸਾਬਕਾ ਤੇ ਮੌਜੂਦਾ ਜਥੇਦਾਰਾਂ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਰਹਿਤ ਮਰਿਆਦਾ ਕਮੇਟੀ, ਰਾਗੀਆਂ ਕਥਾ ਵਾਚਕਾਂ, ਪ੍ਰਚਾਰਕਾਂ ਤੇ ਗ੍ਰੰਥੀ ਸਿੰਘਾਂ 'ਤੇ ਜ਼ੋਰ ਪਾਉ ਕਿ ਰਾਗ ਮਾਲਾ ਨੂੰ ਗੁਰੂ ਗ੍ਰੰਥ ਸਾਹਿਬ ਵਿਚੋਂ ਦੂਰ ਕਰਨ ਤੇ ਇਸ ਪਾਵਨ ਗ੍ਰੰਥ ਦੀ ਪਵਿੱਤਰਤਾ ਬਹਾਲ ਕਰਨ। ਮੈਂ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਹੁਰਾਂ ਨੂੰ ਖ਼ਾਸ ਬੇਨਤੀ ਕਰਾਂਗਾ ਕਿ ਉਹ ਮੁੰਦਾਵਣੀ ਪੁਸਤਕ ਜ਼ਰੂਰ ਪੜ੍ਹਨ ਅਤੇ ਗਿਆਨੀ ਗਿਆਨ ਸਿੰਘ ਹੁਰਾਂ ਦੇ ਜੋ ਵਿਚਾਰ ਹਨ, ਉਨ੍ਹਾਂ ਨੂੰ ਜ਼ਰੂਰ ਪੜ੍ਹਨ।
                                                                                                                         ਪ੍ਰੇਮ ਸਿੰਘ ਪਾਰਸ,ਸੰਪਰਕ :  98109-75498

Location: India, Punjab
Advertisement