
12 ਨਵੰਬਰ ਨੂੰ ਗੁਰੂ ਨਾਨਕ ਦਾ 550 ਸਾਲਾ ਪ੍ਰਕਾਸ਼ ਪੁਰਬ ਸਮੁੱਚੇ ਜਗਤ ਵਲੋਂ ਅਤੇ ਵਿਸ਼ੇਸ਼ ਕਰ ਕੇ ਉਸ ਦੇ 'ਅਸਲ ਪੈਰੋਕਾਰ' ਆਖੇ ਜਾਂਦੇ 'ਸਿੱਖਾਂ' ਵਲੋਂ ਮਨਾਇਆ ਗਿਆ।
ਅੱਜ ਮੇਰੇ ਸਾਹਮਣੇ ਕੁੱਝ ਵੱਡੇ ਪ੍ਰਸ਼ਨ ਆ ਖੜੇ ਹੋਏ ਹਨ। ਇਹ ਪ੍ਰਸ਼ਨ ਹਨ-ਕੀ ਨਾਨਕ ਵਾਕਿਆ ਹੀ ਸਾਡਾ ਕੁੱਝ ਲਗਦਾ ਹੈ? ਕੀ ਉਹ ਸਾਡਾ ਗੁਰੂ ਹੈ? ਸਾਡਾ ਰਹਿਨੁਮਾ ਹੈ? ਕੀ ਇਸ ਪ੍ਰਕਾਸ਼ ਪੁਰਬ 'ਤੇ ਨਾਨਕ ਹਾਜ਼ਰ ਸੀ? ਮੈਨੂੰ ਇਨ੍ਹਾਂ ਪ੍ਰਸ਼ਨਾਂ ਦਾ ਕੋਈ ਵੀ ਜਵਾਬ ਨਹੀਂ ਸੁਝ ਰਿਹਾ। 12 ਨਵੰਬਰ ਨੂੰ ਦੁਨੀਆਂ ਦੇ ਤਾਰਨਹਾਰੇ ਗੁਰੂ ਨਾਨਕ ਦਾ 550 ਸਾਲਾ ਪ੍ਰਕਾਸ਼ ਪੁਰਬ ਸਮੁੱਚੇ ਜਗਤ ਵਲੋਂ ਅਤੇ ਵਿਸ਼ੇਸ਼ ਕਰ ਕੇ ਉਸ ਦੇ 'ਅਸਲ ਪੈਰੋਕਾਰ' ਆਖੇ ਜਾਂਦੇ 'ਸਿੱਖਾਂ' ਵਲੋਂ ਮਨਾਇਆ ਗਿਆ। ਇਸ ਦਿਨ 'ਤੇ ਮੈਨੂੰ ਸੰਗਮਰਮਰੀ ਗੁਰਦੁਆਰੇ, ਟਿਮਟਿਮਾਉਂਦੀਆਂ ਰੰਗੀਨ ਬੱਤੀਆਂ, ਜਗਦੇ ਲੱਖਾਂ ਦੀਵੇ, ਵਿਸ਼ਾਲ ਨਗਰ ਕੀਰਤਨ, ਜੈਕਾਰਿਆਂ ਦੀ ਗੂੰਜ, ਸੁਆਦੀ ਪਕਵਾਨਾਂ ਦੇ ਲੰਗਰ ਅਤੇ ਗਤਕੇ ਦੇ ਜੌਹਰ ਤਾਂ ਸਾਫ਼ ਨਜ਼ਰ ਆਏ ਪਰ ਨਾਨਕ ਕਿਧਰੇ ਵੀ ਨਜ਼ਰ ਨਹੀਂ ਆਇਆ ਸੀ।
ਇਸ ਪੁਰਬ ਤੋਂ ਮਹਿਜ਼ ਦੋ ਦਿਨ ਪਹਿਲਾਂ ਵਾਪਰੀ ਇਕ ਨਿੱਕੀ ਜਿਹੀ ਘਟਨਾ ਨੇ ਮੈਨੂੰ ਧੁਰ ਅੰਦਰ ਤਕ ਝੰਜੋੜ ਛਡਿਆ ਸੀ ਅਤੇ ਮੈਨੂੰ ਅਹਿਸਾਸ ਕਰਾ ਦਿਤਾ ਸੀ ਕਿ ਇਹ ਪੁਰਬ ਨਾਨਕ ਦਾ ਨਹੀਂ ਸੀ ਸਗੋਂ ਸਾਡੇ ਦੰਭ, ਹੰਕਾਰ, ਫ਼ੋਕੇ ਕਰਮਕਾਂਡ ਅਤੇ ਅਡੰਬਰ ਦਾ ਪ੍ਰਗਟਾਵਾ ਸੀ। ਇਹ ਪੁਰਬ ਨਾਨਕ ਦੇ ਉਚਾਰੇ ਹਰ ਸ਼ਬਦ ਅਤੇ ਦੱਸੇ ਹਰ ਸਿਧਾਂਤ ਵਿਰੁਧ ਸੀ। ਇਸ ਦਿਨ ਹਰ ਪਾਸੇ ਨਾਨਕ ਦੇ ਨਾਂ ਦੀ ਗੂੰਜ ਸੀ ਪਰ ਜੇ ਕੋਈ ਉਥੇ ਨਹੀਂ ਸੀ ਤਾਂ ਉਹ ਸੀ ਨਾਨਕ। ਮੈਂ ਅਪਣੇ ਮਿੱਤਰ ਦੀ ਫ਼ਲੈਕਸ ਬੋਰਡ ਬਣਾਉਣ ਵਾਲੀ ਦੁਕਾਨ 'ਤੇ ਬੈਠਾ ਸਾਂ ਕਿ ਸਿਰ 'ਤੇ ਦੁੱਧ ਚਿੱਟਾ ਗੋਲ ਦੁਮਾਲਾ ਅਤੇ ਜਿਸਮ 'ਤੇ ਚਿੱਟਾ ਬਾਣਾ ਸਜਾਈ ਇਕ ਅਮ੍ਰਿਤਧਾਰੀ ਸਿੰਘ ਉੱਥੇ ਆਇਆ ਅਤੇ ਆਖਣ ਲਗਿਆ, ''ਗੁਰਪੁਰਬ ਨਾਲ ਸਬੰਧਤ ਇਕ ਫ਼ਲੈਕਸ ਬੋਰਡ ਬਣਵਾਉਣਾ ਏ। ਸਾਡੇ ਬਾਬਾ ਜੀ ਨੇ ਅਖੰਡ ਪਾਠਾਂ ਦੀ ਲੜੀ ਦੀ ਸਮਾਪਤੀ 'ਤੇ ਸਮਾਗਮ ਕਰਾਉਣਾ ਏ।''
Nagar Kirtan
ਫ਼ਲੈਕਸ ਦੀ ਕੀਮਤ ਅਤੇ ਆਕਾਰ ਆਦਿ ਤੈਅ ਕਰਨ ਪਿੱਛੋਂ ਉਹ ਕੰਪਿਊਟਰ 'ਤੇ ਉਕਤ ਬੋਰਡ ਡਿਜ਼ਾਈਨ ਕਰਨ ਵਾਲੀ ਲੜਕੀ ਕੋਲ ਜਾ ਬੈਠਾ ਅਤੇ ਕਹਿਣ ਲੱਗਾ, '' ਗੁਰੂ ਨਾਨਕ ਪਾਤਸ਼ਾਹ ਦੀ ਇਕ ਤਸਵੀਰ ਇੰਟਰਨੈੱਟ ਤੋਂ ਲੱਭ ਦਿਉ।'' ਲੜਕੀ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਉਹ ਗੁਰਪੁਰਬ ਸਬੰਧੀ ਫ਼ਲੈਕਸ ਹੀ ਡਿਜ਼ਾਈਨ ਕਰ ਰਹੀ ਸੀ ਅਤੇ ਉਸ ਕੋਲ ਗੁਰੂ ਨਾਨਕ ਦੀਆਂ ਅਨੇਕਾਂ ਤਸਵੀਰਾਂ ਸਨ। ਲੜਕੀ ਵਲੋਂ ਵਿਖਾਈਆਂ ਗਈਆਂ ਸਾਰੀਆਂ ਤਸਵੀਰਾਂ ਵੇਖਣ ਤੋਂ ਬਾਅਦ ਉਹ ਸਿੱਖ ਸ਼ਖ਼ਸ ਬੋਲਿਆ, ''ਇਹ ਤਸਵੀਰਾਂ ਨਹੀਂ ਚਾਹੀਦੀਆਂ।
ਨਾਨਕ ਪਾਤਸ਼ਾਹ ਦੀ ਉਹ ਤਸਵੀਰ ਲੱਭੋ ਜਿਸ ਵਿਚ ਉਨ੍ਹਾਂ ਨੇ ਨਾਨਕਸਰੀ ਸਫ਼ੈਦ ਬਾਣਾ ਪਹਿਨਿਆ ਹੋਵੇ ਅਤੇ ਸਫ਼ੈਦ ਗੋਲ ਪਰਨਾ ਸਿਰ 'ਤੇ ਬੰਨ੍ਹਿਆ ਹੋਵੇ।'' ਉਸ ਸਿੱਖ ਦੇ ਇਹ ਸ਼ਬਦ ਸੁਣ ਕੇ ਮੇਰੀ ਰੂਹ ਕੰਬ ਗਈ। ਮੈਂ ਸੋਚਣ ਲੱਗ ਪਿਆ ਕਿ ਜਿਸ ਬਾਬੇ ਨਾਨਕ ਨੂੰ ਮੈਂ ਜਾਣਦਾ ਸਾਂ ਉਹ ਤਾਂ ਇਹ ਨਾਨਕ ਨਹੀਂ ਸੀ ਜੋ ਫ਼ਿਰਕਿਆਂ, ਸੰਪ੍ਰਦਾਵਾਂ ਅਤੇ ਬਾਣਿਆਂ ਦੀ ਵਲਗਣ ਵਿਚ ਕੈਦ ਕੀਤਾ ਪਿਆ ਸੀ। ਮੇਰੀ ਜਾਚੇ ਬਾਬਾ ਨਾਨਕ ਅਜਿਹੇ ਸਿੱਖਾਂ ਦਾ ਕੁੱਝ ਵੀ ਨਹੀਂ ਲਗਦਾ ਸੀ। ਗੁਰੂ ਨਾਨਕ ਨੇ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਲੰਗਰ ਦੀ ਰੀਤ ਤੋਰੀ ਸੀ ਅਤੇ ਸਿਖਾਇਆ ਸੀ ਕਿ ਲੋੜਵੰਦਾਂ ਦਾ ਢਿੱਡ ਭਰਨਾ ਬੜਾ ਪਵਿੱਤਰ ਕਾਰਜ ਸੀ। ਉਸ ਨੇ ਭਾਈ ਲਾਲੋ ਵਾਲਾ ਸਾਦਾ ਭੋਜਨ ਛਕਣ ਦੀ ਗੱਲ ਕਹੀ ਸੀ ਪਰ ਅੱਜ ਅਸੀਂ ਭਾਈ ਲਾਲੋ ਦਾ ਸਾਦਾ ਭੋਜਨ ਛੱਡ ਕੇ ਮਲਕ ਭਾਗੋ ਵਾਲੇ ਪਕਵਾਨਾਂ ਦੇ ਲੰਗਰ ਅਰੰਭ ਕਰ ਲਏ ਹਨ।
bhai lalo
ਅੱਜ ਲੰਗਰ ਭਗਤੀ ਤੋਂ ਪਹਿਲਾਂ ਢਿੱਡ ਭਰਨ ਦਾ ਨਹੀਂ ਸਗੋਂ ਸੁਆਦੀ ਪਕਵਾਨਾਂ ਦੀ ਖੇਡ ਬਣ ਕੇ ਰਹਿ ਗਿਆ ਹੈ ਜਿਸ ਵਿਚ ਉਲਝ ਕੇ ਸੰਗਤ ਭਗਤੀ ਦਾ ਅਸਲ ਮਨੋਰਥ ਭੁੱਲ ਹੀ ਗਈ ਹੈ। ਸਾਡੇ ਕਾਰ ਸੇਵਾ ਵਾਲੇ ਬਾਬਿਆਂ, ਕਮੇਟੀ ਮੈਂਬਰਾਂ, ਜਥੇਦਾਰਾਂ ਆਦਿ ਨੇ ਲੰਗਰਾਂ ਅਤੇ ਨਗਰ ਕੀਰਤਨਾਂ ਦੇ ਨਾਲ ਨਾਲ ਸਜਾਵਟੀ ਰੌਸ਼ਨੀਆਂ ਅਤੇ ਆਤਿਸ਼ਬਾਜ਼ੀ ਆਦਿ 'ਤੇ ਬੇਤਹਾਸ਼ਾ ਖ਼ਰਚ ਕਰ ਕੇ ਇਹ ਸਾਬਤ ਕਰ ਦਿਤਾ ਹੈ ਕਿ ਗੁਰਪੁਰਬ ਭਗਤੀ ਦੀ ਨਹੀਂ ਸਗੋਂ ਸੁਆਦਾਂ ਅਤੇ ਸੁੰਦਰ ਨਜ਼ਾਰਿਆਂ ਦੀ ਖੇਡ ਬਣ ਕੇ ਰਹਿ ਗਿਆ ਹੈ। ਮੇਰੀ ਜਾਚੇ ਨਾਨਕ ਦਾ ਇਹ ਮਨੋਰਥ ਨਹੀਂ ਸੀ ਅਤੇ ਨਾ ਹੀ ਨਾਨਕ ਨੂੰ ਇਸ ਨਾਲ ਖ਼ੁਸ਼ੀ ਮਿਲਦੀ ਹੋਵੇਗੀ।
ਜੇਕਰ ਇਸ ਧਨ ਨਾਲ ਕਿਸੇ ਗ਼ਰੀਬ ਦੀ ਧੀ ਦੀ ਸ਼ਾਦੀ, ਕਿਸੇ ਲੋੜਵੰਦ ਬੱਚੇ ਦੀ ਫ਼ੀਸ ਜਾਂ ਵਰਦੀ, ਪਿੰਡ ਦੇ ਕਿਸੇ ਗ਼ਰੀਬ ਦੀ ਦਵਾਈ ਦਾ ਪ੍ਰਬੰਧ ਕੀਤਾ ਹੁੰਦਾ, ਕਿਸੇ ਪਿੰਡ ਨੂੰ ਜਾਂਦਾ ਕੱਚਾ ਰਾਹ ਪੱਕਾ ਕਰ ਕੇ ਉਸ ਦੇ ਦੁਆਲੇ ਹਰੇ ਭਰੇ ਰੁੱਖ ਲਗਾਏ ਹੁੰਦੇ ਤਾਂ ਨਾਨਕ ਜ਼ਰੂਰ ਖ਼ੁਸ਼ ਹੁੰਦਾ। ਮੈਨੂੰ ਲਗਦਾ ਹੈ ਕਿ ਕਿਉਂ ਜੋ ਅਸੀ ਨਾਨਕ ਦੀ ਕੋਈ ਵੀ ਗੱਲ ਨਹੀਂ ਮੰਨਦੇ, ਇਸ ਲਈ ਉਹ ਸਾਡਾ ਗੁਰੂ ਤਾਂ ਹੋ ਹੀ ਨਹੀਂ ਸਕਦਾ। ਚੌਵੀ ਘੰਟੇ 'ਸੋ ਕਿਉ ਮੰਦਾ ਆਖੀਐ' ਦੀ ਨਾਨਕ ਬਾਣੀ ਉਚਾਰਨ ਵਾਲੇ ਸਾਡੇ ਜਥੇਦਾਰਾਂ ਤੇ ਪ੍ਰਬੰਧਕ ਕਮੇਟੀ ਪ੍ਰਧਾਨਾਂ ਨੂੰ ਜਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਇਸਤਰੀ ਨੂੰ ਕੀਰਤਨ ਕਰਨ ਦੀ ਆਗਿਆ ਦੇਣ ਲਈ ਕਿਹਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਇਸਤਰੀ ਨੂੰ ਗੁਰੂਘਰ ਵਿਚ ਬਰਾਬਰੀ ਦਾ ਹੱਕ ਦੇਣ ਲਈ ਉੱਠੀ ਇਹ ਆਵਾਜ਼ ਬੇਚੈਨ ਕਰ ਜਾਂਦੀ ਹੈ।
DARBAR SAHIB
ਮੇਰੀ ਜਾਚੇ ਨਾਨਕ ਦੀ ਸੋਚ ਤੇ ਸਿਧਾਂਤ ਦੇ ਉਲਟ ਹੁੰਦੇ ਇਸ ਵਰਤਾਰੇ 'ਤੇ ਨਾਨਕ ਨੂੰ ਦੁੱਖ ਜ਼ਰੂਰ ਹੁੰਦਾ ਹੋਵੇਗਾ ਅਤੇ ਇੰਜ ਜਾਪਦਾ ਹੋਵੇਗਾ ਕਿ ਅਸੀਂ ਉਸ ਦੇ ਸਿੱਖ ਤਾਂ ਬਿਲਕੁਲ ਵੀ ਨਹੀਂ ਹਾਂ। ਸਿਰਾਂ 'ਤੇ ਦੁਮਾਲੇ ਸਜਾ ਕੇ ਅਤੇ ਹੱਥਾਂ ਵਿਚ ਵੱਡੀਆਂ ਵੱਡੀਆਂ ਕਿਰਪਾਨਾਂ ਫੜੀ ਸਾਡੇ ਕਈ ਅਖੌਤੀ ਸਿੱਖ ਗੁਰਪੁਰਬ ਮੌਕੇ ਟੋਲੀਆਂ ਬਣਾ ਕੇ ਦੁਕਾਨ-ਦੁਕਾਨ 'ਤੇ ਜਾ ਕੇ ਦਸ-ਦਸ ਰੁਪਏ ਮੰਗਦੇ ਫਿਰਦੇ ਨੇ ਤਾਂ ਗੁਰੂ ਨਾਨਕ ਨੂੰ ਅਪਣੇ ਸਿੱਖਾਂ 'ਤੇ ਡਾਢੀ ਸ਼ਰਮ ਆਉਂਦੀ ਹੋਵੇਗੀ। ਉਸ ਨੇ ਤਾਂ ਦਸਾਂ ਨਹੁੰਆਂ ਦੀ ਕਿਰਤ ਕਰ ਕੇ ਅਪਣਾ ਪੇਟ ਭਰਨ ਤੇ ਉਸ ਨੇਕ ਕਮਾਈ ਵਿਚੋਂ ਕਿਸੇ ਹੋਰ ਲੋੜਵੰਦ ਦੀ ਮਦਦ ਕਰਨ ਦਾ ਉਪਦੇਸ਼ ਦਿਤਾ ਸੀ। ਨਾਨਕ ਨਾਮਲੇਵਾ ਅਖਵਾਉਂਦੇ ਇਨ੍ਹਾਂ ਸਿੱਖਾਂ ਨੂੰ ਤਕ ਕੇ ਨਾਨਕ ਦਾ ਦਿਲ ਜ਼ਰੂਰ ਦੁਖਦਾ ਹੋਵੇਗਾ।
ਤਰਕ ਅਤੇ ਦਲੀਲ ਨਾਲ ਇਕ ਰੱਬ ਦੀ ਸੱਚੀ ਭਗਤੀ ਕਰਨ ਦਾ ਉਪਦੇਸ਼ ਦੇਣ ਵਾਲੇ ਨਾਨਕ ਨੇ ਅਪਣੇ ਜੀਵਨ ਵਿਚ ਹਰ ਅਡੰਬਰ ਅਤੇ ਫੋਕੇ ਕਰਮਕਾਂਡ ਦਾ ਵਿਰੋਧ ਕੀਤਾ ਸੀ ਪਰ ਅੱਜ ਅਪਣੇ ਆਪ ਨੂੰ ਉਸ ਦੇ ਸਿੱਖ ਅਖਵਾਉਣ ਵਾਲੇ ਅਸੀਂ ਲੋਕ ਫੋਕੇ ਕਰਮਕਾਂਡਾਂ ਵਿਚ ਗ੍ਰਸੇ ਪਏ ਹਾਂ। ਕੀ ਲੱਖਾਂ ਰੁਪਏ ਦੇ ਫੁੱਲ ਅਤੇ ਬੱਤੀਆਂ ਲਗਾ ਦੇਣ ਨਾਲ ਜਾਂ ਕਈ ਕਿਲੋਮੀਟਰ ਲੰਮੇ ਨਗਰ ਕੀਰਤਨ ਕੱਢਣ ਨਾਲ ਅਤੇ ਮਹਿੰਗੇ ਪਕਵਾਨਾਂ ਦੇ ਲੰਗਰ ਲਗਾ ਦੇਣ ਜਹੇ ਕੰਮਾਂ 'ਤੇ ਲੱਖਾਂ-ਕਰੋੜਾਂ ਰੁਪਏ ਖ਼ਰਚ ਕਰ ਦੇਣ ਨਾਲ ਕੀ ਨਾਨਕ ਦੇ ਸਿਧਾਂਤਾਂ ਦਾ ਪ੍ਰਚਾਰ ਅਤੇ ਪ੍ਰਸਾਰ ਹੋ ਜਾਂਦਾ ਹੈ? ਇਹ ਸਾਡੇ ਫੋਕੇ ਦੰਭ ਦਾ ਪ੍ਰਗਟਾਵਾ ਤਾਂ ਹੋ ਸਕਦੇ ਹਨ ਪਰ ਨਾਨਕ ਦੀ ਸੋਚ 'ਤੇ ਕਦੇ ਵੀ ਖਰੇ ਨਹੀਂ ਉਤਰ ਸਕਦੇ।
SGPC
ਨਾਨਕ ਅਪਣੇ ਆਪ ਨੂੰ 'ਨੀਚ' ਆਖ ਕੇ ਨੀਵਿਆਂ ਨਾਲ ਬੈਠ ਕੇ ਖ਼ੁਸ਼ ਹੁੰਦੇ ਸਨ ਪਰ ਅਸੀਂ ਅਪਣੇ ਆਪ ਨੂੰ ਵੱਡਾ ਅਤੇ ਉੱਚਾ ਅਖਵਾ ਕੇ ਖ਼ੁਸ਼ ਹੁੰਦੇ ਹਾਂ। ਸਾਡੇ ਪਿੰਡਾਂ ਵਿਚ ਅੱਜ ਵੀ ਮਜ਼੍ਹਬੀ ਸਿੱਖਾਂ ਦੇ ਗੁਰਦੁਆਰੇ ਵਖਰੇ ਹਨ ਅਤੇ ਅਖੌਤੀ ਉੱਚੀ ਜਾਤ ਵਾਲਾ ਕੋਈ ਵੀ ਸਿੱਖ ਨੀਵੀਂ ਜਾਤ ਵਾਲੇ ਸਿੱਖ ਦੇ ਘਰ ਅਪਣਾ ਪੁੱਤਰ ਜਾਂ ਧੀ ਵਿਆਹੁਣ ਨੂੰ ਤਿਆਰ ਨਹੀਂ ਅਤੇ ਇਹ ਗੱਲ ਪੂਰੀ ਤਰ੍ਹਾਂ ਸੱਚ ਹੈ। ਸਾਡੀ ਤ੍ਰਾਸਦੀ ਇਹ ਹੈ ਕਿ ਅਸੀਂ ਗੁਰਪੁਰਬ ਨੂੰ ਗੁਰੂ ਦੇ ਸਿਧਾਂਤਾਂ ਦੀ ਗੱਲ ਕਰਨ ਜਾਂ ਗੁਰੂ ਬਚਨਾਂ ਨੂੰ ਮੰਨਣ ਦੀ ਥਾਂ ਕੇਵਲ ਬੱਤੀਆਂ, ਗੱਡੀਆਂ, ਬੈਂਡ ਵਾਜਿਆਂ ਜਾਂ ਆਤਿਸ਼ਬਾਜ਼ੀਆਂ ਦਾ ਦਿਨ ਬਣਾ ਛਡਿਆ ਹੈ।
ਨਾਨਕ ਦੇ ਸਿਧਾਂਤਾਂ ਦੀਆਂ ਗੱਲਾਂ ਸਟੇਜ ਤੋਂ ਤਾਂ ਹਰ ਕੋਈ ਹੁੱਬ ਹੁੱਬ ਕੇ ਕਰਦਾ ਹੈ ਪਰ ਉੱਥੇ ਹੀ ਦਿਨ-ਦਿਹਾੜੇ ਨਾਨਕ ਦੇ ਸਿਧਾਂਤਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ। ਬਾਬਾ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪੂਰਾ ਇਕ ਮਹੀਨਾ ਸ਼੍ਰੋਮਣੀ ਕਮੇਟੀ ਅਤੇ ਸਰਕਾਰ ਦਰਮਿਆਨ ਸਾਂਝੀ ਸਟੇਜ ਲਾਉਣ ਦੀ ਕੁਸ਼ਤੀ ਚਲਦੀ ਰਹੀ ਅਤੇ ਅਪਣੇ ਆਪ ਨੂੰ ਸੱਚਾ ਸਿੱਖ ਅਖਵਾਉਣ ਦਾ ਦਾਅਵਾ ਕਰਨ ਵਾਲਾ ਹਰ ਸ਼ਖ਼ਸ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਨੂੰ ਅਪਣੀ ਸਟੇਜ 'ਤੇ ਲਿਆ ਕੇ ਅਪਣੇ ਆਪ ਨੂੰ ਵੱਡਾ ਸਾਬਤ ਕਰਨਾ ਚਾਹੁੰਦਾ ਸੀ। ਸਾਡਾ ਪ੍ਰਕਾਸ਼ ਪੁਰਬ ਨਾਨਕ ਨਾਲ ਨਹੀਂ ਸਗੋਂ ਪ੍ਰਧਾਨ ਮੰਤਰੀ ਨਾਲ ਜੁੜਿਆ ਹੋਇਆ ਸੀ, ਇਸੇ ਲਈ ਸ਼ਾਇਦ ਇਸ ਪ੍ਰਕਾਸ਼ ਪੁਰਬ 'ਤੇ ਬਾਕੀ ਸੱਭ ਆਏ ਸਨ, ਬਸ ਮੇਰਾ ਨਾਨਕ ਹੀ ਨਹੀਂ ਆਇਆ ਸੀ।
ਸੰਪਰਕ : 97816-46008
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ