
ਮੈਂ ਤੇ ਮੇਰੇ ਦਾਦਾ ਜੀ ਅਕਸਰ ਮੇਰੀ ਭੂਆ ਜੀ ਨੂੰ ਸਿੰਧਾਰਾ ਦੇਣ ਪੈਦਲ ਜਾਇਆ ਕਰਦੇ ਸੀ.............
ਮੈਂ ਤੇ ਮੇਰੇ ਦਾਦਾ ਜੀ ਅਕਸਰ ਮੇਰੀ ਭੂਆ ਜੀ ਨੂੰ ਸਿੰਧਾਰਾ ਦੇਣ ਪੈਦਲ ਜਾਇਆ ਕਰਦੇ ਸੀ। ਰਸਤਾ ਕਾਫ਼ੀ ਲੰਮਾ ਤੇ ਕੱਚਾ ਹੁੰਦਾ ਸੀ। ਮੇਰੇ ਦਾਦਾ ਜੀ ਉਸ ਵੇਲੇ ਕਾਫ਼ੀ ਬ੍ਰਿਧ ਹੁੰਦੇ ਸਨ ਪਰ ਉਹ ਸਾਰੇ ਰਸਤੇ ਬਿਸਕੁਟਾਂ ਵਾਲਾ ਪੀਪਾ ਖ਼ੁਦ ਹੀ ਚੁਕਦੇ ਸਨ। ਉਨ੍ਹਾਂ ਨੇ ਰਸਤੇ ਵਿਚ ਕਦੇ ਇਹ ਨਹੀਂ ਸੀ ਆਖਿਆ ਕਿ ਮੈਂ ਥੱਕ ਗਿਆ ਹਾਂ। ਉਸ ਵੇਲੇ ਮੇਰੀ ਉਮਰ ਕਰੀਬ 7-8 ਸਾਲ ਦੀ ਸੀ। ਮੇਰੇ ਦਾਦਾ ਜੀ ਰਸਤੇ ਵਿਚ ਮੈਨੂੰ ਅਪਣੇ ਮੋਢਿਆਂ ਉਤੇ ਚੁੱਕ ਕੇ ਰਖਦੇ ਅਤੇ ਇਕ ਹੱਥ ਵਿਚ ਬਿਸਕੁਟਾਂ ਵਾਲਾ ਪੀਪਾ ਫੜਿਆ ਹੁੰਦਾ ਸੀ। ਰਸਤੇ ਵਿਚ ਦਰੱਖ਼ਤਾਂ ਦੀ ਛਾਂ ਦਾ ਆਨੰਦ ਮਾਣਦੇ ਅਤੇ ਰਸਤੇ ਵਿਚ ਲੱਗੀਆਂ ਬੰਬੀਆਂ ਦਾ ਠੰਢਾ ਠਾਰ ਪਾਣੀ ਪੀਂਦੇ ਪਤਾ ਹੀ ਨਹੀਂ ਸੀ
ਚਲਦਾ ਕਿ ਰਸਤਾ ਕਦੋਂ ਖ਼ਤਮ ਹੋ ਗਿਆ। ਕਈ ਪਿੰਡਾਂ ਵਿਚ ਪ੍ਰੋਗਰਾਮ ਹੁੰਦੇ ਤਾਂ ਯਮਲਾ ਜੱਟ ਦੀ ਸੁਰੀਲੀ ਆਵਾਜ਼ ਵਿਚ ''ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਐ'' ਕੰਨਾਂ ਨੂੰ ਸਕੂਨ ਦਿੰਦੀ ਸੀ। ਬਿਲਕੁਲ ਸ਼ਾਂਤ ਮਾਹੌਲ ਤੇ ਪੰਛੀਆਂ ਦੇ ਚਹਿਕਣ ਦੀਆਂ ਆਵਾਜ਼ਾਂ ਵੀ ਸੁਣਾਈ ਦਿੰਦੀਆਂ ਸਨ, ਜਾਂ ਫ਼ਿਰ ਖੂਹ ਜਿਨ੍ਹਾਂ ਉੱਪਰ ਟਿੰਡਾਂ ਲਗੀਆਂ ਹੁੰਦੀਆਂ ਸਨ ਜਿਨ੍ਹਾਂ ਅੱਗੇ ਬਲਦ ਲਗਿਆ ਹੁੰਦਾ ਤੇ ਬਲਦ ਅਪਣੇ ਆਪ ਹੀ ਗੇੜੇ ਦਿੰਦਾ ਰਹਿੰਦਾ ਸੀ। ਉੱਥੇ ਬੈਠਾ ਵਿਅਕਤੀ ਕਿਸੇ ਨੂੰ ਨਾ ਜਾਣਦੇ ਹੋਏ ਵੀ ਆਉਣ ਜਾਣ ਵਾਲੇ ਰਾਹਗੀਰ ਨੂੰ ਚਾਹ-ਪਾਣੀ ਜ਼ਰੂਰ ਪੁਛਦਾ ਸੀ ਅਤੇ ਬੈਠੇ-ਬੈਠੇ ਪੂਰਾ ਅਤਾ ਪਤਾ ਪੁੱਛ ਕੇ ਕੋਈ ਨਾ ਕੋਈ ਰਿਸ਼ਤੇਦਾਰੀ ਦੂਰ ਦੀ ਕੱਢ ਹੀ ਲੈਂਦਾ ਸੀ।
ਬੇਸ਼ੱਕ ਦਾਦਾ ਜੀ ਨੂੰ ਮੇਰੀਆਂ ਤੋਤਲੀਆਂ ਗੱਲਾਂ ਦੀ ਘੱਟ ਹੀ ਸਮਝ ਆਉਂਦੀ ਸੀ ਪਰ ਫ਼ਿਰ ਵੀ ਮੇਰੇ ਨਾਲ ਗੱਲਾਂ ਕਰਦੇ ਜਾਂਦੇ। ਰਸਤੇ ਵਿਚ ਕੋਈ ਵੀ ਅਜਿਹਾ ਸਾਧਨ ਨਹੀਂ ਹੁੰਦਾ ਸੀ ਜਿਸ ਉੱਪਰ ਬੈਠ ਕੇ ਜਾਇਆ ਜਾਵੇ ਤੇ ਨਾ ਹੀ ਕਿਸੇ ਸਾਧਨ ਦੀ ਕੋਈ ਉਡੀਕ ਕਰਦਾ ਸੀ। ਮੈਂ ਸ਼ਰਟ ਤੇ ਨਿੱਕਰ ਤੇ ਦਾਦਾ ਜੀ ਨੇ ਖੱਦਰ ਦਾ ਕਮੀਜ਼ ਪਜਾਮਾ ਪਾਏ ਹੁੰਦੇ ਸੀ ਜੋ ਗਰਮੀ ਨਾਲ ਭਿੱਜ ਕੇ ਏਸੀ ਦਾ ਕੰਮ ਕਰਦੇ ਸੀ। ਸਫ਼ਰ ਜ਼ਿਆਦਾ ਹੋਣ ਕਰ ਕੇ ਉਨ੍ਹਾਂ ਸਮਿਆਂ ਵਿਚ ਰਸਤੇ ਵਿਚ ਕੋਈ ਢਾਬਾ ਨਹੀਂ ਸੀ ਹੁੰਦਾ। ਦਾਦਾ ਜੀ ਦੇ ਪਰਨੇ ਨਾਲ ਹੀ ਰੋਟੀਆਂ ਬੰਨ੍ਹੀਆਂ ਹੁੰਦੀਆਂ ਸਨ। ਜਿਥੇ ਭੁੱਖ ਲਗਦੀ ਖਾ ਲੈਂਦੇ ਸੀ। ਜਿਥੇ ਰੋਟੀ ਖਾਂਦੇ ਸੀ ਉਥੋਂ ਹੀ ਖੇਤ ਵਿਚੋਂ ਗੰਢਾ ਪੁੱਟ ਲੈਂਦੇ ਸੀ।
ਕਦੇ ਕਿਸੇ ਨੇ ਇਹ ਨਹੀਂ ਸੀ ਆਖਿਆ ਕਿ ਸਾਡੇ ਖੇਤ ਵਿਚੋਂ ਗੰਢੇ ਕਿਉਂ ਪੁੱਟੇ ਹਨ। ਉਸ ਵੇਲੇ ਲੋਕ ਦਿਲ ਦੇ ਸਾਫ਼ ਤੇ ਦਿਲੋਂ ਪਿਆਰ ਕਰਨ ਵਾਲੇ ਹੁੰਦੇ ਸਨ। ਅਕਸਰ ਹੌਲੀ-ਹੌਲੀ ਭੂਆ ਦੇ ਪਿੰਡ ਪਹੁੰਚ ਜਾਂਦੇ। ਉਸ ਸਮੇਂ ਜਦੋਂ ਕਿਸੇ ਦੇ ਘਰ ਕੋਈ ਰਿਸ਼ਤੇਦਾਰ ਆਉਂਦਾ ਸੀ ਤਾਂ ਆਲੇ-ਦੁਆਲੇ ਸੱਭ ਨੂੰ ਚਾਅ ਚੜ੍ਹ ਜਾਂਦਾ ਸੀ। ਤਿੰਨ-ਚਾਰ ਨੇੜੇ ਤੇੜੇ ਵਾਲੇ ਘਰ ਤਾਂ ਮੱਲੋ ਮੱਲੀ ਚਾਹ ਦੀ ਗੜਵੀ ਅਤੇ ਵੱਡਾ ਗਲਾਸ ਕੰਗਣੀ ਵਾਲਾ ਨਾਲ ਲੈ ਕੇ ਆਉਂਦੇ ਤੇ ਧੱਕੇ ਨਾਲ ਚਾਹ ਪਾਣੀ ਪਿਆ ਦਿੰਦੇ ਸੀ। ਭੂਆ ਵੀ ਬਹੁਤ ਖ਼ੁਸ਼ ਹੁੰਦੀ ਸੀ। ਸਾਰੀ-ਸਾਰੀ ਰਾਤ ਗੱਲਾਂ ਕਰਦੇ ਸਨ। ਉਨ੍ਹਾਂ ਦਿਨਾਂ ਵਿਚ ਬਿਜਲੀ ਨਹੀਂ ਸੀ ਹੁੰਦੀ। ਦੀਵਾ ਲਗਿਆ ਹੁੰਦਾ ਸੀ।
ਪਤਾ ਹੀ ਨਹੀਂ ਲਗਦਾ ਸੀ ਕਿ ਕਦੋਂ ਸਵੇਰ ਹੋ ਗਈ ਤੇ ਉਸੇ ਰਸਤੇ ਹੀ ਘਰ ਨੂੰ ਵਾਪਸ ਆਉਣ ਲੱਗੇ ਦਾਦਾ ਜੀ ਭੂਆ ਜੀ ਨੂੰ ਇਕ ਰੁਪਇਆ ਦੇ ਕੇ ਆਉਂਦੇ ਜੋ ਉਸ ਸਮੇਂ ਕਾਫ਼ੀ ਮਹੱਤਤਾ ਰਖਦਾ ਸੀ। ਅਜਕਲ ਸੱਭ ਉਲਟ ਹੋ ਰਿਹਾ ਹੈ। ਚਾਹ ਤਾਂ ਦੂਰ ਦੀ ਗੱਲ, ਕਿਸੇ ਨੂੰ ਬਲਾਉਂਦੇ ਵੀ ਨਹੀਂ ਕਿ ਆਉ ਸਾਰੇ ਰਲ ਕੇ ਪੁਰਾਣੇ ਜ਼ਮਾਨੇ ਵਲ ਝਾਤ ਮਾਰੀਏ ਅਤੇ ਦਿਲੋਂ ਪਿਆਰ ਕਰੀਏ।
ਮੋਬਾਈਲ : 82888-68223