
ਸਵੇਰੇ ਦਿਨ ਦੇ ਪਹੁ ਫੁਟਾਲੇ ਨਾਲ ਗੰਗੂ ਨੇ ਮਾਤਾ ਜੀ ਅਤੇ ਦੋਵਾਂ ਬਚਿਆਂ ਨੂੰ ਜਗਾ ਦਿਤਾ
ਮੁਹਾਲੀ: ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ 19-20 ਦਸੰਬਰ 1704 ਦੀ ਦਰਮਿਆਨੀ ਰਾਤ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਤੁਰ ਪਏ। ਪਰ ਮੁਗ਼ਲ ਸੈਨਿਕਾਂ ਅਤੇ ਪਹਾੜੀ ਰਾਜਿਆਂ ਨੇ ਸਾਰੀਆਂ ਕਸਮਾਂ ਤੋੜ ਕੇ ਸਿੰਘਾਂ ’ਤੇ ਹਮਲਾ ਕਰ ਦਿਤਾ ਤੇ ਸਿੰਘ ਬਹਾਦਰੀ ਨਾਲ ਲੜਦੇ ਲੜਦੇ ਦਿਨ ਚੜ੍ਹਦੇ ਸਰਸਾ ਨਦੀ ਦੇ ਕੰਢੇ ਆ ਗਏ। ਇਥੇ ਇਕ ਪਾਸੇ ਸਰਸਾ ਚੜਿ੍ਹਆ ਹੋਇਆ ਸੀ ਤੇ ਦੂਜੇ ਪਾਸੇ ਮੁਗ਼ਲੀਆ ਹਕੂਮਤ ਪੂਰੇ ਲੌਅ-ਲਸ਼ਕਰ ਨਾਲ ਸਿੰਘਾਂ ’ਤੇ ਹੱਲਾ ਬੋਲ ਰਹੀ ਸੀ ਪਰ ਸਿੰਘਾਂ ਨੇ ਵੀ ਬਹਾਦਰੀ ਨਾਲ ਉਨ੍ਹਾਂ ਦਾ ਮੁਕਾਬਲਾ ਕੀਤਾ।
Guru Gobind Singh Ji
ਇਸ ਲੜਾਈ ਵਿਚ ਗੁਰੂ ਸਾਹਿਬ ਦਾ ਸਾਰਾ ਪ੍ਰਵਾਰ ਵਿਛੜ ਗਿਆ। ਦਾਦੀ ਮਾਂ ਨੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਨੂੰ ਇਕ ਖ਼ੱਚਰ ’ਤੇ ਬਿਠਾ ਕੇ ਸਰਸਾ ਨਦੀ ਦੇ ਨਾਲ ਨਾਲ ਕਾਨੇ-ਸਰਕੜਿਆਂ ਵਿਚੋਂ ਦੀ ਲੰਘਦੇ ਹੋਏ ਸਰਸਾ ਨਦੀ ਦੇ ਉਸ ਪੱਤਣ ਤੋਂ ਬਹੁਤ ਦੂਰ ਨਿਕਲ ਗਏ, ਜਿਥੇ ਭਿਆਨਕ ਯੁੱਧ ਹੋ ਰਿਹਾ ਸੀ। ਉਸ ਵੇਲੇ ਗੰਗੂ ਬ੍ਰਾਹਮਣ ਵੀ ਅਪਣੇ ਆਪ ਨੂੰ ਦੁਸ਼ਮਣਾਂ ਤੋਂ ਬਚਦਾ ਬਚਾਉਂਦਾ, ਸਰਕੜਿਆਂ ਵਿਚੋਂ ਦੀ ਲੰਘਦਾ ਹੋਇਆ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਕੋਲ ਪਹੁੰਚ ਗਿਆ। ਉਸ ਨੇ ਮਾਤਾ ਜੀ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਇਥੋਂ ਥੋੜੀ ਦੂਰ ਦਰਿਆ ਦਾ ਪੱਤਣ ਹੈ, ਜਿਥੇ ਬੇੜੀ ਪੈਂਦੀ ਹੈ। ਇਥੋਂ ਅਸੀ ਸਰਸਾ ਨੂੰ ਪਾਰ ਕਰ ਕੇ ਰੋਪੜ ਚਲੇ ਜਾਵਾਂਗੇ ਤੇ ਉਥੋਂ ਮੈਂ ਤੁਹਾਨੂੰ ਅਪਣੇ ਪਿੰਡ ਸਹੇੜੀ ਲੈ ਜਾਵਾਂਗਾ।
Guru Gobind Singh Ji
20 ਦਸੰਬਰ 1704 ਦੀ ਸ਼ਾਮ ਢਲ ਚੁਕੀ ਸੀ ਤੇ ਸਾਰਾ ਦਿਨ ਮੀਂਹ ਪੈਣ ਕਰ ਕੇ ਕੜਾਕੇ ਦੀ ਠੰਢ ਵੀ ਸ਼ੁਰੂ ਹੋ ਗਈ ਸੀ। ਸੂਰਜ ਛੁਪ ਚੁਕਾ ਸੀ। ਜਦੋਂ ਗੰਗੂ ਬ੍ਰਾਹਮਣ ਨੂੰ ਦਰਿਆ ਦੇ ਕੰਢੇ ਇਕ ਝੁੱਗੀ ਵਿਚ ਰੋਸ਼ਨੀ ਵਿਖਾਈ ਦਿਤੀ ਤਾਂ ਉਹ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਲੈ ਕੇ ਝੁੱਗੀ ਪਾਸ ਚਲਾ ਗਿਆ ਜਿਸ ਵਿਚ ਕੁੰਮਾ ਮਲਾਹ ਸਾਰਾ ਦਿਨ ਦਾ ਥਕਿਆ ਅਰਾਮ ਨਾਲ ਸੁੱਤਾ ਪਿਆ ਸੀ। ਜਦੋਂ ਕੁੰਮੇ ਮਲਾਹ ਦੇ ਕੰਨਾਂ ਵਿਚ ਬਾਹਰ ਕਿਸੇ ਦੇ ਕਦਮਾਂ ਦੀ ਆਹਟ ਸੁਣਾਈ ਦਿਤੀ ਤਾਂ ਉਹ ਬਾਹਰ ਆ ਕੇ ਪੁਛਣ ਲਗਾ, ‘‘ਤੁਸੀ ਕੌਣ ਹੋ ਭਾਈ? ਐਨੀ ਰਾਤ ਪੱਤਣ ’ਤੇ ਤੁਸੀ ਕਿਵੇਂ ਆਏ? ਤੁਸੀ ਕਿਥੇ ਜਾਣਾ ਐ?’’ ਜਦੋਂ ਗੰਗੂ ਬ੍ਰਾਹਮਣ ਨੇ ਕੁੰਮਾ ਮਲਾਹ ਨੂੰ ਸਾਰੀ ਗੱਲ ਦਸੀ ਤਾਂ ਉਹ ਮਾਤਾ ਜੀ ਦੇ ਦਰਸ਼ਨ ਕਰ ਕੇ ਧਨ ਹੋ ਗਿਆ। ਕੁੰਮਾ ਮਲਾਹ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਝੁੱਗੀ ਵਿਚ ਵਾੜ ਕੇ ਆਪ ਬਾਹਰ ਆ ਗਿਆ। ਉਸ ਨੇ ਮਹਿਸੂਸ ਕੀਤਾ ਕਿ ਰਾਤ ਬਹੁਤ ਠੰਢੀ ਹੈ। ਇਨ੍ਹਾਂ ਲਈ ਰੋਟੀ ਅਤੇ ਕਪੜੇ ਦੀ ਵੀ ਲੋੜ ਹੈ ਕਿਉਂਕਿ ਉਸ ਪਾਸ ਨਾ ਹੀ ਖਾਣ ਨੂੰ ਕੁੱਝ ਸੀ ਤੇ ਨਾ ਹੀ ਉਪਰ ਦੇਣ ਲਈ ਕੋਈ ਚੰਗਾ ਕਪੜਾ ਸੀ।
Chote Sahibzaade
ਕੁੱਝ ਸੋਚ ਕੇ ਕੁੰਮਾ ਮਲਾਹ ਨੇ ਗੰਗੂ ਬ੍ਰਾਹਮਣ ਨੂੰ ਕਿਹਾ, ‘‘ਤੁਸੀ ਧੂਣੀ ਸੇਕੋ, ਮੈਂ ਹੁਣੇ ਆਇਆ। ਮੈਂ ਤੁਹਾਡੇ ਵਾਸਤੇ ਖਾਣ ਪੀਣ ਅਤੇ ਕਪੜਿਆਂ ਦਾ ਪ੍ਰਬੰਧ ਕਰਦਾ ਹਾਂ।’’ ਉਸ ਨੇ ਝੱਟ ਅਪਣੀ ਬੇੜੀ ਦਰਿਆ ਵਿਚ ਠੇਲ੍ਹ ਦਿਤੀ ਅਤੇ ਦਰਿਆ ਤੋਂ ਪਾਰ ਪੱਤਣ ਵਾਲਾ ਪਿੰਡ ਵਿਚ ਜਾ ਕੇ ਇਕ ਸਿੱਖ ਪਰਵਾਰ ਦੇ ਬੀਬੀ ਵੀਰੋ ਤੇ ਭਾਈ ਛੱਜੂ ਨੂੰ ਜਗਾਇਆ ਅਤੇ ਉਨ੍ਹਾਂ ਨੂੰ ਸਾਰੀ ਗੱਲ ਦੱਸੀ। ਬੀਬੀ ਵੀਰੋ ਨੇ ਕਾਹਲੀ ਕਾਹਲੀ ਵਿਚ ਸੱਭ ਕੁੱਝ ਤਿਆਰ ਕਰ ਲਿਆ ਤੇ ਨਾਲ ਗਰਮ ਦੁੱਧ ਵੀ ਦੇ ਦਿਤਾ। ਭਾਈ ਛੱਜੂ ਨੇ ਮੋਟੇ ਜਿਹੇ ਕੰਬਲ ਤੇ ਹੋਰ ਬਸਤਰ ਵੀ ਲੈ ਲਏ ਤਾਕਿ ਰਾਤ ਵੇਲੇ ਕੰਮ ਆ ਸਕਣ। ਬੀਬੀ ਵੀਰੋ ਅਤੇ ਭਾਈ ਛੱਜੂ ਨੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਖੁਦ ਆ ਕੇ ਬੜੇ ਪਿਆਰ ਨਾਲ ਭੋਜਨ ਛਕਾਇਆ। ਖਾਣਾ ਖਾਣ ਤੋਂ ਬਾਅਦ ਮਾਤਾ ਜੀ ਨੇ ਬੀਬੀ ਵੀਰੋ ਅਤੇ ਭਾਈ ਛੱਜੂ ਨੂੰ ਬਹੁਤ ਅਸੀਸਾਂ ਦਿਤੀਆਂ। ਜਦੋਂ ਮੀਂਹ ਬੰਦ ਹੋ ਗਿਆ ਤਾਂ ਕੁੰਮਾਂ ਮਲਾਹ ਬੀਬੀ ਵੀਰੋ ਅਤੇ ਭਾਈ ਛੱਜੂ ਨੂੰ ਬੇੜੀ ਰਾਹੀਂ ਉਨ੍ਹਾਂ ਦੇ ਪਿੰਡ ਵਾਪਸ ਛੱਡ ਆਇਆ।
Mata Gujri Ji
ਸਵੇਰੇ ਦਿਨ ਦੇ ਪਹੁ ਫੁਟਾਲੇ ਨਾਲ ਗੰਗੂ ਨੇ ਮਾਤਾ ਜੀ ਅਤੇ ਦੋਵਾਂ ਬਚਿਆਂ ਨੂੰ ਜਗਾ ਦਿਤਾ। ਕੁੰਮਾ ਮਲਾਹ ਨੇ ਚਾਰਾਂ ਨੂੰ ਅਪਣੀ ਬੇੜੀ ਵਿਚ ਬਿਠਾ ਲਿਆ ਤੇ ਨਾਲ ਖੱਚਰ ਨੂੰ ਵੀ ਚੜ੍ਹਾ ਲਿਆ ਤੇ ਸਿਧੇ ਪੱਤਣ ਵਾਲਾ ਪਿੰਡ ਬੀਬੀ ਵੀਰੋੋ ਅਤੇ ਛੱਜੂ ਦੇ ਘਰ ਪਹੁੰਚ ਗਏ। ਇਹ ਪਿੰਡ ਦਰਿਆ ਸਤਲੁਜ ਅਤੇ ਸਰਸਾ ਨਦੀ ਦੇ ਸੰਗਮ ’ਤੇ ਰੋਪੜ ਵਾਲੇ ਪਾਸੇ ਵਸਿਆ ਹੋਇਆ ਸੀ। ਸਤਲੁਜ ਦੀ ਉਲਟੀ ਵਹਿਣ ਕਰ ਕੇ ਹੁਣ ਇਸ ਦੇ ਨਿਸ਼ਾਨ ਮਿੰਟ ਗਏ ਹਨ। 21 ਦਸੰਬਰ 1704 ਨੂੰ ਸਵੇਰੇ ਗੰਗੂ ਬ੍ਰਾਹਮਣ ਪਿੰਡ ਪੱਤਣ ਵਾਲਾ ਤੋਂ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਰੋਪੜ ਨੂੰ ਚਲ ਪਿਆ ਤਾਕਿ ਲੁਕ-ਛਿਪ ਕੇ ਰੋਪੜ ਪਹੁੰਚਿਆ ਜਾ ਸਕੇ। ਪਰ ਜਦੋਂ ਉਸ ਨੂੰ ਮੁਗ਼ਲ ਫ਼ੌਜੀਆਂ ਦੇ ਆਲੇ ਦੁਆਲੇ ਤੁਰਨ ਫਿਰਨ ਦੀ ਸੂਹ ਮਿਲੀ ਤਾਂ ਉਹ ਲੌਦੀ ਮਾਜਰਾ ਦੇ ਝੁੰਡ ਵਿਚ ਛੁਪ ਗਿਆ। ਜਦੋਂ ਜ਼ਰਾ ਹਨੇਰਾ ਹੋਇਆ ਤਾਂ ਗੰਗੂ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਪਿੰਡ ਹੁਸੈਨ ਪੁਰ (ਨੇੜੇ ਰੋਪੜ) ਵਿਚ ਰਹਿੰਦੀ ਅਪਣੀ ਰਿਸ਼ਤੇਦਾਰ ਲਛਮੀ ਬ੍ਰਾਹਮਣੀ ਦੇ ਘਰ ਪਹੁੰਚ ਗਿਆ। ਇਹ ਲਛਮੀ ਗੁਰੂ ਘਰ ਦੀ ਅਨਿਨ ਸੇਵਕ ਸੀ ਜੋ ਪਹਿਲਾਂ ਵੀ ਅਨੰਦਪੁਰ ਸਾਹਿਬ ਜਾ ਕੇ ਕਈ ਵਾਰ ਗੁਰੂ ਪ੍ਰਵਾਰ ਦੇ ਦਰਸ਼ਨ ਕਰ ਚੁਕੀ ਸੀ।
22 ਦਸੰਬਰ 1704 ਨੂੰ ਦਿਨ ਚੜ੍ਹਨ ਤੋਂ ਪਹਿਲਾਂ ਹੀ ਗੰਗੂ ਬ੍ਰਾਹਮਣ ਮਾਤਾ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਮੁਗ਼ਲ ਫ਼ੌਜਾਂ ਦੀਆਂ ਨਜ਼ਰਾਂ ਤੋਂ ਬਚਾ ਕੇ ਅਪਣੇ ਪਿੰਡ ਸਹੇੜੀ ਪਹੁੰਚਣ ਵਿਚ ਕਾਮਯਾਬ ਹੋ ਗਿਆ। ਜਦੋਂ ਗੁਰੂ ਪ੍ਰਵਾਰ ਗੰਗੂ ਬ੍ਰਾਹਮਣ ਦੇ ਘਰ ਪਹੁੰਚਿਆ ਤਾਂ ਉਸ ਦੀ ਪਤਨੀ ਸਰਸਵਤੀ ਖ਼ੁਸ਼ੀ ਵਿਚ ਖੀਵੀ ਹੋ ਗਈ ਤੇ ਨਤਮਸਤਕ ਕਰ ਕੇ ਖ਼ੁਸ਼ੀਆਂ ਪ੍ਰਾਪਤ ਕੀਤੀਆਂ। ਗੰਗੂ ਬ੍ਰਾਹਮਣ ਨੇ ਸਰਸਵਤੀ ਨੂੰ ਗੁਰੂ ਪ੍ਰਵਾਰ ਦੀ ਸੇਵਾ ਕਰਨ ਲਈ ਲਾ ਦਿਤਾ ਤੇ ਆਪ ਪਿੰਡ ਦੇ ਆਲੇ ਦੁਆਲੇ ਫਿਰਨ ਚਲਾ ਗਿਆ ਤਾਕਿ ਮੁਗ਼ਲ ਟੁਕੜੀਆਂ ਦੀ ਹਰਕਤ ਦਾ ਪਤਾ ਲਗ ਸਕੇ। ਜਦੋਂ ਸ਼ਾਮ ਹੋਈ ਤਾਂ ਗੰਗੂ ਨੇ ਮਾਤਾ ਜੀ ਨੂੰ ਸੱਭ ਕੁੱਝ ਦਸ ਦਿਤਾ ਕਿ ਗੁਰੂ ਸਾਹਿਬ ਸਿੰਘਾਂ ਸਮੇਤ ਚਮਕੌਰ ਵਲ ਨੂੰ ਤੁਰੇ ਹੋਏ ਹਨ। ਰਾਤ ਵੇਲੇ ਮਾਤਾ ਜੀ ਸਾਹਿਬਜ਼ਾਦਿਆਂ ਨਾਲ ਘੂਕ ਸੁੱਤੀ ਪਈ ਸੀ ਪਰ ਮਾਤਾ ਜੀ ਨੇ ਸੌਣ ਤੋਂ ਪਹਿਲਾਂ ਮੋਹਰਾਂ ਅਤੇ ਜ਼ੇਵਰਾਂ ਵਾਲੀ ਗਠੜੀ ਚੰਗੀ ਤਰ੍ਹਾਂ ਬੰਨ੍ਹ ਕੇ ਅਪਣੇ ਸਿਰਹਾਣੇ ਰਖ ਲਈ ਸੀ। ਮਾਤਾ ਜੀ ਨੂੰ ਕੀ ਪਤਾ ਸੀ ਕਿ ਗੰਗੂ ਦੇ ਦਿਲ ਵਿਚ ਬੇਈਮਾਨੀ ਆ ਗਈ ਹੈ। ਜਦੋਂ ਉਹ ਸਵੇਰੇ ਉਠੀ ਤਾਂ ਗਹਿਣਿਆਂ ਵਾਲੀ ਗਠੜੀ ਗਾਇਬ ਸੀ। ਇਹ ਵੇਖ ਕੇ ਮਾਤਾ ਜੀ ਨੇ ਗੰਗੂ ਨੂੰ ਜਦੋਂ ਇਸ ਬਾਰੇ ਪੁਛਿਆ ਤਾਂ ਉਹ ਪੈਰਾਂ ’ਤੇ ਪਾਣੀ ਹੀ ਨਾ ਪੈਣ ਦੇਵੇ। ਸਗੋਂ ਕਹਿਣ ਲਗਾ, ‘‘ਤੁਸੀ ਮੈਨੂੰ ਘਰ ਵਿਚ ਸ਼ਰਨ ਦੇਣ ਦਾ ਇਹੀ ਇਨਾਮ ਦੇ ਰਹੇ ਹੋ? ਮੈਂ ਤਾਂ ਅਪਣੀ ਜਾਨ ਜੋਖਮ ਵਿਚ ਪਾ ਕੇ ਤੁਹਾਨੂੰ ਅਪਣੇ ਘਰ ਲੈ ਕੇ ਆਇਆ ਹਾਂ ਤੇ ਤੁਸੀ ਮੈਨੂੰ ਹੀ ਚੋਰ ਦਸ ਰਹੇ ਹੋ?’’
ਜਦੋਂ ਗੰਗੂ ਬ੍ਰਾਹਮਣ ਨੂੰ ਸ਼ਾਮ ਵੇਲੇ ਉਡਦੀ ਉਡਦੀ ਖ਼ਬਰ ਮਿਲੀ ਕਿ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਚਾਲੀ ਸਿੰਘ ਵੱਡੇ ਸਾਹਿਬਜ਼ਾਦਿਆਂ ਸਮੇਤ ਸ਼ਹੀਦ ਹੋ ਗਏ ਹਨ ਤੇ ਗੁਰੂ ਸਾਹਿਬ ਦਾ ਸੀਸ ਸਰਹਿੰਦ ਦੇ ਸੂਬੇਦਾਰ ਵਜ਼ੀਦ ਖ਼ਾਂ ਪਾਸ ਪਹੁੰਚ ਚੁਕਾ ਹੈ ਤਾਂ ਉਸ ਨੇ ਅਪਣੀ ਬਦਨਾਮੀ ਦਾ ਬਦਲਾ ਲੈਣ ਲਈ ਛੋਟੇ ਸਾਹਿਬਜ਼ਾਦਿਆਂ ਨੂੰ ਫੜਵਾਉਣ ਲਈ ਘਰ ਜਾਣ ਦੀ ਬਜਾਏ ਮੂੰਹ ਹਨੇਰਾ ਹੁੰਦੇ ਹੀ ਮੋਰਿੰਡਾ ਵਲ ਨੂੰ ਹੋ ਤੁਰਿਆ ਤੇ ਕੋਤਵਾਲੀ ਜਾ ਕੇ ਕੋਤਵਾਲ ਨੂੰ ਇਤਲਾਹ ਦੇ ਦਿਤੀ ਕਿ ਗੁਰੂ ਪ੍ਰਵਾਰ ਉਨ੍ਹਾਂ ਦੇ ਘਰ ਬੈਠਾ ਹੈ। ਸੂਬੇਦਾਰ ਸਰਹਿੰਦ ਨੇ ਇਹ ਹੁਕਮ ਕੀਤਾ ਹੋਇਆ ਸੀ ਕਿ ਜਿਹੜਾ ਵੀ ਗੁਰੂ ਪ੍ਰਵਾਰ ਨੂੰ ਜਿਉਂਦਿਆਂ ਫੜਵਾਏਗਾ ਜਾਂ ਉਨ੍ਹਾਂ ਬਾਰੇ ਇਤਲਾਹ ਦੇਵੇਗਾ ਉਸ ਨੂੰ ਇਨਾਮ ਦਿਤਾ ਜਾਵੇਗਾ। ਅਜੇ ਸਾਹਿਬਜ਼ਾਦੇ ਰੋਟੀ ਖਾਣ ਤੋਂ ਬਾਅਦ ਦੁੱਧ ਪੀ ਕੇ ਸੌਣ ਲਈ ਮੰਜਿਆਂ ’ਤੇ ਪਏ ਹੀ ਸਨ ਕਿ ਕੋਤਵਾਲ ਨੇ ਆ ਕੁੰਡਾ ਖੜਕਾ ਦਿਤਾ ਤੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰ ਕੇ ਮੋਰਿੰਡਾ ਦੀ ਕੋਤਵਾਲੀ ਵਿਚ ਲੈ ਆਇਆ।
ਇਥੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਨੇ 23 ਦਸੰਬਰ 1704 ਵਾਲੀ ਰਾਤ ਕੱਟੀ ਅਤੇ 24 ਦਸੰਬਰ 1704 ਨੂੰ ਬਾਅਦ ਦੁਪਿਹਰ ਇਸ ਦੀ ਖ਼ਬਰ ਹਲਕਾਰੇ ਰਾਹੀਂ ਕੋਤਵਾਲ ਵਲੋਂ ਸੂਬੇਦਾਰ ਸਰਹਿੰਦ ਪਾਸ ਪਹੁੰਚਾ ਦਿਤੀ ਗਈ। ਜਦੋਂ ਵਜ਼ੀਦ ਖ਼ਾਂ ਨੇ ਇਸ ਬਾਰੇ ਸੁਣਿਆ ਤਾਂ ਉਸ ਨੇ ਉਸੇ ਹਲਕਾਰੇ ਨੂੰ ਵਾਪਸ ਭੇਜ ਕੇੇ ਗੁਰੂ ਪ੍ਰਵਾਰ ਨੂੰ ਪੇਸ਼ ਕਰਨ ਦਾ ਹੁਕਮ ਦਿਤਾ। ਹੁਣ ਸ਼ਾਮ ਢਲ ਚੁਕੀ ਸੀ ਤੇ ਕੋਤਵਾਲ ਨੇ ਹੁਕਮਾਂ ਦੀ ਪਾਲਣਾ ਕਰਦਿਆਂ ਦੋਵੇਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਊਠ ਗੱਡੀ ’ਤੇ ਬਿਠਾ ਕੇ ਰਾਤ ਨੂੰ ਸੂਬੇਦਾਰ ਅੱਗੇ ਪੇਸ਼ ਕਰ ਦਿਤਾ। ਅਗੋਂ ਸੂਬੇਦਾਰ ਨੇ ਹੁਕਮ ਕੀਤਾ ਕਿ ਇਨ੍ਹਾਂ ਤਿੰਨਾਂ ਨੂੰ ਠੰਢੇ ਬੁਰਜ ਵਿਚ ਬੰਦ ਕਰ ਦਿਤਾ ਜਾਵੇ।
25 ਦਸੰਬਰ 1704 ਨੂੰ ਸ਼ਾਮ ਵੇਲੇ ਛੋਟੇ ਸਾਹਿਬਜ਼ਾਦਿਆਂ ਨੂੰ ਸੂਬੇਦਾਰ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਜਦੋਂ ਸੂਬੇਦਾਰ ਨੇ ਰਿਹਾਅ ਹੋਣ ਲਈ ਉਨ੍ਹਾਂ ਅੱਗੇ ਧਰਮ ਬਦਲਣ ਦੀ ਸ਼ਰਤ ਰੱਖੀ ਤਾਂ ਅਗੋਂ ਦੋਵੇਂ ਸਾਹਿਬਜ਼ਾਦਿਆਂ ਨੇ ਸੂਬੇਦਾਰ ਨੂੰ ਖਰੀਆਂ ਖਰੀਆਂ ਸੁਣਾਈਆਂ ਜਿਸ ਨਾਲ ਸੂਬੇਦਾਰ ਹੈਰਾਨ ਪ੍ਰੇਸ਼ਾਨ ਹੋ ਗਿਆ ਤੇ ਅਗਲੇ ਦਿਨ ਪੇਸ਼ ਕਰਨ ਦਾ ਹੁਕਮ ਦਿਤਾ।
ਫਿਰ ਜਦੋਂ 26 ਦਸੰਬਰ 1704 ਨੂੰ ਦੋਵੇਂ ਸਾਹਿਬਜ਼ਾਦੇ ਕਚਹਿਰੀ ਵਿਚ ਪੇਸ਼ ਹੋਏ ਤਾਂ ਸੂਬੇਦਾਰ ਨੇ ਉਨ੍ਹਾਂ ਨੂੰ ਫਿਰ ਇਸਲਾਮ ਕਬੂਲ ਕਰਨ ਲਈ ਜ਼ੋਰ ਪਾਇਆ ਤੇ ਹੋਰ ਬਹੁਤ ਲਾਲਚ ਦਿਤੇ ਪਰ ਦੋਵਾਂ ਨੇ ਇਕ ਨਾ ਮੰਨੀ। ਜਦੋਂ ਸੂਬੇਦਾਰ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਨ ਦਾ ਹੁਕਮ ਦਿਤਾ ਤਾਂ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖ਼ਾਂ ਨੇ ਇਸ ਦਾ ਵਿਰੋਧ ਕੀਤਾ ਕਿ ਇਸ ਤਰ੍ਹਾਂ ਕਰਨ ਲਈ ਸਾਨੂੰ ਇਸਲਾਮ ਇਜਾਜ਼ਤ ਨਹੀਂ ਦਿੰਦਾ। ਪਰ ਕੋਲ ਬੈਠੇ ਵਜ਼ੀਰ ਸੁੱਚਾ ਨੰਦ ਨੇ ਕਿਹਾ ਕਿ ਸੱਪਾਂ ਦੇ ਪੁੱਤਰ ਸਪੋਲੀਏ ਹੁੰਦੇ ਹਨ, ਜਿਨ੍ਹਾਂ ਦੇ ਡੰਗ ਤੋਂ ਇਨਸਾਨ ਕਦੀ ਨਹੀਂ ਬਚਦਾ। ਅਖੀਰ ਸੂਬੇਦਾਰ ਨੇ 27 ਦਸੰਬਰ 1704 ਨੂੰ ਦੋਵਂੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿਤਾ ਅਤੇ ਜਦੋਂ ਇਸ ਬਾਰੇ ਮਾਤਾ ਗੁਜਰੀ ਨੂੰ ਪਤਾ ਲਗਾ ਤਾਂ ਉਹ ਵੀ ਸਵਾਸ ਛੱਡ ਗਏ।
ਬਲਦੇਵ ਸਿੰਘ ਕੋਰੇ,ਸੰਪਰਕ : 9417583141