
ਕੁਦਰਤ ਬੜੀ ਬੇਅੰਤ ਹੈ ਅਤੇ ਇਸ ਦੇ ਰੰਗ ਨਿਆਰੇ ਹਨ। ਕੁਦਰਤ ਦਾ ਭੇਤ ਪਾਉਣਾ ਬੰਦੇ ਦੇ ਵਸ ਦਾ ਰੋਗ ਨਹੀਂ। ਕਈ ਲੋਕ ਲੱਖਾਂ ਤੋਂ ਕੱਖਾਂ ਵਿਚ ਅਤੇ ਕਈ ਲੋਕ ਕੱਖਾਂ ਤੋਂ...
ਕੁਦਰਤ ਬੜੀ ਬੇਅੰਤ ਹੈ ਅਤੇ ਇਸ ਦੇ ਰੰਗ ਨਿਆਰੇ ਹਨ। ਕੁਦਰਤ ਦਾ ਭੇਤ ਪਾਉਣਾ ਬੰਦੇ ਦੇ ਵਸ ਦਾ ਰੋਗ ਨਹੀਂ। ਕਈ ਲੋਕ ਲੱਖਾਂ ਤੋਂ ਕੱਖਾਂ ਵਿਚ ਅਤੇ ਕਈ ਲੋਕ ਕੱਖਾਂ ਤੋਂ ਲੱਖਾਂ ਵਿਚ ਹੋ ਜਾਂਦੇ ਹਨ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਸੱਭ ਕੁੱਝ ਖਾ ਸਕਦੇ ਹਨ। ਡੱਡੂ-ਮੱਛੀ ਸੱਭ ਹਜ਼ਮ ਹੋ ਜਾਂਦੀ ਹੈ ਪਰ ਖਾਣ ਦੀ ਤੌਫ਼ੀਕ ਨਹੀਂ ਹੁੰਦੀ। ਕੁੱਝ ਲੋਕ ਲੱਖਾਂ-ਕਰੋੜਾਂ ਵਿਚ ਖੇਡਦੇ ਹਨ ਪਰ ਉਹ ਅਪਣੀ ਮਨਮਰਜ਼ੀ ਦਾ ਖਾ ਨਹੀਂ ਸਕਦੇ, ਕਿਉਂਕਿ ਉਨ੍ਹਾਂ ਨੂੰ ਅਜਿਹੀਆਂ ਸਰੀਰਕ ਬਿਮਾਰੀਆਂ ਨੇ ਜਕੜਿਆ ਹੁੰਦਾ ਹੈ ਕਿ ਕੁੱਝ ਵਸਤੂਆਂ ਖਾਣੀਆਂ ਉਨ੍ਹਾਂ ਲਈ ਘਾਤਕ ਸਿੱਧ ਹੋ ਸਕਦੀਆਂ ਹਨ। ਮੌਤ ਬੜੀ ਡਰਾਉਣੀ ਹੁੰਦੀ ਹੈ।
ਇਕ ਸਮਾਜਕ ਸਮਾਗਮ ਵਿਚ ਸਾਡਾ ਇਕ ਪੁਰਾਣਾ ਮਿੱਤਰ ਮਿਲ ਪਿਆ। ਸੱਭ ਤੋਂ ਪਹਿਲਾਂ ਪੈਲੇਸ ਵਿਚ ਦਾਖ਼ਲ ਹੁੰਦਿਆਂ ਹੀ ਬੈਰ੍ਹੇ ਵੰਨ੍ਹ-ਸੁਵੰਨੇ, ਰੰਗ-ਬਿਰੰਗੇ ਠੰਢਿਆਂ ਨਾਲ ਸੱਜੀਆਂ ਟਰੇਆਂ ਫੜੀ ਖੜੇ ਸਨ। ਸੱਭ ਠੰਢੇ ਦੀਆਂ ਗਲਾਸੀਆਂ ਚੁੱਕ ਰਹੇ ਸਨ, ਪਰ ਉਹ ਮਿੱਤਰ ਗਲਾਸੀਆਂ ਵਲ ਅੱਗੇ ਜਾਣ ਦੀ ਬਜਾਏ ਪਿੱਛੇ ਨੂੰ ਸਰਕ ਰਿਹਾ ਸੀ। 'ਤੁਸੀ ਨਹੀਂ ਪੀਂਦੇ?' ਪੁੱਛਣ ਤੇ ਕਹਿਣ ਲੱਗਾ, ''ਮੈਂ ਤਾਂ ਮਿੱਤਰਾ, ਸਾਧ ਹੋ ਗਿਆ ਹਾਂ।''
ਅਸੀ ਚੁੱਪ ਕੀਤੇ ਰਹੇ। ਚਾਹ ਪੀਣ ਲੱਗੇ ਤਾਂ ਲੋਕ ਮਠਿਆਈਆਂ ਅਤੇ ਭਾਂਤ-ਭਾਂਤ ਦੇ ਪਕੌੜਿਆਂ ਤੇ ਇਸ ਤਰ੍ਹਾਂ ਟੁੱਟ ਕੇ ਪਏ, ਜਿਵੇਂ ਭਾਰਤੀ ਫ਼ੌਜ ਦੇ ਨੌਜਵਾਨ ਦੁਸ਼ਮਣਾਂ ਦੀ ਫ਼ੌਜ ਤੇ ਪੈਂਦੇ ਹਨ। ਪਰ ਸਾਡਾ ਇਹ ਮਿੱਤਰ ਚੁਪਚਾਪ ਪਿਛੇ ਖੜਾ ਵੇਖਦਾ ਰਿਹਾ। ਅਸੀ ਅਪਣੀ ਪਲੇਟ ਅੱਗੇ ਕਰ ਕੇ ਪਕੌੜੇ ਖਾਣ ਲਈ ਸੁਲਾਹ ਮਾਰੀ ਤਾਂ ਉਸ ਨੇ ਮੁੜ ਕਿਹਾ, ''ਭਰਾਵਾ, ਮੈਂ ਤਾਂ ਸਾਧ ਹੋ ਗਿਆਂ।'
ਅਸੀ ਮੁੜ ਚੁੱਪ ਹੋ ਗਏ। ਕੁੜੀ-ਮੁੰਡਾ ਅਤੇ ਹੋਰ ਨਜ਼ਦੀਕੀ ਰਿਸ਼ਤੇਦਾਰ ਅਨੰਦ ਕਾਰਜ ਲਈ ਜਾ ਚੁੱਕੇ ਸਨ। ਮਗਰ ਰਹਿ ਗਏ ਮਹਿਮਾਨਾਂ ਨੂੰ ਆਹਰੇ ਲਾਉਣ ਲਈ ਨੱਚਣ-ਗਾਉਣ ਦਾ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਸੀ ਅਤੇ ਖਾਣ-ਪੀਣ ਦੇ ਸ਼ੌਕੀਨਾਂ ਲਈ ਵਧੀਆ ਸ਼ਰਾਬ ਦੀਆਂ ਬੋਤਲਾਂ ਅਤੇ ਮੁਰਗਾ-ਮੱਛੀ ਪਰੋਸੇ ਜਾ ਚੁੱਕੇ ਸਨ। ਉਹ ਮਿੱਤਰ ਸਾਡੇ ਕੋਲ ਤਾਂ ਆ ਬੈਠ ਗਿਆ ਪਰ ਦਾਰੂ-ਮੁਰਗੇ ਨੂੰ ਹੱਥ ਨਾ ਲਾਵੇ। ਅਸੀ ਉਸ ਦੇ ਸਰੀਰ ਤੇ ਘੋਖਵੀਂ ਨਜ਼ਰ ਫੇਰੀ।
ਸ਼ਾਇਦ ਉਸ ਨੇ ਅੰਮ੍ਰਿਤ-ਪਾਨ ਕੀਤਾ ਹੋਵੇ, ਪਰ ਸ਼੍ਰੀ ਸਾਹਿਬ ਦੇ ਦਰਸ਼ਨ ਵੀ ਨਾ ਹੋਏ। ਸਾਡੇ ਵਲੋਂ ਬਹੁਤ ਜ਼ੋਰ ਦੇਣ ਤੇ ਵੀ ਉਨ੍ਹਾ ਨੇ ਨਾ ਮੁਰਗੇ-ਮੱਛੀ ਨੂੰ ਹੱਥ ਲਾਇਆ ਅਤੇ ਨਾ ਹੀ ਸ਼ਰਾਬ ਦਾ ਪੈੱਗ ਲਾਇਆ, ਸਗੋਂ ਸਾਡੇ ਨਾਲ ਅਪਣੱਤ ਜਤਾਉਂਦਿਆਂ ਉਸ ਨੇ ਸਾਨੂੰ ਪੈੱਗ ਬਣਾ ਬਣਾ ਕੇ ਦੇਣੇ ਸ਼ੁਰੂ ਕਰ ਦਿਤੇ ਅਤੇ ਆਪ ਨਾਲ ਸਾਂਵਾ ਪੈੱਗ ਖਾਰੇ ਸੋਢੇ ਦਾ ਪੀਣ ਲੱਗਾ। ਜਦ ਅਸੀ ਪੁਛਿਆ ਕਿ 'ਪੀਂਦੇ ਕਿਉਂ ਨਹੀਂ?'
ਤਾਂ ਉਸ ਘੜਿਆ-ਘੜਾਇਆ ਜਵਾਬ ਦਿਤਾ, ''ਤੁਹਾਨੂੰ ਦਸਿਐ ਤਾਂ ਹੈ, ਮੈਂ ਤਾਂ ਸਾਧ ਹੋ ਗਿਆਂ।'' ਅਸੀ ਉਸ ਦਾ ਤਕੀਆ ਕਲਾਮ ਜਾਣ ਚੁੱਪ ਹੋ ਗਏ। ਜਦੋਂ ਰੋਟੀ ਖਾਣ ਲੱਗੇ ਤਾਂ ਉਸ ਥੋੜੇ ਜਿਹੇ ਚੌਲਾਂ ਤੇ ਦਹੀਂ ਪਾਇਆ ਅਤੇ ਸਲਾਦ ਲੈ ਪਿੱਛੇ ਹੱਟ ਕੇ ਖਾਣ ਲੱਗਾ। ਫਿਰ ਉਸ ਨੇ ਇਕ ਮਿੱਸਾ ਪ੍ਰਸ਼ਾਦਾ ਲਿਆ ਅਤੇ ਮੀਟ-ਮੁਰਗਾ ਕੀ ਲੈਣਾ ਸੀ, ਸਗੋਂ ਉਸ ਪਾਲਕ-ਪਨੀਰ ਵੀ ਨਾ ਪਾਇਆ। ਥੋੜੀ ਜਿਹੀ ਮਿਕਸ ਸਬਜ਼ੀ ਲੈ, ਖਾ-ਪੀ ਕੇ ਵਿਹਲਾ ਹੋ ਗਿਆ। ਅਸੀ ਉਸ ਨੂੰ ਪੁਛਿਆ 'ਤੁਸੀ ਤਾਂ ਪਾਲਕ-ਪਨੀਰ ਵੀ ਨਹੀਂ ਲਿਆ?'
ਤਾਂ ਉਹ ਅੱਗੋਂ ਬੋਲਿਆ, ''ਕਈ ਵਾਰ ਤਾਂ ਦੱਸ ਚੁਕਿਆ ਹਾਂ, ਮੈਂ ਤਾਂ ਸਾਧ ਹੋ ਗਿਆਂ ਹਾਂ।'' ਸਾਡੇ ਸਬਰ ਦਾ ਬੰਨ੍ਹ ਟੁੱਟ ਚੁੱਕਾ ਸੀ ਕਿ 'ਮੈਂ ਤਾਂ ਸਾਧ ਹੋ ਗਿਆਂ' ਦਾ ਕੀ ਮਤਲਬ ਹੈ?''ਮੈਂ ਸਮਝਾਉਂਦਾ ਹਾਂ।'' ਉਸ ਨੇ ਬੜੇ ਧੀਰਜ ਨਾਲ ਕਿਹਾ, ''ਸਾਡੇ ਇਲਾਕੇ ਵਿਚ ਇਕ ਕਾਰ ਸੇਵਾ ਵਾਲੇ ਸੰਤ ਸਨ, ਜਿਨ੍ਹਾਂ ਕਈ ਗੁਰਦਵਾਰੇ ਉਸਾਰੇ, ਸੜਕ ਬਣਵਾਈ ਅਤੇ ਵਿਦਿਅਕ ਅਦਾਰੇ ਸਥਾਪਤ ਕੀਤੇ। ਉਹ ਸੰਤ ਅਪਣੇ ਕਿਸੇ ਸੇਵਕ ਦੇ ਘਰ ਸ਼ਗਨ ਤੇ ਜਾ ਰਹੇ ਸਨ।
ਉਨ੍ਹਾਂ ਨਾਲ ਇਕ ਉਨ੍ਹਾਂ ਦਾ ਹੋਰ ਸੇਵਕ ਵੀ ਸੀ ਜੋ ਸਾਡੇ ਪਿੰਡ ਦਾ ਸਰਪੰਚ ਸੀ। ਸ਼ਗਨ ਵਾਲੇ ਘਰ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਹਵੇਲੀ ਸੀ, ਜਿਥੇ ਬਕਰਾ ਰਿੱਝ ਰਿਹਾ ਸੀ। ਬਕਰੇ ਬਣਨ ਦੀ ਸੁੰਗਧੀ ਆਈ ਤੇ ਸਰਪੰਚ ਸੰਤਾਂ ਨੂੰ ਕਹਿਣ ਲੱਗਾ 'ਬਾਬਾ ਜੀ, ਬਕਰਾ ਰਿੱਝਣ ਦੀ ਕਿੰਨੀ ਸੋਹਣੀ ਖ਼ੁਸ਼ਬੂ ਆ ਰਹੀ ਹੈ, ਮੇਰਾ ਤਾਂ ਦਿਲ ਖਾਣ ਲਈ ਕਰਦੈ, ਤੁਹਾਡਾ ਦਿਲ ਨਹੀਂ ਕਰਦਾ?' ਬਾਬਾ ਜੀ ਕਹਿਣ ਲੱਗੇ 'ਸਰਪੰਚਾ, ਦਿਲ ਤਾਂ ਕਰਦੈ, ਪਰ ਸਾਧਾਂ ਨੂੰ ਮਨ ਮਾਰਨਾ ਪੈਂਦੈ।'
''ਚਲੋ, ਇਹ ਗੱਲ ਤਾਂ ਤੁਹਾਡੀ ਮੰਨੀ, ਪਰ ਤੁਸੀ ਕਿਹੜੇ ਸਾਧ ਹੋ? ਤੁਹਾਡਾ ਪਹਿਰਾਵਾ ਤਾਂ ਅਫ਼ਸਰੀ ਠਾਠ-ਬਾਠ ਵਾਲਾ ਹੈ।'' ਉਹ ਸਾਡਾ ਮਿੱਤਰ ਗਜ਼ਟਿਡ ਅਫ਼ਸਰ ਹੈ।'ਜਦੋਂ ਮੈਂ ਸਾਧ ਵਾਂਗ ਮਨ ਹੀ ਮਾਰ ਲਿਆ ਤੇ ਫਿਰ ਸਾਧ ਹੀ ਹੋ ਗਿਆ ਨਾ?'' ਸਾਡੇ ਵਿਚ ਹੋਰ ਜਾਣਨ ਦੀ ਉਤਸੁਕਤਾ ਵਧੀ, ''ਪਰ ਇਹ ਨੌਬਤ ਆਈ ਕਿਵੇਂ?''
''ਕੋਲਡ ਡਰਿੰਕ, ਮਿੱਠਾ ਅਤੇ ਸ਼ਰਾਬ ਇਸ ਕਰ ਕੇ ਨਹੀਂ ਪੀਂਦਾ ਕਿ ਮੈਨੂੰ ਸ਼ੂਗਰ ਦੀ ਸ਼ਿਕਾਇਤ ਹੈ, ਦਵਾਈ ਨਾਲੋਂ ਪਰਹੇਜ਼ ਜ਼ਿਆਦਾ ਕਾਰਗਰ ਹੈ। ਪਕੌੜੇ ਅਤੇ ਹੋਰ ਤਲੇ ਪਕਵਾਨ ਇਸ ਕਰ ਕੇ ਨਹੀਂ ਖਾਂਦਾ, ਕਿ ਥੋੜੀ ਦਿਲ ਦੀ ਸਮੱਸਿਆ ਵੀ ਹੈ। ਪਾਲਕ-ਪਨੀਰ ਇਸ ਲਈ ਨਹੀਂ ਖਾਂਦਾ ਕਿ ਗੁਰਦੇ ਵਿਚ ਪਥਰੀ ਹੈ।''
''ਫਿਰ ਤਾਂ ਤੁਸੀ ਸੱਚੀ-ਮੁੱਚੀ ਸਾਧ ਹੋ।'' ਉਹ ਗੰਭੀਰਤਾ ਨਾਲ ਬੋਲਿਆ, ''ਜੇ ਚਾਰ ਦਿਨ ਜ਼ਿੰਦਗੀ ਜੀਣੀ ਹੈ ਤਾਂ ਸਾਧ ਬਣਨਾ ਹੀ ਲਾਹੇਵੰਦ ਹੈ।'' ਅਸੀ ਕਿਹਾ, ''ਜੇਕਰ ਬੰਦਾ ਪਹਿਲਾਂ ਹੀ ਤਲੀਆਂ ਚੀਜ਼ਾਂ ਅਤੇ ਤਿੰਨ ਚਿੱਟੀਆਂ ਵਸਤਾਂ (ਖੰਡ, ਮੈਦਾ, ਘਿਉ) ਤੋਂ ਬਣੀਆਂ ਖਾਣ-ਪੀਣ ਦੀਆਂ ਚੀਜ਼ਾਂ ਤੋਂ ਸੰਕੋਚ ਨਾਲ ਖਾਵੇ ਤਾਂ ਸਾਧ ਬਣਨ ਦੀ ਨੌਬਤ ਹੀ ਨਾ ਆਵੇ।''
''ਬਿਲਕੁਲ ਠੀਕ, ਬਿਲਕੁਲ ਠੀਕ।'' ਕਹਿੰਦਿਆਂ ਉਸ ਨੇ ਸਾਡੇ ਨਾਲ ਹੱਥ ਮਿਲਾਇਆ ਅਤੇ ਅਪਣੀ ਕਾਰ ਵਿਚ ਸਵਾਰ ਹੋ ਗਿਆ।
ਸੰਪਰਕ : 99147-16616