ਕਿਉਂ ਪੁੱਠੇ ਪੈਰੀਂ ਟੁਰੀ ਪੰਜਾਬੀ? (ਭਾਗ 1)
Published : May 29, 2018, 11:41 am IST
Updated : May 29, 2018, 8:00 pm IST
SHARE ARTICLE
Amin Malik
Amin Malik

ਕੌਣ ਆਖੇ ਰਾਣੀਏ ਅੱਗਾ ਢੱਕ? ਹਰ ਕਿਸੇ ਨੂੰ ਜਾਨ ਪਿਆਰੀ ਹੁੰਦੀ ਏ। ਇਹ ਜੁਰਅਤ ਕਰਨੀ ਐਵੇਂ ਸੁੱਤੀ ਕਲਾ ਜਗਾਉਣ ਵਾਲੀ ਗੱਲ ਹੀ ਏ ਜਾਂ ਠੰਢੇ ਦੁੱਧ ਨੂੰ ਫੂਕਾਂ ਮਾਰਨ ਵਾਲਾ...

ਕੌਣ ਆਖੇ ਰਾਣੀਏ ਅੱਗਾ ਢੱਕ? ਹਰ ਕਿਸੇ ਨੂੰ ਜਾਨ ਪਿਆਰੀ ਹੁੰਦੀ ਏ। ਇਹ ਜੁਰਅਤ ਕਰਨੀ ਐਵੇਂ ਸੁੱਤੀ ਕਲਾ ਜਗਾਉਣ ਵਾਲੀ ਗੱਲ ਹੀ ਏ ਜਾਂ ਠੰਢੇ ਦੁੱਧ ਨੂੰ ਫੂਕਾਂ ਮਾਰਨ ਵਾਲਾ ਸ਼ੁਦਾਅ ਏ। ਕਈ ਤਾਂ ਰਾਣੀ ਨੂੰ ਇਸ ਕਰ ਕੇ ਅੱਗਾ ਢਕਣ ਲਈ ਨਹੀਂ ਆਖਦੇ ਕਿ ਜਾਂ ਤਾਂ ਉਹ ਆਪ ਵੀ ਨੰਗੇ ਹੁੰਦੇ ਨੇ ਅਤੇ ਜਾਂ ਕੁੱਝ ਸਿਆਣੇ ਲੋਕ ਨੇ ਜਿਹੜੇ ਆਖਦੇ ਨੇ ਦਫ਼ਾ ਕਰੋ, ਖਸਮਾਂ ਨੂੰ ਖਾਏ ਸਾਰਾ ਕੁੱਝ, ਅਸੀ ਕਿਉਂ ਮੁਸੀਬਤ ਅਪਣੇ ਗਲ ਪਵਾ ਲਈਏ?

ਲਿਹਾਜ਼ਾ, ਬਾਦਸ਼ਾਹ ਜਾਂ ਰਾਣੀ ਦੇ ਐਬ 'ਤੇ ਉਂਗਲ ਰੱਖਣ ਵਾਲਾ ਜਾਂ ਤਾਂ ਅਣਭੋਲ ਮਾਸੂਮ ਬਾਲ ਹੁੰਦਾ ਏ ਤੇ ਜਾਂ ਕੋਈ ਕਮਲਾ ਸ਼ੁਦਾਈ। ਇਨ੍ਹਾਂ ਦੋਹਾਂ ਨੂੰ ਆਉਣ ਵਾਲੇ ਕਲ ਦਾ ਕੋਈ ਡਰ ਨਹੀਂ ਹੁੰਦਾ। ਰਾਣੀ ਨੇ ਵੀ ਮੈਨੂੰ ਆਖਿਆ ਸੀ, ''ਮੂੰਹ ਨਾ ਖੋਲ੍ਹੀਂ, ਲੋਕੀਂ ਸਿਰ ਖੋਲ੍ਹ ਦੇਣਗੇ ਈ।''ਮੈਂ ਆਖਿਆ, ''ਮਰ ਤਾਂ ਇਕ ਦਿਹਾੜੇ ਜਾਣਾ ਈ ਏ। ਕਿਸੇ ਵੀਰ ਹੱਥੋਂ ਮਰਾਂਗੇ ਤਾਂ ਕੋਈ ਹਰਖ-ਮਰਖ ਨਾ ਹੋਵੇਗਾ। ਰੱਬ ਨੇ ਵੀ ਐਵੇਂ ਧਿੰਗਾਣੇ ਹੀ ਕਿਸੇ ਦਿਨ ਮਾਰ ਈ ਸੁਟਣੈ।''

ਮੈਂ ਅਪਣੇ ਇਸ ਲੇਖ ਦੀ ਭੂਮਿਕਾ, ਤਮਹੀਦ ਜਾਂ ਪੈਂਤੜਾ ਬੰਨ੍ਹਣ ਤੋਂ ਪਹਿਲਾਂ ਬੜਾ ਸੋਚਿਆ ਸੀ ਕਿ ਮੈਨੂੰ ਵੀ ਕਿਸੇ ਨੇ ਜਾਂ ਤਾਂ ਬਾਲ ਆਖਣਾ ਹੈ ਜਾਂ ਬੇਵਕੂਫ਼। ਮੇਰੀ ਸਿਆਣੀ ਬੀਵੀ ਨੇ ਵੀ ਮੈਨੂੰ ਚੇਤਾਵਨੀ ਦੇ ਕੇ ਆਗਾਹ ਕੀਤਾ ਸੀ, ''ਵੇਖੀਂ ਕਿਧਰੇ ਸਿਆਣਪ ਦੇ ਘੋੜੇ ਉਤੇ ਚੜ੍ਹਨ ਦੇ ਸ਼ੌਕ ਵਿਚ ਲੱਤ ਬਾਂਹ ਨਾ ਤੁੜਵਾ ਬੈਠੀਂ।'' ਕਈ ਵੇਰਾਂ ਕਿਸੇ ਨੂੰ ਰਾਹ ਦਸੀਏ ਤਾਂ ਉਹ ਰਾਹੇ ਪਾ ਵੀ ਦੇਂਦੈ। ਮੈਨੂੰ ਪਤਾ ਸੀ ਕਿ ਉਸ ਨੇ ਵੀ ਬਾਦਸ਼ਾਹ ਨੂੰ ਨੰਗਾ ਆਖਣ ਦੀ ਆਗਿਆ ਨਹੀਂ ਦੇਣੀ, ਕਿਉਂ ਜੋ ਉਹ ਸਿਆਣੀ ਸੀ।

ਪਰ ਕਈ ਵੇਰਾਂ ਨਾਦਾਨ ਅਯਾਣੇ ਵੀ ਸਿਆਣਿਆਂ ਨਾਲੋਂ ਬਹੁਤੀ ਸਿਆਣੀ ਗੱਲ ਕਰ ਜਾਂਦੇ ਨੇ। ਸਿਆਣੇ ਤਾਂ ਸੱਚ ਬੋਲਣ ਤੋਂ ਪਹਿਲਾਂ ਸੌ ਵੇਰਾਂ ਸੋਚਦੇ ਨੇ। ਉਨ੍ਹਾਂ ਨੇ ਤਾਂ ਨਫ਼ਾ ਨੁਕਸਾਨ ਵੇਖਣਾ ਈ ਹੁੰਦੈ। ਬਾਲ ਤੇ ਸ਼ੁਦਾਈ ਨੂੰ ਕਾਹਦੀ ਲੱਥੀ ਚੜ੍ਹੀ? ਜੋ ਵੀ ਵੇਖਿਆ, ਆਖ ਦਿਤਾ।ਲਿਹਾਜ਼ਾ, ਮੈਂ ਵੀ ਅਪਣੀ ਸਿਆਣੀ ਬੀਵੀ ਨੂੰ ਇਹ ਆਖ ਕੇ ਲੇਖ ਸ਼ੁਰੂ ਕਰ ਦਿਤਾ ਕਿ ਜੇ ਮੈਂ ਚੰਗਾ ਅਖਵਾਣ ਦੇ ਸ਼ੌਕ ਵਿਚ ਕਿਸੇ ਮੰਦੇ ਨੂੰ ਮੰਦਾ ਨਾ ਆਖਿਆ ਤਾਂ ਖੇਹ ਪਾਇਉ ਮੇਰੇ ਸ਼ੌਕ ਉਤੇ।

ਉਹ ਆਖਣ ਲੱਗੀ, ''ਮੁੜ ਜਾ! ਤੈਨੂੰ ਕਿਸੇ ਮੇਰੇ ਸਿਵਾ ਮੋੜਨਾ ਵੀ ਨਹੀਂ। ਮੱਛੀ ਪੱਥਰ ਚੱਟ ਕੇ ਮੁੜਦੀ ਏ।'' ਇਹ ਗੱਲ ਸੁਣ ਕੇ ਮੈਂ ਡਰਿਆ ਜ਼ਰੂਰ ਸਾਂ ਪਰ ਨਾ ਹੀ ਮੁੜਿਆ ਤੇ ਨਾ ਹੀ ਟਲਿਆ।ਦਰਅਸਲ ਅੱਜ ਦਾ ਵਿਸ਼ਾ ਨਾ ਮੇਰਾ ਸ਼ੌਕ, ਨਾ ਕਿਸੇ ਵਾਹ ਵਾਹ ਜਾਂ ਦਾਦ ਦੀ ਤਾਂਘ, ਨਾ ਅਪਣੇ ਆਪ ਨੂੰ ਸਿਆਣਾ ਅਖਵਾਉਣ ਦੀ ਸਸਤੀ ਜਹੀ ਆਰਜ਼ੂ ਅਤੇ ਨਾ ਹੀ ਅਪਣੇ ਕਿਸੇ ਇਲਮ ਦਾ ਡੰਡਾ ਉੱਚਾ ਕਰ ਕੇ ਕਿਸੇ ਵਿਰੋਧ ਦੀ ਕੰਡਿਆਲੀ ਬੇਰੀ ਨਾਲ ਜ਼ਖ਼ਮੀ ਹੋਣ ਦਾ ਇਰਾਦਾ ਹੈ।

ਮੈਂ ਬੜੀ ਨਿਮਰਤਾ ਅਤੇ ਇੰਕਸਾਰੀ ਨਾਲ ਆਖਾਂਗਾ ਕਿ ਦਿਲ ਦੇ ਕਿਸੇ ਵੀ ਖੂੰਜੇ ਵਿਚ ਇੰਜ ਦਾ ਕੋਈ ਵੀ ਇਰਾਦਾ ਚੋਰ ਬਣ ਕੇ ਨਹੀਂ ਲੁਕਿਆ ਹੋਇਆ ਕਿ ਮੇਰੀ ਇਸ ਲਿਖਤ ਨਾਲ ਕਿਸੇ ਦੀ ਦਿਲ ਸ਼ਿਕਨੀ ਜਾਂ ਅਪਮਾਨ ਹੋਵੇ। ਮੇਰੇ ਲੇਖ ਦਾ ਕਾਰਨ ਮੇਰੇ ਨਾਲ ਵਾਪਰੇ ਹੋਏ ਇਕ ਦੋ ਹਾਦਸੇ ਹੀ ਜਾਣ ਲਵੋ ਜਿਨ੍ਹਾਂ ਇਹ ਸਾਰਾ ਕੁੱਝ ਲਿਖਣ ਲਈ ਮੈਨੂੰ ਮਜਬੂਰ ਕੀਤਾ ਹੈ। ਵਰਨਾ ਕੌਣ ਆਖਦਾ ਏ, ਚੌਧਰਾਣੀਏ ਅੱਗਾ ਢੱਕ।

ਮਈ 2002 ਵਿਚ ਵਿਸ਼ਵ ਪੰਜਾਬੀ ਕਾਨਫ਼ਰੰਸ ਦੇ ਦਿਨਾਂ ਵਿਚ ਜ਼ਿੰਦਗੀ ਬੜੀ ਮਸਰੂਫ਼ ਸੀ। ਹਰ ਦੇਸ਼ ਤੋਂ ਅਨੇਕਾਂ ਫ਼ੋਨ ਵਸੂਲ ਹੁੰਦੇ ਸਨ। ਜਿਨ੍ਹਾਂ ਮੇਰੇ ਜਹੇ ਹਮਾਤੜਾਂ ਤਮਾਹਤੜਾਂ ਦਾ ਅੱਗਾ ਪਿੱਛਾ ਕੋਈ ਨਹੀਂ ਸੀ, ਉਨ੍ਹਾਂ ਨੂੰ ਕਿਸੇ ਵੀ ਸੱਦਾ ਪੱਤਰ ਨਹੀਂ ਸੀ ਦਿਤਾ। ਉਤੋਂ ਮੈਂ ਅਪਣੇ ਮਾਲਕ ਫ਼ਖ਼ਰ ਜ਼ਮਾਨ ਦਾ ਪੜ੍ਹਾਇਆ ਹੋਇਆ ਤੋਤਾ ਸਾਂ। ਮੇਰੇ ਸਾਹਬ ਨੇ ਹਰ ਦੇਸ਼ ਵਿਚ ਅਪਣੇ ਖ਼ਾਸ ਯਾਰਾਂ ਦਾ ਨਾਂ ਦੇ ਕੇ ਮੈਨੂੰ ਹੁਕਮ ਦਿਤਾ ਹੋਇਆ ਸੀ ਕਿ ਉਨ੍ਹਾਂ ਨੂੰ ਸੱਦਾ ਪੱਤਰਾਂ ਦੇ ਬੰਡਲ ਭੇਜ ਦੇ, ਉਹ ਅਪਣੀ ਮਰਜ਼ੀ ਨਾਲ ਚੰਗੇ-ਚੰਗੇ ਬੰਦਿਆਂ ਨੂੰ ਵੰਡ ਦੇਣਗੇ।

ਇਸ ਲਈ ਜਦੋਂ ਵਿਚਾਰੇ ਮਰੀੜ ਲੋਕਾਂ ਨੂੰ ਸੱਦੇ ਨਾ ਦਿਤੇ ਗਏ ਤਾਂ ਉਨ੍ਹਾਂ ਨੇ ਮੈਨੂੰ ਫ਼ੋਨ ਕੀਤੇ ਅਤੇ ਸੱਦਾ ਪੱਤਰ ਮੰਗੇ। ਇਹ ਵੇਖ ਕੇ ਮੈਨੂੰ ਦੁੱਖ ਹੋਇਆ। ਉਤੋਂ ਵੱਡੇ ਸਾਹਬ ਜਾਂ ਹਾਈ ਕਮਾਨ ਵਲੋਂ ਮੈਨੂੰ ਇਹ ਵੀ ਹੁਕਮ ਸੀ ਕਿ ਬਰਾਹਿ ਰਾਸਤ (ਸਿੱਧੇ) ਸੱਦੇ ਪੱਤਰ ਕਿਸੇ ਬੰਦੇ ਨੂੰ ਵੀ ਨਾ ਦਿਤੇ ਜਾਣ। ਇਸ ਦਾ ਮਤਲਬ ਇਹ ਸੀ ਕਿ ਯਾਰਾਂ ਦੀ ਮਨਾਪਲੀ (monoply) ਕਾਇਮ ਰ੍ਹਵੇ। ਸੱਭ ਤੋਂ ਪਹਿਲਾਂ ਮੈਂ ਇਸ ਹੁਕਮ ਦੀ ਉਲੰਘਣਾ ਕੀਤੀ ਤੇ ਇੰਡੀਆ ਤੋਂ ਫ਼ੋਨ ਉਤੇ ਮੰਗਣ ਵਾਲੇ ਲੋਕਾਂ ਨੂੰ ਸੱਦੇ ਪੱਤਰ ਭੇਜਣ ਲੱਗ ਪਿਆ।

ਇੰਜ ਹੀ ਇੰਡੀਆ ਤੋਂ ਇਕ ਫ਼ੋਨ ਆਇਆ ਤੇ ਉਸ ਨੇ ਅਪਣਾ ਸਿਰਨਾਵਾਂ ਬੋਲਿਆ। ਜੋ ਬੋਲਿਆ, ਮੈਂ ਉਸੇ ਤਰ੍ਹਾਂ ਲਿਖ ਲਿਆ। ਉਸ ਨੇ ਲਿਖਵਾਇਆ ਸੀ 2P ਰਾਮਗੜ੍ਹ। ਮੈਂ 2P ਰਾਮਗੜ੍ਹ ਲਿਖ ਕੇ ਸੱਦਾ ਪੱਤਰ ਘੱਲ ਦਿਤਾ ਤੇ ਉਹ ਨਾ ਅਪੜਿਆ। ਦੁਬਾਰਾ ਫ਼ੋਨ ਆਇਆ ਤਾਂ ਪਤਾ ਲੱਗਾ ਕਿ ਪੁੱਠੇ ਪੈਰੀਂ ਬੋਲੀ ਨੂੰ ਟੋਰਨ ਵਾਲੇ ਨੇ V P ਨੂੰ 2 P ਆਖਿਆ ਸੀ। ਬੋਲ ਵਿਗਾੜਨ ਉਤੇ ਅਫ਼ਸੋਸ ਵੀ ਹੋਇਆ ਤੇ ਗੁੱਸਾ ਵੀ ਆਇਆ। ਦੂਜੀ ਵਾਰ ਇਹ ਦੁਗਾੜਾ ਵੱਜਾ ਕਿ ਇਕ ਸਰਦਾਰ ਮੇਰੇ ਕੋਲੋਂ ਫ਼ੋਨ ਉਤੇ ਉਰਦੂ ਸ਼ਬਦਾਂ ਦੇ ਅਰਥ ਪੁਛਦਾ ਹੁੰਦਾ ਸੀ।

ਉਂਜ ਤਾਂ ਉਹ ਰੋਜ਼ ਹੀ 'ਹਵਾ' ਨੂੰ 'ਹਬਾ' ਅਤੇ 'ਬਾਰਸ਼' ਨੂੰ 'ਵਾਰਸ਼' ਅਤੇ 'ਬੱਦਲ' ਨੂੰ 'ਵੱਦਲ' ਆਖਦਾ ਸੀ ਪਰ ਇਕ ਦਿਹਾੜੇ ਅਸੀ ਦੋਵੇਂ ਫਸ ਗਏ। ਉਹ ਪੁੱਛ ਰਿਹਾ ਸੀ ਕਿ 'ਅਮਰੋਜ' ਦੇ ਅਰਥ ਕੀ ਹੁੰਦੇ ਨੇ? ਮੈਂ ਆਖਿਆ, ''ਵੀਰ ਜੀ ਅਮਰੋਜ ਕੋਈ ਸ਼ਬਦ ਹੁੰਦਾ ਹੀ ਨਹੀਂ।'' ਉਸ ਨੇ ਵੇਰਵੇ ਨਾਲ ਇਕੱਲਾ-ਇਕੱਲਾ ਅੱਖਰ ਬੋਲਿਆ ਤਾਂ ਪਤਾ ਲੱਗਾ ਕਿ ਉਹ ਲਫ਼ਜ਼ 'ਅਮਰੋਜ਼' ਸੀ। ਜੀਅ ਤਾਂ ਕੀਤਾ ਜਲੰਧਰ ਜਾ ਕੇ ਜੋਗੀ ਬਣ ਜਾਵਾਂ ਤੇ ਕਸ਼ਕੌਲ ਫੜ ਕੇ ਪੰਜਾਬੀ ਬੋਲੀ ਨੂੰ ਸਿਰ ਪਰਨੇ ਟੋਰਨ ਦੀ ਬਜਾਏ ਪੈਰਾਂ ਪਰਨੇ ਟੁਰਨ ਦੀ ਖ਼ੈਰ ਮੰਗਾਂ।

ਪਰ ਸੋਚਿਆ ਕਿ ਫਿਰ ਮੇਰੀ ਖ਼ੈਰ ਕੌਣ ਮੰਗੇਗਾ? ਜਿਉਂ-ਜਿਉਂ ਮੇਰਾ ਸਰਦਾਰ ਯਾਰ ਮੇਰੇ ਕੋਲੋਂ ਸ਼ਬਦਾਂ ਦੇ ਅਰਥ ਪੁਛਦਾ ਰਿਹਾ, ਮੈਂ ਡੂੰਘੇ ਪਾਣੀ ਵਿਚ ਡੁਬਦਾ ਗਿਆ। ਇਸ ਪਵਾੜੇ ਵਿਚੋਂ ਚੰਗੀ ਤੇ ਖ਼ੁਸ਼ਗਵਾਰ ਗੱਲ ਇਹ ਸੀ ਕਿ ਮੈਂ ਅਪਣੇ ਯਾਰ ਦੇ ਵਿਗਾੜ ਉਤੇ ਜਦੋਂ ਅਪਣੀ ਜ਼ਖ਼ਮੀ ਉਂਗਲ ਰਖਦਾ ਤਾਂ ਉਹ ਗੁੱਸਾ ਕਰਨ ਦੀ ਬਜਾਏ ਅਕਲ ਦੇ ਕੰਨ ਧਰਦਾ ਸੀ। (ਚਲਦਾ)   -43 ਆਕਲੈਂਡ ਰੋਡ, ਲੰਡਨ-ਈ 15-2ਏਐਨ,  ਫ਼ੋਨ : 0208-519 21 39

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement