ਜੂਨ ਕਟਦੇ ਲੋਕ
Published : May 26, 2018, 4:14 am IST
Updated : May 26, 2018, 4:14 am IST
SHARE ARTICLE
Old People
Old People

ਮੈਂ  ਬਚਪਨ ਤੋਂ ਹੀ ਸੁਣਦਾ ਆਇਆ ਹਾਂ ਕਿ ਸੰਸਾਰ ਵਿਚ ਹਰ ਮਨੁੱਖ ਨੂੰ ਇਹ ਇਨਸਾਨੀ ਜਾਮਾ ਉਸ ਦੇ ਚੰਗੇ ਤੇ ਮੰਦੇ ਕਰਮਾਂ ਦੇ ਹਿਸਾਬ ਨਾਲ 84 ਲੱਖ ਜੂਨਾਂ ਹੰਢਾਉਣ ਤੋਂ ...

ਮੈਂ  ਬਚਪਨ ਤੋਂ ਹੀ ਸੁਣਦਾ ਆਇਆ ਹਾਂ ਕਿ ਸੰਸਾਰ ਵਿਚ ਹਰ ਮਨੁੱਖ ਨੂੰ ਇਹ ਇਨਸਾਨੀ ਜਾਮਾ ਉਸ ਦੇ ਚੰਗੇ ਤੇ ਮੰਦੇ ਕਰਮਾਂ ਦੇ ਹਿਸਾਬ ਨਾਲ 84 ਲੱਖ ਜੂਨਾਂ ਹੰਢਾਉਣ ਤੋਂ ਬਾਅਦ ਹਾਸਲ ਹੁੰਦਾ ਹੈ ਅਤੇ ਇਸ ਜਾਮੇ ਦਾ ਮੁੱਖ ਮਕਸਦ ਨੇਕ ਕਰਮ ਅਤੇ ਪਰਮਾਤਮਾ ਦੀ ਉਸਤਤ ਕਰਦਿਆਂ ਹੋਇਆਂ ਜਨਮ-ਮਰਨ ਅਤੇ ਦੁੱਖਾਂ-ਸੁੱਖਾਂ ਦੇ ਚੱਕਰ ਤੋਂ 'ਮੁਕਤੀ', 'ਮੋਕਸ਼' ਜਾਂ 'ਸਾਲਵੇਸ਼ਨ' ਹਾਸਲ ਕਰਨਾ ਹੈ।

ਮੈਂ ਜਦ ਅਪਣੇ ਆਲੇ-ਦੁਆਲੇ ਝਾਤੀ ਮਾਰਦਾ ਹਾਂ ਤਾਂ ਮੈਨੂੰ ਅਜਿਹੇ ਕਈ ਲੋਕ ਨਜ਼ਰ ਆਉਂਦੇ ਹਨ, ਜੋ 'ਅਸ਼ਰਫ਼-ਉਲ-ਮਖ਼ਲੂਕਾਤ' ਭਾਵ ਸਮੁੱਚੀ ਕਾਇਨਾਤ ਦਾ ਸਰਵੋਤਮ ਇਨਸਾਨੀ ਜਾਮਾ ਹਾਸਲ ਕਰਨ ਦੇ ਬਾਵਜੂਦ ਵੀ ਜ਼ਿੰਦਗੀ ਜੀਅ ਨਹੀਂ ਰਹੇ ਸਗੋਂ ਜੂਨ ਕੱਟ ਰਹੇ ਹਨ।ਮੈਂ ਇਕ ਸਰਕਾਰੀ ਮੁਲਾਜ਼ਮ ਹਾਂ ਤੇ ਮੇਰੇ ਅਦਾਰੇ ਵਿਚ ਇਕ ਦਫ਼ਤਰੀ ਮੁਲਾਜ਼ਮ ਕੰਮ ਕਰਦਾ ਹੈ ਜਿਸ ਦੀ ਉਮਰ ਇਸ ਵੇਲੇ 45 ਸਾਲ ਦੇ ਕਰੀਬ ਹੈ। ਉਸ ਦਾ ਕੱਦ ਛੇ ਫੁੱਟ ਤੇ ਹੱਥ-ਪੈਰ ਖੁੱਲ੍ਹੇ-ਡੁੱਲ੍ਹੇ ਹਨ।

ਉਸ ਦੇ ਨਾਂ ਸੱਤ ਕਿੱਲੇ ਜ਼ਮੀਨ ਹੈ ਅਤੇ ਤਨਖ਼ਾਹ ਤੀਹ ਹਜ਼ਾਰ ਰੁਪਏ ਤੋਂ ਵੀ ਵੱਧ ਹੈ। ਉਹ +2 ਨਾਨ-ਮੈਡੀਕਲ ਵਿਸ਼ਿਆਂ ਨਾਲ ਪਾਸ ਹੈ ਅਤੇ ਕੁੱਝ ਸਾਲ ਪਹਿਲਾਂ ਅਤਿਵਾਦੀਆਂ ਵਲੋਂ ਉਸ ਦੇ ਪਿਤਾ ਦੀ ਹਤਿਆ ਹੋਈ ਹੋਣ ਕਰ ਕੇ ਉਸ ਨੂੰ ਤਰਸ ਦੇ ਆਧਾਰ ਤੇ ਸਰਕਾਰੀ ਨੌਕਰੀ ਮਿਲ ਗਈ ਸੀ। ਜਦ ਵਿਆਹ ਹੋਇਆ ਤਾਂ ਘਰਵਾਲੀ ਅਜਿਹੀ ਮਿਲੀ ਕਿ ਅੱਜ ਤਕ ਵੀ ਉਹ ਇਨਸਾਨਾਂ ਵਰਗੀ ਜ਼ਿੰਦਗੀ ਜੀਅ ਨਹੀਂ ਸਕਿਆ।

ਕੋਈ ਆਖਦਾ ਹੈ ਕਿ ਉਸ ਦੀ ਘਰਵਾਲੀ ਉਸ ਨੂੰ ਨੀਂਦ ਦੀ ਦਵਾਈ ਦਿੰਦੀ ਹੈ ਤੇ ਕੋਈ ਆਖਦਾ ਹੈ ਨਸ਼ੇ ਦੀ। ਉਸ ਦੇ ਘਰ ਵਿਚ ਸਕੂਟਰ ਮੌਜੂਦ ਹੈ ਪਰ ਫਿਰ ਵੀ ਦਸ ਕਿਲੋਮੀਟਰ ਤੋਂ ਉਹ ਸਾਈਕਲ ਚਲਾ ਕੇ ਆਉਂਦਾ ਹੈ। ਉਸ ਦੀ ਜੇਬ ਵਿਚ ਕਦੇ ਵੀ 20 ਰੁਪਏ ਤੋਂ ਵੱਧ ਨਹੀਂ ਹੁੰਦੇ। ਖੇਤੀਬਾੜੀ ਅਤੇ ਡੰਗਰ ਵੱਛਾ ਵੀ ਉਹ ਆਪ ਹੀ ਸਾਂਭਦਾ ਹੈ ਜਿਸ ਕਰ ਕੇ ਅਕਸਰ ਹੀ ਉਸ ਦੇ ਕਪੜੇ ਮੈਲੇ ਤੇ ਹੱਥ ਮਿੱਟੀ ਨਾਲ ਲਿਬੜੇ ਹੁੰਦੇ ਹਨ।

ਉਸ ਨੂੰ ਪਤਨੀ ਵਲੋਂ ਦਿਤੀ ਜਾ ਰਹੀ ਅਗਿਆਤ ਦਵਾਈ ਅਤੇ ਕੀਤੇ ਜਾ ਰਹੇ ਬੇਰੁਖੀ ਭਰੇ ਸਲੂਕ ਕਰ ਕੇ ਉਸ ਦਾ ਵਿਹਾਰ ਅਰਧ ਪਾਗਲਾਂ ਵਰਗਾ ਹੋ ਗਿਆ ਹੈ। ਉਹ ਦਫ਼ਤਰ ਵਿਚ ਅਪਣੀ ਪੋਸਟ ਦੇ ਮੁਤਾਬਕ ਕੰਮ ਕਰਨ ਦੇ ਸਮਰੱਥ ਨਹੀਂ ਹੈ ਅਤੇ ਚਪੜਾਸੀ ਵਾਂਗ ਪਾਣੀ ਪਿਆਉਣ ਜਾਂ ਸਾਫ਼ ਸਫ਼ਾਈ ਦੇ ਕੰਮਾਂ ਵਿਚ ਲੱਗਾ ਰਹਿੰਦਾ ਹੈ। ਜੇਕਰ ਦਫ਼ਤਰ ਦੇ ਕੰਮ ਜਾਂ ਕੋਈ ਦਸਤਾਵੇਜ਼ ਦੇਣ ਲਈ ਤਹਿਸੀਲ ਜਾਂ ਜ਼ਿਲ੍ਹਾ ਦਫ਼ਤਰ ਵਿਖੇ ਜਾਣਾ ਪੈ ਜਾਵੇ ਤਾਂ ਉਸ ਕੋਲ ਬੱਸ ਜਾਂ ਰਿਕਸ਼ਾ ਦਾ ਕਿਰਾਇਆ ਤਕ ਨਹੀਂ ਹੁੰਦਾ।

ਦਫ਼ਤਰ ਦੇ ਦਰਜਾ ਚਾਰ ਅਤੇ ਹੋਰ ਕਰਮਚਾਰੀਆਂ ਤੋਂ ਉਹ 20, 50 ਜਾਂ 100 ਰੁਪਏ ਅਕਸਰ ਉਧਾਰ ਲੈ ਲੈਂਦਾ ਹੈ ਤੇ ਫਿਰ ਕਈ ਮਹੀਨਿਆਂ ਤਕ ਵਾਪਸ ਨਹੀਂ ਮੋੜ ਪਾਉਂਦਾ। ਉਸ ਦਾ ਏ.ਟੀ.ਐਮ. ਕਾਰਡ ਉਸ ਦੀ ਪਤਨੀ ਕੋਲ ਹੈ ਅਤੇ ਉਹ ਉਸ ਦੀ ਸਾਰੀ ਤਨਖ਼ਾਹ ਕਢਵਾ ਲੈਂਦੀ ਹੈ। ਦੁਪਿਹਰ ਵਾਸਤੇ ਉਸ ਨੂੰ ਰੋਟੀਆਂ ਦੇ ਕੇ ਘਰੋਂ ਤੋਰ ਦਿੰਦੀ ਹੈ ਤੇ ਦਾਲ-ਸਬਜ਼ੀ ਕਦੇ ਨਹੀਂ ਦਿੰਦੀ। ਦਫ਼ਤਰ ਦੇ ਸਟਾਫ਼ ਵਲੋਂ ਤਰਸ ਖਾ ਕੇ ਉਸ ਨੂੰ ਅਪਣੀ ਦਾਲ ਜਾਂ ਸਬਜ਼ੀ ਵਿਚੋਂ ਕੁੱਝ ਹਿੱਸਾ ਦੇ ਦਿਤਾ ਜਾਂਦਾ ਹੈ।

ਕੱਲ ਦੁਪਿਹਰ ਵੇਲੇ ਉਹ ਦਫ਼ਤਰ ਦੇ ਬਾਹਰ ਬੈਂਚ ਤੇ ਬੈਠਾ ਰੋਟੀ ਖਾ ਰਿਹਾ ਸੀ। ਦਫ਼ਤਰ ਦੇ ਕਿਸੇ ਕਰਮਚਾਰੀ ਦੇ ਨਜ਼ਦੀਕੀ ਰਿਸ਼ਤੇਦਾਰ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਜਾਣ ਕਰ ਕੇ ਦਫ਼ਤਰ ਦਾ ਕੋਈ ਵੀ ਕਰਮਚਾਰੀ ਰੋਟੀ ਨਹੀਂ ਲਿਆਇਆ ਸੀ ਤੇ ਉਕਤ ਸਮਾਗਮ ਵਿਚ ਜਾਣ ਲਈ ਪਤਨੀ ਤੋਂ ਸ਼ਗਨ ਲਈ ਪੈਸੇ ਪ੍ਰਾਪਤ ਨਾ ਹੋਣ ਕਰ ਕੇ ਉਹ ਕਰਮਚਾਰੀ ਸ਼ਾਦੀ ਸਮਾਗਮ ਵਿਚ ਨਹੀਂ ਜਾਣਾ ਚਾਹੁੰਦਾ ਸੀ।

ਮੈਂ ਬਾਹਰ ਨਿਕਲ ਕੇ ਜਦ ਉਸ ਕਰਮਚਾਰੀ ਨੂੰ ਰੋਟੀ ਖਾਂਦਿਆਂ ਵੇਖਿਆ ਤਾਂ ਮੇਰੇ ਕਾਲਜੇ ਦਾ ਰੁੱਗ ਭਰਿਆ ਗਿਆ। ਉਸ ਦੇ ਹੱਥ ਵਿਚ ਚਾਰ ਫ਼ੁਲਕੇ ਸਨ। ਸਾਹਮਣੇ ਪਈ ਹੋਈ ਕਟੋਰੀ ਵਿਚ ਕੋਈ ਦਾਲ ਜਾਂ ਸਬਜ਼ੀ ਨਹੀਂ ਸੀ ਅਤੇ ਉਹ ਖ਼ਾਲੀ ਕੌਲੀ ਵਿਚ ਬੁਰਕੀਆਂ ਡੋਬ ਡੋਬ ਕੇ ਖਾ ਰਿਹਾ ਸੀ। ਮੇਰੀ ਜਾਚੇ ਉਹ ਜੂਨ ਹੀ ਕੱਟ ਰਿਹਾ ਸੀ। ਸੰਪਰਕ : 97816-46008

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement