
ਪਿੰਡ ਦੀਵਾਨਾ ਵਿਚ ਲੱਗੀ ‘ਸਪੋਕਸਮੈਨ ਦੀ ਸੱਥ’, ਜਾਣੋ ਸਰਕਾਰਾਂ ਤੋਂ ਕਿਉਂ ਨਾਰਾਜ਼ ਹਨ ਪਿੰਡ ਦੇ ਲੋਕ
ਮਹਿਲ ਕਲਾਂ: ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰੋਜ਼ਾਨਾ ਸਪੋਕਸਮੈਨ ਵਲੋਂ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਦੀ ਆਵਾਜ਼ ਸਰਕਾਰਾਂ ਤੱਕ ਪਹੁੰਚਾਉਣ ਲਈ ‘ਸਪੋਕਸਮੈਨ ਦੀ ਸੱਥ’ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਇਸੇ ਲੜੀ ਵਿਚ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਮਹਿਲ ਕਲਾਂ ਦੇ ਪਿੰਡ ਦੀਵਾਨਾ ਦੇ ਲੋਕਾਂ ਦੀਆਂ ਸਮੱਸਿਆਵਾਂ ਜਾਣਨ ਅਤੇ ਪਿੰਡ ਦੇ ਜ਼ਮੀਨੀ ਹਾਲਾਤ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਪਿੰਡ ਵਾਸੀਆਂ ਨੇ ਨਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਸਾਢੇ 4 ਸਾਲ ਕੁਝ ਕੀਤਾ ਤੇ ਨਾ ਹੀ ਉਹਨਾਂ ਨੂੰ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਕੋਈ ਆਸ ਹੈ।
Spokesman Di Sath at Village Diwana
ਸੱਥ ਵਿਚ ਪਹੁੰਚੀਆਂ ਪਿੰਡ ਦੀਆਂ ਬੀਬੀਆਂ ਨੇ ਕਿਹਾ ਕਿ ਉਹਨਾਂ ਨੂੰ ਉਹ ਸਰਕਾਰ ਚਾਹੀਦੀ ਹੈ ਜੋ ਉਹਨਾਂ ਦੀ ਆਵਾਜ਼ ਸੁਣੇ ਅਤੇ ਉਹਨਾਂ ਦਾ ਬਣਦਾ ਹੱਕ ਦੇਵੇ। ਬੀਬੀਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਸਾਢੇ ਚਾਰ ਸਾਲ ਬਿਲਕੁਲ ਜ਼ੀਰੋ ਹਨ ਕਿਉਂਕਿ ਉਹਨਾਂ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ। ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਿਆ ਤੇ ਜਿਨ੍ਹਾਂ ਨੂੰ ਰੁਜ਼ਗਾਰ ਮਿਲਿਆ ਉਹਨਾਂ ਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ। ਪੜ੍ਹੇ ਲਿਖੇ ਨੌਜਵਾਨਾਂ ਨੂੰ ਠੇਕੇਦਾਰੀ ’ਤੇ ਰੱਖਿਆ ਜਾਂਦਾ ਹੈ। ਪਿੰਡ ਦੀ ਲੜਕੀ ਨੇ ਕਿਹਾ ਕਿ ਲੋਕ ਪਹਿਲਾਂ ਵੀ ਸੰਘਰਸ਼ ਲੜਦੇ ਸੀ ਪਰ ਕਿਸਾਨਾਂ ਦੇ ਪੱਕੇ ਮੋਰਚੇ ਤੋਂ ਉਹਨਾਂ ਨੂੰ ਨਵੇਂ ਤਰੀਕੇ ਨਾਲ ਸੰਘਰਸ਼ ਕਰਨ ਦੀ ਪ੍ਰੇਰਨਾ ਮਿਲੀ।
Spokesman Di Sath at Village Diwana
ਪਿੰਡ ਦੇ ਬਜ਼ੁਰਗਾਂ ਨੇ ਕਿਹਾ ਕਿ ਕਾਂਗਰਸ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਅਤੇ ਫਸਲਾਂ ਦੇ ਪੂਰੇ ਮੁੱਲ, ਨੌਜਵਾਨਾਂ ਨੂੰ ਨੌਕਰੀਆਂ ਦੇਣ ਅਤੇ ਹੋਰ ਕਈ ਵਾਅਦਿਆਂ ਨਾਲ ਸੱਤਾ ਵਿਚ ਆਈ ਸੀ। ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਪਿੰਡ ਵਿਚ ਕੁਝ ਕੁ ਕਿਸਾਨਾਂ ਦਾ ਹੀ ਕਰਜ਼ਾ ਮਾਫ ਹੋਇਆ ਹੈ। ਝੋਨੇ ਦੀ ਬਿਜਾਈ ਬਾਰੇ ਗੱਲ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਝੋਨੇ ਨੂੰ ਕਿਸਾਨ ਆਪ ਲੈ ਕੇ ਨਹੀਂ ਆਏ ਸਗੋਂ ਸਰਕਾਰਾਂ ਹੀ ਝੋਨਾ ਲੈ ਕੇ ਆਈਆਂ ਸਨ। ਹੁਣ ਕਿਹਾ ਜਾਂਦਾ ਹੈ ਕਿ ਪੰਜਾਬ ਨੂੰ ਝੋਨਾ ਖਾ ਗਿਆ ਤੇ ਝੋਨੇ ਕਾਰਨ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਸਾਨੂੰ ਝੋਨੇ ਦੀ ਥਾਂ ਕੋਈ ਬਦਲ ਨਹੀਂ ਦੇ ਰਹੀ, ਇਸੇ ਲਈ ਉਹ ਝੋਨਾ ਉਗਾ ਰਹੇ ਹਨ। ਡੀਜ਼ਲ ਦੀ ਕੀਮਤ ਵੀ ਆਏ ਦਿਨ ਵਧ ਰਹੀ ਹੈ, ਫਸਲਾਂ ਦਾ ਸਹੀ ਮੁੱਲ਼ ਨਹੀਂ ਮਿਲ ਰਿਹਾ, ਇਹਨਾਂ ਕਾਰਨਾਂ ਕਰਕੇ ਹੀ ਕਿਸਾਨ ਕਰਜ਼ੇ ਹੇਠ ਹੈ ਅਤੇ ਉਹ ਖੁਦਕੁਸ਼ੀਆਂ ਕਰ ਰਿਹਾ ਹੈ।
Spokesman Di Sath at Village Diwana
ਸੱਥ ਵਿਚ ਆਏ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਹਨਾਂ ਨੂੰ ਤਿੰਨ ਸਾਲਾਂ ਦੌਰਾਨ ਸੂਬਾ ਸਰਕਾਰ ਵਲੋਂ ਆਰਡੀਐਫ ਫੰਡ ਦੇ ਸਿਰਫ ਢਾਈ ਤਿੰਨ ਲੱਖ ਰੁਪਏ ਮਿਲੇ ਹਨ। ਪਿੰਡ ਦੀ ਨੁਹਾਰ ਬਦਲਣ ਲਈ ਲਈ ਐਨਆਰਆਈ ਭਰਾਵਾਂ ਦੀ ਮਦਦ ਮਿਲੀ ਅਤੇ ਨਰੇਗਾ ਸਕੀਮ ਤਹਿਤ ਵਿਕਾਸ ਕਾਰਜ ਕਰਵਾਏ ਗਏ। ਬਾਕੀ ਕੰਮ ਵਿੱਤ ਕਮਿਸ਼ਨ ਦੀ ਗ੍ਰਾਂਟ ਤਹਿਤ ਵੀ ਕੀਤਾ ਗਿਆ। ਪਿੰਡ ਵਿਚ ਨਸ਼ੇ ਬਾਰੇ ਗੱਲ ਕਰਦਿਆਂ ਸਰਪੰਚ ਨੇ ਕਿਹਾ ਕਿ ਨਸ਼ਾ ਅੰਤਰਰਾਸ਼ਟਰੀ ਪੱਧਰ ’ਤੇ ਫੈਲਿਆ ਹੋਇਆ ਹੈ ਅਤੇ ਇਹ ਵਪਾਰ ਰੁਕਣ ਵਾਲਾ ਨਹੀਂ। ਉਹਨਾਂ ਕਿਹਾ ਕਿ ਪਿੰਡ ਵਿਚ 35-40 ਨੌਜਵਾਨ ਨਸ਼ੇ ਕਰਦੇ ਹਨ ਅਤੇ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਪਿੰਡ ਦੇ ਹੋਰ ਲੋਕਾਂ ਨੇ ਦੱਸਿਆ ਕਿ ਪਿੰਡ ਵਿਚ ਇਕ ਠੇਕਾ ਵੀ ਹੈ। ਉਹਨਾਂ ਕਿਹਾ ਕਿ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਅਪਣੇ ਪਿੰਡਾਂ, ਸ਼ਹਿਰਾਂ ਅਤੇ ਸੂਬਿਆਂ ਵਿਚ ਨਸ਼ੇ ’ਤੇ ਠੱਲ ਪਾਉਣ ਲਈ ਉਪਰਾਲੇ ਕਰੀਏ।
Spokesman Di Sath at Village Diwana
ਆਮ ਆਦਮੀ ਪਾਰਟੀ ਨਾਲ ਜੁੜੇ ਪਿੰਡ ਦੇ ਇਕ ਨੌਜਵਾਨ ਨੇ ਕਿਹਾ ਕਿ ਸਰਕਾਰਾਂ ਖੁਦ ਹੀ ਨਸ਼ਾ ਬੰਦ ਨਹੀਂ ਕਰਨਾ ਚਾਹੁੰਦੀਆਂ ਨਹੀਂ ਤਾਂ ਪੁਲਿਸ ਥਾਣੇ ਦਾ ਸਿਪਾਹੀ ਵੀ ਨਸ਼ੇ ਬੰਦ ਕਰਵਾ ਸਕਦਾ ਹੈ। ਉਹਨਾਂ ਕਿਹਾ ਪਿੰਡਾਂ ਦੇ ਲੋਕ ਜਜ਼ਬਾਤੀ ਹੁੰਦੇ ਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ’ਤੇ ਹੱਥ ਰੱਖ ਕੇ ਸਹੁੰ ਖਾਧੀ ਤਾਂ ਲੋਕਾਂ ਨੇ ਯਕੀਨ ਕੀਤਾ ਪਰ ਕੋਈ ਵਾਅਦਾ ਪੂਰਾ ਨਹੀਂ ਹੋਇਆ। ਹੁਣ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਲਗਾ ਕੇ ਰਣਨੀਤੀ ਖੇਡੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਾਡੇ ਮੁੱਖ ਮੁੱਦਿਆਂ ਤੋਂ ਇਲਾਵਾ ਬਿਜਲੀ, ਪਾਣੀ, ਨੌਕਰੀ ਆਦਿ ਮੁੱਢਲੀਆਂ ਸਹੂਲਤਾਂ ਵੀ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ। ਪਿੰਡ ਦੀਆਂ ਬੀਬੀਆਂ ਨੇ ਕਿਹਾ ਸਕੂਲਾਂ ਵਿਚ ਇਕ-ਇਕ ਅਧਿਆਪਕ ਦੋ-ਦੋ ਕਲਾਸਾਂ ਨੂੰ ਪੜ੍ਹਾ ਰਹੇ ਹਨ। ਸਕੂਲਾਂ ਦੀਆਂ ਕੰਧਾਂ ਨੂੰ ਰੰਗ ਕਰਨ ਨਾਲ ਸਕੂਲ ਸਮਾਰਟ ਨਹੀਂ ਬਣਦੇ। ਸਕੂਲਾਂ ਵਿਚ ਚੰਗਾ ਸਟਾਫ ਹੋਵੇਗਾ ਤਾਂ ਹੀ ਬੱਚਿਆਂ ਨੂੰ ਚੰਗੀ ਸਿੱਖਿਆ ਮਿਲੇਗੀ।
Spokesman Di Sath at Village Diwana
ਸੱਥ ਵਿਚ ਆਈਆਂ ਬੀਬੀਆਂ ਨੇ ਕਿਹਾ ਕਿ ਲਾਕਡਾਊਨ ਦੌਰਾਨ ਸਕੂਲ ਬੰਦ ਰਹੇ, ਇਸ ਨਾਲ ਬੱਚਿਆਂ ਦਾ ਭਵਿੱਖ ਖਰਾਬ ਹੋਇਆ ਹੈ। ਆਉਣ ਵਾਲੇ ਸਮੇਂ ਵਿਚ ਵੀ ਉਹਨਾਂ ਨੂੰ ਸਰਕਾਰ ਤੋਂ ਕੋਈ ਉਮੀਦ ਨਹੀਂ ਹੈ। ਉਹਨਾਂ ਕਿਹਾ ਕਿ ਸਾਨੂੰ ਇਹ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਅਸੀਂ ਅਪਣੇ ਚੁਣੇ ਹੋਏ ਨੁਮਾਇੰਦੇ ਨੂੰ ਕੰਮ ਨਾ ਕਰਨ ’ਤੇ ਅਹੁਦੇ ਤੋਂ ਹਟਾ ਸਕੀਏ। ਔਰਤਾਂ ਦੇ ਸਿਆਸਤ ਵਿਚ ਆਉਣ ਬਾਰੇ ਬੀਬੀਆਂ ਨੇ ਕਿਹਾ ਕਿ ਇਸ ਨਾਲ ਕੋਈ ਬਦਲਾਅ ਨਹੀਂ ਹੋਵੇਗਾ। ਉਹਨਾਂ ਕਿਹਾ ਔਰਤ ਨੂੰ ਅਪਣੇ ਘਰ ਵਿਚ ਮੌਜੂਦ ਮਰਦਾਂ ਨਾਲ ਵੀ ਸੰਘਰਸ਼ ਕਰਨਾ ਪੈਂਦਾ ਹੈ, ਇਸ ਲਈ ਉਹਨਾਂ ਲਈ ਸਿਆਸਤ ਦੀ ਰਾਹ ਆਸਾਨ ਨਹੀਂ ਹੋਵੇਗੀ। ਪਿੰਡ ਦੇ ਬਜ਼ੁਰਗਾਂ ਨੇ ਕਿਹਾ ਕਿ ਜੇਕਰ ਔਰਤ ਪਿੰਡ ਵਿਚ ਸਰਪੰਚ ਵੀ ਬਣ ਜਾਂਦੀ ਹੈ ਤਾਂ ਸਰਪੰਚੀ ਉਹਨਾਂ ਦੇ ਪਤੀ ਹੀ ਕਰਦੇ ਹਨ। ਇਸ ਪ੍ਰਬੰਧ ਨਾਲ ਔਰਤਾਂ ਨੂੰ ਬਰਾਬਰ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ। ਇਸ ਸਿਸਟਮ ਵਿਚ ਚਾਹੇ ਔਰਤ ਨੂੰ 60 ਫੀਸਦ ਸਿੱਟਾਂ ਦੇ ਦਿੱਤੀਆਂ ਜਾਣ, ਔਰਤ ਦੀ ਖੁਦਮੁਖਤਿਆਰੀ ਨਹੀਂ ਚੱਲ ਸਕੇਗੀ, ਇਸ ਦੇ ਲਈ ਸਾਨੂੰ ਹੀ ਰਲ਼ ਕੇ ਹੰਭਲਾ ਮਾਰਨਾ ਚਾਹੀਦਾ ਹੈ।
Spokesman Di Sath at Village Diwana
ਝੋਨੇ ਦੀ ਖੇਤੀ ਬਾਰੇ ਗੱਲ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਝੋਨਾ ਸਾਡੀ ਖੁਰਾਕ ਨਹੀਂ ਹੈ ਅਤੇ ਨਾ ਹੀ ਇਹ ਵਾਤਾਵਰਨ ਦੇ ਅਨੁਕੂਲ ਨਹੀਂ ਹੈ। ਇਹ ਸਾਮਰਾਜੀ ਮੁਲਕਾਂ ਨੇ ਭਾਰਤ ਉੱਤੇ ਥੋਪਿਆ ਹੈ, ਖਾਂਦਾ ਅਤੇ ਕੀਟਨਾਸ਼ਕ ਦਵਾਈਆਂ ਜ਼ਰੀਏ ਇੱਥੋਂ ਦੇ ਪਾਣੀ ਨੂੰ ਖਰਾਬ ਕਰਨ ਦੀ ਨੀਤੀ ਬਣਾਈ ਗਈ ਹੈ। ਇਸ ਕਾਰਨ ਅੱਜ ਦੇ ਹਾਲਾਤ ਇਹ ਨੇ ਕਿ ਕਿਤੇ ਵੀ ਕੋਈ ਪ੍ਰੋਗਰਾਮ ਹੋਵੇ ਤਾਂ ਪਾਣੀ ਮੁੱਲ ਮੰਗਵਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਅਸੀਂ ਹਰ ਵਾਰ ਅਪਣੇ ਨੁਮਾਇੰਦੇ ਚੁਣਦੇ ਹਾਂ ਪਰ ਸਾਨੂੰ ਨੁਮਾਇੰਦੇ ਬਦਲਣ ਦੀ ਨਹੀਂ ਸਗੋਂ ਸਿਸਟਮ ਬਦਲਣ ਦੀ ਲੋੜ ਹੈ। ਜੋ ਰਾਜ ਬਾਬੇ ਨਾਨਕ, ਭਗਤ ਸਿੰਘ ਅਤੇ ਗਦਰੀ ਬਾਬੇ ਚਾਹੁੰਦੇ ਸੀ ਇੱਥੇ ਉਹ ਰਾਜ ਨਹੀਂ ਹੈ, ਇਸ ਲਈ ਸਾਨੂੰ ਜੱਦੋ ਜਹਿਦ ਕਰਨੀ ਚਾਹੀਦੀ ਹੈ। ਅੱਜ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ, ਇਸ ਦਾ ਕਾਰਨ ਇਹੀ ਹੈ ਕਿ ਉਹਨਾਂ ਨੂੰ ਮਿਹਨਤ ਦਾ ਸਹੀ ਮੁੱਲ਼ ਨਹੀਂ ਮਿਲ ਰਿਹਾ। ਪਿੰਡ ਦੇ ਕਈ ਬਜ਼ੁਰਗਾਂ ਨੇ ਕਿਹਾ ਕਿ ਉਹ ਇਸ ਵਾਰ ਕਿਸੇ ਪਾਰਟੀ ਨੂੰ ਵੋਟ ਨਹੀਂ ਪਾਉਣਗੇ। ਉਹਨਾਂ ਦਾ ਵੋਟਾਂ ਤੋਂ ਯਕੀਨ ਉੱਠ ਚੁੱਕਿਆ ਹੈ।
Spokesman Di Sath at Village Diwana
ਸਰਪੰਚ ਨੇ ਕਿਹਾ ਕਿ ਪਿੰਡ ਦੇ ਸਕੂਲ ਦੀ ਵਧੀਆ ਇਮਾਰਤ ਹੈ ਅਤੇ ਅਧਿਆਪਕ ਵੀ ਚੰਗੇ ਹਨ ਪਰ ਕੋਈ ਅਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿਚ ਨਹੀਂ ਲਗਵਾਉਣ ਲਈ ਤਿਆਰ ਨਹੀਂ। ਹਾਈ ਸਕੂਲ ਵਿਚ ਘੱਟੋ ਘੱਟ 8 ਅਧਿਆਪਕ ਹਨ ਜਦਕਿ ਪ੍ਰਾਇਮਰੀ ਸਕੂਲ ਵਿਚ 4 ਅਧਿਆਪਕ ਹਨ ਹਾਲਾਂਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਕੂਲ ਵਿਚ ਸਿਰਫ ਦੋ ਹੀ ਅਧਿਆਪਕ ਹਨ। ਸਰਪੰਚ ਨੇ ਕਿਹਾ ਕਿ ਸਾਨੂੰ ਇਕ-ਦੂਜੇ ’ਤੇ ਦੋਸ਼ ਨਹੀਂ ਮੜਨੇ ਚਾਹੀਦੇ, ਸਾਨੂੰ ਅਪਣੇ ਬਾਰੇ ਆਪ ਸੋਚਣਾ ਪਵੇਗਾ। ਪਿੰਡ ਵਾਸੀਆਂ ਨੇ ਕਿਹਾ ਕਿ ਸ਼ਰਾਬ ਅੱਜ ਕੱਲ੍ਹ ਹਰ ਥਾਂ ’ਤੇ ਆਮ ਵਿਕ ਰਹੀ ਹੈ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣ ਜਾਂ ਸਰਪੰਚੀ ਦੀਆਂ ਚੋਣਾਂ ਲੱਖਾਂ ਦੀ ਸ਼ਰਾਬ ਵੰਡੀ ਜਾਂਦੀ ਹੈ। ਇਸ ਤੋਂ ਬਾਅਦ ਉਹੀ ਲੋਕ ਨਸ਼ੇ ਦਾ ਵਿਰੋਧ ਕਰਦੇ ਹਨ। ਨੌਜਵਾਨਾਂ ਨੇ ਕਿਹਾ ਕਿ ਸਾਨੂੰ ਕੁਝ ਮੁਫਤ ਨਹੀਂ ਚਾਹੀਦਾ ਬਲਕਿ ਸਾਰੀਆਂ ਚੀਜ਼ਾਂ ਜਾਇਜ਼ ਮੁੱਲ ’ਤੇ ਚਾਹੀਦੀਆਂ ਹਨ। ਸਰਕਾਰਾਂ ਮੁਫਤ ਚੀਜ਼ਾਂ ਦੇ ਕੇ ਲੋਕਾਂ ਨੂੰ ਆਲਸੀ ਬਣਾ ਰਹੀ ਹੈ। ਸਾਨੂੰ ਖੁਦ ਨੂੰ ਹੀ ਜਾਗਰੂਕ ਹੋਣਾ ਪਵੇਗਾ। ਸਾਨੂੰ ਅਪਣੀ ਹੀ ਪੰਚਾਇਤ ਦੇ ਕੰਮਾਂ ਵਿਚ ਰੁਕਾਵਟ ਨਹੀਂ ਪਾਉਣੀ ਚਾਹੀਦੀ।
Spokesman Di Sath at Village Diwana
ਬੇਅਦਬੀ ਬਾਰੇ ਗੱਲ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਗੁਰੂ ਸਾਹਿਬ ਦਾ ਹੁਕਮ ਨਾ ਮੰਨਣਾ ਸਭ ਤੋਂ ਵੱਡੀ ਬੇਅਦਬੀ ਹੈ। ਸਮਾਜ ਵਿਚ ਨਾ ਹੀ ਔਰਤਾਂ ਨੂੰ ਬਰਾਬਰ ਸਮਝਿਆ ਜਾ ਰਿਹਾ ਤੇ ਨਾ ਹੀ ਜਾਤ ਪਾਤ ਦਾ ਵਿਤਕਰਾ ਖਤਮ ਹੋ ਰਿਹਾ ਹੈ। ਜਦੋਂ ਤੱਕ ਅਸੀਂ ਇਕ ਦੂਜੇ ਦੇ ਹਿੱਤਾਂ ਦੀ ਜਾਂ ਉਹਨਾਂ ਲਈ ਬਰਾਬਰੀ ਦੀ ਗੱਲ਼ ਨਹੀਂ ਕਰਦੇ, ਉਦੋਂ ਤੱਕ ਬਾਬੇ ਨਾਨਕ ਵਾਲਾ ਸਮਾਜ ਨਹੀਂ ਸਿਰਜਿਆ ਜਾ ਸਕਦਾ। ਰੁਜ਼ਗਾਰ ਨੂੰ ਲੈ ਕੇ ਪਿੰਡ ਦੇ ਨੌਜਵਾਨਾਂ ਵਿਚ ਨਿਰਾਸ਼ਾ ਦੇਖਣ ਨੂੰ ਮਿਲੀ। ਉਹਨਾਂ ਕਿਹਾ ਕਿ ਅਸੀਂ ਆਪ ਹੀ ਵਿਕਾਊ ਹਾਂ, ਅਸੀਂ ਕਿਸੇ ਨਾ ਕਿਸੇ ਸਿਆਸੀ ਪਾਰਟੀ ਦਾ ਸਮਰਥਨ ਚਾਹੁੰਦੇ ਹਾਂ। ਉਹਨਾਂ ਕਿਹਾ ਕਿ ਉਹਨਾਂ ਨੂੰ 4500 ਤੋਂ ਉੱਪਰ ਤਨਖਾਹ ਵਾਲੀ ਕੋਈ ਨੌਕਰੀ ਨਹੀਂ ਮਿਲ ਰਹੀ। ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਉਹ ਬੇਰੁਜ਼ਗਾਰ ਹਨ। ਰੁਜ਼ਗਾਰ ਮੇਲੇ ਵਿਚ ਵੀ ਚੋਣਵੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ। ਪਿੰਡ ਦੀਆਂ ਬੀਬੀਆਂ ਨੇ ਵੀ ਕਿਹਾ ਕਿ ਸਾਨੂੰ ਮੁਫਤ ਵਿਚ ਆਟਾ ਦਾਲ ਨਹੀਂ ਚਾਹੀਦਾ, ਸਾਡੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ। ਅਸੀਂ ਅਪਣੇ ਬੱਚਿਆਂ ਨੂੰ ਮੰਗਤੇ ਨਹੀਂ ਬਣਾਉਣਾ ਚਾਹੁੰਦੇ, ਉਹਨਾਂ ਨੂੰ ਚੰਗਾ ਰੁਜ਼ਗਾਰ ਦਿੱਤਾ ਜਾਵੇ।